ਫਿਰੋਜ਼ਦੀਨ ਸ਼ਰਫ਼ ਦੀ ਕਵਿਤਾ ਵਿਚ ਨਨਕਾਣਾ ਸਾਹਿਬ ਦਾ ਸਾਕਾ

By March 18, 2016 0 Comments


sakaਬਾਬੂ ਫਿਰੋਜ਼ਦੀਨ ਸ਼ਰਫ ਵੀਹਵੀਂ ਸਦੀ ਦੇ ਪਹਿਲੇ ਅੱਧ ਦਾ ਉਹ ਪੰਜਾਬੀ ਕਵੀ ਹੈ, ਜਿਸ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਪੰਜਾਬੀਅਤ ਨੂੰ ਦੇਣ ਬਹੁਪੱਖੀ ਹੈ। ਇਕ ਮੁਸਲਮਾਨ ਕਵੀ ਵੱਲੋਂ ਪੰਜਾਬੀ ਭਾਸ਼ਾ ਦੀ ਧੜੱਲੇ ਨਾਲ ਵਕਾਲਤ ਕਰਨੀ, ਆਪਣੇ ਪੰਜਾਬੀ ਹੋਣ ਉੱਪਰ ਫਖਰ ਕਰਨਾ ਅਤੇ ਆਪਣੀ ਕਾਵਿ ਕੌਸ਼ਲਤਾ ਦਾ ਲੋਹਾ ਮੰਨਵਾਉਣਾ ਉਸ ਦੀ ਸ਼ਖ਼ਸੀਅਤ ਦਾ ਅਹਿਮ ਪਹਿਲੂ ਹੈ। ਉਸ ਦੀਆਂ ਛੋਟੀਆਂ-ਵੱਡੀਆਂ ਕਾਵਿ-ਪੁਸਤਕਾਂ ਦੀ ਗਿਣਤੀ 30 ਤੋਂ ਉੱਪਰ ਹੈ ਪਰ ਅੱਜਕਲ੍ਹ ਸ਼ਰਫ ਰਚਨਾਵਲੀ (ਦੋ ਭਾਗ) ਵਿਚ ਸੰਕਲਿਤ ਹੋਈ ਮਿਲਦੀ ਹੈ। ਸਮਕਾਲੀ ਰਾਜਨੀਤੀ, ਇਤਿਹਾਸ, ਸੱਭਿਆਚਾਰ ਆਦਿ ਸਰੋਕਾਰ ਉਸ ਦੀਆਂ ਕਾਵਿ ਰਚਨਾਵਾਂ ਦੇ ਮੁੱਖ ਸਰੋਕਾਰ ਹਨ। ਪੰਜਾਬ ਦੇ ਇਤਿਹਾਸ ਵਿਚ ਇਹ ਦੌਰ ਉਹ ਦੌਰ ਹੈ ਜਦ ਆਜ਼ਾਦੀ ਸੰਗਰਾਮ ਆਪਣੇ ਪੂਰੇ ਜੋਬਨ ਉੱਪਰ ਸੀ। ਨਿੱਤ ਪ੍ਰਤੀ ਦਿਨ ਇਸ ਵਿਚ ਨਵੀਆਂ ਲਹਿਰਾਂ ਪੈਦਾ ਹੋ ਰਹੀਆਂ ਸਨ ਅਤੇ ਇਸ ਵਿਚ ਕਈ ਮੋੜ ਆ ਰਹੇ ਸਨ। ਫਿਰੋਜ਼ਦੀਨ ਸ਼ਰਫ ਦਾ ਅਜਿਹੀਆਂ ਘਟਨਾਵਾਂ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਹੋਣਾ ਕੁਦਰਤੀ ਹੀ ਸੀ। ਉਸ ਦੀ ਕਾਵਿ-ਰਚਨਾ ਦੇ ਅਰੰਭਲੇ ਸਮੇਂ ਵਿਚ ਵਾਪਰੀ ਸਭ ਤੋਂ ਅਹਿਮ ਘਟਨਾ ਜਲ੍ਹਿਆਂਵਾਲੇ ਬਾਗ ਦਾ ਸਾਕਾ ਸੀ। ਸ਼ਰਫ ਦੀ ਰਾਜਨੀਤਕ ਚੇਤਨਾ ਦੀ ਸਿਖਰ ਉਸ ਦੀ ਪੁਸਤਕ ‘ਦੁੱਖਾਂ ਦੇ ਕੀਰਨੇ’ ਹੈ, ਜਿਸ ਨੂੰ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਿਆ ਅਤੇ ਬਗ਼ਾਵਤ ਦਾ ਦੋਸ਼ ਲਗਾ ਕੇ ਸ਼ਰਫ ਨੂੰ ਕੈਦ ਸੁਣਾ ਦਿੱਤੀ। ਪੁਸਤਕ ਦੀ ਜ਼ਬਤੀ ਅਤੇ ਕੈਦ ਸ਼ਰਫ ਦੇ ਜੀਵਨ ਵਿਚ ਇਕ ਵੱਡਾ ਮੋੜ ਸਾਬਤ ਹੋਈ। ਉਸ ਦੀ ਇਸ ਕੁਰਬਾਨੀ ਨੂੰ ਇਕ ਮੁਸਲਮਾਨ ਕਵੀ ਦੀ ਸਿੱਖ ਕਾਜ ਲਈ ਕੀਤੀ ਗਈ ਕੁਰਬਾਨੀ ਮੰਨਿਆ ਗਿਆ। ਇਸ ਦਾ ਸਿਲਾ ਉਸ ਨੂੰ ਇਹ ਮਿਲਿਆ ਕਿ ਕੋਈ ਵੀ ਧਾਰਮਿਕ ਕਵੀ ਦਰਬਾਰ ਜਾਂ ਦੀਵਾਨ ਅਜਿਹਾ ਨਹੀਂ ਸੀ ਹੁੰਦਾ, ਜਿਸ ਵਿਚ ਸ਼ਰਫ ਨੂੰ ਆਦਰ ਸਹਿਤ ਨਹੀਂ ਸੀ ਬੁਲਾਇਆ ਜਾਂਦਾ।
ਏਸੇ ਹੀ ਅਰਸੇ ਵਿਚ ਇਤਿਹਾਸਕ ਗੁਰਦੁਆਰਿਆਂ ਨੂੰ ਭ੍ਰਿਸ਼ਟ ਅਤੇ ਕੁਕਰਮੀ ਮਹੰਤਾਂ ਦੇ ਕਬਜ਼ਿਆਂ ਤੋਂ ਆਜ਼ਾਦ ਕਰਾਉਣ ਲਈ ਅਕਾਲੀ ਲਹਿਰ ਅਰੰਭ ਹੋਈ। ਇਸ ਲਹਿਰ ਦਾ ਖਾਸਾ ਤਾਂ ਭਾਵੇਂ ਧਾਰਮਿਕ ਸੀ ਪਰ ਅਸਲ ਵਿਚ ਅੰਗਰੇਜ਼ਾਂ ਦਾ ਵਿਰੋਧ ਇਸ ਦਾ ਇਕ ਬੁਨਿਆਦੀ ਮਕਸਦ ਸੀ। ਕਿਉਂਕਿ ਮਹੰਤਾਂ ਨੂੰ ਅਸਿੱਧੇ ਰੂਪ ਵਿਚ ਬਰਤਾਨਵੀ ਹਾਕਮਾਂ ਦੀ ਸ਼ਹਿ ਹਾਸਲ ਸੀ। ਗੁਰਦੁਆਰਾ ਲਹਿਰ ਦਾ ਅਰੰਭ ਤਾਂ ਭਾਵੇਂ ਸਿਆਲਕੋਟ (ਪਾਕਿਸਤਾਨ) ਵਿਖੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਬਾਬੇ ਦੀ ਬੇਰ ਨੂੰ ਆਜ਼ਾਦ ਕਰਾਉਣ ਤੋਂ ਹੋਇਆ ਪਰ ਨਨਕਾਣਾ ਸਾਹਿਬ ਦਾ ਸਾਕਾ ਇਸ ਲਹਿਰ ਦਾ ਇਕ ਮੀਲ-ਪੱਥਰ ਸਾਬਤ ਹੋਇਆ, ਜੋ ਮਹੰਤ ਨਰਾਇਣ ਦਾਸ ਦੇ ਕਬਜ਼ੇ ਵਿਚ ਸੀ। ਮਹੰਤ ਨਰਾਇਣ ਦਾਸ ਆਪਣੀਆਂ ਆਪਹੁਦਰੀਆਂ ਅਤੇ ਸਿੱਖ ਧਾਰਮਿਕ ਮਰਿਆਦਾਵਾਂ ਦੇ ਖਿਲਾਫ ਕਾਰਵਾਈਆਂ ਕਰਕੇ ਕਾਫੀ ਬਦਨਾਮ ਹੋ ਚੁੱਕਾ ਸੀ। ਅਗਾਊਂ ਪਤਾ ਲੱਗ ਜਾਣ ਕਰਕੇ ਮਹੰਤ ਨੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਨੂੰ ਕਿਲ੍ਹੇ ਦਾ ਰੂਪ ਦੇ ਕੇ ਭਾੜੇ ਦੇ ਪਠਾਣਾਂ ਅਤੇ ਹੋਰ ਗ਼ੈਰ-ਸਮਾਜੀ ਅਨਸਰਾਂ ਨੂੰ ਹਥਿਆਰਬੰਦ ਕਰਕੇ ਕਤਲੋਗਾਰਤ ਦਾ ਸਾਮਾਨ ਪਹਿਲਾਂ ਹੀ ਜਮ੍ਹਾਂ ਕਰ ਰੱਖਿਆ ਸੀ। 21 ਫਰਵਰੀ 1921 ਨੂੰ ਸ: ਦਲੀਪ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਸਿੰਘਾਂ ਦਾ ਜਥਾ ਗੁਰਦੁਆਰਾ ਜਨਮ ਅਸਥਾਨ ਵਿਖੇ ਦਾਖਲ ਹੋਇਆ। ਪਹਿਲਾਂ ਤੋਂ ਹੀ ਤਿਆਰ ਮਹੰਤ ਦੇ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਬਹੁਤ ਸਾਰੇ ਸਿੰਘ ਗੋਲੀਆਂ ਦਾ ਸ਼ਿਕਾਰ ਹੋ ਗਏ ਅਤੇ ਜੋ ਅਜੇ ਸਿਸਕ ਰਹੇ ਸਨ, ਉਨ੍ਹਾਂ ਨੂੰ ਤੇਲ ਪਾ ਕੇ ਸਾੜਿਆ ਗਿਆ। ਜਥੇਦਾਰ ਦਲੀਪ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਉੱਗੇ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ। ਇਸ ਸਾਕੇ ਨੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੀ ਯਾਦ ਤਾਜ਼ਾ ਕਰਾ ਦਿੱਤੀ। ਨਨਕਾਣਾ ਸਾਹਿਬ ਦੇ ਸਾਕੇ ਨੇ ਸਾਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਹਰ ਪਾਸੇ ਰੋਸ ਅਤੇ ਗੁੱਸੇ ਦਾ ਇਕ ਤੂਫਾਨ ਖੜ੍ਹਾ ਹੋ ਗਿਆ। ਇਸ ਦਾ ਪ੍ਰਭਾਵ ਕੋਮਲ ਭਾਵੀ ਕਵੀ ਫਿਰੋਜ਼ਦੀਨ ਸ਼ਰਫ ਦੀ ਕਵਿਤਾ ਉੱਪਰ ਵੀ ਪਿਆ।
ਨਨਕਾਣਾ ਸਾਹਿਬ ਦੇ ਸਾਕੇ ਸਬੰਧੀ ਫਿਰੋਜ਼ਦੀਨ ਸ਼ਰਫ ਦੀਆਂ ਕਈ ਕਵਿਤਾਵਾਂ ਮਿਲਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਦੇ ਨਾਂਅ ਹਨ-‘ਸ਼ਹੀਦ’, ‘ਨਨਕਾਣੇ ਦੇ ਸ਼ਹੀਦ’, ‘ਸ਼ਹੀਦਾਂ ਦੀ ਦਾਸਤਾਨ’ ਅਤੇ ‘ਸਿੱਖੀ ਇਤਫਾਕ’। ‘ਸ਼ਹੀਦਾਂ ਦੀ ਦਾਸਤਾਨ’ ਸ਼ਰਫ ਦੀ ਇਕ ਲੰਮੀ ਕਵਿਤਾ ਹੈ। ਇਸ ਕਵਿਤਾ ਦਾ ਇਕ-ਇਕ ਸ਼ਬਦ ਦਰਦ-ਪਰੁੱਚਾ ਹੈ। ਇਹ ਕਵਿਤਾ ਲਿਖਣ ਲੱਗਿਆਂ ਸ਼ਰਫ ਕਿਵੇਂ ਮਹਿਸੂਸ ਕਰ ਰਿਹਾ ਸੀ, ਇਸ ਦਾ ਕੁਝ ਹਾਲ ਵੇਖੋ-
ਦਾਸਤਾਨ ਸ਼ਹੀਦਾਂ ਰੰਗੀਲਿਆਂ ਦੀ,
ਜਦੋਂ ਲਿਖਣ ਲਈ ਮੈਨੂੰ ਖਿਆਲ ਆਇਆ।
ਸਾਗਰ ਵਿਚ ਜਿਉਂ ਆਵੇ ਜਵਾਰਭਾਟਾ,
ਖਾ ਕੇ ਇਸ ਤਰ੍ਹਾਂ ਜੋਸ਼ ਉਬਾਲ ਤੁਰਿਆ।
ਅੰਤ ਨਰਾਇਣ ਦਾਸ ਦੀ ਤਿਆਰੀ ਦੇ ਸਨਮੁਖ ਨਿਹੱਥੇ ਸਿੰਘਾਂ ਉੱਪਰ ਕਹਿਰ ਢਾਹੁਣ ਦਾ ਕੁਝ ਵੇਰਵਾ ਇਸ ਤਰ੍ਹਾਂ ਹੈ-
ਲੈ ਕੇ ਸਿਮਰ ਹਰਾਮੀਆਂ ਸਾਮੀਆਂ ਨੂੰ,
ਮਾਰਨ ਜਿਉਂ ਰਸੂਲ ਦੀ ਆਲ ਤੁਰਿਆ।
ਉਸੇ ਤਰ੍ਹਾਂ ਗੁਰੂ ਨਾਨਕ ਦੇ ਸੇਵਕਾਂ ਨੂੰ,
ਕਤਲ ਕਰਨ ਨਰੈਣਾ ਚੰਡਾਲ ਤੁਰਿਆ।
ਮਾਰੇ ਜੰਦਰੇ ਅੰਦਰੇ ਸਿੰਘ ਮਾਰੇ,
ਬਾਸ਼ਕ ਧੌਲ ਦੇ ਦਿਲੋਂ ਭੁੰਚਾਲ ਤੁਰਿਆ।
ਧਰਤੀ ਜਲ੍ਹਿਆਂਵਾਲੇ ਦੀ ਕੰਬ ਉੱਠੀ,
ਧਰੂਹ ਭਗਤ ਵੀ ਹੋ ਕੇ ਬੇਹਾਲ ਤੁਰਿਆ।
ਧਾਰਾਂ ਲਹੂ ਦੀਆਂ ਇਸ ਤਰ੍ਹਾਂ ਚੱਲੀਆਂ ਸਨ,
ਆਵੇ ਖਾਲ ‘ਚੋਂ ਜਿਵੇਂ ਨਿਕਾਲ ਤੁਰਿਆ।
ਸ਼ਰਫ ਦੀ ਕਾਵਿ ਪ੍ਰਤਿਭਾ ਦਾ ਇਕ ਵਿਸ਼ੇਸ਼ ਗੁਣ ਇਹ ਹੈ ਕਿ ਉਸ ਨੂੰ ਨਾਮਵਰ ਸਿੱਖ ਸ਼ਹੀਦਾਂ ਦੇ ਕਾਰਨਾਮੇ ਅਤੇ ਧਰਮ ਲਈ ਕੀਤੀਆਂ ਕੁਰਬਾਨੀਆਂ ਕੱਲ੍ਹ ਵਾਂਗੂੰ ਯਾਦ ਸਨ ਅਤੇ ਉਹ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਉਨ੍ਹਾਂ ਨਾਲ ਮੇਲ ਕੇ ਇਨ੍ਹਾਂ ਵਿਚ ਮਕਸਦ ਅਤੇ ਸ਼ਹਾਦਤ ਦੀ ਇਕ ਸਾਂਝ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਸੁਬੇਗ ਸਿੰਘ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਆਦਿ ਸ਼ਹੀਦ ਉਸ ਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਵੱਡੇ-ਵਡੇਰੇ ਹੀ ਪ੍ਰਤੀਤ ਹੁੰਦੇ ਹਨ-
ਛੈਲ ਸਿੰਘ ਕੋਈ ਵਾਂਗ ਸੁਬੇਗ ਸਿੰਘ ਦੇ,
ਤੋੜ ਜੱਗ ਦੇ ਸਾਰੇ ਜੰਜਾਲ ਤੁਰਿਆ।
ਤਾਰੂ ਸਿੰਘ ਵਾਂਗੂੰ ਮੰਗਣ ਦਾਨ ਕੋਈ,
ਪਿਆਲਾ ਖੋਪੜੀ ਲਾਹ ਨੰਗਾਲ ਤੁਰਿਆ।
ਮਨੀ ਸਿੰਘ ਵਾਂਗੂੰ ਹੋ ਕੇ ਕਈ ਟੁਕੜੇ,
ਅੰਮ੍ਰਿਤ ਛਕਣ ਦੇ ਕੌਲ ਨੂੰ ਪਾਲ ਤੁਰਿਆ।
ਕੋਈ ਦੀਪ ਸਿੰਘ ਧਰਮ ਦੇ ਦੀਪ ਉੱਤੇ,
ਆਪਾ ਵਾਂਗ ਪਤੰਗ ਦੇ ਜਾਲ ਤੁਰਿਆ।
ਲਛਮਣ ਸਿੰਘ ਕਿਹਾ, ਮੈਂ ਵੀ ਚਲਦਾ ਹਾਂ,
ਜਿਵੇਂ ਲਛਮਣ ਸੀ ਰਾਮ ਦੇ ਨਾਲ ਤੁਰਿਆ।
‘ਨਨਕਾਣੇ ਦੇ ਸ਼ਹੀਦ’ ਫਿਰੋਜ਼ਦੀਨ ਸ਼ਰਫ ਦੀ ਇਸ ਸਾਕੇ ਬਾਰੇ ਲਿਖੀ ਗਈ ਇਕ ਹੋਰ ਕਵਿਤਾ ਹੈ, ਜਿਸ ਵਿਚ ਉਹ ਮਹੰਤ ਨਰਾਇਣ ਦਾਸ ਅਤੇ ਉਸ ਦੇ ਭਾੜੇ ਦੇ ਗੁੰਡਿਆਂ ਵੱਲੋਂ ਵਰਤਾਏ ਕਹਿਰ ਬਾਰੇ ਇਕ ਵੱਖਰੇ ਅੰਦਾਜ਼ ਵਿਚ ਗੱਲ ਕਰਦਾ ਹੈ-
ਬਾਹਰੋਂ ਮਾਰ ਪਾਪੀ ਤਾਲੇ।
ਅੰਦਰ ਪਾ ਪਾ ਤੇਲ ਜਾਲੇ।
ਸੱਤੇ ਅੰਬਰ ਕੰਬੇ ਨਾਲੇ।
ਸਭੇ ਧਰਤਾਂ ਡੋਲੀਆਂ।
ਮਨ ਦੀਆਂ ਮਨ ਰਹੀਆਂ।
ਨਰਮ ਤੇ ਮਲੂਕ ਦੇਹੀਆਂ।
ਹਾਏ ਹਾਏ ਫੁੱਲਾਂ ਜੇਹੀਆਂ।
ਭੱਠੇ ਪਾ ਕੇ ਰੋਲੀਆਂ।
ਸ਼ਰਧਾ ਵਾਲੇ ਤੱਕੜ ਲਾਏ।
ਧਰਮਾਂ ਵਾਲੇ ਵੱਟੇ ਪਾਏ।
ਜਾਨ ਵਾਲੀ ਜਿਨਸ ਲਿਆਏ।
ਧਾਰਨਾ ਸਨ ਤੋਲੀਆਂ।
ਸ਼ਰਫ ਕਵੀ ਦਰਬਾਰਾਂ ਦੀ ਉਪਜ ਸੀ ਅਤੇ ਉਸ ਨੇ ਆਪਣੀ ਸਾਰੀ ਜ਼ਿੰਦਗੀ ਕਵੀ ਦਰਬਾਰਾਂ ਦੇ ਲੇਖੇ ਲਾ ਦਿੱਤੀ। ਜਿਸ ਕਵੀ ਦਰਬਾਰ ਵਿਚ ਸ਼ਰਫ ਦੇ ਪੁੱਜਣ ਦੀ ਸੂਹ ਮਿਲਦੀ, ਸਾਰੇ ਪੰਜਾਬੀ ਪ੍ਰੇਮੀ ਹੁੰਮ-ਹੁਮਾ ਕੇ ਉਸ ਨੂੰ ਸੁਣਨ ਲਈ ਉਥੇ ਪਹੁੰਚ ਜਾਂਦੇ। ਗੁਰਪੁਰਬਾਂ, ਸ਼ਹੀਦਾਂ ਦੀਆਂ ਬਰਸੀਆਂ, ਸਿੱਖ ਕਾਨਫਰੰਸਾਂ ਅਤੇ ਹੋਰ ਸਮਾਗਮਾਂ ਸਮੇਂ ਇਨਾਮੀ ਕਵੀ ਦਰਬਾਰ ਵੀ ਕਰਾਏ ਜਾਂਦੇ। ਨਨਕਾਣਾ ਸਾਹਿਬ ਦੇ ਸਾਕੇ ਦੀ ਯਾਦ ਵਿਚ ਕਰਵਾਏ ਗਏ ਇਕ ਕਵੀ ਦਰਬਾਰ ਵਿਚ ਉਸ ਨੇ ਆਪਣੀ ਇਕ ਕਵਿਤਾ ਪੜ੍ਹੀ, ਜਿਸ ਵਿਚ ਉਹ ਸ਼ਹੀਦਾਂ ਨੂੰ ਚਿਤਾਰਦਾ ਹੋਇਆ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਪ੍ਰਸੰਸਾ ਕਰਦਾ ਹੈ-
ਹਜ਼ਰਤ ਮੂਸਾ ਨਨਕਾਣੇ ਵਿਚ ਆਵੇਗੀ,
ਸੋਲ੍ਹੇ ਨੂਰ ਦੇ ਨਿਕਲਦੇ ਨਾਰ ਵਿਚੋਂ।
ਜਿਗਰ ਕਾਲਜੇ ਫੂਕਦੀ ਘੂਕਦੀ ਏ,
ਨਿਕਲੀ ਕੂਕ ਸ਼ਹੀਦ ਦੀ ਤਾਰ ਵਿਚੋਂ।
ਇਹ ਅੱਜ ਉਨ੍ਹਾਂ ਦੀ ਬਰਸੀ ‘ਤੇ ਫੁੱਲ ਬਰਸਣ,
ਜਿਹੜੇ ਪੰਥ ਉੱਤੋਂ ਜਾਨਾਂ ਵਾਰ ਗਏ ਨੇ।
ਨੈਂ ਲੰਘ ਗਏ ਆਪ ਸ਼ਹੀਦੀਆਂ ਦੀ,
ਸਾਨੂੰ ਕੰਢੇ ‘ਤੇ ਸ਼ਰਫ ਖਲ੍ਹਾਰ ਗਏ ਨੇ।
ਇੰਜ ਅਸੀਂ ਦੇਖਦੇ ਹਾਂ ਕਿ ਨਨਕਾਣਾ ਸਾਹਿਬ ਵਿਖੇ ਵਾਪਰੇ ਕਤਲੇਆਮ ਦਾ ਦੁਖਾਂਤ ਪੰਜਾਬ ਦੇ ਰਾਜਨੀਤਕ ਇਤਿਹਾਸ ਹੀ ਨਹੀਂ, ਸਾਹਿਤਕ ਇਤਿਹਾਸ ਵਿਚ ਵੀ ਇਕ ਮਹੱਤਵਪੂਰਨ ਘਟਨਾ ਹੈ। ਸ਼ਰਫ ਸਮੇਤ ਹੋਰ ਕਈ ਕਵੀਆਂ ਨੇ ਇਸ ਦੁਖਾਂਤ ਬਾਰੇ ਕਈ ਕਵਿਤਾਵਾਂ ਲਿਖੀਆਂ ਹਨ ਪਰ ਇਨ੍ਹਾਂ ਕਵਿਤਾਵਾਂ ਵਿਚ ਰੁਦਨ ਜਾਂ ਵਿਰਲਾਪ ਨਹੀਂ, ਸਗੋਂ ਸ਼ਹੀਦਾਂ ਪ੍ਰਤੀ ਅਕੀਦਤ ਜਾਂ ਮੁਹੱਬਤ ਅਤੇ ਕਹਿਰ ਵਰਤਾਉਣ ਵਾਲੇ ਪ੍ਰਤੀ ਨਫਰਤ ਹੈ। ਜਾਬਰ ਅਤੇ ਜ਼ਾਲਮ ਪ੍ਰਤੀ ਘ੍ਰਿਣਾ ਪਰ ਸਾਬਰ ਅਤੇ ਮਜ਼ਲੂਮ ਲਈ ਪਿਆਰ ਅਤੇ ਹਮਦਰਦੀ ਪੰਜਾਬੀ ਕਵਿਤਾ ਦਾ ਖਾਸਾ ਹੈ
By Dr Dharam Singh




Tags: ,
Posted in: ਸਾਹਿਤ