ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਵਿਕਟੋਰੀਆ ਤੋਂ ਵਾਪਸ ਮੰਗਿਆ ਸੀ ਕੋਹਿਨੂਰ ਹੀਰਾ

By May 7, 2016 0 Comments


ਅੰਗਰੇਜ਼ਾਂ ਨੇ ਨਾ ਵਧਣ ਦਿੱਤਾ ਮਹਾਰਾਜੇ ਦਾ ਵੰਸ਼
kohinoor (1)

kohinoor (2)
ਸਿੱਖ ਰਾਜ ਦੀ ਅਹਿਮ ਨਿਸ਼ਾਨੀ ਵਜੋਂ ਜਾਣਿਆ ਜਾਂਦਾ ਕੋਹਿਨੂਰ ਹੀਰਾ ਅੱਜ ਲੰਡਨ ਦੇ ਟਾਵਰ ਆਫ ਲੰਡਨ ਅਜਾਇਬ ਘਰ ਵਿਚ ਪਿਆ ਹੈ। ਅਜਾਇਬ ਘਰ ਦੀ ਵੈੱਬਸਾਈਟ ‘ਤੇ ਇਸ ਸਬੰਧੀ ਲਿਖਿਆ ਹੈ ਕਿ ਅੱਜ ਇਹ ਹੀਰਾ 105.6 ਕੈਰਿਟ ਦਾ ਹੈ ਅਤੇ ਮਹਾਰਾਣੀ ਐਲਿਜਾਬੈਥ ਦੀ ਮਾਂ ਦੇ ਤਾਜ ਵਿਚ 1937 ਵਿਚ ਜੜਿਆ ਗਿਆ ਸੀ। ਰੌਸ਼ਨੀ ਦੇ ਪਹਾੜ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਹੀਰੇ ਨੂੰ 1849 ਵਿਚ ਪੰਜਾਬ ‘ਚ ਹੋਈ ਐਂਗਲੋ ਸਿੱਖ ਜੰਗ ਤੋਂ ਬਾਅਦ ਮਹਾਰਾਣੀ ਵਿਕਟੋਰੀਆ ਹਵਾਲੇ ਕਰ ਦਿੱਤਾ ਗਿਆ ਸੀ।
ਇਸ ਕੋਹਿਨੂਰ ਹੀਰੇ ਨੂੰ ਲੈ ਕੇ ਬੀਤੇ ਕੁਝ ਸਮੇਂ ਤੋਂ ਬਿਆਨਬਾਜ਼ੀ ਹੱਦੋਂ ਵੱਧ ਤੇਜ਼ ਹੋ ਗਈ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਆਪੋ-ਆਪਣੇ ਦਾਅਵੇ ਕੀਤੇ ਜਾ ਰਹੇ ਹਨ। ਦੋਵੇਂ ਪੰਜਾਬਾਂ ਦੀਆਂ ਸਰਕਾਰਾਂ ਆਪੋ-ਆਪਣਾ ਰਾਗ ਅਲਾਪ ਰਹੀਆਂ ਹਨ। ਸਿੱਖ ਇਸ ‘ਤੇ ਆਪਣਾ ਹੱਕ ਜਤਾ ਰਹੇ ਹਨ। ਬਰਤਾਨੀਆ ਇਸ ਨੂੰ ਆਪਣਾ ਕਹਿ ਰਿਹਾ ਹੈ। ਸਮਾਂ ਬੜਾ ਬਲਵਾਨ ਹੈ। ਕੋਹਿਨੂਰ ਹੀਰੇ ਦਾ ਲੰਮਾ ਇਤਿਹਾਸ ਅੱਜਕਲ੍ਹ ਚਰਚਾ ਵਿਚ ਹੈ। ਪਰ ਸਚਾਈ ਇਹ ਵੀ ਹੈ ਕਿ ਇਸ ਹੀਰੇ ਨੂੰ ਸੱਚਮੁੱਚ ਧੋਖੇ ਨਾਲ ਈਸਟ ਇੰਡੀਆ ਕੰਪਨੀ ਵੱਲੋਂ ਲਿਆ ਗਿਆ ਅਤੇ ਧੋਖੇ ਨਾਲ ਹੀ ਮਹਾਰਾਣੀ ਵਿਕਟੋਰੀਆ ਨੂੰ ਦਿੱਤਾ ਗਿਆ ਸੀ। ਜਦ ਕਿ ਭਰੇ ਦੀਵਾਨ ਵਿਚ ਮਹਾਰਾਣੀ ਨੂੰ ਹੀਰਾ ਤੋਹਫ਼ੇ ਵਜੋਂ ਦੇਣ ਦਾ ਡਰਾਮਾ ਵੀ ਕੀਤਾ ਗਿਆ। ਪਰ ਇਸ ਸਭ ਦੇ ਬਾਵਜੂਦ ਇਕ ਸੱਚ ਇਹ ਵੀ ਹੈ ਕਿ ਮਹਾਰਾਜਾ ਦਲੀਪ ਸਿੰਘ ਜਿਉਂਦੇ ਜੀਅ ਹੀ ਇਸ ਗੱਲ ਦਾ ਖੁਲਾਸਾ ਖੁਦ ਕਰ ਗਏ ਸਨ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਅਤੇ ਉਹ ਕੋਹਿਨੂਰ ਹੀਰਾ ਵਾਪਸ ਚਾਹੁੰਦੇ ਹਨ।
ਇਤਿਹਾਸਕ ਹਵਾਲੇ ਮਿਲਦੇ ਹਨ ਕਿ ਇਸ ਨੂੰ ਵੇਚ ਕੇ ਉਹ ਆਪਣਾ ਸਿੱਖ ਰਾਜ ਹੀ ਨਹੀਂ, ਬਲਕਿ ਪੂਰੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਬਗਾਵਤ ਕਰਨਾ ਚਾਹੁੰਦੇ ਸਨ। 23 ਫਰਵਰੀ, 1889 ਨੂੰ ਮਹਾਰਾਜਾ ਦਲੀਪ ਸਿੰਘ ਨੇ ਇਸੇ ਸੰਦਰਭ ਵਿਚ ਇਕ ਖ਼ਤ ਮਹਾਰਾਣੀ ਵਿਕਟੋਰੀਆ ਨੂੰ ਸੰਬੋਧਿਤ ਕਰਕੇ ਲਿਖਿਆ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ‘ਮੈਨੂੰ ਪਤਾ ਹੈ ਕਿ ਆਪਣੇ ਰਾਜ ਭਾਗ ਨੂੰ ਵਾਪਸ ਕਰਨ ਦੀ ਮੰਗ ਕਰਨਾ ਹੁਣ ਬੇਅਰਥ ਹੈ, ਜਿਹੜਾ ਕ੍ਰਿਸਚੀਅਨ ਸਰਕਾਰ ਨੇ ਮੈਥੋਂ ਧੋਖੇ ਨਾਲ ਖੋਹ ਲਿਆ ਸੀ, ਪਰ ਮੈਨੂੰ ਆਸ ਹੈ ਕਿ ਪਰਮਾਤਮਾ ਜਲਦੀ ਹੀ ਲੁਟੇਰਿਆਂ ਤੋਂ ਲੈ ਲਵੇਗਾ। ਪਰ ਮੇਰੀ ਮੰਗ ਕੋਹਿਨੂਰ ਹੀਰਾ ਹੈ, ਜੋ ਤੁਹਾਡੇ ਕੋਲ ਨਿੱਜੀ ਤੌਰ ‘ਤੇ ਹੈ। ਮੈਂ ਮੰਨਦਾ ਹਾਂ ਕਿ ਮਹਾਰਾਣੀ ਬਹੁਤ ਹੀ ਧਾਰਮਿਕ ਸ਼ਖ਼ਸੀਅਤ ਹੈ, ਜਿਸ ਕਰਕੇ ਹਰ ਐਤਵਾਰ ਨੂੰ ਤੁਹਾਡੇ ਲਈ ਪ੍ਰਾਰਥਨਾ ਹੁੰਦੀ ਹੈ। ਮੈਂ ਇਸ ਗੱਲ ਤੋਂ ਹਿਚਕਚਾਹਟ ਮਹਿਸੂਸ ਨਹੀਂ ਕਰਾਂਗਾ ਕਿ ਇਹ ਹੀਰਾ ਮੈਨੂੰ ਵਾਪਸ ਦਿੱਤਾ ਜਾਵੇ, ਕਿਉਂਕਿ ਇਨਸਾਫ਼ ਇਹੀ ਹੈ। ਪਰਮਾਤਮਾ ਕੋਲ ਜਾਣ ਤੋਂ ਪਹਿਲਾਂ ਆਪਣੀ ਆਤਮਾ ਤੋਂ ਬੋਝ ਉਤਾਰ ਲਵੋ, ਜਿਸ ਤਰ੍ਹਾਂ ਹਰ ਇਸਾਈ, ਮੁਸਲਮਾਨ ਅਤੇ ਸਿੱਖ ਨੂੰ ਆਪਣੇ ਕੀਤੇ ਦਾ ਹਿਸਾਬ ਦੇਣਾ ਪੈਂਦਾ ਹੈ। ਇਸਾਈਅਤ ਦੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਤੁਹਾਡੀ ਸਰਕਾਰ ਵੱਲੋਂ ਕੀਤੇ ਕਾਲੇ ਕੰਮਾਂ ‘ਚੋਂ ਇਕ ਚੰਗਾ ਕੰਮ ਕਰਕੇ ਤਾਂ ਆਪਣੇ ਹੱਥ ਧੋ ਲਵੋ।’
ਇਸ ਖ਼ਤ ਵਿਚ ਮਹਾਰਾਜਾ ਦਲੀਪ ਸਿੰਘ ਕਹਿੰਦੇ ਹਨ ਕਿ ‘ਮੈਂ ਜ਼ੋਰਦਾਰ ਢੰਗ ਨਾਲ ਆਪਣੇ ਹੱਕ ਮੰਗਦਾ ਹਾਂ ਅਤੇ ਮੰਗ ਕਰਦਾ ਹਾਂ ਕਿ ਮੇਰੇ ਗਹਿਣੇ ਅਤੇ ਮੇਰੇ ਰਾਜਭਾਗ ਦੇ ਹੱਕ ਵਾਪਸ ਕਰ ਦੇਵੋ ਜਿਹੜੇ ਇੰਗਲੈਂਡ ਦੇ ਨੁਮਾਇੰਦਿਆਂ ਨੇ ਧੋਖੇ ਨਾਲ ਖੋਹੇ ਹਨ।’
ਮਹਾਰਾਜਾ ਦਲੀਪ ਸਿੰਘ ਦੇ ਇਸ ਖ਼ਤ ਸਬੰਧੀ ਉਸ ਸਮੇਂ ਭਾਰਤ ਦੇ ਮਾਮਲਿਆਂ ਬਾਰੇ ਸਟੇਟ ਸੈਕਟਰੀ ਲਾਰਡ ਕਰਾਸ ਨੇ ਮਹਾਰਾਣੀ ਵਿਕਟੋਰੀਆ ਨੂੰ ਰਾਇ ਦਿੱਤੀ ਕਿ ਇਸ ਪੱਤਰ ਨੂੰ ਬਹੁਤੀ ਤਵੱਜੋ ਨਾ ਦਿੱਤੀ ਜਾਵੇ। ਇਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਬਹੁਤ ਹੀ ਗੁੱਸੇ ਹੋਏ ਅਤੇ ਉਹ ਹੁਣ ਪੰਜਾਬ ਹੀ ਨਹੀਂ, ਬਲਕਿ ਪੂਰੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਯੋਜਨਾ ਬਣਾਉਣ ਲੱਗੇ। ਇਸ ਤੋਂ ਬਾਅਦ ਉਨ੍ਹਾਂ ਨੇ ਲੀਗ ਆਫ ਇੰਡੀਅਨ ਪੈਟਰੀਓਟਸ ਨਾਂਅ ਦੀ ਸੰਸਥਾ ਬਣਾਈ, ਜਿਸ ਦਾ ਮੈਨੀਫਿਸਟੋ 1 ਮਾਰਚ ਨੂੰ ਜਾਰੀ ਕੀਤਾ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਉਸ ਦੇ ਖੁਦ ਪ੍ਰਧਾਨ ਬਣੇ।
ਇਤਿਹਾਸ ਦੇ ਵਰਕੇ ਫਰੋਲਦਿਆਂ ਇਹ ਵੀ ਪਤਾ ਲੱਗਦਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੇ ਦੋ ਵਿਆਹ ਸਨ ਅਤੇ ਪਹਿਲੇ ਵਿਆਹ ਤੋਂ 6 ਬੱਚੇ ਅਤੇ ਦੂਜੇ ਵਿਆਹ ਤੋਂ 2 ਬੱਚੇ ਸਨ। ਅਸਚਰਜਤਾ ਇਹ ਹੈ ਕਿ 8 ਧੀਆਂ-ਪੁੱਤਰਾਂ ‘ਚੋਂ ਕਿਸੇ ਦੇ ਵੀ ਅੱਗੇ ਔਲਾਦ ਨਹੀਂ ਹੋਈ। ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਬੱਚਿਆਂ ਦੁਆਲੇ ਅਜਿਹਾ ਤਾਣਾ-ਬਾਣਾ ਬੁਣਿਆ ਹੋਇਆ ਸੀ ਕਿ ਉਨ੍ਹਾਂ ਦੀ ਵੰਸ਼ ਅੱਗੇ ਨਾ ਵਧ ਸਕੇ। ਇਸ ਸਬੰਧੀ ਪ੍ਰਸਿੱਧ ਇਤਿਹਾਸਕਾਰ ਪੀਟਰ ਬੈਂਸ ਨੇ ਸਾਲ 2009 ਵਿਚ ਮਹਾਰਾਜਾ ਦਲੀਪ ਸਿੰਘ ਦੀ ਜੀਵਨੀ ਸਬੰਧੀ ਲਿਖੀ ਕਿਤਾਬ ਵਿਚ ਇਕ ਹਵਾਲਾ ਦਿੱਤਾ ਹੈ ਕਿ ਮਹਾਰਾਣੀ ਵਿਕਟੋਰੀਆ ਨੇ ਖੁਦ ਅਜਿਹੀਆਂ ਹਦਾਇਤਾਂ ਦਿੱਤੀਆਂ ਸਨ। ਇਤਿਹਾਸਕਾਰ ਅਨੁਸਾਰ ਦਲੀਪ ਸਿੰਘ ਦੇ ਵੱਡੇ ਪੁੱਤਰ ਪ੍ਰਿੰਸ ਵੈਕਟਰ ਐਲਬਰਟ ਜੈ ਦਲੀਪ ਸਿੰਘ ਦੀ ਪਤਨੀ ਲੇਡੀ ਐਨੇ ਅਲਾਈਸ ਬਲੈਂਸੇ ਨੂੰ ਮਹਾਰਾਣੀ ਵਿਕਟੋਰੀਆ ਨੇ 1898 ਦੀਆਂ ਗਰਮੀਆਂ ਵਿਚ ਖੁਦ ਹਦਾਇਤ ਕੀਤੀ ਸੀ ਕਿ ਉਹ ਬੱਚਾ ਪੈਦਾ ਨਾ ਕਰੇ। ਲੇਡੀ ਐਨੇ ਕਵੈਂਟਰੀ ਦੇ 9ਵੇਂ ਅਰਲ ਦੀ ਛੋਟੀ ਲੜਕੀ ਸੀ।
ਪ੍ਰਿੰਸ ਵੈਕਟਰ ਨੇ ਆਪਣੇ ਪਿਤਾ ਵਾਂਗ 1898 ਵਿਚ ਭਾਰਤ ਜਾਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਗੋਰਿਆਂ ਵੱਲੋਂ ਕੋਲੰਬੋ ਵਿਚ ਰੋਕ ਲਿਆ ਗਿਆ ਸੀ, ਜਿਸ ਦੀ ਵਾਪਸੀ ਮੌਕੇ 8 ਜੁਲਾਈ, 1898 ਨੂੰ ਬਕਿੰਘਮ ਪੈਲਿਸ ਵਿਖੇ ਪ੍ਰਿੰਸ ਵੈਕਟਰ ਨੇ ਆਪਣੀ ਭੈਣ ਰਾਜ ਕੁਮਾਰੀ ਸੋਫੀਆ ਦਲੀਪ ਸਿੰਘ, ਛੋਟੇ ਭਰਾ ਪ੍ਰਿੰਸ ਫੈਡਰੈਕ ਦਲੀਪ ਸਿੰਘ ਅਤੇ ਹੋਰਾਂ ਨਾਲ ਇਕ ਸਮਾਗਮ ਵਿਚ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ਮਹਾਰਾਣੀ ਵਿਕਟੋਰੀਆ ਨੇ ਲੇਡੀ ਐਨੇ ਨੂੰ ਖੁਦ ਹਦਾਇਤ ਕੀਤੀ ਸੀ ਕਿ ਉਹ ਰਾਜ ਕੁਮਾਰ ਨਾਲ ਬੱਚਾ ਪੈਦਾ ਨਾ ਕਰੇ ਅਤੇ ਆਪਣੇ ਪਤੀ ਨੂੰ ਲੈ ਕੇ ਦੂਰ ਰਹੇ। ਪੀਟਰ ਬੈਂਸ ਕਹਿੰਦਾ ਹੈ ਕਿ ਉਸ ਨੇ ਇਹ ਜਾਣਕਾਰੀ ਸ਼ੁਰੂਆਤ ਵਿਚ ਲੇਡੀ ਐਨੇ ਦੇ ਇਕ ਰਿਸ਼ਤੇਦਾਰ ਪਾਸੋਂ ਹਾਸਲ ਕੀਤੀ ਸੀ। ਲੇਡੀ ਐਨੇ ਦੀ ਮੌਤ 1956 ਵਿਚ ਹੋਈ ਸੀ। ਉਸ ਵਿਅਕਤੀ ਨੇ ਖੁਦ ਲੇਡੀ ਐਨੇ ਤੋਂ ਇਹ ਸਵਾਲ ਪੁੱਛਿਆ ਅਤੇ ਲੇਡੀ ਐਨੇ ਨੇ ਇਹ ਜਵਾਬ ਦਿੱਤਾ ਸੀ। ਭਾਵੇਂ ਕਿ ਇਸ ਘਟਨਾ ਨੂੰ ਸਿਰਫ ਇਹ ਕਹਿ ਕੇ ਸਮਾਪਤ ਕਰ ਦਿੱਤਾ ਗਿਆ ਕਿ ਮਹਾਰਾਣੀ ਵਿਕਟੋਰੀਆ ਨਹੀਂ ਸੀ ਚਾਹੁੰਦੀ ਕਿ ਮਹਾਰਾਜਾ ਦਲੀਪ ਸਿੰਘ ਦੇ ਵੰਸ਼ ‘ਚ ਕੋਈ ਅੱਗੇ ਹੋਵੇ, ਜੋ ਆਪਣਾ ਰਾਜ ਭਾਗ ਵਾਪਸ ਮੰਗੇ। ਪਰ ਹੁਣ ਇਹ ਵੀ ਮਹਿਸੂਸ ਹੁੰਦਾ ਹੈ ਕਿ ਰਾਜ ਭਾਗ ਦੇ ਨਾਲ-ਨਾਲ ਕੋਹਿਨੂਰ ਵਰਗੇ ਅਣਮੁੱਲੇ ਹੀਰੇ ‘ਤੇ ਸਿੱਧੇ ਤੌਰ ‘ਤੇ ਦਾਅਵਾ ਕਰਨ ਵਾਲਾ ਵੀ ਅੰਗਰੇਜ਼ਾਂ ਦੀਆਂ ਨੀਤੀਆਂ ਨੇ ਪੈਦਾ ਨਹੀਂ ਹੋਣ ਦਿੱਤਾ। ਇਹ ਗੱਲ ਸਪੱਸ਼ਟ ਹੈ ਕਿ ਮਹਾਰਾਜਾ ਦਲੀਪ ਸਿੰਘ ਨੇ ਆਖਰੀ ਸਮੇਂ ਸਿੱਖ ਧਰਮ ਨੂੰ ਅਪਣਾ ਲਿਆ ਸੀ, ਜਿਸ ਕਰਕੇ ਇਸ ਹੀਰੇ ‘ਤੇ ਕਿਸੇ ਸਰਕਾਰ ਜਾਂ ਨਿੱਜੀ ਵਿਅਕਤੀ ਦਾ ਨਹੀਂ, ਬਲਕਿ ਸਮੁੱਚੀ ਸਿੱਖ ਕੌਮ ਦਾ ਹੱਕ ਕਿਹਾ ਜਾ ਸਕਦਾ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਅਕਸਰ ਹੀ ਮਹਿੰਗੇ ਤੋਹਫ਼ੇ ਸ੍ਰੀ ਦਰਬਾਰ ਸਾਹਿਬ ਭੇਟ ਕਰ ਦਿੰਦੇ ਸਨ, ਜਿਨ੍ਹਾਂ ਵਿਚੋਂ ਅੱਜ ਵੀ ਕਈ ਤੋਸ਼ਾਖਾਨੇ ਵਿਚ ਸੁਸ਼ੋਭਿਤ ਹਨ।
Manpreet Singh Badhnikla
ਫੋਨ : 0447899798363
ਈ ਮੇਲ : msbadhni@yahoo.co.uk
Originally published in : Ajit Jalandhar

Link – Ajit

Posted in: ਸਾਹਿਤ