ਕੋਹਿਨੂਰ ਲੁੱਟਿਆ ਗਿਆ ਜਾਂ ਭੇਟ ਕੀਤਾ ਗਿਆ

By April 26, 2016 0 Comments


kohinoor maharaja ranjit singhਭਾਰਤ ਤੋਂ ਲੁੱਟਿਆ ਗਿਆ ਦੁਨੀਆ ਦਾ ਬੇਸ਼ਕੀਮਤੀ ਕੋਹਿਨੂਰ ਹੀਰਾ ਇਕ ਵਾਰ ਫਿਰ ਆਪਣੇ ਮਾਲਕਾਨਾ ਹੱਕ ਕਾਰਨ ਚਰਚਾ ਵਿਚ ਹੈ। ਦਰਅਸਲ ਬਰਤਾਨੀਆ ਦੇ ਅਜਾਇਬ ਘਰ ਤੋਂ ਇਸ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਇਕ ਜਨਹਿਤ ਪਟੀਸ਼ਨ ‘ਆਲ ਇੰਡੀਆ ਹਿਊਮਨ ਰਾਈਟਸ ਐਂਡ ਸੋਸ਼ਲ ਜਸਟਿਸ ਫੋਰਮ’ ਨੇ ਭਾਰਤੀ ਸਰਬਉੱਚ ਅਦਾਲਤ ਵਿਚ ਪਾਈ ਹੈ। ਇਸ ਸਬੰਧ ਵਿਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਸੀ। ਇਸ ਸੰਦਰਭ ਵਿਚ ਕੇਂਦਰੀ ਸੱਭਿਆਚਾਰਕ ਮੰਤਰਾਲੇ ਵੱਲੋਂ ਕਿਹਾ ਗਿਆ ਕਿ ‘ਕੋਹਿਨੂਰ ਹੀਰਾ’ ਨਾ ਤਾਂ ਕਿਸੇ ਵੱਲੋਂ ਚੋਰੀ ਕੀਤਾ ਗਿਆ ਹੈ ਅਤੇ ਨਾ ਹੀ ਅੰਗਰੇਜ਼ ਜਬਰੀ ਲੁੱਟ ਕੇ ਲੈ ਗਏ ਹਨ। ਹੀਰਾ ਤਾਂ ਮਹਾਰਾਜਾ ਦਲੀਪ ਸਿੰਘ ਨੇ ਭੇਟ ਕੀਤਾ ਸੀ। ਇਸ ਲਈ ਕੋਹਿਨੂਰ ‘ਤੇ ਭਾਰਤ ਮਾਲਕਾਨਾ ਹੱਕ ਦਾ ਦਾਅਵਾ ਨਹੀਂ ਕਰ ਸਕਦਾ ਕਿਉਂਕਿ ਅਜਿਹਾ ਕੀਤਾ ਗਿਆ ਤਾਂ ਦੂਸਰੇ ਦੇਸ਼ ਵੀ ਸਾਡੇ ਕੋਲੋਂ ਅਜਿਹੀਆਂ ਵਸਤਾਂ ਮੰਗ ਸਕਦੇ ਹਨ, ਜੋ ਉਨ੍ਹਾਂ ਨੇ ਸਾਨੂੰ ਤੋਹਫ਼ੇ ਦੇ ਤੌਰ ‘ਤੇ ਦਿੱਤੀਆਂ ਹਨ ਅਤੇ ਜੋ ਸਾਡੇ ਅਜਾਇਬ ਘਰਾਂ ਦੀ ਸ਼ੋਭਾ ਵਧਾ ਰਹੀਆਂ ਹਨ। ਸਰਕਾਰ ਦੇ ਇਸ ਜਵਾਬ ਤੋਂ ਸਾਫ਼ ਹੈ ਕਿ ਸਰਕਾਰ ਦੀ ਕੋਹਿਨੂਰ ਹੀਰੇ ਦੀ ਵਾਪਸੀ ਵਿਚ ਕੋਈ ਦਿਲਚਸਪੀ ਨਹੀਂ ਹੈ। ਦੂਜਾ ਸਵਾਲ ਇਹ ਖੜ੍ਹਾ ਹੋਇਆ ਹੈ ਕਿ ਕੀ ਸਚਮੁੱਚ ਹੀਰਾ ਆਪਣੀ ਇੱਛਾ ਨਾਲ ਭੇਟ ਕੀਤਾ ਗਿਆ ਸੀ ਜਾਂ ਇਕ ਹਾਰੇ ਹੋਏ ਰਾਸ਼ਟਰ ਦੀ ਅਨਮੋਲ ਨਿਸ਼ਾਨੀ ਨੂੰ ਲੁੱਟਿਆ ਗਿਆ? ਕਿਉਂਕਿ ਹੁਣ ਤੱਕ ਨਾ ਸਿਰਫ ਲੋਕ ਮਾਨਤਾ ਰਹੀ ਹੈ, ਸਗੋਂ ਇਤਿਹਾਸਕ ਤੱਥਾਂ ਤੋਂ ਵੀ ਇਹ ਸਾਬਤ ਹੁੰਦਾ ਰਿਹਾ ਹੈ ਕਿ ਹੀਰਾ ਬਰਤਾਨਵੀ ਹਕੂਮਤ ਦੀ ਬਸਤੀਵਾਦੀ ਲੁੱਟ ਦਾ ਹਿੱਸਾ ਹੈ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇਕਰ ਉੱਤਰ ਦੇ ਆਧਾਰ ‘ਤੇ ਸਰਬਉੱਚ ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ ਤਾਂ ਫਿਰ ਇਸ ਬੇਸ਼ਕੀਮਤੀ ਹੀਰੇ ਤੋਂ ਭਾਰਤ ਦਾ ਦਾਅਵਾ ਹਮੇਸ਼ਾ ਲਈ ਖ਼ਤਮ ਹੋ ਜਾਏਗਾ। ਲੋੜ ਇਸ ਗੱਲ ਦੀ ਹੈ ਕਿ ਇਸ ਪਹਿਲੂ ਨਾਲ ਜੁੜੇ ਇਤਿਹਾਸਕ ਤੱਥਾਂ ਨੂੰ ਖੰਗਾਲ ਕੇ ਅਦਾਲਤ ਦੇ ਸਾਹਮਣੇ ਰੱਖਿਆ ਜਾਵੇ। ਇਹ ਗੱਲ ਵੱਖਰੀ ਹੈ ਕਿ ਮੌਜੂਦਾ ਕੌਮਾਂਤਰੀ ਨਿਯਮਾਂ ਅਤੇ ਕੂਟਨੀਤਕ ਕਾਰਨਾਂ ਦੀ ਲਾਚਾਰੀ ਦੇ ਹੁੰਦਿਆਂ ਕੋਹਿਨੂਰ ਦੀ ਵਾਪਸੀ ਅਸੰਭਵ ਹੋਵੇ, ਕਿਉਂਕਿ ਸਾਡੀਆਂ ਪੁਰਾਣੀਆਂ ਵਸਤਾਂ ‘ਤੇ ਬੇਸ਼ਕੀਮਤੀ ਕਲਾ-ਕਿਰਤਾਂ ਅਧਿਨਿਯਮ 1972 ਦੇ ਮੁਤਾਬਿਕ, ਨਾਜਾਇਜ਼ ਰੂਪ ਨਾਲ ਵਿਦੇਸ਼ ਭੇਜੀਆਂ ਗਈਆਂ ਵਸਤਾਂ ‘ਤੇ ਹੀ ਦਾਅਵੇਦਾਰੀ ਜਤਾਈ ਜਾ ਸਕਦੀ ਹੈ। ਇਸ ਆਧਾਰ ‘ਤੇ ਚੋਰੀ ਜਾਂ ਤਸਕਰੀ ਦੇ ਰਾਹੀਂ ਦੂਜੇ ਰਾਸ਼ਟਰਾਂ ਵਿਚ ਲਿਜਾਈਆਂ ਗਈਆਂ ਕਲਾਕ੍ਰਿਤਾਂ ਅਤੇ ਵਸਤੂਆਂ ਵਾਪਸ ਵੀ ਆਈਆਂ ਹਨ। ਇਸ ਹੀਰੇ ‘ਤੇ ਭਾਰਤ ਦਾ ਬੁਨਿਆਦੀ ਦਾਅਵਾ ਇਸ ਕਰਕੇ ਬਣਦਾ ਹੈ ਕਿਉਂਕਿ ਇਸ ਕਾਰਬਨ ਦੇ ਟੁਕੜੇ ਦੀ ਖੁਦਾਈ ਆਂਧਰਾ ਪ੍ਰਦੇਸ਼ ਦੀਆਂ ਗੋਲਕੁੰਡਾ ਖਾਣਾਂ ਤੋਂ ਕੀਤੀ ਗਈ ਸੀ। ਕੋਹਿਨੂਰ 1304 ਵਿਚ ਭਾਰਤੀ ਰਾਜਿਆਂ ਕੋਲ ਸੀ। ਬਾਅਦ ਵਿਚ ਇਹ ਮੁਗਲਾਂ ਦੇ ਹੱਥ ਆ ਗਿਆ। ਫਿਰ ਨਾਦਰਸ਼ਾਹ, ਸ਼ਾਹ ਸ਼ੁਜਾਹ ਕੋਲੋਂ ਹੁੰਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਅਤੇ ਫਿਰ ਮਹਾਰਾਜਾ ਦਲੀਪ ਸਿੰਘ ਦੇ ਕੋਲੋਂ ਬਰਤਾਨਵੀ ਹਕੂਮਤ ਕੋਲ ਚਲਾ ਗਿਆ।
ਕੋਹਿਨੂਰ ਦੀ ਵਿਲੱਖਣਤਾ ਕਾਰਨ ਭਾਰਤ ਤੋਂ ਇਲਾਵਾ ਇਸ ਉੱਤੇ ਮਾਲਕਾਨਾ ਦਾਅਵਾ 1976 ਵਿਚ ਪਾਕਿਸਤਾਨ, 2001 ਵਿਚ ਅਫ਼ਗਾਨਿਸਤਾਨ, ਈਰਾਨ ਅਤੇ ਬੰਗਲਾਦੇਸ਼ ਵੀ ਕਰਦੇ ਰਹੇ ਹਨ। ਹਾਲਾਂਕਿ ਬਰਤਾਨਵੀ ਸਰਕਾਰ ਸੰਨ 2013 ਵਿਚ ਹੀ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਖਾਰਜ ਕਰ ਚੁੱਕੀ ਹੈ। ਫਿਲਹਾਲ ਕੋਹਿਨੂਰ ਬਰਤਾਨੀਆ ਦੇ ਸ਼ਾਹੀ ਖਜ਼ਾਨੇ ਦਾ ਹਿੱਸਾ ਹੈ ਅਤੇ ਇਸ ਨੂੰ ਸੈਲਾਨੀਆਂ ਨੂੰ ਲੁਭਾਉਣ ਲਈ ਲੰਦਨ ਦੇ ਪੁਰਾਤਤਵ ਅਜਾਇਬ ਘਰ ਵਿਚ ਰੱਖਿਆ ਗਿਆ ਹੈ ਅਤੇ ਹਰ ਸਾਲ ਲੱਖਾਂ ਸੈਲਾਨੀ ਇਸ ਨੂੰ ਦੇਖਣ ਲਈ ਆਉਂਦੇ ਹਨ।
Dr Jasbir Singh Sarna
Tags: , ,
Posted in: ਸਾਹਿਤ