ਸਿੱਖੀ ਸਿਧਾਂਤਾਂ ਖ਼ਾਤਰ ਪੁੱਠੀ ਖੱਲ ਲੁਹਾਉਣ ਵਾਲਾ ਸ਼ਹੀਦ ਬਾਬਾ ਜੈ ਸਿੰਘ ਖਲਕੱਟ

By May 7, 2016 0 Comments


baba khalkat
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖ਼ਾਲਸੇ ਨੂੰ ਡਰਾਉਣ ਵਾਸਤੇ ਸਮੇਂ ਦੀਆਂ ਹਕੂਮਤਾਂ ਨੇ ਜ਼ੁਲਮਾਂ ਦੀ ਰੱਜ ਕੇ ਹਨੇਰੀ ਲਿਆਂਦੀ ਪਰ ਇਹ ਸਿੱਖਾਂ ਦਾ ਆਪਣੇ ਗੁਰੂ ਅਤੇ ਧਰਮ ਪ੍ਰਤੀ ਅਟੁੱਟ ਵਿਸ਼ਵਾਸ ਹੀ ਸੀ ਕਿ ਵੱਡੇ ਤੋਂ ਵੱਡੇ ਤਸੀਹੇ ਵੀ ਉਨ੍ਹਾਂ ਨੂੰ ਡੁਲਾ ਨਹੀਂ ਸਕੇ ਅਤੇ ਉਨ੍ਹਾਂ ਨੇ ਹੱਸ-ਹੱਸ ਕੇ ਸ਼ਹੀਦੀਆਂ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਪਰ ਸਿੱਖੀ ਸਿਧਾਂਤਾਂ ਨੂੰ ਤਿਲਾਂਜਲੀ ਨਹੀਂ ਦਿੱਤੀ। ਸਿੱਖ ਕੌਮ ਦੇ ਵੱਡਮੁੱਲੇ ਇਤਿਹਾਸ ਵਿਚ ਅਤੇ ਸਿੱਖ ਅਰਦਾਸ ਵਿਚ ਆਪਣੀ ਬੇਮਿਸਾਲ ਕੁਰਬਾਨੀ ਦੇ ਕੇ ਨਾਂਅ ਦਰਜ ਕਰਵਾਉਣ ਵਾਲੇ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਦੀ ਸ਼ਹੀਦੀ ਵੀ ਇਕ ਅਜਿਹੀ ਸ਼ਹੀਦੀ ਹੈ, ਜਿਸ ਨੇ ਗੁਰੂ ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਹਾਕਮਾਂ ਵੱਲੋਂ ਪੁੱਠੀ ਖਲ ਲੁਹਾਉਣ ਦੀ ਸਜ਼ਾ ਨੂੰ ਖਿੜੇ-ਮੱਥੇ ਪ੍ਰਵਾਨ ਕੀਤਾ।
ਸ਼ਾਇਦ ਹੀ ਜ਼ਿਆਦਾ ਲੋਕਾਂ ਨੂੰ ਬਾਬਾ ਜੀ ਬਾਰੇ ਜਾਣਕਾਰੀ ਹੋਵੇ, ਜਿਸ ਨੇ ਆਪਣੇ ਸਮੇਤ ਸਾਰੇ ਪਰਿਵਾਰ ਦੀ ਸ਼ਹੀਦੀ ਸਵੀਕਾਰ ਕੀਤੀ। ਬਾਬਾ ਜੀ ਪਿੰਡ ਮੁਗ਼ਲ ਮਾਜਰਾ ਜਿਸ ਨੂੰ ਹੁਣ ਬਾਰਨ ਕਿਹਾ ਜਾਂਦਾ ਹੈ, ਜੋ ਕਿ ਸਰਹਿੰਦ ਤੋਂ ਪਟਿਆਲਾ ਸੜਕ ਦੇ ਨਗਰ ਕਾਰਪੋਰੇਸ਼ਨ ਪਟਿਆਲਾ ਦੇ ਅੰਦਰ ਸੜਕ ਦੇ ਉਪਰ ਸੱਜੇ ਪਾਸੇ ਹੈ, ਦੇ ਰਹਿਣ ਵਾਲੇ ਸਨ। ਇਹ ਸਾਰਾ ਪਰਿਵਾਰ ਅੰਮ੍ਰਿਤਧਾਰੀ ਸੀ ਅਤੇ ਰਵਿਦਾਸੀਆ ਬਰਾਦਰੀ ਨਾਲ ਸਬੰਧਤ ਸੀ। ਇਤਿਹਾਸ ਦੀ ਅਣਜਾਣਤਾ ਜਾਂ ਇਹ ਕਹਿ ਲਵੋ ਕਿ ਆਪਣੇ ਇਤਿਹਾਸ ਦੀ ਜ਼ਿਆਦਾ ਖੋਜ ਅਤੇ ਪ੍ਰਚਾਰ ਨਾ ਕਰਨ ਦੀ ਆਦਤ ਕਾਰਨ ਇਸ ਮਹਾਨ ਸ਼ਹੀਦ ਦੀ ਜ਼ਿਆਦਾ ਗੱਲ ਨਹੀਂ ਹੋ ਸਕੀ।
ਪੰਜਾਬ ਦੇ ਸਾਬਕਾ ਮੰਤਰੀ ਸ: ਸੇਵਾ ਸਿੰਘ ਸੇਖਵਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ, ਵੱਲੋਂ ਪਹਿਲਾਂ ਮੋਤੀ ਰਾਮ ਮਹਿਰਾ ਅਤੇ ਹੁਣ ਬਾਬਾ ਜੈ ਸਿੰਘ ਖਲਕੱਟ ਬਾਰੇ ਜੋ ਖੋਜ ਕਰਕੇ ਦੱਸਿਆ ਗਿਆ ਹੈ ਅਤੇ ਜਿਸ ਨੂੰ ਪਿੰਡ ਬਾਰਨ ਦੀ ਕਮੇਟੀ ਵੱਲੋਂ ਆਪਣੇ ਪਿੰਡ ਵਿਚ ਬਣੀ ਬਾਬਾ ਜੀ ਦੀ ਯਾਦਗਾਰ ਦੇ ਬਾਹਰ ਬੋਰਡ ਉਪਰ ਲਿਖਵਾਇਆ ਗਿਆ ਹੈ, ਉਸ ਅਨੁਸਾਰ ਸੰਨ 1753 ਵਿਚ ਜਦੋਂ ਪੰਜਾਬ ‘ਤੇ ਮੁਗ਼ਲਾਂ ਦਾ ਰਾਜ ਸੀ, ਉਸ ਸਮੇਂ ਨਵਾਬ ਸਰਹਿੰਦ ਅਬਦੁੱਸ ਸੁਮੰਦ ਖਾਂ ਆਪਣੀ ਫੌਜ ਸਮੇਤ ਸਰਹਿੰਦ ਤੋਂ ਪਟਿਆਲੇ ਵੱਲ ਨੂੰ ਜਾ ਰਿਹਾ ਸੀ। ਉਸ ਸਮੇਂ ਜਦੋਂ ਕੋਈ ਹਾਕਮ ਕਿਸੇ ਇਲਾਕੇ ਵਿਚੋਂ ਲੰਘਦਾ ਹੁੰਦਾ ਸੀ ਤਾਂ ਆਲੇ-ਦੁਆਲੇ ਦੇ ਲੋਕ ਉਸ ਨੂੰ ਝੁਕ-ਝੁਕ ਸਲਾਮਾਂ ਕਰਦੇ ਸੀ। ਜਦੋਂ ਨਵਾਬ ਮੁਗ਼ਲ ਮਾਜਰੇ (ਬਾਰਨ) ਪਿੰਡ ਕੋਲੋਂ ਲੰਘਿਆ ਤਾਂ ਬਾਬਾ ਜੈ ਸਿੰਘ ਖਲਕੱਟ ਜੋ ਉਸ ਵੇਲੇ ਸਿਮਰਨ ਵਿਚ ਜੁੜਿਆ ਹੋਇਆ ਸੀ, ਜਿਸ ਕਾਰਨ ਉਸ ਨੇ ਨਵਾਬ ਨੂੰ ਸਲਾਮ ਨਹੀਂ ਕੀਤੀ। ਨਵਾਬ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਇਸ ਸਿੱਖ ਨੂੰ ਪਕੜ ਕੇ ਲਿਆਓ। ਕਿਉਂਕਿ ਨਵਾਬ ਸਰਹਿੰਦ ਤਾਂ ਪਹਿਲਾਂ ਹੀ ਸਿੰਘਾਂ ਦੇ ਖਿਲਾਫ਼ ਸੀ। ਜਦ ਬਾਬਾ ਜੀ ਨੂੰ ਨਵਾਬ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਨਵਾਬ ਨੇ ਕਿਹਾ ਕਿ ਤੂੰ ਮੈਨੂੰ ਸਲਾਮ ਨਹੀਂ ਕੀਤੀ? ਬਾਬਾ ਜੀ ਨੇ ਕਿਹਾ ਕਿ ਮੈਂ ਤੁਹਾਨੂੰ ਦੇਖਿਆ ਹੀ ਨਹੀਂ, ਇਸ ਕਰਕੇ ਸਲਾਮ ਨਹੀਂ ਕੀਤੀ। ਗੁੱਸੇ ਨਾਲ ਭਰੇ ਪੀਤੇ ਅਤੇ ਸਿੱਖਾਂ ਨਾਲ ਵੈਰ ਰੱਖਣ ਵਾਲੇ ਨਵਾਬ ਨੇ ਬਾਬਾ ਜੀ ਨੂੰ ਕਿਹਾ ਕਿ ਸਾਡਾ ਇਹ ਸਾਮਾਨ ਚੁੱਕੋ ਅਤੇ ਅਗਲੇ ਪੜਾਅ ‘ਤੇ ਛੱਡ ਕੇ ਆਵੋ। ਬਾਬਾ ਜੀ ਨੇ ਜਦ ਸਾਮਾਨ ਨੂੰ ਵੇਖਿਆ ਤਾਂ ਉਸ ਵਿਚ ਹੁੱਕਾ ਸੀ, ਜਿਸ ‘ਤੇ ਬਾਬਾ ਜੀ ਨੇ ਕਿਹਾ ਕਿ ਮੈਂ ਅੰਮ੍ਰਿਤਧਾਰੀ ਸਿੱਖ ਹਾਂ, ਮੈਂ ਤੰਬਾਕੂ ਨੂੰ ਹੱਥ ਵੀ ਨਹੀਂ ਲਾਉਂਦਾ, ਫਿਰ ਤੰਬਾਕੂ ਵਾਲਾ ਹੁੱਕਾ ਸਿਰ ‘ਤੇ ਚੁੱਕ ਕੇ ਮੈਂ ਨਹੀਂ ਲਿਜਾ ਸਕਦਾ। ਤੁਸੀਂ ਹੁੱਕੇ ਨੂੰ ਕੱਢ ਲਵੋ, ਬਾਕੀ ਸਾਮਾਨ ਮੈਂ ਛੱਡ ਆਉਂਦਾ ਹਾਂ।
ਹੰਕਾਰੀ ਨਵਾਬ ਇਸ ਗੱਲ ‘ਤੇ ਬਜ਼ਿੱਦ ਹੋ ਗਿਆ ਕਿ ਹੁੱਕੇ ਸਮੇਤ ਉਨ੍ਹਾਂ ਦਾ ਸਾਮਾਨ ਅਗਲੇ ਸਥਾਨ ‘ਤੇ ਪਹੁੰਚਾਇਆ ਜਾਵੇ। ਬਾਬਾ ਜੀ ਦੇ ਨਾਂਹ ਕਰਨ ‘ਤੇ ਨਵਾਬ ਸਰਹਿੰਦ ਵੱਲੋਂ ਡਰਾਵਾ ਦਿੱਤਾ ਗਿਆ ਕਿ ਜੇਕਰ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਉਨ੍ਹਾਂ ਨੂੰ ਜੋੜੇ ਦਰੱਖਤਾਂ ਨਾਲ ਪੁੱਠਾ ਲਟਕਾ ਕੇ ਜਿਉਂਦਿਆਂ ਦੀ ਖਲ ਉਤਾਰ ਦਿੱਤੀ ਜਾਵੇਗੀ। ਬਾਬਾ ਜੀ ਨੇ ਡਰਾਵੇ ਦੀ ਪ੍ਰਵਾਹ ਨਾ ਕਰਦਿਆਂ ਹੁੱਕੇ ਵਾਲੀ ਪੰਡ ਚੁੱਕਣ ਨਾਲੋਂ ਆਪਣੀ ਖਲ ਉਤਾਰਨ ਵਾਲੀ ਸ਼ਹਾਦਤ ਦੇਣੀ ਪ੍ਰਵਾਨ ਕਰ ਲਈ ਅਤੇ ਪੰਡ ਚੁੱਕਣ ਤੋਂ ਕੋਰੀ ਨਾਂਹ ਕਰ ਦਿੱਤੀ। ਬਾਬਾ ਜੀ ਦੇ ਨਾਂਹ ਕਰਨ ਉਪਰੰਤ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ, ਜਿਨ੍ਹਾਂ ਵਿਚ ਉਨ੍ਹਾਂ ਦੀ ਧਰਮ ਪਤਨੀ ਮਾਤਾ ਧੰਨ ਕੌਰ, ਦੋ ਸਪੁੱਤਰ ਭਾਈ ਕੜਾਕਾ ਸਿੰਘ, ਉਸ ਦੀ ਧਰਮ ਪਤਨੀ ਬੀਬੀ ਰਾਜ ਕੌਰ ਅਤੇ ਭਾਈ ਖੜਕ ਸਿੰਘ ਉਸ ਦੀ ਧਰਮ ਪਤਨੀ ਬੀਬੀ ਅਮਰ ਕੌਰ ਨੂੰ ਬੁਲਾਇਆ ਗਿਆ ਅਤੇ ਕਿਹਾ ਕਿ ਜੇਕਰ ਤੁਹਾਡੇ ਵਿਚੋਂ ਕੋਈ ਇਹ ਸਾਮਾਨ ਅੱਗੇ ਛੱਡ ਆਵੇ ਤਾਂ ਇਸ ਦੀ ਸਜ਼ਾ ਮੁਆਫ਼ ਹੋ ਸਕਦੀ ਹੈ। ਸਾਰੇ ਪਰਿਵਾਰ ਦੇ ਜੀਆਂ ਨੇ ਵੀ ਹੁੱਕੇ ਸਮੇਤ ਸਾਮਾਨ ਦੀ ਪੰਡ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਉਹ ਵੀ ਸਾਰੇ ਅੰਮ੍ਰਿਤਧਾਰੀ ਹਨ, ਇਸ ਲਈ ਹੁੱਕੇ ਸਮੇਤ ਪੰਡ ਨਹੀਂ ਚੁੱਕਣਗੇ। ਇਸ ‘ਤੇ ਨਵਾਬ ਨੇ ਹੁਕਮ ਸੁਣਾਇਆ ਕਿ ਸਾਰੇ ਪਰਿਵਾਰ ਨੂੰ ਹੀ ਮਾਰ ਦਿੱਤਾ ਜਾਵੇ ਅਤੇ ਬਾਬਾ ਜੈ ਸਿੰਘ ਖਲਕੱਟ ਨੂੰ ਜਿਉਂਦਿਆਂ ਦੋਵਾਂ ਦਰੱਖਤਾਂ ਨਾਲ ਪੁਠਾ ਲਟਕਾ ਕੇ ਖਲ ਲਾਹ ਕੇ ਮਾਰ ਦਿੱਤਾ ਜਾਵੇ।
Er Satnam Singh Dhanao
ਉਪ-ਮੰਡਲ ਇੰਜੀਨੀਅਰ (ਰਿਟਾ:), ਪਿੰਡ ਤੇ ਡਾਕ: ਧਨੋਆ, ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾ: 97797-97193 –
Tags: ,
Posted in: ਸਾਹਿਤ