ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ

By May 24, 2016 0 Comments


ਡਾ. ਹਰਚੰਦ ਸਿੰਘ ਸਰਹਿੰਦੀ
baba bandaਸਰਹਿੰਦ ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇੱਕ ਲਹੂ-ਭਿੱਜਿਆ ਕਾਂਡ ਸਾਡੇ ਜ਼ਿਹਨ ਵਿੱਚ ਉਭਰ ਆਉਂਦਾ ਹੈ। ਸਰਹਿੰਦ ਦੀ ‘ਖ਼ੂਨੀ ਦੀਵਾਰ’ ਸਾਡੀ ਚੇਤਨਾ ਦਾ ਵਿਹੜਾ ਮੱਲ ਲੈਂਦੀ ਹੈ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਨੇ ਜ਼ਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਸੀ।
ਬੰਦਾ ਬਹਾਦਰ ਵੱਲੋਂ ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾਉਣ’ ਦੀ ਘਟਨਾ ਤੇ ਸਾਕਾ ਸਰਹਿੰਦ ਦਾ ਆਪਸ ਵਿੱਚ ਬੜਾ ਨੇੜਲਾ ਤੇ ਅਟੁੱਟ ਰਿਸ਼ਤਾ ਹੈ, ਕਿਉਂਕਿ ਸਾਕਾ ਸਰਹਿੰਦ ਦੇ ਪ੍ਰਤੀਕਰਮ ਵਜੋਂ ਹੀ ਬੰਦਾ ਬਹਾਦਰ, ਸੂਬਾ ਸਰਹਿੰਦ ਨੂੰ ਲੋਹੇ ਦਾ ਸੁਹਾਗਾ ਬਣ ਕੇ ਟੱਕਰਿਆ ਤੇ ਉਸ ਨੂੰ ਭੋਇੰ ਵਿੱਚ ਮਿਲਾ ਦਿੱਤਾ। ਕਿਸੇ ਕਵੀਸ਼ਰ ਨੇ ਖ਼ੂਬ ਕਿਹਾ ਹੈ, ‘‘ਬੰਦਾ ਲੋਹੇ ਦਾ ਸੁਹਾਗਾ ਸੂਬਿਆ, ਤੇਰੀ ਦੇਵੇਗਾ ਓਇ ਅਲਖ ਮੁਕਾ।’’ ਪ੍ਰਸਿੱਧ ਉਰਦੂ ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ ਵੀ ਸਰਹਿੰਦ ਦੀ ਜਿੱਤ ਨੂੰ ਸਾਕਾ ਸਰਹਿੰਦ ਦਾ ਹੀ ਸਿੱਧਾ ਪ੍ਰਤੀਕਰਮ ਦੱਸਦਾ ਹੈ:
‘ਜੋਗੀ ਜੀ’ ਇਸ (ਸਾਕਾ ਸਰਹਿੰਦ) ਕੇ ਬਾਅਦ ਹੂਈ ਥੋੜ੍ਹੀ ਦੇਰ ਥੀ।
ਬਸਤੀ ਸਰਹਿੰਦ ਸ਼ਹਿਰ ਕੀ,
ਈਂਟੋ ਕਾ ਢੇਰ ਥੀ।
ਦਰਅਸਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ-ਕੰਬਾਊ ਘਟਨਾ ਨੇ ਸਿੱਖ ਮਾਨਸਿਕਤਾ ’ਤੇ ਡੂੰਘਾ ਅਸਰ ਪਾਇਆ। ਬੇਸ਼ਕ, ਗੁਰੂ ਗੋਬਿੰਦ ਸਿੰਘ ਅਡੋਲ ਰਹੇ ਪਰ ਉਨ੍ਹਾਂ ਨੇ ਦੋਸ਼ੀ ਨੂੰ ਉਸ ਦੇ ਪਾਪ ਦੀ ਸਜ਼ਾ ਦੇਣ ਦਾ ਨਿਸ਼ਚਾ ਕਰ ਲਿਆ ਸੀ। ਉਧਰ, ਸਿੱਖਾਂ ਦੇ ਮਨਾਂ ਵਿੱਚ ਵੀ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਨਫ਼ਰਤ ਦੀ ਅੱਗ ਭੜਕ ਉੱਠੀ ਸੀ। ਮੌਕਾ ਮਿਲਦਿਆਂ ਹੀ ਗੁਰੂ ਸਾਹਿਬ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ 3 ਸਤੰਬਰ, 1708 ਨੂੰ ਨਾਂਦੇੜ ਵਿੱਚ ਬੰਦਾ ਬਹਾਦਰ ਦੀ ਚੋਣ ਕੀਤੀ। ਗੁਰੂ ਸਾਹਿਬ ਨੇ ਬੰਦਾ ਬਹਾਦਰ (ਉਦੋਂ ਮਾਧੋ ਦਾਸ) ਨੂੰ ਅੰਮ੍ਰਿਤ ਛਕਾ ਕੇ ‘ਬਹਾਦਰ’ ਦਾ ਖ਼ਿਤਾਬ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ, ਅਕਤੂਬਰ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਇਆ। ਦਿੱਲੀ ਪੁੱਜਣ ਤਕ ਉਸ ਨਾਲ ਗਿਣਤੀ ਦੇ ਸਿੰਘ ਸਨ। ਦਿੱਲੀ ਟੱਪਦਿਆਂ ਹੀ, ਗੁਰੂ ਸਾਹਿਬ ਦੇ ਹੁਕਮਨਾਮਿਆਂ ਅਤੇ ਬੰਦਾ ਬਹਾਦਰ ਦੀ ਚੁੰਬਕੀ ਖਿੱਚ ਕਾਰਨ ਮਾਲਵਾ ਖੇਤਰ ਦੇ ਲਿਤਾੜੇ ਹੋਏ ਹਲ-ਵਾਹਕ ਵੱਡੀ ਗਿਣਤੀ ਵਿੱਚ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ। ਡਾ. ਗੋਕਲ ਚੰਦ ਨਾਰੰਗ ਅਨੁਸਾਰ ‘ਛੇਤੀ ਹੀ ਪੈਦਲ ਸੈਨਿਕਾਂ ਦੀ ਗਿਣਤੀ 8900 ਹੋ ਗਈ ਤੇ ਅੰਤ 40,000 ਤਕ ਪੁੱਜ ਗਈ।’ ਘੋੜ ਸਵਾਰ ਸੈਨਿਕਾਂ ਦੀ ਗਿਣਤੀ ਬਾਰੇ ਮੁਹੰਮਦ ਕਾਸਮ ਲਿਖਦਾ ਹੈ, ‘‘ਥੋੜ੍ਹੇ ਅਰਸੇ ਦੌਰਾਨ ਹੀ ਬੰਦਾ ਬਹਾਦਰ ਦੀ ਕਮਾਨ ਹੇਠ 4000 ਘੋੜ-ਸਵਾਰ ਇਕੱਠੇ ਹੋ ਗਏ।’’
ਬੰਦਾ ਬਹਾਦਰ ਦਾ ਸਿਦਕ, ਜੋਸ਼, ਹੌਂਸਲਾ ਤੇ ਗਤੀ ਬੇਮਿਸਾਲ ਸੀ। ਉਹ ਜਿੱਧਰ ਨੂੰ ਵੀ ਹੋ ਤੁਰਿਆ ਰਸਤਾ ਬਣਦਾ ਗਿਆ। ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਮੁਸਤਫਾਬਾਦ, ਕਪੂਰੀ, ਸਢੌਰਾ ਤੇ ਬਨੂੜ ਨੂੰ ਫ਼ਤਹਿ ਕਰਨ ਪਿੱਛੋਂ ਸਿੱਖ ਆਪਣੇ ਮੁੱਖ ਨਿਸ਼ਾਨੇ ਸਰਹਿੰਦ ’ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ਖਰੜ ਤੇ ਬਨੂੜ ਵਿਚਕਾਰ ਸਿੱਖਾਂ ਦਾ ਇੱਕ ਸ਼ਕਤੀਸ਼ਾਲੀ ਜਥਾ, ਜੋ ਕੀਰਤਪੁਰ ਵੱਲੋਂ ਜਿੱਤਾਂ ਪ੍ਰਾਪਤ ਕਰਦਾ ਆ ਰਿਹਾ ਸੀ, ਬੰਦਾ ਬਹਾਦਰ ਦੇ ਦਲ ਨਾਲ ਆ ਰਲਿਆ। ਸਿੱਖਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਤੇ ਸੂਬਾ ਸਰਹਿੰਦ ਨਾਲ ਸਿੱਝਣ ਲਈ ਉਨ੍ਹਾਂ ਨੇ ਚੱਪੜਚਿੜੀ ਦਾ ਮੈਦਾਨ ਆ ਮੱਲਿਆ ਪਰ ਬੰਦਾ ਬਹਾਦਰ ਲਈ ਇਹ ਇਮਤਿਹਾਨ ਦੀ ਘੜੀ ਸੀ। ਹੁਣ ਉਹ ਸ਼ਕਤੀਸ਼ਾਲੀ ਫ਼ੌਜ ਨਾਲ ਸਾਹਮਣਿਓਂ ਟੱਕਰ ਲੈ ਰਿਹਾ ਸੀ, ਜਿਸ ਦੀ ਕਮਾਂਡ ਪਠਾਣ ਜਰਨੈਲ ਸੂਬੇਦਾਰ ਵਜ਼ੀਰ ਖਾਂ ਕਰ ਰਿਹਾ ਸੀ।
ਸੂਬੇਦਾਰ ਵਜ਼ੀਰ ਖਾਂ, ਲਗਪਗ 20 ਹਜ਼ਾਰ ਪੈਦਲ, ਘੋੜ ਸਵਾਰ ਸੈਨਿਕਾਂ, ਵੱਡੀ ਗਿਣਤੀ ਵਿੱਚ ਤੋਪਾਂ ਤੇ ਹਾਥੀ ਲੈ ਕੇ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧਿਆ। ਬਹੁਤ ਸਾਰੀਆਂ ਜੰਗਾਂ ਦੇ ਜੇਤੂ ਵਜ਼ੀਰ ਖਾਂ ਨੇ ਇੱਕ ਪਾਸੇ ਤੋਪਾਂ ਬੀੜ ਦਿੱਤੀਆਂ, ਦੂਜੇ ਪਾਸੇ ਕੰਧ ਵਾਂਗ ਹਾਥੀ ਖੜ੍ਹੇ ਕਰ ਦਿੱਤੇ, ਤੀਜੇ ਪਾਸੇ ਨਵਾਬਾਂ ਦੀ ਫ਼ੌਜ ਖੜ੍ਹੀ ਕਰ ਦਿੱਤੀ ਤੇ ਚੌਥੇ ਪਾਸੇ ਆਪਣੇ ਆਲੇ-ਦੁਆਲੇ ਛੋਟੀਆਂ ਤੋਪਾਂ ਬੀੜ ਕੇ ਆਪ ਗਾਜ਼ੀਆਂ ਦੇ ਵਿਚਕਾਰ ਇੱਕ ਉੱਚੇ ਹਾਥੀ ਉੱਤੇ ਚੜ੍ਹ ਗਿਆ। ਬੰਦਾ ਬਹਾਦਰ ਕੋਲ ਨਾ ਕੋਈ ਤੋਪਖਾਨਾ ਸੀ ਤੇ ਨਾ ਹੀ ਹਾਥੀ ਸਨ, ਇੱਥੋਂ ਤਕ ਕਿ ਚੰਗੇ ਘੋੜੇ ਵੀ ਕਾਫ਼ੀ ਗਿਣਤੀ ਵਿੱਚ ਨਹੀਂ ਸਨ। ਸਿੰਘਾਂ ਕੋਲ ਸਿਰਫ਼ ਲੰਬੇ ਨੇਜ਼ੇ, ਤੀਰ ਤੇ ਤਲਵਾਰਾਂ ਹੀ ਸਨ ਪਰ ਸਿਦਕ ਉਨ੍ਹਾਂ ਦੇ ਹੱਡੀਂ ਰਚਿਆ ਹੋਇਆ ਸੀ।
12 ਮਈ 1710 ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ਵਿੱਚ ਇੱਕ ਫ਼ੈਸਲਾਕੁਨ ਯੁੱਧ ਹੋਇਆ। ਜੰਗ ਦੇ ਪਹਿਲੇ ਪੜਾਅ ਵਿੱਚ ਸ਼ਾਹੀ ਫ਼ੌਜਾਂ ਦਾ ਪਲੜਾ ਭਾਰੀ ਰਿਹਾ। ਬਾਜ਼ੀ ਜਾਂਦੀ ਵੇਖ ਕੇ, ਨਿਹੱਥਾ ਬੈਠਾ ਬੰਦਾ ਬਹਾਦਰ ਝੱਟ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਆ ਗਿਆ। ਇਤਿਹਾਸਕਾਰ ਸੋਹਣ ਸਿੰਘ ਅਨੁਸਾਰ, ‘‘ਜਦੋਂ ਬੰਦਾ ਬਹਾਦਰ ਉੱਠਿਆ, ਜਿਵੇਂ ਭੁੱਖਾ ਸ਼ੇਰ ਆਪਣੀ ਗੁਫ਼ਾ ਵਿੱਚੋਂ ਨਿਕਲਿਆ ਹੋਵੇ ਤੇ ਬਿਜਲੀ ਵਾਂਗ ਵੈਰੀ ਦੀ ਸੈਨਾ ’ਤੇ ਟੁੱਟ ਪਿਆ।’’ ਖ਼ੂਨ ਡੋਲ੍ਹਵੀਂ ਲੜਾਈ ਵਿੱਚ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ। ਵਜ਼ੀਰ ਖਾਂ ਦੀ ਮੌਤ ਕਿਵੇਂ ਤੇ ਕਿਸ ਹੱਥੋਂ ਹੋਈ, ਇਸ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ।
14 ਮਈ 1710 ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿੱਚ ਸਰਹਿੰਦ ਵਿੱਚ ਦਾਖ਼ਲ ਹੋਏ। ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਤੇ ਦੋਸ਼ੀਆਂ ਦਾ ਅਜਿਹਾ ਹਾਲ ਕੀਤਾ ਕਿ ਜ਼ੁਲਮ ਕਰਨ ਵਾਲੀਆਂ ਪੀੜ੍ਹੀਆਂ ਸਦਾ ਯਾਦ ਰੱਖਣਗੀਆਂ।
ਸਰਹਿੰਦ ’ਤੇ ਕਬਜ਼ਾ ਹੋਣ ਪਿੱਛੋਂ ਬੰਦਾ ਬਹਾਦਰ ਨੇ ਆਪਣੇ ਜਰਨੈਲ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਤੇ ਭਾਈ ਆਲੀ ਸਿੰਘ ਨੂੰ ਉਸ ਦਾ ਡਿਪਟੀ ਥਾਪਿਆ। ਬੰਦਾ ਬਹਾਦਰ ਨੇ ਸਢੌਰਾ ਤੇ ਨਾਹਨ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਇਸ ਨੂੰ ‘ਲੋਹਗੜ੍ਹ’ ਦਾ ਨਾਂ ਦਿੱਤਾ। ਇਸੇ ਚੜ੍ਹਤ ਦੌਰਾਨ ਉਸ ਨੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਸਿੱਕਾ ਜਾਰੀ ਕਰ ਕੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ (1670-1716) ਨੇ ਸੱਤ ਸੌ ਸਾਲਾਂ ਤੋਂ ਪਏ ਗ਼ੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕੀਤੀ।
ਚੱਪੜਚਿੜੀ ਦੇ ਮੈਦਾਨ ਵਿੱਚ ਸੂਬੇਦਾਰ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਘਟਨਾ ਨੇ ਮੁਗ਼ਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ ਤੇ ਗਜ਼ਨਵੀ, ਤੈਮੂਰ ਤੇ ਬਾਬਰ ਦੇ ਖ਼ਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਦਿੱਤਾ।
ਸਿੱਖਾਂ ਨੇ ਜਿੱਥੇ ਇਤਿਹਾਸ ਦੇ ਹਰ ਪੰਨੇ ਨੂੰ ਆਪਣੇ ਲਹੂ ਨਾਲ ਸ਼ਿੰਗਾਰਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਜਿੱਤ ਪ੍ਰਾਪਤ ਕਰ ਕੇ ‘ਰਾਜ ਕਰੇਗਾ ਖ਼ਾਲਸਾ’ ਦੀ ਜਿਹੜੀ ਜੋਤ ਸਿੱਖ ਮਨਾਂ ਅੰਦਰ ਜਗਾਈ ਸੀ, ਉਹ ਝੱਖੜਾਂ-ਤੂਫਾਨਾਂ ਦਾ ਸਾਹਮਣਾ ਕਰਦੀ ਹੋਈ ਅੱਜ ਵੀ ਹਰ ਸਿੱਖ ਦੇ ਸੀਨੇ ਵਿੱਚ ਇੱਕ ਸੂਹੀ ਲਾਟ ਬਣ ਕੇ ਮਚ ਰਹੀ ਹੈ ਤੇ ਸੰਕਟ ਕਾਲ ਦੌਰਾਨ ਸਿੱਖਾਂ ਦਾ ਮਾਰਗ-ਦਰਸ਼ਨ ਕਰਦੀ ਹੈ।
ਡਾ. ਹਰਚੰਦ ਸਿੰਘ ਸਰਹਿੰਦੀ
ਸੰਪਰਕ: 92178-45812
Tags: ,
Posted in: ਸਾਹਿਤ