ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਾ: ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ- ਮਜੀਠੀਆ

By March 12, 2016 0 Comments


ਬਾਦਲ ਅਸਤੀਫਾ ਦੇਵੇ- ਸਰਨਾ, ਸਿਰਸਾ ਤੇ ਸੰਧੂ
beadvi
ਅੰਮ੍ਰਿਤਸਰ 12 ਮਾਰਚ (ਜਸਬੀਰ ਸਿੰਘ ਪੱਟੀ) ਅੱਜ ਇੱਕ ਵਾਰੀ ਫਿਰ ਸਿੱਖ ਸੰਗਤਾਂ ਦੇ ਉਸ ਵੇਲੇ ਹਿਰਦੇ ਵਲੂੰਧਰੇ ਗਏ ਜਦੋ ਵਿਧਾਨ ਸਭਾ ਹਲਕਾ ਮਜੀਠਾ ਦੇ ਘੇਰੇ ਅੰਦਰ ਆਉਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ਵਿਖੇ ਬੀਤੀ ਰਾਤ ਤਿੰਨ ਨੌਜਵਾਨਾਂ ਨੇ ਗੁਰਦੁਆਰੇ ਵਿੱਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਪੋਥੀਆ ਨੂੰ ਅੱਗ ਲਗਾ ਦਿੱਤੀ ਤੇ ਗੁਰੂ ਦੀ ਗੋਲਕ ਵਿੱਚ ਸੰਗਤਾਂ ਵੱਲੋ ਚੜਾਈ ਗਈ ਮਾਇਆ ਵੀ ਲੁੱਟ ਲਈ ਗਈ ਪਰ ਸੁਚੇਤ ਸੰਗਤਾਂ ਨੇ ਦੋਸ਼ੀਆ ਨੂੰ ਮੌਕੇ ਤੇ ਹੀ ਦਬੋਚ ਲਿਆ।
ਬੀਤੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਸਿੱਖ ਪੰਥ ਵੱਲੋ ਕੀਤੇ ਗਏ ਸੰਘਰਸ਼ ਉਪਰੰਤ ਅੱਜ ਤੱਕ ਭਾਂਵੇ ਬਹਿਬਲ ਕਲਾਂ ਦੇ ਦੋਸ਼ੀ ਨਹੀ ਫੜੇ ਗਏ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆ ਘਟਨਾਵਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋਣਾ ਕਿਸੇ ਸਾਜਿਸ਼ ਦਾ ਹਿੱਸਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਬੇਅਦਬੀ ਦੀ ਘਟਨਾਵਾਂ ਦੀ ਕੜੀ ਤਹਿਤ ਬੀਤੀ ਰਾਤ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸ੍ਰ ਬਿਕਰਮਜੀਤ ਸਿੰਘ ਮਜੀਠੀਆ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਘੇਰੇ ਅੰਦਰ ਆਉਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ਦੇ ਗੁਰੂਦੁਆਰੇ ਵਿੱਚ ਤਿੰਨ ਨੌਜਵਾਨਾਂ ਨਸ਼ੇ ਵਿੱਚ ਧੂਤ ਹੋ ਕੇ ਜੁੱਤੀਆ ਸਮੇਤ ਅਤੇ ਨੰਗੇ ਸਿਰ ਗੁਰੂਦੁਆਰੇ ਅੰਦਰ ਦਾਖਲ ਹੋ ਕੇ ਰਾਤ ਦੇ ਸਮੇਂ ਤੇ ਸ੍ਰੀ ਗੁਰੂ ਸਾਹਿਬ ਦੀ ਦੋ ਬੀੜਾਂ, ਧਾਰਮਿਕ ਪੋਥੀਆ ਤੇ ਗੁਟਕਿਆ ਨੂੰ ਅੱਗ ਲਗਾ ਕੇ ਬੇਅਦਬੀ ਕੀਤੀ ਜਿਹਨਾਂ ਵਿੱਚੋ ਇੱਕ ਨੂੰ ਪਿੰਡ ਵਾਸੀਆ ਨੇ ਮੌਕੇ ‘ਤੇ ਹੀ ਦਬੋਚ ਲਿਆ ਤੇ ਉਸ ਵੱਲੋ ਨਿਸ਼ਾਨਦੇਹੀ ਕੀਤੇ ਜਾਣ ਤੇ ਬਾਕੀ ਦੋ ਨੂੰ ਫੜ ਤੇ ਪੁਲੀਸ ਦੇ ਹਵਾਲੇ ਕਰ ਦਿੱਤਾ।
ਥਾਣਾ ਮੱਤੇਵਾਲ ਦੇ ਐਸ.ਐਚ.ਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆ ਨੂੰ ਜਦੋ ਇਸ ਘਟਨਾ ਦਾ ਪਤਾ ਲੱਗਾ ਤਾਂ ਪਿੰਡ ਵਾਲਿਆ ਨੇ ਦੋਸ਼ੀਆ ਨੂੰ ਰੰਗੇ ਹੱਥ ਦਬੋਚ ਲਿਆ ਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਘਟਨਾ ਪਿੱਛੇ ਜਿਹੜੀ ਸਾਜਿਸ਼ ਕੰਮ ਕਰ ਰਹੀ ਹੈ ਇਸ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੋਸ਼ੀ ਰਾਜੂ ਮਸੀਹ, ਪ੍ਰੇਮ ਟੀਟੂ ਅਤੇ ਸਮਸ਼ੇਰ ਦੇ ਖਿਲਾਫ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਹਨਾਂ ਸਪੱਸ਼ਟ ਕੀਤਾ ਕਿ ਦੋਸ਼ੀਆ ਨੇ ਗੁਰੂ ਘਰ ਵਿੱਚ ਸੰਗਤਾਂ ਵੱਲੋ ਚੜਾਈ ਗਈ ਮਾਇਆ ਵੀ ਗੋਲਕ ਵਿੱਚੋ ਲੁੱਟ ਲਈ। ਜਾਣਕਾਰੀ ਅਨੁਸਾਰ ਬੇਅਦਬੀ ਕਰਨ ਵਾਲੇ ਨੌਜਵਾਨਾਂ ਵਿੱਚੋ ਇੱਕ ਨੂੰ ਗੁਰਦੁਆਰੇ ਦੇ ਨਾਲ ਲੱਗਦੇ ਘਰ ਵਾਲਿਆ ਵੇਖਿਆ ਤਾਂ ਉਸ ਨੂੰ ਫੜ ਕੇ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਬਾਕੀ ਦੋ ਦੋਸ਼ੀਆ ਦੀ ਸ਼ਨਾਖਤ ਕਰਵਾ ਦਿੱਤੀ। ਐਸ.ਐਸ.ਪੀ ਸ੍ਰੀ ਜਸਦੀਪ ਸਿੰਘ ਨੇ ਕਿਹਾ ਕਿ ਦੋਸ਼ੀਆ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਤੇ ਕਿਸੇ ਧਾਰਮਿਕ ਅਸਥਾਨ ਦੇ ਅੰਦਰ ਜਬਰੀ ਦਾਖਲ ਹੋ ਕੇ ਬੇਅਦਬੀ ਕਰਨ ਦੀਆ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਦੋਸ਼ੀਆ ਦਾ ਤਿੰਨ ਦਿਨ ਦਾ ਜਿਸਮਾਨੀ ਰਿਮਾਂਡ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਦੀ ਪੁੱਛ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਗੁਰੂਦੁਆਰੇ ਦੇ ਅੰਦਰ ਗੋਲਕ ਚੋਰੀ ਕਰਨ ਲਈ ਦਾਖਲ ਹੋਏ ਸਨ ਤੇ ਉਹਨਾਂ ਨੇ ਧਿਆਨ ਦੂਜੇ ਪਾਸੇ ਲਗਾਉਣ ਲਈ ਬੀੜਾਂ ਤੇ ਧਾਰਮਿਕ ਪੋਥੀਆ ਨੂੰ ਅੱਗ ਲਗਾਈ ਹੈ। ਇਹਨਾਂ ਦੋਸ਼ੀਆ ਵਿੱਚੋ ਪ੍ਰੇਮ ਟੀਟੂ ਪਹਿਲਾਂ ਵੀ ਗੁਰੂਦੁਆਰੇ ਵਿੱਚੋ ਗੋਲਕ ਚੋਰੀ ਕਰਦਾ ਫੜਿਆ ਗਿਆ ਸੀ ਤੇ ਉਸ ਵਿਰੁੱਧ ਹੋਰ ਵੀ ਕਈ ਮੁਕੱਦਮੇ ਦਰਜ ਹਨ।
ਵਰਨਣਯੋਗ ਹੈ ਕਿ ਬੀਤੇ ਸਾਲ 1 ਜੂਨ ਨੂੰ ਬੁਰਜ ਜਵਾਹਰ ਸਿੰਘ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਇੱਕ ਬੀੜ ਚੋਰੀ ਹੋਈ ਸੀ ਜਿਸ ਨੂੰ ਸਰਕਾਰ ਤੇ ਪੁਲੀਸ ਲੱਭਣ ਵਿੱਚ ਨਾਕਾਮ ਰਹੇ ਤੇ ਅਕਤੂਬਰ ਮਹੀਨੇ ਵਿੱਚ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਬੇਅਦਬੀ ਹੋਈ ਜਿਸ ਨੂੰ ਲੈ ਕੇ ਸੰਗਤਾਂ ਨੇ ਸ਼ਾਤਮਈ ਰੋਸ ਪ੍ਰਗਟ ਕਰ ਰਹੀਆ ਸੰਗਤਾਂ ਤੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਸੈਕੜੇ ਲੋਕ ਫੱਟੜ ਹੋ ਗਏ। ਪੰਜਾਬ ਦੇ ਲੋਕਾਂ ਨੇ ਕਰੀਬ 13 ਦਿਨ ਸਾਰਾ ਪੰਜਾਬ ਜਾਮ ਕਰ ਦਿੱਤਾ ਪਰ ਫਿਰ ਵੀ ਮਾਮਲਾ ਕਿਸੇ ਤਨ ਪੱਤਨ ਨਾ ਲੱਗਾ ਤੇ ਉਸ ਤੋ ਬਾਅਦ ਕਈ ਹੋਰ ਥਾਵਾਂ ਤੇ ਵੀ ਬੀੜਾ ਦੀ ਬੇਅਦਬੀ ਹੋਈ। ਅਖੀਰ ਲੋਕਾਂ ਦਾ ਰੋਸ ਮੱਠਾ ਪਿਆ ਤੇ ਬੀਤੀ ਰਾਤ ਵਾਲੀ ਘਟਨਾ ਕਰੀਬ ਚਾਰ ਮਹੀਨੇ ਬਾਅਦ ਵਾਪਰੀ ਨਵੀ ਘਟਨਾ ਹੈ ਜਿਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਜਥੇਬੰਦੀਆ ਰਾਮਦੀਵਾਲੀ ਮੁਸਲਮਾਨਾਂ ਪਿੰਡ ਵਿਖੇ ਪਹੁੰਚਣੀਆ ਸ਼ੁਰੂ ਹੋ ਗਈਆ ਹਨ ਅਤੇ ਸਰਕਾਰ ਸੁਚੇਤ ਹੈ ਕਿ ਕੋਈ ਨਵਾਂ ਮੋਰਚਾ ਨਾ ਆਰੰਭ ਹੋ ਜਾਵੇ।
ਕੈਬਨਿਟ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਗਹਿਰੇ ਦੁੱਖ ਦੇ ਪ੍ਰਗਟਾਵਾ ਕਰਦਿਆ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ। ਉਹਨਾਂ ਨੇ ਮੌਕੇ ਤੋ ਮੌਜੂਦ ਪੁਲੀਸ ਤੇ ਸਿਵਲ ਅਧਿਕਾਰੀਆ ਨੂੰ ਘਟਨਾ ਦੀ ਬਰੀਕੀ ਨਾਲ ਜਾਂਚ ਕਰਨ ਦੇ ਵੀ ਆਦੇਸ਼ ਦਿੱਤੇ। ਇਸ ਘਟਨਾ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਪੰਥਕ ਜਥੇਬੰਦੀਆ ਵੀ ਭਾਰੀ ਗਿਣਤੀ ਵਿੱਚ ਪਹੁੰਚਣੀਆ ਸ਼ੁਰੂ ਹੋ ਗਈਆ ਜਿਹਨਾਂ ਨੇ ਜਾ ਕੇ ਸਾਰੇ ਮੌਕੇ ਦਾ ਜਾਇਜਾ ਲਿਆ ਤੇ ਗੜ ਕੇ ਸਵਾਹ ਹੋਈਆ ਬੀੜਾ ਨੂੰ ਮਰਿਆਦਾ ਅਨੁਸਾਰ ਸੰਭਲਾਦਿਆ ਉਹਨਾਂ ਨੂੰ ਜਲ ਪ੍ਰਵਾਹ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਲਿਜਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਧਾਨ ਸ੍ਰ ਪਰਮਜੀਤ ਸਿੰਘ ਸਰਨਾ , ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕਤੱਰ ਸ੍ਰ ਹਰਬੀਰ ਸਿੰਘ ਸੰਧੂ ਨੇ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਪੰਜਾਬ ਦੀ ਹਾਕਮ ਧਿਰ ਦੋਸ਼ੀ ਹੈ ਤੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਜਾਣ ਬੁੱਝ ਕੇ ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨਾ ਚਾਹੁੰਦੀ ਹੈ ਪਰ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਦੇ ਲੋਕ ਅਕਾਲੀਆ ਨੂੰ ਅਜਿਹਾ ਨਹੀ ਕਰਨ ਦੇਣਗੇ। ਉਹਨਾਂ ਸੰਗਤਾਂ ਨੂੰ ਸ਼ਾਤੀ ਬਣਾਈ ਰੱਖਣ ਦੀ ਅਪੀਲ ਕਰਦਿਆ ਕਿਹਾ ਕਿ ਸੰਗਤਾਂ ਜਿਥੇ ਜਿਥੇ ਵੀ ਬੈਠੀਆ ਹਨ ਚੋਪਈ ਸਾਹਿਬ ਦੇ ਪਾਠ ਕਰਨ।