ਇਨਹੀ ਕੀ ਕਰਿਪਾ ਕੇ ਸਜੇ ਹਮ ਹੈ…

By April 13, 2016 0 Comments


guru Gobind Singhਵਿਸਾਖੀ ਇਕ ਮੌਸਮੀ ਤਿਉਹਾਰ ਹੈ, ਪਰ 1699 ਈ: ਦੀ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਕਰਕੇ ਸਿੱਖ ਕੌਮ ਲਈ ਇਸ ਨੂੰ ਸਦੀਵੀ ਤੌਰ ‘ਤੇ ਇਤਿਹਾਸਕ ਬਣਾ ਦਿੱਤਾ। ਜੋ ਉਦੇਸ਼ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਚੱਲੇ ਸਨ, ਉਹ ਉਦੇਸ਼ ਇਸ ਦਿਨ ਸਿਖ਼ਰ ‘ਤੇ ਪਹੁੰਚਿਆ। ਇਹ ਕਿਹਾ ਜਾ ਸਕਦਾ ਹੈ ਕਿ 1699 ਈ: ਦੀ ਵਿਸਾਖੀ ਇਕ ਚਮਤਕਾਰੀ ਰੂਪ ਵਿਚ ਆਈ, ਜੋ ਮਨੁੱਖੀ ਇਤਿਹਾਸ ਵਿਚ ਸਦਾ ਯਾਦ ਰਹੇਗੀ।
ਅਸਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਸਾਜਨਾ ਕੇਵਲ ਭਾਰਤ ਹੀ ਨਹੀਂ, ਸਗੋਂ ਦੁਨੀਆ ਦੇ ਇਤਿਹਾਸ ਵਿਚ ਇਕ ਨਿਵੇਕਲੀ ਘਟਨਾ ਸੀ। ਦਸਮ ਪਾਤਸ਼ਾਹ ਜੀ ਦੇ ਸਨਮੁੱਖ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਤੱਕ ਸਿਰਜੇ ਮਨੁੱਖ ਨੂੰ ਸੰਪੂਰਨ ਰੂਪ ਦੇਣ ਦਾ ਮਹਾਨ ਕਾਰਜ ਸੀ। ਉਹ ਪੂਰਨ ਮਨੁੱਖ ਜਿਸ ਦੇ ਮਨ ਅੰਦਰ ਸਦਾ ਕਰਤਾਰ ਦੀ ਯਾਦ, ਸੱਚ ਲਈ ਜੂਝਣ ਦਾ ਚਾਅ, ਮਨੁੱਖਤਾ ਲਈ ਹਮਦਰਦੀ, ਦੁਸ਼ਟਾਂ ਦਾ ਖਾਤਮਾ ਕਰਨ ਲਈ ਤੇਗ਼ ਅਤੇ ਇਕ ਪਰਮਾਤਮਾ ਦੀ ਓਟ ਹੋਵੇ। ਇਸ ਕਾਰਜ ਦੀ ਸੰਪੂਰਨਤਾ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਰਾਜਸੀ, ਸਮਾਜਿਕ ਤੇ ਧਾਰਮਿਕ ਪੜਚੋਲ ਤੋਂ ਪਿੱਛੋਂ 1699 ਈ: ਦੀ ਵਿਸਾਖੀ ਨੂੰ ਵੱਡੇ ਇਕੱਠ ਲਈ ਸਿੱਖ ਸੰਗਤਾਂ ਨੂੰ ਵਿਸ਼ੇਸ਼ ਸੱਦੇ ਭੇਜੇ। ਆਪ ਜੀ ਦੇ ਵਿਸ਼ੇਸ਼ ਸੱਦੇ ‘ਤੇ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ, ਜਿਥੇ ਬੇਅੰਤ ਸੰਗਤਾਂ ਦੇ ਭਾਰੀ ਇਕੱਠ ਵਿਚ ਪਾਤਸ਼ਾਹ ਜੀ ਨੇ ਖ਼ਾਲਸੇ ਦੀ ਸਾਜਨਾ ਕੀਤੀ।
ਇਸ ਇਤਿਹਾਸਕ ਮੌਕੇ ‘ਤੇ ਦਸਮ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਵਾਰੀ-ਵਾਰੀ ਪੰਜ ਸੀਸ ਮੰਗੇ ਸਨ। ਪਾਤਸ਼ਾਹ ਜੀ ਦੇ ਬਚਨਾਂ ‘ਤੇ ਖਰਾ ਉੱਤਰਦਿਆਂ ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਹਿੰਮਤ ਰਾਇ, ਭਾਈ ਮੋਹਕਮ ਚੰਦ ਅਤੇ ਭਾਈ ਸਾਹਿਬ ਚੰਦ ਨੇ ਆਪਣੇ ਸੀਸ ਭੇਟ ਕੀਤੇ। ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਤੇ ਪੰਜਾਂ ਨੂੰ ਛਕਾਇਆ। ਪੰਜਾਂ ਦੇ ਨਾਂਅ ਨਾਲ ‘ਸਿੰਘ’ ਲਗਾਇਆ। ਫਿਰ ਗੁਰੂ ਜੀ ਨੇ ਬਚਨ ਕੀਤਾ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ। ਤੁਹਾਡੀਆਂ ਪਿਛਲੀਆਂ ਜਾਤਾਂ-ਗੋਤਾਂ ਸਭ ਖ਼ਤਮ ਤੇ ਅੱਜ ਤੋਂ ਤੁਸੀਂ ਵਾਹਿਗੁਰੂ ਜੀ ਦਾ ਖ਼ਾਲਸਾ ਹੋ। ਇਕ ਪਰਮਾਤਮਾ ਦੀ ਓਟ ਰੱਖਣੀ ਤੇ ਹੋਰ ਕਿਸੇ ਦੇਵੀ-ਦੇਵਤੇ, ਮੜ੍ਹੀ ਆਦਿ ਨੂੰ ਨਹੀਂ ਮੰਨਣਾ।
ਦਸਵੇਂ ਸਤਿਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਉਪਰੰਤ ਉਨ੍ਹਾਂ ਪਾਸੋਂ ਆਪ ਅੰਮ੍ਰਿਤ ਛਕਿਆ। ਇਹ ਦੁਨੀਆ ਦੇ ਇਤਿਹਾਸ ਵਿਚ ਇਕ ਵੱਖਰੀ ਰੀਤ ਸੀ, ਜਦੋਂ ਕਿਸੇ ਗੁਰੂ ਨੇ ਆਪਣੇ ਚੇਲਿਆਂ ਨੂੰ ਆਪਣਾ ਰੂਪ ਮੰਨਿਆ ਹੋਵੇ। ਕੋਈ ਵੀ ਕੌਮ ਆਪਣੀ ਜੀਵਨ-ਜਾਚ ਕਰਕੇ ਸੰਸਾਰ ਵਿਚ ਉੱਚਾ ਰੁਤਬਾ ਪਾਉਂਦੀ ਹੈ। ਸਤਿਗੁਰਾਂ ਨੇ ਖ਼ਾਲਸੇ ਨੂੰ ਆਪਣਾ ਖਾਸ ਰੂਪ ਕਿਹਾ ਅਤੇ ਅੰਮ੍ਰਿਤ ਛਕਾ ਕੇ ਸਿੱਖਾਂ ਦੇ ਜੀਵਨ ਉੱਤੇ ਆਪਣੀ ਸ਼ਖ਼ਸੀਅਤ ਦੀ ਡੂੰਘੀ ਛਾਪ ਲਾ ਦਿੱਤੀ। ਜਿਹੜੇ ਲੋਕ ਪੀੜ੍ਹੀਆਂ ਤੋਂ ਉੱਚ ਜਾਤੀਆਂ ਅੱਗੇ ਨਿਮਾਣੇ ਬਣ ਜੀਵਨ ਗੁਜ਼ਾਰ ਰਹੇ ਸਨ, ਉਹ ਆਪ ਜੀ ਦੀ ਕਿਰਪਾ ਸਦਕਾ ਸ਼ਕਤੀਸ਼ਾਲੀ ਯੋਧੇ ਅਤੇ ਸਰਦਾਰ ਬਣ ਗਏ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਕਰਕੇ ਸੰਸਾਰ ਨੂੰ ਸੰਤ-ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ ਹੈ, ਜਿਹੜਾ ਹੁਣ ਤੱਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ ਨਵੀਆਂ ਸਿਖਰਾਂ ਛੋਂਹਦਾ ਆ ਰਿਹਾ ਹੈ। ਸ਼ਹਾਦਤ ਦੀ ਭਾਵਨਾ ਅਤੇ ਸ਼ਕਤੀ ਅਜਿਹੇ ਜੀਵਨ-ਸਿਧਾਂਤ ਵਿਚੋਂ ਹੀ ਉਪਜਦੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਵਿਚ ਖ਼ਾਲਸੇ ਦੀ ਮਹਿਮਾ ਕਰਦੇ ਹੋਏ ਫ਼ਰਮਾਨ ਕਰਦੇ ਹਨ :
ਜੁੱਧ ਜਿਤੇ ਇਨ ਹੀ ਕੇ ਪਰਸਾਦਿ
ਇਨ ਹੀ ਕੇ ਪਰਸਾਦਿ ਸੁ ਦਾਨ ਕਰੇ॥
ਅਘ ਅਉਘ ਟਰੈ ਇਨ ਹੀ ਕੇ ਪਰਸਾਦਿ
ਇਨ ਹੀ ਕੀ ਕਰਿਪਾ ਫੁਨ ਧਾਮ ਭਰੇ॥
ਇਨ ਹੀ ਕੇ ਪਰਸਾਦਿ ਸੁ ਬਿਦਿਆ ਲਈ
ਇਨ ਹੀ ਕੀ ਕਰਿਪਾ ਸਭ ਸਤਰ ਮਰੇ॥
ਇਨਹੀ ਕੀ ਕਰਿਪਾ ਕੇ ਸਜੇ ਹਮ ਹੈ
ਨਹੀ ਮੋਸੇ ਗਰੀਬ ਕਰੋਰ ਪਰੇ॥
ਵਿਸਾਖੀ (ਖ਼ਾਲਸਾ ਸਿਰਜਣਾ ਦਿਵਸ) ਸਿੱਖ ਕੌਮ ਲਈ ਸਵੈ-ਪੜਚੋਲ ਦਾ ਦਿਨ ਹੈ। ਕੌਮੀ ਭਾਵਨਾ ਨੂੰ ਆਪਣੇ ਮਨ ਵਿਚ ਪ੍ਰਪੱਕ ਕਰਨ ਦਾ ਸੁਨੇਹਾ ਲੈ ਕੇ ਹਰ ਸਾਲ ਆਉਂਦਾ ਖ਼ਾਲਸਾ ਸਾਜਨਾ ਦਿਵਸ ਸਾਨੂੰ ਆਪਣੇ ਆਦਰਸ਼ਾਂ ਦੀ ਪ੍ਰਾਪਤੀ ਲਈ ਹਲੂਣਾ ਦਿੰਦਾ ਹੈ। ਹਰ ਇਕ ਗੁਰਸਿੱਖ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਰਹਿਤ ਦੀ ਪ੍ਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਉਸ ਦੇ ਖ਼ਾਲਸਈ ਜੀਵਨ ਦਾ ਅਹਿਮ ਵਿਧਾਨ ਹੈ। ਭਵਿੱਖ ਦੀ ਨਵੀਂ ਪੀੜ੍ਹੀ ਨੂੰ ਅਜਿਹੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਬਣਾਉਣ ਲਈ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਕਾਰਜ ਲਈ ਹਰ ਗੁਰਸਿੱਖ ਨੂੰ ਵਿਅਕਤੀਗਤ ਰੂਪ ਵਿਚ ਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ ਵਿਚ ਉਪਰਾਲੇ ਕਰਨੇ ਚਾਹੀਦੇ ਹਨ। ਸਮੂਹ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਛਾਣਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ ਹੈ।

Avtar Singh Makkar
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
Tags: ,
Posted in: ਸਾਹਿਤ