ਔਰਤਾਂ ਦੀ ਸਮਰੱਥਾ : ਸਿੱਖ ਧਰਮ ਦੇ ਪ੍ਰਸੰਗ ਵਿਚ

By March 19, 2016 0 Comments


bibi bhani jiਭਾਰਤੀ ਸਮਾਜ ਨੇ ਔਰਤ ਨੂੰ ਬਲਹੀਣ ਅਤੇ ਅਬਲਾ ਕਹਿਣ ਵਿਚ ਕੋਈ ਕਸਰ ਨਹੀਂ ਛੱਡੀ। ਔਰਤ ਭਾਵੇਂ ਕਿੰਨੀ ਵੀ ਸੁਘੜ-ਸਿਆਣੀ ਅਤੇ ਤਾਕਤਵਰ ਹੋਵੇ, ਉਸ ਲਈ ਮਰਦ ਦੇ ਅਧੀਨ ਰਹਿਣਾ ਅਤਿ ਜ਼ਰੂਰੀ ਮੰਨਿਆ ਜਾਂਦਾ ਸੀ। ਔਰਤ ਲਈ ਇਹ ਲਾਜ਼ਮੀ ਸੀ ਕਿ ਕੁਆਰੀ ਲੜਕੀ ਮਾਂ-ਪਿਓ ਦੇ ਅਧੀਨ ਰਹੇ, ਵਿਆਹੀ ਔਰਤ ਆਪਣੇ ਪਤੀ ਦੇ ਹੁਕਮ ਵਿਚ ਚੱਲੇ ਅਤੇ ਵਿਧਵਾ ਔਰਤ ਆਪਣੇ ਪੁੱਤਰਾਂ ਦੇ ਆਖੇ ਅਨੁਸਾਰ ਕਾਰਜ ਕਰੇ। ਹਿੰਦੂ ਕਾਨੂੰਨ ਵਿਚ ਤਾਂ ਔਰਤ ਨੂੰ ‘ਸ਼ੂਦਰ’ ਵਰਗਾ ਘਟੀਆ ਦਰਜਾ ਦਿੱਤਾ ਗਿਆ ਹੈ। ਸ਼ੂਦਰਾਂ ਅਤੇ ਔਰਤਾਂ ਨੂੰ ਜਪ-ਤਪ ਕਰਨ ਦੀ ਮਨਾਹੀ ਸੀ। ਉਨ੍ਹਾਂ ਲਈ ਹੁਕਮ ਸੀ : ‘ਇਸਤਰੀ ਦੇ ਸੰਸਕਾਰ ਵੇਦ-ਮੰਤਰਾਂ ਨਾਲ ਨਹੀਂ ਕੀਤੇ ਜਾਂਦੇ। ਇਹ ਧਰਮ ਦਾ ਫੈਸਲਾ ਹੈ। ਇਸਤਰੀਆਂ ਅਗਿਆਨੀ, ਵੇਦ ਮੰਤਰਾਂ ਦੇ ਅਧਿਕਾਰ ਤੋਂ ਵਾਂਝੀਆਂ ਅਤੇ ਝੂਠ ਦੀ ਮੂਰਤੀ ਹਨ।’
mata gujri ji
ਔਰਤ ਦੇ ਗੁਆਚੇ ਸਨਮਾਨ ਨੂੰ ਬਹਾਲ ਕਰਨ ਲਈ ਸਿੱਖ ਧਰਮ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਪੰਦਰ੍ਹਵੀਂ ਸਦੀ ਵਿਚ ਸਿੱਖ ਧਰਮ ਦੇ ਮੋਢੀ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ:) ਨੇ ਔਰਤ ਦੀ ਦੁਰਦਸ਼ਾ ਨੂੰ ਭਾਂਪਦਿਆਂ ਹੋਇਆਂ ਉਸ ਦੇ ਹੱਕ ਵਿਚ ਪਹਿਲੀ ਅਤੇ ਜ਼ੋਰਦਾਰ ਆਵਾਜ਼ ਉਠਾਈ। ਔਰਤ ਉੱਤੇ ਹੋ ਰਹੇ ਜ਼ੁਲਮਾਂ ਨੂੰ ਵੇਖ ਕੇ ਉਨ੍ਹਾਂ ਦਾ ਦਿਲ ਪਸੀਜ ਉਠਿਆ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਔਰਤ ਮਰਦ ਦੀ ਗੁਲਾਮ ਨਹੀਂ, ਸਗੋਂ ਉਸ ਤੋਂ ਵੀ ਮਹਾਨ ਹੈ, ਉਹ ਨੀਚ ਨਹੀਂ, ਸਗੋਂ ਸਹੀ ਅਰਥਾਂ ਵਿਚ ਦੇਵੀ ਹੈ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਉਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 473)
ਗੁਰੂ ਅੰਗਦ ਦੇਵ ਜੀ (1504-1552 ਈ:) ਦੇ ਮਹਿਲ ਮਾਤਾ ਖੀਵੀ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਤ ਲੰਗਰ ਦੀ ਪ੍ਰਥਾ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਸੱਤਾ ਬਲਵੰਡ ਦੀ ਲਿਖੀ ‘ਰਾਮਕਲੀ ਕੀ ਵਾਰ’ ਵਿਚ ਮਾਤਾ ਜੀ ਦਾ ਨਾਂਅ ਬੜੇ ਸਤਿਕਾਰ ਸਹਿਤ ਅੰਕਿਤ ਕੀਤਾ ਗਿਆ ਹੈ :
ਲੰਗਰਿ ਦਉਲਿਤ ਵੰਡੀਐ ਰਸੁ ਅਮ੍ਰਿਤੁ ਖੀਰਿ ਘਿਆਲੀ॥
……………………….
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 967)
ਗੁਰੂ ਅਮਰਦਾਸ ਜੀ (1479-1574 ਈ:) ਨੂੰ ਗੁਰਬਾਣੀ ਦੀ ਚੇਟਕ ਲਾਉਣ ਵਾਲੀ ਇਕ ਇਸਤਰੀ ਹੀ ਸੀ, ਜਿਨ੍ਹਾਂ ਨੂੰ ਬੀਬੀ ਅਮਰੋ (ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ) ਪਾਸੋਂ ਬਾਣੀ ਸੁਣ ਕੇ ਗੁਰੂ ਪ੍ਰਤੀ ਪ੍ਰੇਮ ਉਤਪੰਨ ਹੋਇਆ ਸੀ। ਗੁਰੂ ਅਮਰਦਾਸ ਜੀ ਨੇ ਭਾਰਤ ਵਿਚ ਪ੍ਰਚਲਤ ‘ਸਤੀ ਪ੍ਰਥਾ’ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ। ਉਨ੍ਹਾਂ ਨੇ ਸਮਝਾਇਆ ਕਿ ਪਤੀ ਦੀ ਚਿਖ਼ਾ ਵਿਚ ਸੜ ਮਰਨ ਵਾਲੀ ਪਤਨੀ ਸਤੀ ਨਹੀਂ ਹੁੰਦੀ, ਸਗੋਂ ਪਤੀ ਦੇ ਵਿਯੋਗ ਨੂੰ ਪਲ-ਪਲ ਜਰਨ ਵਾਲੀ, ਸ਼ੀਲਤਾ ਅਤੇ ਸੰਤੋਖ ਧਾਰਨ ਕਰਨ ਵਾਲੀ ਔਰਤ ਹੀ ਅਸਲ ਅਰਥਾਂ ਵਿਚ ‘ਸਤੀ’ ਅਖਵਾਉਣ ਦੀ ਹੱਕਦਾਰ ਹੁੰਦੀ ਹੈ :
ਸਤੀਆ ਏਹਿ ਨ ਆਖੀਅਨਿ
ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣੀਅਨਿ
ਜਿ ਬਿਰਹੇ ਚੋਟਿ ਮਰੰਨਿ॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ॥
ਸੇਵਨਿ ਸਾਈ ਆਪਣਾ
ਨਿਤ ਉਠਿ ਸੰਮਾਲਨਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 787)
ਗੁਰੂ ਰਾਮਦਾਸ ਜੀ (1534-1581 ਈ:) ਜੀ ਦਾ ਪਾਲਣ-ਪੋਸ਼ਣ ਕਰਨ ਵਾਲੀ ਉਨ੍ਹਾਂ ਦੀ ਨਾਨੀ ਹੀ ਸੀ, ਜਿਨ੍ਹਾਂ ਨੇ ਆਪਣੇ ਦੋਹਤੇ ਨੂੰ ਅਜਿਹੀ ਸਿੱਖਿਆ ਦਿੱਤੀ ਕਿ ਉਹ ਗੁਰੂ ਦੀ ਪਦਵੀ ‘ਤੇ ਬਿਰਾਜਮਾਨ ਹੋ ਗਏ। ਗੁਰੂ ਅਰਜਨ ਦੇਵ ਜੀ (1563-1606 ਈ:) ਦੇ ਮਹਿਲ ਮਾਤਾ ਭਾਨੀ ਜੀ ਨੇ ਆਪਣੇ ਗੁਰੂ-ਪਿਤਾ (ਸ੍ਰੀ ਗੁਰੂ ਅਮਰਦਾਸ ਜੀ) ਦੀ ਏਨੀ ਸੇਵਾ ਕੀਤੀ ਕਿ ਗੁਰਗੱਦੀ ਆਪਣੇ ਘਰ ਵਿਚ ਹੀ ਰੱਖਣ ਦਾ ਵਰ ਪ੍ਰਾਪਤ ਕਰ ਲਿਆ।
ਗੁਰੂ ਤੇਗ਼ ਬਹਾਦਰ ਜੀ (1621-1675 ਈ:) ਨੇ ਕਹਿਲੂਰ ਦੇ ਰਾਜੇ ਪਾਸੋਂ ਨਵਾਂ ਨਗਰ ਵਸਾਉਣ ਲਈ ਜੋ ਜ਼ਮੀਨ ਖਰੀਦੀ ਸੀ, ਉਸ ਦਾ ਨਾਂਅ ‘ਚੱਕ ਨਾਨਕੀ’ ਰੱਖਿਆ, ਜੋ ਉਨ੍ਹਾਂ ਦੇ ਆਪਣੇ ਮਾਤਾ ਜੀ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ। ਉਨ੍ਹਾਂ ਦੇ ਮਹਿਲ ਮਾਤਾ ਗੁਜਰੀ ਜੀ ਨੇ ਗੁਰੂ-ਪਤੀ ਨੂੰ ਦਿੱਲੀ ਵਿਖੇ ਸ਼ਹੀਦੀ ਦੇਣ ਲਈ ਖ਼ੁਦ ਪ੍ਰਵਾਨਗੀ ਦਿੱਤੀ ਅਤੇ ਪਿੱਛੋਂ ਜਦੋਂ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ) ਨੂੰ ਉਨ੍ਹਾਂ ਦੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਪੋਤਿਆਂ ਵਿਚ ਸਿੱਖੀ ਸਿਦਕ ਦਾ ਜਜ਼ਬਾ ਭਰਨ ਲਈ ਇਕ ਵੱਡੀ ਭੂਮਿਕਾ ਨਿਭਾਈ। ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦਾ ਬਿਰਤਾਂਤ ਸੁਣਾ ਕੇ ਮਾਤਾ ਗੁਜਰੀ ਜੀ ਨੇ ਉਨ੍ਹਾਂ ਵਿਚ ਵਿਰਸੇ ਪ੍ਰਤੀ ਜਾਗਰੂਕਤਾ ਪੈਦਾ ਕਰ ਦਿੱਤੀ।
ਗੁਰੂ ਗੋਬਿੰਦ ਸਿੰਘ ਜੀ (1666-1708 ਈ:) ਨੇ 1699 ਈ: ‘ਖਾਲਸਾ ਪੰਥ’ ਦੀ ਸਿਰਜਣਾ ਕੀਤੀ ਤਾਂ ਆਪਣੇ ਮਹਿਲ ਮਾਤਾ ਸਾਹਿਬ ਕੌਰ ਨੂੰ ਅੰਮ੍ਰਿਤ ਵਿਚ ਪਤਾਸੇ ਪਾਉਣ ਦੀ ਆਗਿਆ ਦਿੱਤੀ। ਦਸਮੇਸ਼ ਪਿਤਾ ਨੇ ਔਰਤਾਂ ਨੂੰ ਵੀ ਅੰਮ੍ਰਿਤ ਦੀ ਦਾਤ ਤੋਂ ਲਾਂਭੇ ਨਹੀਂ ਰੱਖਿਆ ਅਤੇ ਉਨ੍ਹਾਂ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਸਿੰਘਣੀਆਂ ਭਾਵ ਸ਼ੇਰਨੀਆਂ ਬਣਾ ਦਿੱਤਾ।
ਗੁਰੂ-ਕਾਲ ਵਿਚ ਹੀ ਹੋਏ ਭਾਈ ਗੁਰਦਾਸ ਜੀ, ਭਗਤ ਕਵੀਆਂ ਅਤੇ ਹੋਰਨਾਂ ਗੁਰਮੁਖਾਂ ਨੇ ਵੀ ਸਿੱਖ ਸਿਧਾਂਤਾਂ ਦੀ ਲੋਅ ਵਿਚ ਔਰਤਾਂ ਪ੍ਰਤੀ ਸਨਮਾਨ ਅਤੇ ਮਰਦ ਦੇ ਬਰਾਬਰ ਅਧਿਕਾਰ ਦੇਣ ਦਾ ਅਹਿਦ ਦੁਹਰਾਇਆ। ਸਿੱਖ ਧਰਮ ਵਿਚ ਔਰਤ ਦੇ ਸਨਮਾਨ-ਸਤਿਕਾਰ ਦੀ ਹੀ ਗੱਲ ਨਹੀਂ ਕੀਤੀ ਗਈ, ਸਗੋਂ ਮਰਦਾਂ ਨੂੰ ਵੀ ਇਹ ਸਿੱਖਿਆ ਦਿੱਤੀ ਕਿ ਉਹ ਪਰਾਈ ਔਰਤ ਨੂੰ ਆਪਣੀ ਧੀ, ਭੈਣ ਤੇ ਮਾਂ ਦੇ ਤੁਲ ਸਮਝਣ ਅਤੇ ਉਨ੍ਹਾਂ ਪ੍ਰਤੀ ਕਿਸੇ ਤਰ੍ਹਾਂ ਦੀ ਬੁਰੀ ਭਾਵਨਾ ਮਨ ਵਿਚ ਨਾ ਲਿਆਉਣ :
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।
(ਭਾਈ ਗੁਰਦਾਸ, ਵਾਰ 6, ਪਉੜੀ 8)
ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ॥
(ਭਾਈ ਗੁਰਦਾਸ, ਵਾਰ 29, ਪਉੜੀ 11)
ਘਰਿ ਕੀ ਨਾਰਿ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥
(ਭਗਤ ਨਾਮਦੇਵ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1164)
ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੰਘਣੀਆਂ (ਔਰਤਾਂ) ਨੇ ਵੀ ਉਸੇ ਤਰ੍ਹਾਂ ਸੂਰਬੀਰਤਾ ਅਤੇ ਬਹਾਦਰੀ ਦੇ ਜੌਹਰ ਵਿਖਾਏ, ਜਿਵੇਂ ਸਿੰਘਾਂ (ਮਰਦਾਂ) ਨੇ ਵਿਖਾਏ ਸਨ। ਇਨ੍ਹਾਂ ਵਿਚ ਖਿਦਰਾਣੇ ਦੀ ਢਾਬ ਵਿਚ ਮੁਗਲਾਂ ਨਾਲ ਯੁੱਧ ਕਰਨ ਵਾਲੀ ਮਾਈ ਭਾਗੋ, ਲਾਹੌਰ ਦੀਆਂ ਸਿੱਖ ਬੀਬੀਆਂ, ਜਮਰੌਦ ਦੇ ਜੋਖਮ ਭਰੇ ਰਾਹ ਵਿਚੋਂ ਲੰਘਣ ਵਾਲੀ ਬੀਬੀ ਸ਼ਰਨ ਕੌਰ ਅਤੇ ਸਿੱਖ-ਕਾਰਜਾਂ ਤੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀ ਮਾਤਾ ਕਿਸ਼ਨ ਕੌਰ ਕਾਉਂਕੇ ਆਦਿ ਦੇ ਨਾਂਅ ਪੇਸ਼-ਪੇਸ਼ ਹਨ।
ਸਿੱਖ ਧਰਮ ਵੱਲੋਂ ਔਰਤ ਦੇ ਹੱਕ, ਇਨਸਾਫ ਲਈ ਪਹਿਲਕਦਮੀ ਕਰਨ ਕਰਕੇ ਹੀ ਔਰਤਾਂ ਦੇ ਹਾਲਾਤ ਵਿਚ ਸੁਧਾਰ ਹੋਣਾ ਸ਼ੁਰੂ ਹੋਇਆ। ਬੇਸ਼ੱਕ ਅਜੇ ਵੀ ਬਹੁਤ ਥਾਵਾਂ ‘ਤੇ ਬਹੁਤ ਔਰਤਾਂ ਨੂੰ ਜ਼ੁਲਮ, ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਉਨ੍ਹਾਂ ਲਈ ਬਹੁਤ ਕੁਝ ਕਰਨਾ ਬਾਕੀ ਹੈ, ਪਰ ਉਹ ਦਿਨ ਦੂਰ ਨਹੀਂ, ਜਦੋਂ ਔਰਤ ਆਪਣੇ ਘਰ-ਪਰਿਵਾਰ ਅਤੇ ਬਾਹਰ ਪੂਰੀ ਆਜ਼ਾਦੀ ਨਾਲ ਘੁੰਮ ਸਕੇਗੀ। ਪਰ ਅਜਿਹੇ ਨਾਰੀ ਸਸ਼ਕਤੀਕਰਨ ਲਈ ਇਸਤਰੀ ਵਿੱਦਿਆ ਅਤੇ ਆਰਥਿਕ ਸੁਤੰਤਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤਬਦੀਲੀ ਲਈ ਸਮੁੱਚੇ ਸਮਾਜ ਦੇ ਨਾਲ-ਨਾਲ ਔਰਤ ਨੂੰ ਵੀ ਆਪਣੀ ਮਾਨਸਿਕਤਾ ਬਦਲਣੀ ਪਵੇਗੀ।
ਸਿੱਖ ਗੁਰੂਆਂ ਨੇ ਸਿੱਖ ਧਰਮ ਨਾਲ ਸਬੰਧਤ ਔਰਤਾਂ ਨੂੰ ਸਿਰਫ ਜਾਂਬਾਜ਼ ਹੋਣਾ ਹੀ ਦ੍ਰਿੜ੍ਹ ਨਹੀਂ ਕਰਵਾਇਆ, ਸਗੋਂ ਮਾਨਵਤਾ ਅਤੇ ਮਾਨਵ-ਧਰਮ ਦੇ ਅਸਲ ਲੱਛਣ ਵੀ ਸਮਝਾਏ। ਅਣਖ, ਸਵੈਮਾਣ ਅਤੇ ਬਹਾਦਰੀ ਦੇ ਗੁਣਾਂ ਨੂੰ ਆਪਣੇ ਅੰਦਰ ਸੰਚਰਿਤ ਕਰਨ ਲਈ ਅੱਜ ਦੀ ਬੇਟੀ ਅਤੇ ਭਵਿੱਖ ਦੀ ਔਰਤ ਲਈ ਪ੍ਰੋ: ਨਵ ਸੰਗੀਤ ਸਿੰਘ ਦੀਆਂ ਇਹ ਕਾਵਿ-ਪੰਕਤੀਆਂ ਕਿੰਨੀਆਂ ਪ੍ਰਸੰਗਿਕ ਹਨ :
ਬਣ ਜਾ ਤੂੰ ਵੀ ਬਹਾਦਰ ਧੀਏ!
ਤਾਂ ਹੀ ਮਿਲੇਗਾ ਆਦਰ ਧੀਏ!
ਤਿਲ-ਤਿਲ ਕਰਕੇ ਮਰਨਾ ਛੱਡ ਦੇ
ਸਭ ਕੁਝ ਸਹਿਣਾ ਜਰਨਾ ਛੱਡ ਦੇ।
ਪਹਿਨ ਅਣਖ ਦੀ ਚਾਦਰ ਧੀਏ!
…………………………….
‘ਰੂਹੀ’ ਵਾਂਗਰ ਹਿੰਮਤ ਕਰ ਤੂੰ
ਕਿਸਮਤ ਕੋਲੋਂ ਕਦੇ ਨਾ ਡਰ ਤੂੰ।
ਛੱਡ ਭਟਕਣਾ ਦਰ-ਦਰ ਧੀਏ!
Dr Kuldeep Kaur
-ਐਸੋਸੀਏਟ ਪ੍ਰੋਫੈਸਰ (ਰਾਜਨੀਤੀ ਸ਼ਾਸਤਰ), ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ-151302 (ਬਠਿੰਡਾ)।
Tags: , ,
Posted in: ਸਾਹਿਤ