ਸ਼ੇਰ-ਏ-ਪੰਜਾਬ ਦੇ ਰਾਜ ਦਾ ਮਜ਼ਬੂਤ ਥੰਮ੍ਹ ਸੀ ਸਰਦਾਰਨੀ ਸਦਾ ਕੌਰ

By March 18, 2016 0 Comments


sardarni sda kaurਦੁਨੀਆ ਦੇ ਕਿਸੇ ਵੀ ਰਾਜੇ-ਮਹਾਰਾਜੇ ਜਾਂ ਮਹਾਨ ਯੋਧੇ ਦਾ ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਉਸ ਦੀ ਕਾਮਯਾਬੀ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਯੋਗਦਾਨ ਹੈ। ਉਹ ਭਾਵੇਂ ਕਿਸੇ ਵੀ ਰੂਪਂਭਾਵੇਂ ਮਾਂ, ਭੈਣ, ਪਤਨੀ, ਬੇਟੀ ਜਾਂ ਕੋਈ ਪਿਆਰੀ ਸ਼ਖ਼ਸੀਅਤ ਦੇ ਰੂਪ ਵਿਚ ਹੋਵੇ। ਮਰਦ ਦੀ ਕਾਮਯਾਬੀ ਪਿੱਛੇ ਔਰਤ ਦਾ ਯੋਗਦਾਨ ਹਮੇਸ਼ਾ ਹੀ ਰਿਹਾ ਹੈ। ਇਥੇ ਅਸੀਂ ਉਸ ਮਹਾਨ ਔਰਤ ਦੀ ਗੱਲ ਕਰ ਰਹੇ ਹਾਂ, ਉਹ ਲਗਭਗ 22 ਸਾਲ ਦੀ ਭਰ ਜਵਾਨ ਉਮਰ ਵਿਚ ਹੀ ਵਿਧਵਾ ਹੋ ਗਈ, ਜਿਸ ਨੇ ਆਪਣੀ ਮਿਸਲ ਦੀ ਵਾਗਡੋਰ ਸੰਭਾਲਦਿਆਂ ਤਲਵਾਰ ਹੱਥ ਵਿਚ ਚੁੱਕੀ, ਵੈਰੀਆਂ ਤੋਂ ਗਿਣ-ਗਿਣ ਬਦਲੇ ਲਏ, ਲਗਭਗ 34 ਸਾਲ ਛੋਟੀਆਂ-ਵੱਡੀਆਂ ਲੜਾਈਆਂ ਲੜੀਆਂ, ਹਮੇਸ਼ਾ ਅੱਗੇ ਹੋ ਕੇ ਲੜੀ, ਇਕ ਸਿੰਘਣੀ ਦੇ ਰੂਪ ਵਿਚ ਜੀਵਨ ਬਤੀਤ ਕੀਤਾ, ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਸਥਾਪਿਤ ਕਰਨ ਲਈ ਦਿਨ-ਰਾਤ ਮਿਹਨਤ ਕਰਕੇ ਇਕ ਮਜ਼ਬੂਤ ਥੰਮ੍ਹ ਬਣ ਕੇ ਸਾਹਮਣੇ ਆਈ, ਪਰ ਫਿਰ ਵੀ ਇਕ ਮਹਾਨ ਔਰਤ ਹੁੰਦਿਆਂ ਹੋਇਆਂ ਸਿੱਖ ਇਤਿਹਾਸ ਵਿਚੋਂ ਅੱਖੋਂ-ਪਰੋਖੇ ਹੀ ਰਹੀ। ਇਹ ਮਹਾਨ ਔਰਤ ਸੀ ਸਰਦਾਰਨੀ ਸਦਾ ਕੌਰ, ਜਿਸ ਨੂੰ ਰਾਣੀ ਸਦਾ ਕੌਰ ਵੀ ਕਿਹਾ ਜਾਂਦਾ ਸੀ। ਇਹ ਕਨ੍ਹੱਈਆ ਮਿਸਲ ਦੇ ਸਰਦਾਰ ਜੈ ਸਿੰਘ ਕਨ੍ਹੱਈਆ ਦੀ ਨੂੰਹ ਅਤੇ ਸ: ਗੁਰਬਖਸ਼ ਸਿੰਘ ਦੀ ਪਤਨੀ ਸੀ।
ਇਤਿਹਾਸ ਗਵਾਹ ਹੈ ਕਿ ਸਿੱਖ ਮਿਸਲਾਂ ਦੇ ਸਰਦਾਰਾਂ ਦੀ ਇਲਾਕੇ ਮੱਲਣ ਕਰਕੇ ਕਈ ਵਾਰ ਖ਼ਤਰਨਾਕ ਦੁਸ਼ਮਣੀ ਪੈ ਜਾਂਦੀ ਸੀ। ਇਸ ਤਰ੍ਹਾਂ ਜੰਮੂ ‘ਤੇ ਕੀਤੇ ਸਾਂਝੇ ਹਮਲੇ ਕਰਕੇ ਕੁਝ ਕਾਰਨਾਂ ਕਰਕੇ ਸ: ਜੈ ਸਿੰਘ ਦੀ ਸ਼ੁਕਰਚੱਕੀਆ ਮਿਸਲ ਦੇ ਸਰਕਾਰ ਮਹਾਂ ਸਿੰਘ ਨਾਲ ਵਿਗੜ ਗਈ। ਦੂਜਾ ਜੈ ਸਿੰਘ ਨੇ ਰਾਮਗੜ੍ਹੀਆ ਮਿਸਤਤਲ ਦੇ ਕੁਝ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। ਇਸ ਦੁਸ਼ਮਣੀ ਕਰਕੇ ਸ: ਮਹਾਂ ਸਿੰਘ ਨੇ ਜੱਸਾ ਸਿੰਘ ਰਾਮਗੜ੍ਹੀਆ ਅਤੇ ਪਹਾੜੀ ਰਾਜੇ ਸੰਸਾਰ ਚੰਦ ਕਟੋਚ ਨੂੰ ਨਾਲ ਲੈ ਕੇ 1784 ਈ: ਵਿਚ ਬਟਾਲੇ ‘ਤੇ ਹਮਲਾ ਕਰ ਦਿੱਤਾ। ਬਟਾਲੇ ਦੇ ਨੇੜੇ ਅਚੱਲ ਦੇ ਮੈਦਾਨ ਵਿਚ ਬਹੁਤ ਭਿਆਨਕ ਲੜਾਈ ਹੋਈ। ਜਿਸ ਵਿਚ ਸ: ਗੁਰਬਖਸ਼ ਸਿੰਘ ਯੋਧਿਆਂ ਤਰ੍ਹਾਂ ਲੜਦਾ ਹੋਇਆ ਸ਼ਹੀਦ ਹੋ ਗਿਆ। ਮਹਾਂ ਸਿੰਘ, ਜੱਸਾ ਸਿੰਘ ਅਤੇ ਰਾਜੇ ਸੰਸਾਰ ਚੰਦ ਨੇ ਕੁਝ ਇਲਾਕਿਆਂ ‘ਤੇ ਕਬਜ਼ਾ ਵੀ ਕਰ ਲਿਆ।
ਗੁਰਬਖਸ਼ ਸਿੰਘ ਦੀ ਮੌਤ ਤੋਂ ਬਾਅਦ ਲੋਕਾਂ ਨੇ ਸੋਚਿਆ ਕਿ ਜੈ ਸਿੰਘ ਬੁੱਢਾ ਹੋ ਗਿਆ ਹੈ, ਹੁਣ ਕਨ੍ਹੱਈਆ ਮਿਸਲ ਤਾਂ ਖ਼ਤਮ ਹੀ ਹੋ ਜਾਵੇਗੀ। ਪਰ ਇਸ ਸ਼ੇਰਨੀ ਨੇ ਰਣ ਭੂਮੀ ਵਿਚ ਹੀ ਆਪਣੇ ਪਤੀ ਦੇ ਖੂਨ ਨਾਲ ਲਿਬੜੇ ਸ਼ਸਤਰ ਚੁੱਕ ਕੇ ਮੱਥੇ ਨਾਲ ਲਾਏ ਅਤੇ ਜੈ ਸਿੰਘ ਨੂੰ ਕਿਹਾ ਕਿ ਪਿਤਾ ਜੀ ਇਸ ਤੋਂ ਬਾਅਦ ਮਿਸਲ ਦੀ ਵਾਗਡੋਰ ਮੈਂ ਸੰਭਾਲਾਂਗੀ ਤੁਸੀਂ ਫਿਕਰ ਨਾ ਕਰਨਾ। ਸਦਾ ਕੌਰ ਦੀ ਉਮਰ ਉਸ ਸਮੇਂ ਲਗਭਗ 22 ਸਾਲ ਦੀ ਸੀ। ਉਸ ਨੇ ਫ਼ੌਜ ਦੀ ਹੋਰ ਭਰਤੀ ਕਰਕੇ ਮਿਸਲ ਦੀ ਤਾਕਤ ਵਧਾਈ ਅਤੇ ਸਭ ਤੋਂ ਪਹਿਲਾਂ ਹਮਲਾ ਪਹਾੜੀ ਰਾਜੇ ਸੰਸਾਰ ਚੰਦ ‘ਤੇ ਕਰਕੇ ਉਸ ਨੂੰ ਹਰਾਇਆ ਅਤੇ ਆਪਣੇ ਇਲਾਕੇ ਵਾਪਿਸ ਲਏ। ਆਪਣੇ ਸਹੁਰੇ ਜੈ ਸਿੰਘ ਦੇ ਕਹਿਣ ‘ਤੇ ਸਦਾ ਕੌਰ ਨੇ ਆਪਣੀ ਇਕਲੌਤੀ ਲੜਕੀ ਮਹਿਤਾਬ ਕੌਰ ਦੀ ਮੰਗਣੀ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਲੜਕੇ ਰਣਜੀਤ ਸਿੰਘ ਨਾਲ ਕਰ ਦਿੱਤੀ ਅਤੇ ਆਪਣੇ ਪਤੀ ਦੀ ਮੌਤ ਵਾਲੀ ਦੁਸ਼ਮਣੀ ਭੁਲਾ ਦਿੱਤੀ। ਸਰਦਾਰਨੀ ਸਦਾ ਕੌਰ ਨੇ ਆਪਣੀ ਮਿਸਲ ਦੀ ਤਾਕਤ ਵਧਾ ਕੇ ਆਪਣੇ ਇਲਾਕੇ ਦਾ ਵਿਸਥਾਰ ਕੀਤਾ। ਸਮਾਂ ਬੜਾ ਬਲਵਾਨ ਹੈ। ਵਾਰ-ਵਾਰ ਕਰਵਟ ਬਦਲਦਾ ਹੈ। ਉੱਧਰ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਮਹਾਂ ਸਿੰਘ ਜਵਾਨ ਉਮਰ ਵਿਚ ਹੀ ਬੜੀ ਭਿਆਨਕ ਬਿਮਾਰੀ ਨਾਲ ਮੰਜੇ ‘ਤੇ ਪੈ ਗਿਆ। ਸ: ਗੁਰਬਖਸ਼ ਸਿੰਘ ਕਨ੍ਹੱਈਆ ਦੀ ਬੇਵਕਤੀ ਮੌਤ ਦਾ ਦੁੱਖ ਉਸ ਨੂੰ ਅੰਦਰੋ-ਅੰਦਰੀ ਮਹਿਸੂਸ ਹੋ ਰਿਹਾ ਸੀ, ਕਿਤੇ ਨਾ ਕਿਤੇ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਮੈਂ ਹਾਂ। ਇਹ ਬੋਝ ਸਿਰ ਤੋਂ ਲਾਹੁਣ ਲਈ ਉਸ ਨੇ ਬਟਾਲੇ ਸੱਦਾ ਭੇਜ ਕੇ ਕਿਹਾ ਕਿ ਸਰਦਾਰਨੀ ਸਦਾ ਕੌਰ ਜੀ ਨੂੰ ਮਹਾਂ ਸਿੰਘ ਮਿਲਣਾ ਚਾਹੁੰਦੇ ਹਨ। ਸਦਾ ਕੌਰ ਅਗਲੇ ਦਿਨ ਹੀ ਆ ਗਈ।

Master Rajinder Singh Raja
-ਸਰਕਾਰੀ ਪ੍ਰਾਇਮਰੀ ਸਕੂਲ. ਫਿਰੋਜ਼ਸ਼ਾਹ
ਮੋਬਾਈਲ : 97819-25629
Tags:
Posted in: ਸਾਹਿਤ