ਰਾਜਸਥਾਨ ਵਿਖੇ 31 ਮਾਰਚ ਤੋਂ ਬਾਅਦ ਅਫ਼ੀਮ, ਡੋਡੇ, ਚੂਰਾ ਪੋਸਤ ‘ਤੇ ਲੱਗੇਗੀ ਪੂਰਨ ਪਾਬੰਦੀ

By March 19, 2016 0 Comments


ਇਹ ਤਾਂ ਦੇਸ਼ ਭਰ ਦੇ ਲੋਕ ਭਲੀ ਭਾਂਤੀ ਜਾਣਦੇ ਹੀ ਹਨ ਕਿ ਚੋਣਾਂ ਸਮੇਂ ਵੋਟਾਂ ਬਟੋਰਨ ਲਈ ਅਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਰੈਲੀ ਦੇ ਇਕੱਠ ਲਈ ਸਾਡੇ ਦੇਸ਼ ਦੇ ਜ਼ਿਆਦਾਤਰ ਰਾਜਨੀਤਕ ਨੇਤਾ ਨਸ਼ਿਆਂ ਦਾ ਸਹਾਰਾ ਲੈਂਦੇ ਹਨ, ਜਿਨ੍ਹਾਂ ਵਿਚ ਪੰਜਾਬ ਸੂਬੇ ਦੇ ਰਾਜਨੀਤਕ ਆਗੂ ਜ਼ਿਆਦਾ ਬਦਨਾਮ ਹਨ। ਇਸ ਸਮੇਂ ਪੰਜਾਬ ਸੂਬਾ ਪੂਰੀ ਤਰ੍ਹਾਂ ਨਾਲ ਨਸ਼ਿਆਂ ਦੀ ਦਲਦਲ ‘ਚ ਫੱਸ ਚੁੱਕਿਆ ਹੈ। ਬੇਸ਼ੱਕ ਸਰਕਾਰ ਨਸ਼ਿਆਂ ਦੇ ਘਟਣ ਦੇ ਬਿਆਨ ਦੇ ਰਹੀ ਹੈ ਪਰੰਤੂ ਸਚਾਈ ਇਹ ਹੈ ਕਿ ਪੰਜਾਬ ਦੇ ਸ਼ਹਿਰਾਂ ਜਾਂ ਪਿੰਡਾਂ ਦੀ ਸ਼ਾਇਦ ਹੀ ਕੋਈ ਐਸੀ ਗਲੀ ਹੋਵੇ ਜਿੱਥੇ ਕੋਈ ਨੌਜਵਾਨ ਨਸ਼ੇ ਦਾ ਸੇਵਨ ਨਾ ਕਰਦਾ ਹੋਵੇ। ਇੱਥੇ ਹੀ ਬੱਸ ਨਹੀਂ ਸਗੋਂ ਸੂਬੇ ਦੀ ਹਰੇਕ ਜੇਲ੍ਹਾਂ ਵਿਚ ਵੀ ਨਸ਼ਾ ਬੜੇ ਆਰਾਮ ਨਾਲ ਬਿੱਕ ਰਿਹਾ ਹੈ, ਸੋਚਣ ਵਾਲੀ ਗੱਲ ਹੈ ਕਿ ਜੇਕਰ ਨਸ਼ਾ ਜੇਲ੍ਹਾਂ ਵਿਚ ਨਹੀਂ ਰੁਕ ਪਾ ਰਿਹਾ ਤਾਂ ਸੂਬੇ ਅੰਦਰ ਕੀ ਰੁਕਿਆ ਹੋਣਾ। ਸਾਡੇ ਰਾਜਨੀਤਕ ਆਗੂ ਚੋਣਾਂ ਤੇ ਰੈਲੀਆਂ ਸਮੇਂ ਇਕੱਠ ਕਰਨ ਲਈ ਕਾਲਜਾਂ ਦੇ ਅਤੇ ਹੋਰ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਨਸ਼ਿਆਂ ਵੱਲ ਪ੍ਰੇਰਿਤ ਕਰਦੇ ਹਨ, ਜਿਸ ਦਾ ਸੇਵਨ ਕਰਕੇ ਉਹ ਕਈ ਘੰਟੇ ਇਨ੍ਹਾਂ ਰੈਲੀਆਂ ਵਿਚ ਆਪਣੀ ਟੇਕ ਜਮਾਈ ਰੱਖਦੇ ਹਨ, ਇਹੀ ਤਾਂ ਇਹ ਲੀਡਰ ਚਾਹੁੰਦੇ ਹਨ। ਚੋਣਾਂ ਸਮੇਂ ਵੀ ਇਨ੍ਹਾਂ ਨੌਜਵਾਨਾਂ ਦੇ ਇਕੱਠ ਨੂੰ ਇਨ੍ਹਾਂ ਅਲਾਮਤਾਂ ਦਾ ਸੇਵਨ ਕਰਾ ਕੇ ਚੋਣ ਪ੍ਰਚਾਰ, ਫਲੈਕਸ ਲਗਾਉਣ ਜਾਂ ਘਰ-ਘਰ ਜਾ ਕੇ ਲੋਕਾਂ ਨੂੰ ਵੋਟਾਂ ਲਈ ਲਲਚਾਉਣ ਦਾ ਕੰਮ ਕਰਵਾਉਂਦਿਆਂ ਆਮ ਦੇਖਿਆ ਜਾ ਸਕਦਾ ਹੈ। ਆਮ ਜਨਤਾ ਇਨ੍ਹਾਂ ਦਾ ਵਿਰੋਧ ਕਿਉਂ ਨਹੀਂ ਕਰਦੀ ਇਸ ਪਿੱਛੇ ਕਈ ਕਾਰਨ ਛੁਪੇ ਹਨ, ਜਿਵੇਂ ਕਈ ਲੋਕ ਉਹ ਜਿਹੜੇ ਇਹ ਸਮਝਦੇ ਹਨ ਕਿ ਇਨ੍ਹਾਂ ਰਾਜਨੀਤਕ ਆਗੂਆਂ ਨਾਲ ਸਾਡਾ ਪੁੱਤਰ ਨਹੀਂ ਸਗੋਂ ਸਾਡੇ ਗੁਆਂਢੀਆਂ ਦੇ ਜਾਂ ਹੋਰ ਦੂਰ-ਦੁਰਾਡੇ ਖੇਤਰ ਦੇ ਨੌਜਵਾਨ ਹੁੰਦੇ ਹਨ ਇਸ ਵਿਚ ਸਾਨੂੰ ਕੀ ਇਤਰਾਜ਼ ਹੋਣਾ ਚਾਹੀਦਾ ਹੈ, ਕਿਸੇ ਦਾ ਵੋਟਾਂ ਤੋਂ ਪਹਿਲਾਂ ਇਨ੍ਹਾਂ ਆਗੂਆਂ ਤੋਂ ਕੋਈ ਨਾ ਕੋਈ ਛੋਟਾ-ਮੋਟਾ ਕੰਮ ਨਿਕਲਦਾ ਹੁੰਦਾ ਹੈ ਉਹ ਤਾਂ ਨਹੀਂ ਇਸ ਦਾ ਵਿਰੋਧ ਕਰਦਾ। ਅਸੀਂ ਕਿਸੇ ਖ਼ਾਸ ਰਾਜਨੀਤਕ ਪਾਰਟੀ ‘ਤੇ ਇਹ ਇਲਜ਼ਾਮ ਨਹੀਂ ਲਗਾ ਰਹੇ ਸਗੋਂ ਉਨ੍ਹਾਂ ਗੈਰ ਇਖ਼ਲਾਕੀ ਸੋਚ ਦੇ ਮਾਲਕ ਉਨ੍ਹਾਂ ਨੇਤਾਵਾਂ ਨੂੰ ਕਹਿ ਰਹੇ ਹਾਂ ਕਿ ਹੁਣ ਤੱਕ ਤੁਸੀਂ ਨਹੀਂ ਸੀ ਰੁਕੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਹਿ ਦੇ ਕੇ, ਉਨ੍ਹਾਂ ਨੂੰ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੀ ਹਵਾ ਖਵਾ ਕੇ ਇਨ੍ਹਾਂ ਕੁ ਚੂਰ ਕਰ ਦਿੱਤਾ ਕਿ ਉਹ ਰੈਲੀਆਂ ਸਮੇਂ ਨਸ਼ਿਆਂ ਦਾ ਸੇਵਨ ਕਰਦੇ-ਕਰਦੇ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਇਸ ਨੂੰ ਸ਼ਾਮਲ ਕਰ ਬੈਠੇ। ਕਿਉਂਕਿ ਇਹ ਨੌਜਵਾਨ ਇਨ੍ਹਾਂ ਲੀਡਰਾਂ ਨੂੰ ਹੀ ਰੱਬ ਸਮਾਨ ਮੰਨ ਲੈਂਦੇ ਹਨ। ਖ਼ੈਰ ਰਾਜਸਥਾਨ ਸਰਕਾਰ ਦੇ ਹੁਕਮਾਂ ‘ਤੇ ਆਬਕਾਰੀ ਵਿਭਾਗ ਨੇ ਇੱਕ ਪੱਤਰ ਜ਼ਾਰੀ ਕਰਕੇ ਇਹ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਆਉਣ ਵਾਲੀ 31 ਮਾਰਚ ਤੋਂ ਬਾਅਦ ਕੋਈ ਵੀ ਥੋਕ ਵਿਕਰੇਤਾ, ਦੁਕਾਨਦਾਰ ਜਾਂ ਡੋਡਿਆਂ ਦੇ ਠੇਕੇ ਖੋਲੀ ਬੈਠਾ ਵਿਅਕਤੀ ਆਪਣੇ ਸਥਾਨ ‘ਤੇ ਇਸ ਦਾ ਸਟਾਕ ਨਹੀਂ ਰੱਖ ਸਕੇਗਾ, ਇਸ ਦੀ ਰੋਕ ਲਈ ਉਨ੍ਹਾਂ ਖ਼ਾਸ ਤੌਰ ‘ਤੇ ਲਿਖਿਆ ਹੈ ਕਿ ਉਨ੍ਹਾਂ ਕੋਲ ਐਨ.ਡੀ.ਪੀ.ਐੱਸ ਐਕਟ 1985 ਤਹਿਤ ਕਾਨੂੰਨੀ ਪ੍ਰਾਵਧਾਨ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਜੇਕਰ ਇਸ ਤਰੀਕ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਸਮਗਰੀ ਉਨ੍ਹਾਂ ਕੋਲ ਪਾਈ ਗਈ ਤਾਂ ਉਸ ਨੂੰ ਕਬਜ਼ੇ ਵਿਚ ਲੈ ਕੇ ਉਹ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ‘ਚ ਲਿਆਉਣ ਦਾ ਅਧਿਕਾਰ ਵੀ ਰੱਖਦੇ ਹਨ। ਹੁਣ ਦੇਖਣਾ ਇਹ ਹੈ ਕਿ ਰੈਲੀਆਂ ‘ਤੇ ਚੋਣਾਂ ਸਮੇਂ ਸਾਡੇ ਕੁੱਝ ਲੀਡਰ ਰਾਜਸਥਾਨ ਦੇ ਇਨ੍ਹਾਂ ਠੇਕਿਆਂ ਦਾ ਹੀ ਸਹਾਰਾ ਲੈਂਦੇ ਸਨ ਅਤੇ ਹੁਣ ਇਹ ਠੇਕੇ ਬੰਦ ਹੋਣ ਨਾਲ ਇਹ ਕਿਸ ਤਰ੍ਹਾਂ ਆਪਣੀ ਚੋਣ ਕੈਂਪੇਨ ਨੂੰ ਚਲਾਉਣਗੇ, ਕਿਉਂਕਿ ਜਿਹੜੇ ਨੌਜਵਾਨ ਨਸ਼ਿਆਂ ‘ਤੇ ਗਿੱਜ਼ ਚੁੱਕੇ ਹਨ ਉਹ ਨਸ਼ਿਆਂ ਤੋਂ ਬਿਨਾਂ ਕਿਸੇ ਹੋਰ ਲਾਲਚ ਦੀ ਗੱਲ ਹੀ ਨਹੀਂ ਕਰ ਸਕਦੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਬਹੁਤ ਜੁਗਾੜੀ ਹੁੰਦੇ ਹਨ, ਜੇਕਰ ਇਨ੍ਹਾਂ ਨੂੰ ਅਫੀਮ-ਡੋਡੇ ਰਾਜਸਥਾਨ ਤੋਂ ਨਾ ਮਿਲੇ ਤਾਂ ਇਹ ਮੱਧ ਪ੍ਰਦੇਸ਼ ਪਹੁੰਚ ਜਾਣਗੇ ਜਾਂ ਕਿਸੇ ਹੋਰ ਪ੍ਰਦੇਸ਼ ਵਿਚ, ਕਿਉਂਕਿ ਇਨ੍ਹਾਂ ਨੇ ਹਰ ਹਾਲ ‘ਚ ਆਪਣਾ ਹੀਲਾ ਕਰਨਾ ਹੀ ਹੈ। ਬਾਕੀ ਸ਼ਰਾਬ ਤਾਂ ਇੱਥੇ ਆਰਾਮ ਨਾਲ ਮਿਲ ਹੀ ਜਾਂਦੀ ਹੈ। ਮੇਰੀ ਉਨ੍ਹਾਂ ਲੀਡਰਾਂ ਨੂੰ ਅਪੀਲ ਹੈ ਕਿ ਉਹ ਨਸ਼ਿਆਂ ਦੇ ਰੁਝਾਨ ਨੂੰ ਹੋਰ ਹਵਾ ਦੇਣ ਦੀ ਬਿਜਾਏ ਉਸ ਨੂੰ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਕਰਨ, ਕਿਉਂਕਿ ਕਿਸੇ ਵੀ ਘਰ ਦਾ ਜੇਕਰ ਨੌਜਵਾਨ ਨਸ਼ਿਆਂ ‘ਤੇ ਲੱਗਦਾ ਹੈ ਤਾਂ ਉਸ ਦਾ ਸਭ ਤੋਂ ਮਾੜਾ ਪ੍ਰਭਾਵ ਇੱਕ ਔਰਤ ‘ਤੇ ਹੀ ਪੈਂਦਾ ਹੈ ਉਹ ਚਾਹੇ ਮਾਂ ਹੋਵੇ, ਭੈਣ ਹੋਵੇ ਜਾਂ ਕਿਸੇ ਦੀ ਪਤਨੀ ਹੋਵੇ। ਜਿਸ ਤੋਂ ਬਾਅਦ ਇਨ੍ਹਾਂ ਨੂੰ ਇੱਕ ਲੰਬਾ ਸੰਤਾਪ ਭੁਗਤਣਾ ਪੈਂਦਾ ਹੈ। ਫਿਰ ਇਨ੍ਹਾਂ ਦੇ ਦਿਲਾਂ ਵਿਚੋਂ ਨਿਕਲਿਆਂ ਦੁਰ-ਅਸੀਸਾਂ ਇਨ੍ਹੀਂ ਕੁ ਅਸਰ ਦਿਖਾਉਂਦੀਆਂ ਹਨ ਕਿ ਕਾਰਨ ਨੂੰ ਜੜੋਂ੍ਹ ਖ਼ਤਮ ਕਰਨ ਲਈ ਕੁਦਰਤ ਆਪਣਾ ਰੰਗ ਦਿਖਾਉਂਦੀ ਹੈ। ਇਨ੍ਹਾਂ ਅਖੌਤੀ ਲੀਡਰਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਕਿਸੇ ਔਰਤ ਨੇ ਹੀ ਜਨਮ ਦਿੱਤਾ ਹੈ। ਆਪਣੇ ਰਾਜਨੀਤਕ ਰਸੂਖ਼ ਦੇ ਲਾਲਚ ਵਿਚ ਉਹ ਕਈ ਨੌਜਵਾਨਾਂ ਨੂੰ ਇਸ ਭੈੜੀ ਅਲਾਮਤ ਵੱਲ ਧੱਕ ਦਿੰਦੇ ਹਨ ਜਿੱਥੋਂ ਉਨ੍ਹਾਂ ਦਾ ਵਾਪਸ ਮੁੜਨਾ ਬੜਾ ਔਖਾ ਹੁੰਦਾ ਹੈ। ਸਾਡੇ ਪੰਜਾਬ ਵਾਸੀਆਂ ਨੂੰ ਸਮਝਣਾ ਪਵੇਗਾ ਕਿ ਹੁਣ ਸਾਡੇ ਨੌਜਵਾਨ ਸ਼ਰਾਬ-ਅਫੀਮ-ਡੋਡੇ ਫਿਰ ਸਮੈਕ ਅਤੇ ਹੁਣ ਚਿੱਟੇ ਵਰਗੇ ਖ਼ਤਰਨਾਕ ਨਸ਼ਿਆਂ ਦੇ ਆਦਿ ਹੋ ਚੁੱਕੇ ਹਨ ਜਿਨ੍ਹਾਂ ਦਾ ਭਵਿੱਖ ਹਰੇਕ ਪਾਸੀਓ ਖ਼ਤਰੇ ‘ਚ ਹੈ ਅਤੇ ਇਨ੍ਹਾਂ ਨੌਜਵਾਨਾਂ ਨਾਲ ਜੁੜਨ ਵਾਲਾ ਹਰੇਕ ਰਿਸ਼ਤਾ ਰਹਿੰਦੇ ਸਮੇਂ ਤੱਕ ਸ਼ਰਮਸਾਰ ਹੁੰਦਾ ਰਹਿੰਦਾ ਹੈ। ਇਹ ਨੌਜਵਾਨ ਆਪਣੀਆਂ ਨਸਾਂ ਵਿਚ ਹੀਰੋਇਨ ਵਰਗੇ ਖ਼ਤਰਨਾਕ ਨਸ਼ੇ ਨੂੰ ਭੇਜ ਕੇ ਆਪਣੀ ਮਰਦਾਨਾ ਸ਼ਕਤੀ ਨੂੰ ਖ਼ਤਮ ਕਰਨ ਵਿਚ ਲੱਗੇ ਹੋਏ ਹਨ। ਇਸ ਨੂੰ ਰੋਕਣ ਲਈ ਸਰਕਾਰ ਅਤੇ ਪੁਲਿਸ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਪਵੇਗਾ। ਕਿਉਂਕਿ ਛੋਟੇ-ਮੋਟੇ ਪੱਧਰ ‘ਤੇ ਨਸ਼ਾ ਕਰਨ ਦੇ ਆਦਿ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਨਹੀਂ ਸਗੋਂ ਹਸਪਤਾਲਾਂ(ਡੀ-ਐਡੀਕਸ਼ਨ ਸੈਂਟਰ) ਵਿਚ ਦਾਖਲ ਕਰਵਾਉਣ ਦੀ ਲੋੜ ਹੈ ਅਤੇ ਜੇਕਰ ਜੇਲ੍ਹਾਂ ਵਿਚ ਬੰਦ ਕਰਨਾ ਹੀ ਹੈ ਤਾਂ ਪੁਲਿਸ ਨੂੰ ਉਨ੍ਹਾਂ ਦੇ ਗਿਰੇਬਾਨ ਤੱਕ ਹੱਥ ਪਾਉਣਾ ਪਵੇਗਾ ਜੋ ਇਨ੍ਹਾਂ ਨਸ਼ਿਆਂ ਦਾ ਵਪਾਰ ਵੱਡੀ ਪੱਧਰ ‘ਤੇ ਕਰ ਰਹੇ ਹਨ, ਜਿਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਤਾਂ ਹੈ ਪਰੰਤੂ ਨਾਮੁਮਕਨ ਨਹੀਂ। ਆਓ ਅਸੀਂ ਸਾਰੇ ਇੱਕਜੁੱਟ ਹੋ ਕੇ ਆਪਣੇ ਸਮਾਜ ਨੂੰ ਸਹੀ ਲੀਹ ‘ਤੇ ਲਿਆਉਣ ਲਈ ਵੱਖਰਾ ਉਪਰਾਲਾ ਕਰੀਏ, ਸਰਕਾਰ ਅਤੇ ਪੁਲਿਸ ਦੇ ਜਹਿਨ ਤੱਕ ਸਹੀ ਉਪਾ ਪਹੁੰਚਾਈਏ, ਤਾਂ ਜੋ ਸੋਨੇ ਦੀ ਚਿੜੀ ਤੋਂ ਨਸ਼ੇਈ ਤੇ ਬੇਰੁਜ਼ਗਾਰੀ ਦੀ ਅਲਾਮਤ ਝੱਲ ਰਹੇ ਪੰਜਾਬ ਨੂੰ ਮੁੜ ਆਬਾਦ ਕੀਤਾ ਜਾ ਸਕੇ।

ਅਰੁਣ ਆਹੂਜਾ(ਫ਼ਤਹਿਗੜ੍ਹ ਸਾਹਿਬ)।

ਮੋਬਾ-080543-07793