ਜਨਮ ਦਿਨ ‘ਤੇ ਵਿਸ਼ੇਸ਼ : ਜੱਸਾ ਸਿੰਘ ਆਹਲੂਵਾਲੀਆ

By May 5, 2016 0 Comments


jassa singh ahluwaliaਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਬਦਰ ਸਿੰਘ ਦੇ ਘਰ ਸੰਨ 1718 ਈ: ਨੂੰ ਹੋਇਆ। ਸੰਨ 1723 ਵਿਚ ਬਦਰ ਸਿੰਘ ਦਾ ਅਕਾਲ ਚਲਾਣਾ ਹੋ ਗਿਆ। ਜੱਸਾ ਸਿੰਘ ਦੀ ਮਾਤਾ ਪੁੱਤਰ ਸਮੇਤ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਦਿੱਲੀ ਚਲੀ ਗਈ। ਸੰਨ 1729 ਵਿਚ ਵਾਪਸ ਆ ਕੇ ਬਾਲਕ ਜੱਸਾ ਸਿੰਘ ਕਪੂਰ ਸਿੰਘ ਦੇ ਜਥੇ ਨਾਲ ਰਹਿਣ ਲੱਗ ਗਿਆ। ਉਸ ਨੇ ਸ਼ਸਤਰ ਵਿੱਦਿਆ ਵਿਚ ਪ੍ਰਵੀਨਤਾ ਹਾਸਲ ਕੀਤੀ। ਨਵਾਬ ਕਪੂਰ ਸਿੰਘ ਨੇ ਉਨ੍ਹਾਂ ਨੂੰ ਆਪਣਾ ਸਹਾਇਕ ਥਾਪ ਦਿੱਤਾ। ਕਈ ਜੰਗਾਂ ਵਿਚ ਕਪੂਰ ਸਿੰਘ ਦੇ ਨਾਲ ਰਹਿਣ ਕਰਕੇ ਯੁੱਧ ਵਿੱਦਿਆ ਵਿਚ ਨਿਪੁੰਨ ਹੋ ਗਏ। ਸੰਨ 1732 ਵਿਚ ਬਾਗ ਸਿੰਘ ਦੇ ਸ਼ਹੀਦ ਹੋ ਜਾਣ ‘ਤੇ ਜੱਸਾ ਸਿੰਘ ਮਿਸਲ ਦਾ ਸਰਦਾਰ ਬਣ ਗਿਆ। ਨਵਾਬ ਕਪੂਰ ਸਿੰਘ ਤੋਂ ਬਾਅਦ ਉਨ੍ਹਾਂ ਦਾ ਸਥਾਨ ਦੂਜੇ ਨੰਬਰ ‘ਤੇ ਸਮਝਿਆ ਜਾਂਦਾ ਸੀ। ਸੰਨ 1739 ਵਿਚ ਉਸ ਨੇ ਨਾਦਰ ਸ਼ਾਹ ਨੂੰ ਵੰਗਾਰਿਆ ਅਤੇ ਉਸ ਦੀ ਵਾਪਸ ਮੁੜਦੀ ਫੌਜ ਦੇ ਪਿਛਲੇ ਹਿੱਸੇ ਉੱਤੇ ਹਮਲਾ ਕਰਕੇ ਲੁੱਟ ਦੇ ਮਾਲ ਨੂੰ ਲੁੱਟ ਲਿਆ। ਬਾਬਾ ਜੱਸਾ ਸਿੰਘ ਮਿਸਲਾਂ ਦੇ ਪਹਿਲੇ ਦੌਰ ਵਿਚ ਹੀ ਪ੍ਰਸਿੱਧ ਹੋ ਗਿਆ ਸੀ। ਨਵਾਬ ਕਪੂਰ ਸਿੰਘ ਦੀ ਫੈਜ਼ਲਪੁਰੀਆ ਮਿਸਲ ਉਸ ਦੇ ਕਾਲਵਸ ਹੋਣ ਉਪਰੰਤ ਕਮਜ਼ੋਰ ਹੋ ਗਈ। ਉਧਰ ਸ: ਜੱਸਾ ਸਿੰਘ ਲੜਾਈ ਵਿਚ ਨਿਪੁੰਨ ਹੋ ਗਿਆ ਸੀ ਅਤੇ ਉਸ ਨੇ ਮਾਝੇ ਦੇ ਕਈ ਇਲਾਕੇ ਜਿੱਤਣ ਤੋਂ ਬਾਅਦ ਅੰਤ ਨੂੰ ਕਪੂਰਥਲਾ ਆਪਣੇ ਅਧੀਨ ਕਰ ਲਿਆ ਜਿਹੜਾ ਮਗਰੋਂ ਉਸ ਦੀ ਰਾਜਧਾਨੀ ਬਣਿਆ। ਸੰਨ 1760 ਈ: ਵਿਚ ਅਹਿਮਦ ਸ਼ਾਹ ਦੇ ਸੱਤਵੇਂ ਹਮਲੇ ਸਮੇਂ ਬਹੁਤ ਸਾਰੇ ਹਿੰਦੁਸਤਾਨੀ ਮਰਦ-ਔਰਤਾਂ ਨੂੰ ਜੱਸਾ ਸਿੰਘ ਨੇ ਦੁਰਾਨੀਆਂ ਤੋਂ ਛੁਡਾਇਆ। ਸੰਨ 1761 ਵਿਚ ਉਨ੍ਹਾਂ ਖਾਲਸਾ ਦਲ ਨਾਲ ਮਿਲ ਕੇ ਅਹਿਮਦਸ਼ਾਹ ਅਬਦਾਲੀ ਦੇ ਜਰਨੈਲ ਜਹਾਨ ਖਾਨ ਨੂੰ ਹਰਾਇਆ ਤੇ ਲਾਹੌਰ ਤੱਕ ਉਸ ਦਾ ਪਿੱਛਾ ਕੀਤਾ। ਦੁਰਾਨੀਆਂ ਨੂੰ ਅੰਮ੍ਰਿਤਸਰ ਵਿਚੋਂ ਕੱਢ ਦਿੱਤਾ ਗਿਆ। ਸੰਨ 1762 ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਹੀੜਾ (ਕੁੱਪ ਰਹੀੜਾ) ਕੁਤਬਾ ਬਾਹਮਣੀਆਂ ਅਤੇ ਗਹਿਲ ਤਿੰਨ ਸਥਾਨਾਂ ਉੱਤੇ ਜੱਸਾ ਸਿੰਘ ਦੀ ਅਗਵਾਈ ਹੇਠ ਖਾਲਸਾ ਦਲ ਦੀ ਅਹਿਮਦ ਸ਼ਾਹ ਅਬਦਾਲੀ ਨਾਲ ਭਾਰੀ ਜੰਗ ਹੋਈ। ਇਸ ਵਿਚ ਲਗਭਗ 30 ਹਜ਼ਾਰ ਸਿੰਘ-ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋਏ ਸਨ। ਪਰ ਜਿੱਤ ਖਾਲਸਾ ਪੰਥ ਦੀ ਹੋਈ ਅਤੇ ਜਰਵਾਣਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਹ ਜੰਗ 5 ਫਰਵਰੀ, 1762 ਨੂੰ ਹੋਈ। ਇਸ ਨੂੰ ਸਿੱਖ ਇਤਿਹਾਸ ਵਿਚ ਵੱਡਾ ਘੱਲੂਘਾਰਾ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਦਲ ਖਾਲਸਾ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ 7 ਅਪ੍ਰੈਲ 1763 ਨੂੰ ਦਿੱਲੀ ਉੱਤੇ ਹਮਲਾ ਕੀਤਾ ਅਤੇ ਦਿੱਲੀ ਫ਼ਤਹਿ ਕੀਤੀ। ਜੱਸਾ ਸਿੰਘ ਸਿੱਖੀ ਆਦਰਸ਼ਾਂ ਦੀ ਪਾਲਣਾ ਕਰਨ ਵਾਲਾ ਸਹੀ ਰੂਪ ਵਿਚ ਖਾਲਸਾ ਸੀ। ਉਹ ਆਪ ਅੰਮ੍ਰਿਤ ਪ੍ਰਚਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਿਚ ਵੀ ਯਤਨਸ਼ੀਲ ਰਹਿੰਦੇ ਸਨ। ਸੰਨ 1765 ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੁਬਾਰਾ ਬਣਾਈ ਗਈ। ਉਸ ਦਾ ਨੀਂਹ-ਪੱਥਰ ਜੱਸਾ ਸਿੰਘ ਆਹਲੂਵਾਲੀਆ ਦੇ ਹੱਥੋਂ ਹੀ ਰਖਵਾਇਆ ਗਿਆ ਸੀ। ਜੱਸਾ ਸਿੰਘ ਜਿਥੇ ਇਕ ਮਹਾਨ ਯੋਧਾ ਸੀ, ਉਥੇ ਗੁਰਬਾਣੀ ਦਾ ਰਸੀਆ ਵੀ ਸੀ। ਦੇਸ਼ ਦੇ ਜ਼ਾਲਮ ਹਾਕਮਾਂ ਦੀ ਸੋਧ ਕਰਨ ਦੇ ਨਾਲ-ਨਾਲ ਜੱਸਾ ਸਿੰਘ ਨੇ ਵਿਦੇਸ਼ੀ ਹਮਲਾਵਰਾਂ ਦਾ ਵੀ ਟਾਕਰਾ ਕੀਤਾ। ਉਸ ਨੇ ਆਪਣੇ ਜੀਵਨ ਕਾਲ ਵਿਚ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਅਤੇ ਤੈਮੂਰ ਸ਼ਾਹ ਆਦਿ ਜਰਵਾਣੇ ਅਫ਼ਗਾਨਾਂ ਦਾ ਡਟ ਕੇ ਮੁਕਾਬਲਾ ਕੀਤਾ। ਲਗਭਗ 60 ਸਾਲ ਪੰਥ ਦੀ ਅਣਥੱਕ ਸੇਵਾ ਕਰਨ ਉਪਰੰਤ ਇਹ ਮਹਾਨ ਜਰਨੈਲ 22 ਅਕਤੂਬਰ 1783 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਿਆ। ਪੰਥ ਵੱਲੋਂ ਉਨ੍ਹਾਂ ਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਦਿੱਤਾ ਗਿਆ।
Inderjeet Singh
-ਪਿੰਡ ਤੇ ਡਾਕ: ਨੱਥੂ ਚਾਹਲ, ਜ਼ਿਲ੍ਹਾ ਕਪੂਰਥਲਾ।
ਮੋਬਾ: 96536-67011
Tags:
Posted in: ਸਾਹਿਤ