ਖਾਪ ਪੰਚਾਇਤਾਂ ਆਮ ਲੋਕਾਂ ਦੀ ਬਜਾਏ ਸਿਆਸੀ ਆਗੂਆਂ ਦੀ ਦੇ ਕਾਫਲੇ ਰੋਕਣ-ਭਾਈ ਮੋਹਕਮ ਸਿੰਘ

By March 21, 2016 0 Comments


Bhai-Mohkam-Singhਅੰਮ੍ਰਿਤਸਰ 21 ਮਾਰਚ (ਜਸਬੀਰ ਸਿੰਘ) ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ ਨੇ ਖਾਪ ਪੰਚਾਇਤਾਂ ਦੇ ਸਰਪ੍ਰਸਤ ਸ੍ਰੀ ਟੇਕ ਚੰਦ ਕੰਦੋਲਾ ਨੂੰ ਸਲਾਹ ਦਿੱਤੀ ਕਿ ਪੰਜਾਬ ਤੋ ਦਿੱਲੀ ਜਾਣ ਦੇ ਰਸਤੇ ਨੂੰ ਰੋਕਣ ਦੀ ਬਜਾਏ ਜੇਕਰ ਉਹ ਦੋਹਾਂ ਸੂਬਿਆ ਦੇ ਲੀਡਰਾਂ ਦਾ ਰਸਤਾ ਰੋਕਣ ਦੀ ਗੱਲ ਕਰਨਗੇ ਤਾਂ ਯੂਨਾਈਟਿਡ ਅਕਾਲੀ ਦਲ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗਾ।
ਜਾਰੀ ਇੱਕ ਬਿਆਨ ਰਾਹੀ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਖਾਪ ਪੰਚਾਇਤਾਂ ਦੇ ਸਰਪ੍ਰਸਤ ਸ੍ਰੀ ਟੇਕ ਚੰਦ ਕੰਦੋਲਾ ਵੱਲੋ ਸਤਲੁਜ ਜਮਨਾ ਲਿੰਕ ਨਹਿਰ ਨੂੰ ਲੈ ਕੇ ਪੰਜਾਬ ਤੋ ਦਿੱਲੀ ਜਾਂਦੇ ਰਸਤੇ ਰੋਕਣ ਦੀ ਦਿੱਤੀ ਚਿਤਾਵਨੀ ‘ਤੇ ਟਿੱਪਣੀ ਕਰਦਿਆ ਕਿਹਾ ਕਿ ਆਮ ਲੋਕਾਂ ਨੂੰ ਪਰੇਸ਼ਾਨ ਕਰਕੇ ਮਸਲੇ ਦਾ ਹੱਲ ਨਹੀ ਹੋ ਸਕਦਾ ਸਗੋ ਅਕਾਲੀਦਲ ਬਾਦਲ, ਭਾਜਪਾ, ਕਾਂਗਰਸ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂਆਂ ਦੇ ਰਸਤੇ ਰੋਕੇ ਜਾਣ ਤਾਂ ਮਸਲੇ ਦਾ ਹੱਲ ਨਿਕਲ ਸਕਦਾ ਹੈ ਕਿਉਕਿ ਲੀਡਰਾਂ ਵੱਲੋ ਹੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਹਿਰ ਦੇ ਮਾਮਲੇ ਤੇ ਸਿਆਸੀ ਹੋਲੀ ਖੇਡੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਹਿਰ ਨੂੰ ਲੈ ਕੇ ਜਿੰਨੀ ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ , ਦਰਬਾਰਾ ਸਿੰਘ, ਰਾਜੀਵ ਗਾਂਧੀ, ਕੈਪਟਨ ਅਮਰਿੰਦਰ ਸਿੰਘ ,ਪ੍ਰਕਾਸ਼ ਸਿੰਘ ਬਾਦਲ ਤੇ ਸੁਰਜੀਤ ਸਿੰਘ ਬਰਨਾਲਾ ਦੋਸ਼ੀ ਹਨ ਉਨੇ ਹੀ ਹਰਿਆਣੇ ਦੇ ਕਾਂਗਰਸੀ ਭੁਪਿੰਦਰ ਸਿੰਘ ਹੁੱਡਾ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋ ਇਲਾਵਾ ਨਰਿੰਦਰ ਮੋਦੀ, ਲਾਲ ਕ੍ਰਿਸ਼ਨ ਅਡਵਾਨੀ, ਅਟੱਲ ਬਿਹਾਰੀ ਵਾਜਪਾਈ, ਰਾਜਨਾਥ ਤੇ ਅਰੁਣ ਜੇਤਲੀ ਵੀ ਬਰਾਬਰ ਦੇ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਰਾਜੀਵ ਲੌਗੋਵਾਲ ਸਮਝੌਤਾ ਵੀ ਬਾਦਲ ਬਰਨਾਲਾ ਨੇ ਚੋਣ ਲੜ ਕੇ ਪੰਜਾਬ ਦੀ ਸੱਤਾ ਤੇ ਕਬਜ਼ਾ ਕਰਨ ਲਈ ਕੀਤਾ ਸੀ। ਉਹਨਾਂ ਕਿਹਾ ਕਿ ਖਾਪ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਦੀ ਬਜਾਏ ਇਹਨਾਂ ਲੀਡਰਾਂ ਦੇ ਰਸਤੇ ਰੋਕਣ ਤਾਂ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ।
ਉਹਨਾਂ ਕਿਹਾ ਕਿ 1966 ਤੋ ਪਹਿਲਾਂ ਸਾਂਝੇ ਪੰਜਾਬ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਉਸ ਸਮੇਂ ਰਾਵੀ ਸਤਲੁਜ ਬਿਆਸ ਤੋ ਇਲਾਵਾ ਪੰਜਾਬ ਦੀ ਹੱਦ ਜਮਨਾ ਨਦੀ ਨਾਲ ਜਾ ਕੇ ਲੱਗਦੀ ਸੀ। ਉਹਨਾਂ ਕਿਹਾ ਕਿ 1966 ਦੇ ਪੰਜਾਬ ਪੁਨਰ ਗਠਿਤ ਸਮੇਂ ਦੋਹਾਂ ਸੂਬਿਆ ਲਈ 60:40 ਦੀ ਅਨੁਪਾਤ ਨਾਲ ਪਾਣੀਆ ਦੀ ਵੰਡ ਕੀਤੀ ਗਈ ਸੀ ਪਰ ਜਮਨਾ ਵਿੱਚ ੋ ਹਰਿਆਣੇ ਨੂੰ ਮਿਲਦੇ ਪਾਣੀ ਵਿੱਚੋ ਪੰਜਾਬ ਨੂੰ ਕੋਈ ਪਾਣੀ ਨਹੀ ਮਿਲ ਰਿਹਾ। ਉਹਨਾਂ ਕਿਹਾ ਕਿ ਇਸ ਤੋ ਇਲਾਵਾ ਪ੍ਰਤਾਪ ਸਿੰਘ ਕੈਰੋ ਦੇ ਸਮੇਂ ਰਾਜਸਥਾਨ ਨੂੰ ਪਾਣੀ ਦੇਣ ਲਈ ਵੀ ਹਰੀਕੇ ਡੈਮ ਤੋ ਦੋ ਨਹਿਰਾਂ ਕੱਢੀਆ ਗਈਆ ਜਿਸ ਦੀ ਪੰਜਾਬ ਨੂੰ ਅੱਜ ਤੱਕ ਕੋਈ ਰਾਇਲਟੀ ਨਹੀ ਮਿਲਦੀ ਪਰ ਦੇਸ਼ ਦੀ ਵੰਡ ਤੋ ਪਹਿਲਾਂ ਜਦੋ ਹੁਸੈਨੀਵਾਲਾ ਤੋ ਰਾਜਸਥਾਨ ਨੂੰ ਪਾਣੀ ਦੇਣ ਲਈ ਗੰਗ ਨਹਿਰ ਬਣਾਈ ਗਈ ਸੀ ਤਾਂ ਉਸ ਸਮੇਂ ਰਾਜਸਥਾਨ ਪੰਜਾਬ ਨੂੰ ਪਾਣੀ ਦੀ ਬਕਾਇਦਾ ਤੌਰ ਤੇ ਰਾਇਲਟੀ ਦਿੰਦਾ ਸੀ ਅਤੇ 1952 ਤੱਕ ਇਹ ਅਦਾਇਗੀ ਹੁੰਦੀ ਰਹੀ ਹੈ। ਉਹਨਾਂ ਕਿਹਾ ਕਿ ਰਾਜਸਥਾਨ ਨੂੰ ਇਸੇ ਕਰਕੇ ਪਾਣੀ ਦਿੱਤਾ ਜਾ ਰਿਹਾ ਹੈ ਕਿਉਕਿ ਰਾਜਸਥਾਨ ਵਿੱਚ ਪੰਜਾਬ, ਹਰਿਆਣਾ ਤੇ ਦਿੱਲੀ ਆਦਿ ਰਾਜਾਂ ਦੇ ਸਿਆਸੀ ਆਗੂਆਂ ਦੇ ਵੱਡੇ ਵੱਡੇ ਫਾਰਮ ਹਨ ਜਿਹਨਾਂ ਦੀ ਸਿੰਚਾਈ ਲਈ ਪਾਣੀ ਦੀ ਲੋੜ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਅੱਜ ਉੱਚੀਆ ਉੱਚੀਆ ਟਾਹਰਾਂ ਮਾਰ ਰਹੇ ਹਨ ਕਿ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਬਾਹਰ ਦੇਣ ਲਈ ਨਹੀ ਹੈ ਪਰ ਰਾਜਸਥਾਨ ਨੂੰ ਜਾਂਦੇ ਪਾਣੀਆ ਬਾਰੇ ਚੁੱਪ ਹਨ। ਉਹਨਾਂ ਕਿਹਾ ਕਿ ਪੰਜਾਬ ਤੇ ਹਰਿਆਣੇ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਇਸ ਰਿਸ਼ਤੇ ਨੂੰ ਕਿਸੇ ਵੀ ਕੀਮਤ ਤੇ ਵੱਖ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਖਾਪ ਪੰਚਾਇਤਾਂ ਵਾਲੇ ਜੇਕਰ ਰਾਜਸਥਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦੀ ਗੱਲ ਕਰਦੇ ਹਨ ਤਾਂ ਯੂਨਾਈਟਿਡ ਅਕਾਲੀ ਦਲ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗਾ। ਉਹਨਾਂ ਕਿਹਾ ਕਿ ਰਾਜਸਥਾਨ ਨੂੰ ਜਾਂਦੇ ਪਾਣੀ ਨੂੰ ਜੇਕਰ ਹਰਿਆਣੇ ਵਾਲੇ ਪਾਸੇ ਮੋੜ ਲਿਆ ਜਾਂਦਾ ਹੈ ਤਾਂ ਹਰਿਆਣਾ ਨੂੰ ਲੋੜ ਤੋ ਵੱਧ ਪਾਣੀ ਮਿਲ ਜਾਵੇਗਾ। ਉਹਨਾਂ ਕਿਹਾ ਕਿ ਜਮਨਾ ਦੇ ਪਾਣੀ ਬਾਰੇ ਵੀ ਜੇਕਰ ਪੰਜਾਬ ਨੂੰ ਬਣਦਾ ਪਾਣੀ ਦੇਣ ਲਈ ਵਿਚਾਰ ਕਰ ਲਈ ਜਾਵੇ ਤਾਂ ਹਰਿਆਣਾ ਕੋਲ ਉਸ ਦੇ ਹਿੱਸੇ ਤੋ ਵੱਧ ਪਾਣੀ ਹੋ ਜਾਵੇਗਾ। ਉਹਨਾਂ ਖਾਪ ਪੰਚਾਇਤਾਂ ਦੇ ਸਰਪ੍ਰਸਤ ਕੰਦੋਲਾ ਨੂੰ ਇੱਕ ਵਾਰੀ ਫਿਰ ਅਪੀਲ ਕੀਤੀ ਕਿ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਲੀਡਰਾਂ ਦੇ ਕਾਫਲੇ ਰੋਕੇ ਜਾਣ ਤਾਂ ਸਿਰਫ ਪਾਣੀਆ ਦੇ ਹੀ ਨਹੀ ਸਗੋ ਸਾਰੇ ਲਟਕਦੇ ਮਸਲੇ ਹੱਲ ਹੋ ਜਾਣਗੇ।