ਭਗਤ ਧੰਨਾ ਜੀ

By March 19, 2016 0 Comments


bhagat dhanna jiਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸੰਨ 1507 ਤੋਂ 1515 ਈ: ਤੱਕ ਕੀਤੀ, ਜਿਸ ਦੌਰਾਨ ਭਗਤ ਨਾਮਦੇਵ, ਭਗਤ ਤ੍ਰਿਲੋਚਣ ਤੇ ਭਗਤ ਜੈਦੇਵ ਦੇ ਜਨਮ ਅਸਥਾਨਾਂ ‘ਤੇ ਪਹੁੰਚਣ ਦੇ ਨਾਲ-ਨਾਲ ਗੁਰੂ ਸਾਹਿਬ ਹੋਰ ਗੁਰਮੁੱਖ ਰੂਹਾਂ ਸਹਿਤ ਭਗਤ ਕਬੀਰ, ਭਗਤ ਰਵਿਦਾਸ, ਭਗਤ ਪੀਪਾ ਤੇ ਭਗਤ ਧੰਨਾ ਨੂੰ ਵੀ ਮਿਲੇ। ਇਤਿਹਾਸਕ ਜ਼ਿਕਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਪੁਸ਼ਕਰ ਤੀਰਥ ਤੋਂ ਆਉਂਦਿਆਂ ਰਾਜਪੁਤਾਨੇ ‘ਚ ਗਾਗਰੌਣ ਰਿਆਸਤ ਦਾ ਰਾਜ ਭਾਗ ਛੱਡ ਸੁਆਮੀ ਰਾਮਾਨੰਦ ਦੀ ਸ਼ਾਗਿਰਦੀ ਵਿਚ ਵੈਰਾਗ ਤੇ ਤਿਆਗਮਈ ਬਿਰਤੀ ਧਾਰ ਚੁੱਕੇ 80-81 ਸਾਲਾਂ ਨੂੰ ਢੁਕੇ ਭਗਤ ਪੀਪਾ ਨੂੰ ਟੋਡਾ ਨਗਰ ‘ਚ ਮਿਲਣ ਉਪਰੰਤ ਟਾਂਕ ਰਿਆਸਤ ਦੇ ਧੁਆਨ ਦੇਵਲੀ ਪਹੁੰਚ 92 ਸਾਲ ਦੀ ਆਯੂ ‘ਚ ਭਗਤ ਧੰਨਾ ਨੂੰ ਮਿਲੇ। ਭਗਤ ਜੀ ਆਏ ਗਏ ਦੀ ਰੱਬ ਜਾਣ ਸੇਵਾ ਕਰਿਆ ਕਰਦੇ ਸਨ।
ਇਥੇ ਇਹ ਪੱਖ ਅਹਿਮ ਹੋ ਉੱਭਰਦਾ ਹੈ ਕਿ ਭਗਤ ਧੰਨਾ ਦੇ ਪ੍ਰਭੂ-ਪ੍ਰਾਪਤੀ ਦੇ ਮਾਰਗ ‘ਚ ਪੱਥਰ-ਪੂਜਾ ਵਿਵਸਥਾ ਤੋਂ ਭਟਕੇ ਮਨ ਨੂੰ ਸੁਧਾਰਕ ਭਗਤੀ ਲਹਿਰ ਦੌਰਾਨ ਸੁਆਮੀ ਰਾਮਾਨੰਦ ਸੰਪਰਦਾਇ ਦੀ ਭਗਤਮਾਲਾ ਦੇ ਮਣਕੇ-ਕਬੀਰ, ਰਵਿਦਾਸ, ਸੈਣ, ਪੀਪਾ ਆਦਿ ਭਗਤਾਂ ਦੇ ਸੰਗ ਰਾਹੀਂ ਪਨਪੀ ਭਗਤੀ ਦੇ ਚਾਉ ਦਰਮਿਆਨ ਜੁੜੀ ਸਾਧ ਸੰਗਤ ਵਿਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਏ ਬਚਨਾਂ ਦੇ ਆਪਸੀ ਆਦਾਨ-ਪ੍ਰਦਾਨ ਦੀ ਦਿਸ਼ਾ ‘ਚ ਭਗਤ ਬਾਬੇ ਦੀ ਸੋਚ ਤਬਦੀਲੀ ਹੋਈ ਹੋਵੇਗੀ ਕਿਉਂਕਿ ਭਗਤ ਧੰਨਾ ਦੀ ਰਚਿਤ ਬਾਣੀ ਬਾਰੇ ਅਣਜਾਣ ਸੁਆਮੀ ਰਾਮਾਨੰਦ ਸੰਪਰਦਾਇ ਧਾਮ ਬ੍ਰਿੰਦਾਬਨ ਨੂੰ ਵੀ 2006 ਈ: ‘ਚ ਹੀ ਉਸ ਵੱਲੋਂ ਮਨਾਏ ਸ੍ਰੀ ਧੰਨਾ ਜਯੰਤੀ ਉਤਸਵ ਮੌਕੇ ਪਿੰਡ ‘ਚ ਸਮਰਪਿਤ ਉਸਾਰੇ ‘ਗੁਰਧਾਮ’ ਤੋਂ ਜਾਣਕਾਰੀ ਪ੍ਰਾਪਤ ਹੋਈ ਸੀ। ਗਿਆਨੀ ਗਿਆਨ ਸਿੰਘ ਦੇ ਦੱਸੇ ਪੰਦਰਾਂ ਦਿਨਾਂ ਬਨਾਰਸ ਫੇਰੀ ਦੇ ਸਮੇਂ ਵਾਂਗਰ ਹੀ ਧੁਆਨ (ਮੌਜੂਦਾ ਨਾਂਅ ਧੂੰਆਂ ਕਲਾਂ) ਵਿਖੇ ਵੀ ਹੋ ਸਕਦੈ ਕਿ ਗੁਰੂ ਸਾਹਿਬਾਂ ਦੇ ਕਈ ਦਿਨਾਂ ਦੇ ਠਹਿਰਾਓ ਮੌਕੇ ਹੋਈ ਸਾਧ-ਸੰਗਤ ਦੇ ਪ੍ਰਭਾਵ ਸਦਕਾ ਹੀ ਭਗਤ ਧੰਨਾ ਨੇ ਬਦਲੇ ਸ਼ਖ਼ਸੀਅਤ-ਨਖ਼ਾਰ ਵਿਚ ਉਪਜੇ ਕਣ-ਕਣ ਅੰਦਰ ਪ੍ਰਭੂ ਦੇ ਰਮੇ ਹੋਣ ਦੇ ਹੋਏ ਅਗੰਮੀ ਗਿਆਨ ਵਿਚ ‘ਦੇਇ ਆਹਾਰ ਅਗਨ ਮਹਿ ਰਾਖੇ ਐਸਾ ਖਸਮ ਹਮਾਰਾ’ ਦੀ ਉਸਤਤੀ ਕਰਦੇ ਆਪਣੇ ਕਾਵਿ-ਬੋਲ ਉਸ ਵੇਲੇ ਗੁਰੂ ਸਾਹਿਬਾਂ ਦੇ ਯੁਵਾ-ਸਰੂਪ ‘ਚ ਆਪਣੀ ਸਿਆਣੀ ਸੋਚ ਦਾ ਵਾਰਿਸ ਤੱਕ ਕੇ ਸੌਂਪੇ ਹੋਏ ਹੋਣਗੇ।
ਇਤਿਹਾਸਕ ਹਵਾਲੇ ਮੁਤਾਬਕ ਪਹਿਲੀ ਉਦਾਸੀ ਮੌਕੇ ਧੂੰਆਂ ਕਲਾਂ ਤੋਂ ਕੋਟਾ ਬੂੰਦੀ ਦੇ ਰਾਹੇ ਸ਼ਿਵਪੁਰੀ ਪਹੁੰਚੇ ਤੇ ਉਥੋਂ ਗਵਾਲੀਅਰ ਤੋਂ ਆਗਰਾ ਹੁੰਦੇ ਮਥਰਾ ਅੱਪੜ ਪਿਛਾਂਹ ਪੰਜਾਬ ਵਲੀਂ ਪਰਤੇ ਗੁਰੂ ਸਾਹਿਬ ਸਦੀਆਂ ਪੁਰਾਣੇ ਵਰਤਾਏ ‘ਚੜ੍ਹਿਆ ਸੋਧਣ ਧਰਤਿ ਲੁਕਾਈ’ ਦੇ ਕੌਤਕ ਬਾਅਦ ਮੁੜ ਧੂੰਆਂ ਕਲਾਂ ‘ਚ ਭਗਤ ਧੰਨਾ ਦੇ ਨਾਂਅ ਬੋਲਦੇ ਖੇਤ-ਖਲਿਆਣ ‘ਚ ਪਧਾਰ 1994 ਈ: ‘ਚ ਸੁਸ਼ੋਭਿਤ ਹੋਏ ਸੁੰਦਰ ਸਲੋਨੇ ਤਿੰਨ ਮੰਜ਼ਿਲਾ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ‘ਚ ਬਿਰਾਜਮਾਨ ਹੋਏ, ਜਿਥੇ ਭਗਤ ਧੰਨਾ ਦੀ ਗੁਰਮਤਿ-ਸੋਚ ਦੇ ਅੱਜ ਲਹਿਰਾਅ ਰਹੇ ਪ੍ਰਚਮ ਥੱਲੇ ਉਨ੍ਹਾਂ ਦੀ 600 ਸਾਲਾ ਜਨਮ ਸ਼ਤਾਬਦੀ ਨੂੰ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਬਾਨੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਵਰੋਸਾਏ ਬਾਬਾ ਲੱਖਾ ਸਿੰਘ, ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅਗੰਮਗੜ੍ਹ ਸਾਹਿਬ ਬੜਗਾਂਵ ਕੋਟਾ ਤੇ ਪ੍ਰਬੰਧਕ ਜਥੇਦਾਰ ਬਾਬਾ ਸ਼ੇਰ ਸਿੰਘ ਦੀ ਦੇਖ-ਰੇਖ ਹੇਠ ਪੰਥ 11, 12 ਤੇ 13 ਮਾਰਚ ਨੂੰ ਸਾਲਾਨਾ ਜੋੜ ਮੇਲੇ ਦੇ ਰੂਪ ਵਿਚ ਉੱਚ ਪੱਧਰ ‘ਤੇ ਮਨਾਉਣ ਜਾ ਰਿਹਾ ਹੈ, ਜਿਸ ਵਿਚ ਸਿਰਮੌਰ ਪੰਥਕ ਹਸਤੀਆਂ, ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਥਾਵਾਚਕਾਂ ਸਮੇਤ ਦੁਨੀਆ ਭਰ ‘ਚੋਂ ਸੰਗਤਾਂ ‘ਭਗਤ ਬਾਬੇ’ ਨੂੰ ਸਿਜਦਾ ਕਰਨ ਪੁੱਜਣਗੀਆਂ।
Bikar Singh Galota
-ਸੁਪਰ ਮਕੈਨੀਕਲ ਵਰਕਸ 64, ਨਿਊ ਮੋਟਰ ਮਾਰਕੀਟ, ਕੋਟਾ (ਰਾਜਸਥਾਨ)। ਮੋਬਾ: 098291-05396
Tags: , ,
Posted in: ਸਾਹਿਤ