18ਵੀਂ ਸਦੀ ਦੇ ਮਹਾਨ ਜਰਨੈਲ ਸ: ਜੱਸਾ ਸਿੰਘ ਰਾਮਗੜ੍ਹੀਆ

By May 5, 2016 0 Comments


JASSA SINGH Ramgarhiaਇਸ ਮਹਾਨ ਯੋਧੇ ਦਾ ਜਨਮ 5 ਮਈ, 1723 ਈ: ਨੂੰ ਲਾਹੌਰ ਤੋਂ 12 ਮੀਲ ਚੜ੍ਹਦੇ ਵੱਲ ਈਚੋਗਿਲ ਨਾਮੀ ਸਥਾਨ ‘ਤੇ ਗਿਆਨੀ ਭਗਵਾਨ ਸਿੰਘ ਦੇ ਘਰ ਹੋਇਆ। ਇਤਿਹਾਸਕਾਰ ਲਿਖਦੇ ਹਨ ਕਿ ਇਨ੍ਹਾਂ ਦਾ ਪਿਛਲਾ ਪਿੰਡ ਸੁਰ ਸਿੰਘ ਸੀ। ਇਹ ਪਿੰਡ ਖੇਮਕਰਨ ਤੋਂ 30 ਕਿਲੋਮੀਟਰ ਦੂਰ ਹੈ। ਆਪ 5 ਭਰਾ ਸਨ-ਜੱਸਾ ਸਿੰਘ, ਜੈ ਸਿੰਘ, ਖ਼ੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ। ਇਹ ਪਰਿਵਾਰ ਨਵਾਬ ਕਪੂਰ ਸਿੰਘ ਦੀ ਕਾਇਮ ਕੀਤੀ ਪਹਿਲੀ ਸਿੱਖ ਜਥੇਬੰਦੀ ਦਲ ਖ਼ਾਲਸਾ ਵਿਚ ਸ਼ਾਮਿਲ ਹੋ ਕੇ ਜਥੇਬੰਦੀ ਦਾ ਹਿੱਸਾ ਬਣ ਗਏ। ਜਥੇਬੰਦੀ ਵਿਚ ਮਿਹਨਤ ਅਤੇ ਲਗਨ ਦੁਆਰਾ ਇਨ੍ਹਾਂ ਦਾ ਰੁਤਬਾ ਬਹੁਤ ਉੱਚਾ ਚਲਾ ਗਿਆ।
ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਬਾਬਾ ਸ: ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤ ਛਕਿਆ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਸਤਰ ਤਿਆਰ ਕਰਕੇ ਦੇਣ ਵਾਲੇ ਕਾਰੀਗਰਾਂ ਵਿਚ ਸ਼ਾਮਿਲ ਸਨ। ਆਪ ਦੇ ਪਿਤਾ ਸ: ਭਗਵਾਨ ਸਿੰਘ ਬਹੁਤ ਸੰਤ ਸੁਭਾਅ ਵਿਅਕਤੀ ਸਨ। ਉਹ ਆਪਣੇ ਜ਼ਮਾਨੇ ਦੇ ਬਹੁਤ ਉੱਘੇ ਧਾਰਮਿਕ ਪ੍ਰਚਾਰਕ ਸਨ। ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਪਹਿਲੀ ਲੜਾਈ ਏਸ਼ੀਆ ਦੇ ਪ੍ਰਸਿੱਧ ਜੇਤੂ ਨਾਦਰ ਸ਼ਾਹ ਦੇ ਨਾਲ ਲੜੀ। ਉਸ ਵਕਤ ਉਹ ਤੇ ਉਨ੍ਹਾਂ ਦੇ ਪਿਤਾ ਭਗਵਾਨ ਸਿੰਘ ਦਲ ਖਾਲਸਾ ਦੇ ਜਾਂਬਾਜ਼ ਸਿਪਾਹੀ ਸਨ।
ਦਲ ਖਾਲਸਾ ਤੇ ਪੰਜਾਬ ਦੇ ਹਾਕਮ ਜ਼ਕਰੀਆ ਖਾਂ ਵਿਚ ਬਹੁਤ ਜ਼ਬਰਦਸਤ ਟੱਕਰ ਹੁੰਦੀ ਰਹੀ। ਪਰ ਜਦੋਂ ਜ਼ਕਰੀਆ ਖਾਂ ਸਿੰਘਾਂ ਨਾਲ ਲੜ-ਲੜ ਕੇ ਥੱਕ ਗਿਆ ਤਾਂ ਉਸ ਨੇ ਸਿੱਖਾਂ ਨੂੰ ਜਗੀਰ ਦੇ ਕੇ ਸਮਝੌਤਾ ਕਰ ਲਿਆ। ਨਾਦਰ ਸ਼ਾਹ ਦੇ ਪੰਜਾਬ ਉੱਤੇ ਹਮਲੇ ਸਮੇਂ ਉਸ ਦੀ ਦਲ ਖ਼ਾਲਸਾ ਨਾਲ ਟੱਕਰ ਹੋਈ। ਇਸ ਲੜਾਈ ਵਿਚ 14 ਸਾਲਾ ਸ: ਜੱਸਾ ਸਿੰਘ ਰਾਮਗੜ੍ਹੀਏ ਨੇ ਯੁੱਧ ਕਲਾ ਦੇ ਉਹ ਜੌਹਰ ਦਿਖਾਏ ਜਿਸ ਨੂੰ ਵੇਖ ਕੇ ਵੱਡੇ-ਵੱਡੇ ਜਰਨੈਲ ਹੈਰਾਨ ਰਹਿ ਗਏ। ਇਹ ਭਿਅੰਕਰ ਲੜਾਈ, ਵਜ਼ੀਰਾ ਬਾਦ ਕਿਲ੍ਹਾ ਗੁਜਰਾਂ ਵਾਲਾ ਵਿਖੇ ਹੋਈ। ਇਸ ਲੜਾਈ ਵਿਚ ਸਿੱਖ ਸਿਪਾਹੀਆਂ ਦੀ ਬਹਾਦਰੀ ਨੂੰ ਵੇਖ ਕੇ ਨਾਦਰ ਸ਼ਾਹ ਨੂੰ ਪਿੱਛੇ ਮੁੜਨਾ ਪਿਆ। ਸ: ਜੱਸਾ ਸਿੰਘ ਦੀ ਬਹਾਦਰੀ ਨੂੰ ਵੇਖ ਕੇ ਜ਼ਕਰੀਆ ਖਾਨ ਨੇ ਸ: ਜੱਸਾ ਸਿੰਘ ਦੇ ਪਰਿਵਾਰ ਨੂੰ ਅੰਮ੍ਰਿਤਸਰ ਦੇ ਲਾਗੇ ਪੰਜ ਪਿੰਡ ਜਗੀਰ ਵਜੋਂ ਦਿੱਤੇ।
ਉਸ ਜ਼ਮਾਨੇ ਵਿਚ ਸਿੱਖ ਛੋਟੀਆਂ-ਛੋਟੀਆਂ ਮਿਸਲਾਂ ਵਿਚ ਵੰਡੇ ਹੋਏ ਸਨ। ਅਕਸਰ ਬਾਹਰੋਂ ਆਉਣ ਵਾਲੇ ਹਮਲਾਵਰ ਇਨ੍ਹਾਂ ਮਿਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਸਨ। ਜ਼ਕਰੀਆ ਖਾਂ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਵਿਸਾਖੀ ‘ਤੇ ਅੰਮ੍ਰਿਤਸਰ ਵਿਚ ਭਾਰੀ ਇਕੱਠ ਹੋਇਆ। ਇਸ ਇਕੱਠ ਵਿਚ ਗੁਰਮਤਾ ਕੀਤਾ ਗਿਆ ਕਿ ਮਿਸਲਾਂ ਦੀ ਹਿਫ਼ਾਜ਼ਤ ਲਈ ਕਿਲ੍ਹੇ ਉਸਾਰੇ ਜਾਣ। ਅੰਮ੍ਰਿਤਸਰ ਵਿਖੇ ਪਹਿਲਾ ਕਿਲ੍ਹਾ ਬਣਾਉਣ ਦੀ ਜ਼ਿੰਮੇਵਾਰੀ ਸ: ਜੱਸਾ ਸਿੰਘ ਦੀ ਲਗਾਈ ਗਈ। 18 ਮਹੀਨੇ ਵਿਚ ਇਹ ਕਿਲ੍ਹਾ ਬਣ ਕੇ ਤਿਆਰ ਹੋਇਆ। ਇਸ ਦਾ ਨਾਂਅ ਗੁਰੂ ਰਾਮਦਾਸ ਦੇ ਨਾਂਅ ‘ਤੇ ਰਾਮ ਰੌਣੀ ਰੱਖਿਆ ਗਿਆ। ਸੰਨ 1748 ਵਿਚ ਮੀਰ ਮਨੂੰ ਨੇ ਅਦੀਨਾ ਬੇਗ ਰਾਹੀਂ ਇਸ ਕਿਲ੍ਹੇ ਨੂੰ ਘੇਰਾ ਪਾ ਲਿਆ। ਸ: ਜੱਸਾ ਸਿੰਘ ਦੀ ਰਾਜਨੀਤਕ ਸਿਆਣਪ ਅਤੇ ਮੌਕਾ ਸੰਭਾਲਣ ਦੀ ਸੂਝ-ਬੂਝ ਸਦਕਾ ਇਹ ਕਿਲ੍ਹਾ ਵੀ ਬਚ ਗਿਆ। ਸਮਝੌਤੇ ਅਧੀਨ ਮੀਰ ਮਨੂੰ ਨੇ ਸਿੱਖਾਂ ਨੂੰ ਪੱਟੀ ਦੇ ਪਰਗਨੇ ਵਿਚ ਚੌਥਾ ਹਿੱਸਾ ਮਾਲੀਆ ਦੇਣਾ ਵੀ ਮੰਨ ਲਿਆ। ਉਸ ਦਿਨ ਤੋਂ ਇਹ ਕਿਲ੍ਹਾ ਸਿੱਖਾਂ ਦਾ ਗੜ੍ਹ ਬਣ ਗਿਆ ਤੇ ਇਸ ਦਾ ਨਾਂਅ ਰਾਮ ਰੌਣੀ ਤੋਂ ਬਦਲ ਕੇ ਰਾਮਗੜ੍ਹ ਰੱਖਿਆ ਗਿਆ। ਸ: ਜੱਸਾ ਸਿੰਘ ਨੂੰ ਇਸ ਕਿਲ੍ਹੇ ਦਾ ਕਿਲ੍ਹੇਦਾਰ ਥਾਪਿਆ ਗਿਆ। ਇਸ ਦਿਨ ਤੋਂ ਸ: ਜੱਸਾ ਸਿੰਘ ਦੇ ਨਾਂਅ ਨਾਲ ਰਾਮਗੜ੍ਹੀਆ ਸ਼ਬਦ ਜੁੜ ਗਿਆ।
ਸ: ਜੱਸਾ ਸਿੰਘ ਰਾਮਗੜ੍ਹੀਆ ਗੁਰੀਲਾ ਯੁੱਧ ਦੇ ਮਾਹਿਰ ਸਨ। ਪਹਾੜੀ ਇਲਾਕਿਆਂ ਵਿਚ ਕੋਈ ਵੀ ਜਰਨੈਲ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। 1767 ਈ: ਵਿਚ ਉਨ੍ਹਾਂ ਦੀ ਲੜਾਈ ਬਿਆਸ ਦਰਿਆ ਦੇ ਕੋਲ ਅਹਿਮਦ ਸ਼ਾਹ ਅਬਦਾਲੀ ਨਾਲ ਹੋਈ। ਸ: ਜੱਸਾ ਸਿੰਘ ਨੇ ਏਨੀ ਬਹਾਦਰੀ ਨਾਲ ਟਾਕਰਾ ਕੀਤਾ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਪਿੱਛੇ ਹਟਣਾ ਪਿਆ। ਇਸ ਦਿਨ ਤੋਂ ਸ: ਜੱਸਾ ਸਿੰਘ ਰਾਮਗੜ੍ਹੀਆ ਦਾ ਨਾਂਅ 18ਵੀਂ ਸਦੀ ਦੇ ਉੱਘੇ ਜਰਨੈਲਾਂ ਵਿਚ ਗਿਣਿਆ ਜਾਣ ਲੱਗਾ। ਮੁਗ਼ਲ ਸਾਮਰਾਜ ਨੂੰ ਖ਼ਤਮ ਕਰਨ ਵਾਲਾ, ਰਾਜਪੂਤਾਂ ਤੇ ਮਰਾਠਿਆਂ ਵਿਰੁੱਧ ਜਿੱਤਾਂ ਪ੍ਰਾਪਤ ਕਰਨ ਵਾਲਾ, ਪਾਨੀਪਤ ਦੀ ਲੜਾਈ ਦਾ ਜੇਤੂ ਅਹਿਮਦ ਸ਼ਾਹ ਅਬਦਾਲੀ ਸ: ਜੱਸਾ ਸਿੰਘ ਰਾਮਗੜ੍ਹੀਆ ਤੇ ਉਸ ਦੇ ਹਥਿਆਰਬੰਦ ਸਿਪਾਹੀਆਂ ਸਾਹਮਣੇ ਬੇਵੱਸ ਹੋ ਗਿਆ। ਉਸ ਨੇ ਤੰਗ ਆ ਕੇ ਭਾਰਤ ਉੱਤੇ ਹਮਲੇ ਨਾ ਕਰਨ ਦਾ ਫੈਸਲਾ ਕਰ ਲਿਆ। ਉਸ ਦਿਨ ਤੋਂ ਬਾਅਦ ਸਿੱਖ ਪੰਜਾਬ ਦੇ ਮਾਲਕ ਬਣੇ। ਸ: ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹੀਆ ਮਿਸਲ ਤਹਿਤ ਆਪਣੀ ਰਿਆਸਤ ਕਾਇਮ ਕੀਤੀ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਦਿਲ ਵਿਚ ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮਦਾਸ ਜੀ ਦਾ ਬਹੁਤ ਸਤਿਕਾਰ ਸੀ, ਇਸ ਕਰਕੇ ਉਸ ਨੇ ਕਿਲ੍ਹੇ ਦਾ ਨਾਂਅ ਰਾਮਗੜ੍ਹ ਰੱਖਿਆ, ਆਪਣੀਆਂ ਬਣਾਈਆਂ ਤੋਪਾਂ ਦਾ ਨਾਂਅ ਰਾਮਜੰਗੇ, ਰਾਮਬਾਣ ਆਦਿ ਰੱਖਿਆ, ਲੰਗਰ ਦਾ ਨਾਂਅ ਰਾਮ ਰੋਟੀ ਅਤੇ ਖ਼ਜ਼ਾਨੇ ਦਾ ਨਾਂਅ ਰਾਮ ਸਰ ਰੱਖਿਆ। ਗੱਲ ਕੀ, ਉਸ ਨੂੰ ਜੋ ਵੀ ਚੰਗਾ ਲੱਗਿਆ, ਉਸ ਨੂੰ ਗੁਰੂ ਰਾਮਦਾਸ ਦੇ ਨਾਂਅ ਨਾਲ ਜੋੜ ਦਿੱਤਾ। ਉਸ ਮਹਾਨ ਜਰਨੈਲ ਨੇ 14 ਸਾਲ ਦੀ ਉਮਰ ਤੋਂ 80 ਸਾਲ ਦੀ ਉਮਰ ਤੱਕ ਰੱਜ ਕੇ ਤਲਵਾਰ ਵਾਹੀ ਤੇ ਪੰਜਾਬ ਵਿਚ ਪੰਜਾਬੀਆਂ ਤੇ ਸਿੱਖਾਂ ਦਾ ਰਾਜ ਕਾਇਮ ਕੀਤਾ। ਆਪਣੇ ਆਖਰੀ ਸਮੇਂ ਵਿਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਉੱਤੇ ਕਬਜ਼ਾ ਕਰਨ ਵਿਚ ਮਦਦ ਕੀਤੀ ਅਤੇ ਪੰਜਾਬ ਵਿਚ ਖ਼ਾਲਸਾ ਰਾਜ ਕਾਇਮ ਹੁੰਦਾ ਆਪਣੀਆਂ ਅੱਖਾਂ ਨਾਲ ਵੇਖਿਆ। ਉਹ ਮਹਾਨ ਯੋਧਾ ਸੱਚਾ-ਸੁੱਚਾ ਦੇਸ਼ ਭਗਤੀ ਦਾ ਜੀਵਨ ਬਤੀਤ ਕਰਕੇ 1803 ਈ: ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ।
Er Sukhchain Singh Lyalpuri
ਮੋਬਾ: 95010-26652 –
Tags:
Posted in: ਸਾਹਿਤ