ਮਾਮਲਾ ਫਰਜ਼ੀ ਪੁਲਿਸ ਮੁਕਾਬਲੇ ‘ਚ ਪੁੱਤਰ ਨੂੰ ਮਾਰਨ ਦਾ : ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿਵਾਉਣ ਲਈ 17 ਸਾਲਾਂ ਤੋਂ ਅਦਾਲਤਾਂ ਦੇ ਚੱਕਰ ਮਾਰ ਰਿਹੈ ਪਿਓ

By March 12, 2016 0 Comments


fakeਤਰਨਤਾਰਨ, 12ਮਾਰਚ (ਹਰਿੰਦਰ ਸਿੰਘ)-ਖਾੜਕੂਵਾਦ ਦੇ ਦੌਰ ‘ਚ ਫਰਜ਼ੀ ਪੁਲਿਸ ਮੁਕਾਬਲੇ ‘ਚ ਮਾਰੇ ਗਏ ਤਰਨਤਾਰਨ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਦਾ ਪਿਤਾ ਚਮਨ ਲਾਲ ਪਿਛਲੇ 17 ਸਾਲਾਂ ਤੋਂ ਆਪਣੇ ਪੁੱਤਰ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਸੀ.ਬੀ.ਆਈ. ਦੀ ਪਟਿਆਲਾ ਅਦਾਲਤ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਚੱਕਰ ਮਾਰ ਮਾਰ ਕੇ ਬਿਸਤਰੇ ‘ਤੇ ਆ ਪਿਆ ਹੈ | ਚਮਨ ਲਾਲ ਦੀਆਂ ਅੱਖਾਂ ਦੀ ਰੌਸ਼ਨੀ ਵੀ ਖ਼ਤਮ ਹੋਣ ਕੰਢੇ ਪਹੁੰਚ ਗਈ ਹੈ ਤੇ ਉਸਦਾ ਸਰੀਰ ਬੇਹੱਦ ਕਮਜ਼ੋਰ ਹੋ ਚੁੱਕਾ ਹੈ, ਇਸਦੇ ਬਾਵਜੂਦ 90 ਸਾਲਾ ਇਸ ਬਜ਼ੁਰਗ ਦੇ ਹੌਸਲੇ ਤਾਂ ਪੂਰੀ ਤਰ੍ਹਾਂ ਅਜੇ ਵੀ ਬੁਲੰਦ ਹਨ |

ਤਰਨਤਾਰਨ ਦੀ ਗਲੀ ਦਰਸ਼ਨ ਸਿੰਘ ਵਾਲੀ ਨਿਵਾਸੀ ਚਮਨ ਲਾਲ ਦੇ ਜੱਦੀ ਘਰ ਦੇ ਵਿਹੜੇ ‘ਚ ਹੀ ਮੰਜੀ ਉਪਰ ਪਏ ਚਮਨ ਲਾਲ ਨਾਲ ਘਰ ਵਿਚ ਉਸਦੇ ਛੋਟੇ ਲੜਕੇ ਪ੍ਰਵੀਨ ਕੁਮਾਰ ਤੋਂ ਇਲਾਵਾ ਉਸਦੀ ਨੂੰ ਹ ਹਾਜ਼ਰ ਸੀ | ਚਮਨ ਲਾਲ ਨੇ ਦੱਸਿਆ ਕਿ 22 ਜੂਨ, 1993 ਨੂੰ ਉਸਦੇ ਵੱਡੇ ਲੜਕੇ ਗੁਲਸ਼ਨ ਕੁਮਾਰ ਨੂੰ ਘਰੋਂ ਥਾਣਾ ਸਿਟੀ ਦੀ ਪੁਲਿਸ ਪਾਰਟੀ ਚੁੱਕ ਕੇ ਲੈ ਗਈ ਤੇ ਇਕ ਮਹੀਨੇ ਬਾਅਦ 22 ਜੁਲਾਈ ਨੂੰ ਪਿੰਡ ਪਲਾਸੌਰ ਨੇੜੇ ਝੂਠੇ ਮੁਕਾਬਲੇ ਬਣਾ ਦਿੱਤਾ ਗਿਆ | ਉਸ ਵੱਲੋਂ ਪੈਰਵੀਂ ਕਰਨ ‘ਤੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਜੰਮੂ ਵੱਲੋਂ ਕੀਤੀ ਗਈ ਤੇ ਇਸ ਫਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਉਸ ਸਮੇਂ ਦੇ ਡੀ.ਐੱਸ.ਪੀ. ਦਿਲਬਾਗ ਸਿੰਘ, ਐੱਸ.ਐੱਚ.ਓ. ਗੁਰਬਚਨ ਸਿੰਘ, ਏ.ਐੱਸ.ਆਈ. ਦਵਿੰਦਰ ਸਿੰਘ, ਬਲਬੀਰ ਸਿੰਘ ਅਤੇ ਅਰਜਨ ਸਿੰਘ ਪੁਲਿਸ ਮੁਲਾਜ਼ਮਾਂ ਖਿਲਾਫ ਸੀ.ਬੀ.ਆਈ ਨੇ 28 ਫਰਵਰੀ, 1997 ਨੂੰ ਕੇਸ ਦਰਜ ਕੀਤਾ, ਜਿਸ ਦੀ ਸੁਣਵਾਈ ਪਟਿਆਲਾ ਅਦਾਲਤ ਵਿਚ ਚੱਲੀ | ਮਾਮਲੇ ਵਿਚ ਉਕਤ ਪੁਲਿਸ ਕਰਮਚਾਰੀ 2 ਸਾਲ ਤੱਕ ਬੰਦ ਰਹੇ ਤੇ ਬਾਅਦ ਵਿਚ ਜ਼ਮਾਨਤ ‘ਤੇ ਬਾਹਰ ਆਏ | ਉਕਤ ਪੁਲਿਸ ਕਰਮਚਾਰੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਾਈ ਅਪੀਲ ਖਾਰਿਜ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ 2003 ਵਿਚ ਸੁਪਰੀਮ ਕੋਰਟ ਵੀ ਅਪੀਲ ਕਰ ਦਿੱਤੀ, ਜਿੱਥੇ ਅਜੇ ਤੱਕ ਫੈਸਲਾ ਨਹੀਂ ਹੋ ਸਕਿਆ |

ਚਮਨ ਲਾਲ ਨੇ ਭਾਰਤੀ ਅਦਾਲਤਾਂ ਦੇ ਦੇਰੀ ਦੇ ਫੈਸਲੇ ਤੋਂ ਖਫ਼ਾ ਹੁੰਦਿਆਂ ਕਿਹਾ ਕਿ ਜੇਕਰ ਅੰਗਰੇਜ਼ ਹਕੂਮਤ ਹੁੰਦੀ ਤਾਂ ਉਸ ਨੂੰ ਕਦੇ ਦਾ ਇਨਸਾਫ ਮਿਲ ਗਿਆ ਹੁੰਦਾ | ਸੀ.ਬੀ.ਆਈ. ਵੱਲੋਂ ਦਰਜ ਮਾਮਲੇ ਵਿਚ ਨਾਮਜਦ ਪੁਲਿਸ ਮੁਲਾਜ਼ਮ ਦਵਿੰਦਰ ਸਿੰਘ ਤੇ ਬਲਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ | ਬਾਕੀ ਮੁਲਾਜਮ ਜ਼ਮਾਨਤਾਂ ‘ਤੇ ਬਾਹਰ ਹਨ | ਚਮਨ ਲਾਲ ਨੇ ਆਪਣੀ ਵਿਗੜਦੀ ਸਿਹਤ ਕਾਰਨ ਹਲਫੀਆ ਬਿਆਨ ਤਿਆਰ ਕਰਕੇ ਇਹ ਵੀ ਕਿਹਾ ਹੈ ਕਿ 90 ਸਾਲ ਦੀ ਉਮਰ ਹੋਣ ਕਾਰਨ ਉਹ ਅਕਸਰ ਬਿਮਾਰ ਰਹਿੰਦਾ ਹੈ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਜੇਕਰ ਮੁਕੱਦਮੇ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ ਤਾਂ ਸੀ.ਬੀ.ਆਈ. ਸਾਹਮਣੇ ਦਿੱਤੇ ਉਸਦੇ ਬਿਆਨ ਦੇ ਆਧਾਰ ‘ਤੇ ਹੀ ਸਾਰੀ ਕਾਰਵਾਈ ਚਲਾਈ ਜਾਵੇ, ਉਸਦੀ ਮੌਤ ਤੋਂ ਬਾਅਦ ਉਸਦੇ ਕੇਸ ਦੀ ਪੈਰਵੀਂ ਕਰਨ ਦੇ ਅਧਿਕਾਰ ਲੜਕੇ ਪ੍ਰਵੀਨ ਕੁਮਾਰ, ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਵਕੀਲ ਜਗਦੀਪ ਸਿੰਘ ਰੰਧਾਵਾ, ਹਰਮਨਦੀਪ ਸਿੰਘ ਸਰਹਾਲੀ ਕੋਲ ਰਹਿਣਗੇੇ | ਚਮਨ ਲਾਲ ਅਨੁਸਾਰ ਉਸਦੇ ਪੁੱਤਰ ਨੂੰ ਪੁਲਿਸ ਮੁਕਾਬਲੇ ਵਿਚ ਮਾਰਨ ਵਾਲਿਆਂ ਵੱਲੋਂ 75 ਲੱਖ ਰੁਪਏ ਤੱਕ ਦੀ ਰਕਮ ਦੀ ਉਸਨੂੰ ਪੇਸ਼ਕਸ਼ ਕੀਤੀ ਸੀ ਜੋ ਉਹ ਠੁਕਰਾ ਚੁੱਕਾ ਹੈ, ਉਹ ਗ਼ਰੀਬ ਜ਼ਰੂਰ ਹੈ ਪਰ ਆਪਣੇ ਪੁੱਤਰ ਦੀ ਮੌਤ ਦਾ ਮੁੱਲ ਲੈ ਕੇ ਇਸ ਧਰਤੀ ਤੋਂ ਜਾਣਾ ਨਹੀਂ ਚਾਹੁੰਦਾ | ਚਮਨ ਲਾਲ ਨੇ ਆਪਣੀ ਆਖਰੀ ਇੱਛਾ ਜਤਾਈ ਕਿ ਜੇਕਰ ਭਾਰਤੀ ਕਾਨੂੰਨ ਉਸਦੇ ਲੜਕੇ ਗੁਲਸ਼ਨ ਕੁਮਾਰ ਦੇ ਪੁਲਿਸ ਮੁਕਾਬਲੇ ਸਬੰਧੀ ਫੈਸਲਾ ਜਲਦ ਸੁਣਾ ਦੇਵੇ ਤਾਂ ਉਹ ਸਕੂਨ ਨਾਲ ਮਰ ਸਕਦਾ ਹੈ |
Source: Ajit jalandhar
Tags: