ਅੱਗ ‘ਤੇ ਰੋਟੀਆਂ ਸੇਕਦੇ ਤਾਂ ਸੁਣੇ ਸੀ, ਸਾਡੇ ਲੀਡਰ ‘ਪਾਣੀ ‘ਤੇ ਵੀ ਸੇਕੀ ਜਾਂਦੇ ਨੇ

By March 17, 2016 0 Comments


‘ਨਹਿਰ ਬਣਾਉਣ’ ਤੇ ‘ਨਹਿਰ ਭਰਨ’ ਦੇ ਇਸ ਨਾਟਕ ਵਿਚਾਲੇ ਜਿਹੜੀਆਂ ਮਾਵਾਂ ਦੇ ਪੁੱਤ ਲਾਸ਼ਾਂ ਬਣ ਗਏ, ਉਨ੍ਹਾਂ ਨੂੰ ਕੌਣ ਵਾਪਸ ਕਰੂ?

parkash singh badalਜੀ ਹਾਂ ਇਹ ਸੁਣ ਕੇ ਥੋੜਾ ਅਜੀਬ ਤਾਂ ਲੱਗੇਗਾ ਪਰੰਤੂ ਸਿਆਸਤ ਵਿਚ ਲੀਡਰ ਸਭ ਕੁੱਝ ਜਾਇਜ਼ ਮੰਨਦੇ ਹਨ, ਪਹਿਲਾਂ ਕਪੂਰੀ ਟੱਕ ਲਾ ਕੇ ਐੱਸ.ਵਾਈ.ਐਲ ਨਹਿਰ ਬਣਾਉਣੀ ਸ਼ੁਰੂ ਕਰ ਦਿੱਤੀ, ਤੇ ਫਿਰ ਹੁਣ ਟੱਕ ਲਾ ਕੇ ਭਰਨੀ ਸ਼ੁਰੂ ਕਰ ਦਿੱਤੀ…ਪਹਿਲਾਂ ਨਹਿਰ ਬਣਾਉਣ ਨੂੰ ਹਰਿਆਣੇ ਤੋਂ ਪੈਸੇ ਲੈ ਲਏ, ਹੁਣ ਚੈੱਕ ਅੱਧੀ ਕੁ ਰਾਸ਼ੀ ਦਾ ਭੇਜ ਕੇ ਵਾਪਸ ਕਰ ਦਿੱਤੇ…ਪਰੰਤੂ ਇਸ ਗੰਭੀਰ ਮੁੱਦੇ ਨੂੰ ਜੇਕਰ ਗੰਭੀਰਤਾ ਨਾਲ ਸੋਚਿਆ ਤੇ ਵਿਚਾਰਿਆ ਜਾਵੇ ਤਾਂ ਇਹ ਸਵਾਲ ਜ਼ਰੂਰ ਮੰਨ ਵਿਚਾਰ ਡੁੰਗੀ ਸੱਟ ਮਾਰੇਗਾ ਕਿ ‘ਨਹਿਰ ਬਣਾਉਣ’ ਤੇ ‘ਨਹਿਰ ਭਰਨ’ ਦੇ ਇਸ ਨਾਟਕ ਵਿਚਾਲੇ ਜਿਹੜੀਆਂ ਮਾਵਾਂ ਦੇ ਪੁੱਤ ਲਾਸ਼ਾਂ ਬਣ ਗਏ, ਉਨ੍ਹਾਂ ਨੂੰ ਕੌਣ ਵਾਪਸ ਕਰੂ? ਜੇਕਰ ਇਹ ਸਿਆਸੀ ਪਾਰਟੀਆਂ ਨਹਿਰ ਬਣਾਉਣ ਦੇ ਫ਼ੈਸਲੇ ਨੂੰ ਗ਼ਲਤੀ ਮੰਨਦੀਆਂ ਨੇ ਤਾਂ ਕੀ ਉਹ ਉਨ੍ਹਾਂ ਮੋਏ ਪੁੱਤਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣਗੀਆਂ?

ਜਦੋਂ ਇਸ ਨਹਿਰ ਸਮਝੌਤੇ ਦਾ ਮੁੱਦਾ ਗਰਮਾਇਆ ਹੋਇਆ ਸੀ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਅਪੋਜ਼ੀਸ਼ਨ ਲੀਡਰ ਅਤੇ ਅਕਾਲੀ ਵਿਧਾਇਕ ਦਲ ਦੇ ਨੇਤਾ ਸਨ ਉਸ ਸਮੇਂ ਉਨ੍ਹਾਂ ਵਿਧਾਨਸਭਾ ਦੇ ਇੱਕ ਸੈਸ਼ਨ ‘ਚ ਐਲਾਨ ਕੀਤਾ ਸੀ ਕਿ ਕਿਸੇ ਵੀ ਕੀਮਤ ‘ਤੇ ਸਤਲੁਜ-ਯਮਨਾ ਲਿੰਕ ਨਹਿਰ ਨਹੀਂ ਪੁੱਟਣ ਦਿੱਤੀ ਜਾਵੇਗੀ, ਇਸ ਨੂੰ ਰੋਕਣ ਲਈ ਪੰਜਾਬ ਦੇ ਲੋਕ ਹਰ ਕੁਰਬਾਨੀ ਦੇ ਦੇਣਗੇ ਕਿਉਂਕਿ ਰਾਵੀ-ਬਿਆਸ ਦਰਿਆਵਾਂ ਦੇ ਪਾਣੀ ਸੰਬੰਧੀ ਸਮਝੌਤਾ ਪੰਜਾਬੀ ਕਿਸਾਨਾਂ ਦੇ ਦਿੱਤਾ ਦੇ ਵਿਰੁੱਧ ਹੈ। ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸ. ਦਰਬਾਰਾ ਸਿੰਘ ਨੇ ਸ. ਬਾਦਲ ਦੇ ਇਸ ਬਿਆਨ ‘ਤੇ ਉੱਤਰ ਦਿੰਦਿਆਂ ਸ. ਬਾਦਲ ਦੇ ਇਲਜ਼ਾਮਾਂ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਸੀ ਕਿ ਸ. ਬਾਦਲ ਆਪਣੇ ਸਿਆਸੀ ਹਿਤਾਂ ਲਈ ਮਾਮਲੇ ਨੂੰ ਸਿਆਸੀ ਰੰਗ ਦੇ ਰਹੇ ਹਨ। ਸ. ਦਰਬਾਰਾ ਸਿੰਘ ਨੇ ਇਹ ਸਲਾਹ ਵੀ ਦਿੱਤੀ ਸੀ ਕਿ ਅਕਾਲੀ ਖ਼ੂਨ ਖ਼ਰਾਬੇ ਦੀਆਂ ਧਮਕੀਆਂ ਬਾਰੇ ਮੁੜ ਵਿਚਾਰ ਕਰਨ। ਇਹ ਬਹਿਸ ਥਮੀ ਨਹੀਂ ਸਗੋਂ ਸ. ਬਾਦਲ ਨੇ ਮੁੱਖ ਮੰਤਰੀ ਨੂੰ ਆਪਣੀਆਂ ਜੇਲ੍ਹਾਂ ਦੇ ਦਰਵਾਜ਼ੇ ਖੋਲ੍ਹਣ ਲਈ ਕਹਿ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਗੋਲੀਆਂ ਖਾਣ ਲਈ ਆਪਣੀਆਂ ਛਾਤੀਆਂ ਅੱਗੇ ਕਰ ਦੇਣਗੇ। ਬਾਦਲ ਨੇ ਦਰਬਾਰਾ ਸਿੰਘ ਨੂੰ ਇਸ ਸਮਝੌਤੇ ‘ਤੇ ਅਸਤੀਫ਼ਾ ਦੇਣ ਦੀ ਵੀ ਗੱਲ ਆਖੀ ਸੀ।

ਇਸ ਗੰਭੀਰ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ(ਅ) ਦਾ ਕਹਿਣਾ ਹੈ ਕਿ 1984 ਤੋਂ 1997 ਦੇ ਸਮੇਂ ਲਈ ਅੱਤਵਾਦ, ਕਾਲਾ ਦੌਰ, ਸੰਤਾਪ, ਹਨੇਰ ਗਰਦੀ, ਵੱਖਵਾਦੀ ਦੌਰ ਵਰਗੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਬਾਅਦ ਅੱਜ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਾਹੋ ਦਾਹੀ ਐੱਸ.ਵਾਈ.ਐਲ ਨਹਿਰ ਨੂੰ ਪੂਰਨ ਵਿਚ ਲੱਗੀਆਂ ਹੋਈਆਂ ਹਨ ਤਾਂ ਕਿ ਲੋਕਾਂ ਦੀ ਹਮਦਰਦੀ ਲੈ ਕੇ 2017 ਦੀਆਂ ਚੋਣਾਂ ਲਈ ਮੰਚ ਤਿਆਰ ਕੀਤਾ ਜਾ ਸਕੇ ਪਰੰਤੂ ਯਾਦ ਰਹੇ ਕਿ ਇਹ ਉਹੀ ਖ਼ੂਨੀ ਨਹਿਰ ਹੈ ਜਿਸ ਨੇ ਸਾਡੇ ਪੰਜਾਬ ਦੇ ਅਨੇਕਾਂ ਯੋਧਿਆਂ ਦੀ ਕੁਰਬਾਨੀ ਦਾ ਖ਼ੂਨ ਪੀਤਾ ਹੈ, ਇਹ ਉਹੀ ਨਹਿਰ ਹੈ ਜਿਸ ਦੀ ਨੀਂਹ ਕਾਂਗਰਸ ਨੇ ਰੱਖੀ ਅਤੇ ਅਕਾਲੀ ਦਲ ਨੇ ਪਾਣੀਆਂ ਦਾ ਸਮਝੌਤਾ ਕਰਕੇ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨ ਦਾ ਸੱਦਾ ਪੱਤਰ ਦਿੱਤਾ ਪਰ ਪ੍ਰਣਾਮ ਹੈ ਕੌਮ ਦੇ ਉਨ੍ਹਾਂ ਯੋਧਿਆਂ ਨੂੰ ਜਿਨ੍ਹਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸਿਰਾਂ ਦੀ ਬਾਜ਼ੀ ਲਗਾ ਦਿੱਤੀ ਅੱਜ ਜਿੱਥੇ ਸਾਰੀਆਂ ਧਿਰਾਂ ਖ਼ੁਦ ਪਾਣੀਆਂ ਦੇ ਰਾਖੇ ਹੋਣ ਦੇ ਦਾਅਵੇ ਕਰ ਰਹੀਆਂ ਹਨ ਪਰੰਤੂ ਅਸਲੀਅਤ ਇਹ ਹੈ ਕਿ ਜਿਨ੍ਹਾਂ ਸੱਚਮੁੱਚ ਪਾਣੀਆਂ ਦੀ ਰਾਖੀ ਕੀਤੀ ਅੱਜ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਵੀ ਡਿੱਗ ਚੁੱਕੀਆਂ ਹਨ, ਟੁੱਟਿਆਂ ਹੋਈਆਂ ਮੰਜੀਆਂ ‘ਤੇ ਬੈਠੇ ਬਜ਼ੁਰਗ ਪੁੱਤਾਂ ਦੀ ਉਡੀਕ ਵਿਚ ਬਿਰਧ ਹੋ ਗਏ ਹਨ ਉਹ ਪੁੱਤ ਜੋ ਅਜੋਕੀਆਂ ਪਾਰਟੀਆਂ ਦੇ ਫ਼ੈਸਲਿਆਂ ਨੇ ਮਾਰ-ਖਪਾ ਦਿੱਤੇ। ਜਿਹੜੀਆਂ ਧਿਰਾਂ ਅੱਜ ਐੱਸ.ਵਾਈ.ਐਲ ਨਹਿਰ ਨੂੰ ਪੂਰਨ ਲਈ ਕਹੀਆਂ ਚੁੱਕੀ ਟੱਕ ਲਾਉਂਦੀਆਂ ਫਿਰਦੀਆਂ ਹਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਨ੍ਹਾਂ ਸਾਰੇ ਸਿਰਲੱਥ ਯੋਧਿਆਂ, ਮੇਰੀ ਕੌਮ ਦੇ ਸ਼ਹੀਦਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹੈ ਤੇ ਨਾਲ ਹੀ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹੈ ਕੇ ਅਣਖੀ ਅਤੇ ਗ਼ੈਰਤਮੰਦ ਹੋਣ ਦਾ ਸਬੂਤ ਦਿੰਦੇ ਉਨ੍ਹਾਂ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰੋ ਜਿਨ੍ਹਾਂ ਪੰਜਾਬ ਦੇ ਹੱਕਾਂ ਲਈ ਜੂਝ ਕੇ ਸ਼ਹੀਦੀਆਂ ਪਾਈਆਂ ਅਜੋਕੀਆਂ ਪਾਰਟੀਆਂ ਨੇ ਸਿਰਫ਼ ਸਿਆਸੀ ਰੋਟੀਆਂ ਸੇਕੀਆਂ ਹਨ ਤੇ ਸੇਕਦੇ ਰਹਿਣਗੇ ਸਿੱਜਦਾ ਕਰੋ ਉਨ੍ਹਾਂ ਘਰਾਂ ਨੂੰ ਜਿਨ੍ਹਾਂ ਤੁਹਾਡੇ ਘਰਾਂ ਦੀ ਰੌਸ਼ਨੀ ਲਈ ਖ਼ੁਦ ਨੂੰ ਬਾਲ ਲਿਆ।

ਅਰੁਣ ਆਹੂਜਾ(ਫ਼ਤਹਿਗੜ੍ਹ ਸਾਹਿਬ)।

ਮੋਬਾ-080543-07793