ਹਰੀ ਸਿੰਘ ਨਲਵਾ ਅਤੇ ਜਮਰੌਦ ਕਿਲ੍ਹੇ ਦੀ ਜੰਗ

By March 11, 2016 0 Comments


nalwaਹਰੀ ਸਿੰਘ ਨਲਵਾ ਕੋਲ ਸੁਮੇਰਗੜ੍ਹ ਕਿਲ੍ਹੇ ਵਿੱਚ 10,000 ਫ਼ੌਜ ਸੀ। ਇਹ ਅਫ਼ਗ਼ਾਨਾਂ ਦੀ ਫ਼ੌਜ ਤੋਂ ਬਹੁਤ ਘੱਟ ਸੀ। ਸੁਮੇਰਗੜ੍ਹ ਦਾ ਕਿਲ੍ਹਾ ਬੜਾ ਵੱਡਾ ਤੇ ਮਜ਼ਬੂਤ ਸੀ। ਜੇ ਹਰੀ ਸਿੰਘ, ਮਹਾਰਾਜੇ ਦੇ ਆਦੇਸ਼ ਮੁਤਾਬਕ ਚਲਦਾ ਤਾਂ ਉਹ ਆਰਾਮ ਨਾਲ ਇਸ ਕਿਲ੍ਹੇ ਵਿੱਚ ਡਟਿਆ ਰਹਿੰਦਾ ਕਿਉਂਕਿ ਸਾਰੀ ਅਫ਼ਗ਼ਾਨ ਫ਼ੌਜ ਇਸ ਕਿਲ੍ਹੇ ‘ਤੇ ਕਬਜ਼ਾ ਨਹੀਂ ਸੀ ਕਰ ਸਕਦੀ। ਇਸ ਤੋਂ ਇਲਾਵਾ ਹਰੀ ਸਿੰਘ ਨੇ ਆਪਣਾ ਤੋਪਖ਼ਾਨਾ ਅਲੀ ਮਰਦਾਨ ਦੀ ਛੋਟੀ ਪਹਾੜੀ ਉਪਰ ਤਾਇਨਾਤ ਕੀਤਾ ਹੋਇਆ ਸੀ। ਉਹਨੇ ਸੁਮੇਰਗੜ੍ਹ ਨੂੰ ਸੰਭਾਲਣ ਵਾਸਤੇ 600 ਬੰਦੇ ਪਿੱਛੇ ਛੱਡੇ ਅਤੇ ਬਾਕੀ ਫ਼ੌਜ ਲੈ ਕੇ ਜਮਰੌਦ ਵੱਲ ਮਹਾਂ ਸਿੰਘ ਦੀ ਮਦਦ ਵਾਸਤੇ ਕੂਚ ਕੀਤਾ। ਹਰੀ ਸਿੰਘ ਨਲਵਾ, ਦੋਸਤ ਮੁਹੰਮਦ ਦੀ ਫ਼ੌਜ ਨੂੰ ‘ਖ਼ੈਬਰ’ ਦੇ ਮੂੰਹ ‘ਤੇ ਹੀ ਦਲੇਰੀ ਤੇ ਬਹਾਦਰੀ ਨਾਲ ਟੱਕਰ ਲੈ ਕੇ ਰੋਕਣਾ ਚਾਹੁੰਦਾ ਸੀ। ਉਸ ਦੀ ਮਸ਼ਹੂਰੀ ਇੱਕ ਸਫ਼ਲ ਕਮਾਂਡਰ ਦੇ ਤੌਰ ‘ਤੇ ਸੀ ਅਤੇ ਉਹਦੇ ਮੈਦਾਨ ਵਿੱਚ ਆਉਣ ਨਾਲ ਹੀ ਜੰਗ ਦਾ ਰੁਖ਼ ਬਦਲ ਜਾਣਾ ਸੀ। ਹਰੀ ਸਿੰਘ ਨਲਵੇ ਨੂੰ ਪਤਾ ਸੀ ਕਿ ਉਹ ਸੁਮੇਰਗੜ੍ਹ ਵਿੱਚ ਟਿਕ ਕੇ ਲਾਹੌਰ ਤੋਂ ਆਉਣ ਵਾਲੀਆਂ ਫ਼ੌਜਾਂ ਦਾ ਇੰਤਜ਼ਾਰ ਕਰਨ ਲੱਗ ਪਿਆ ਤਾਂ ਅਫ਼ਗ਼ਾਨ ਜਮਰੌਦ ਦੇ ਕਿਲ੍ਹੇ ਵਿੱਚ ਬੈਠੇ ਖ਼ਾਲਸਾ ਰਾਜ ਦੇ ਬੰਦੇ ਕਤਲ ਕਰਕੇ ਆਲੇ-ਦੁਆਲੇ ਦੇ ਪਿੰਡ ਤਬਾਹ ਕਰ ਦੇਣਗੇ ਤੇ ਵਸਨੀਕਾਂ ਨੂੰ ਕਤਲ ਕਰ ਦੇਣਗੇ। ਜੇ ਅਜਿਹਾ ਹੋਇਆ ਤਾਂ ਅਫ਼ਗ਼ਾਨਾਂ ਲਈ ‘ਅਟਕ’ ਦਾ ਰਾਹ ਖੁੱਲ੍ਹ ਜਾਵੇਗਾ। ਅਫ਼ਗ਼ਾਨ, ਖ਼ਾਲਸਾ ਫ਼ੌਜ ਵੱਲੋਂ ਵੱਡੀਆਂ ਕੁਰਬਾਨੀਆਂ ਦੇ ਕੇ ਜਿੱਤੇ ਹੋਏ ਨਾਰਥ ਵੈਸਟ ਫ਼ਰੰਟੀਅਰ ਦੇ ਇਲਾਕੇ ਨੂੰ ਮੁੜ ਆਪਣੇ ਕਬਜ਼ੇ ਵਿੱਚ ਕਰ ਲੈਣਗੇ।
ਜਰਨੈਲ ਹਰੀ ਸਿੰਘ ਨੇ ਮੌਕੇ ਦੇ ਹਾਲਾਤ ਭਲੀ-ਭਾਂਤ ਸਮਝ ਕੇ, ਜਮਰੌਦ ਜਾ ਕੇ ਅਫ਼ਗ਼ਾਨਾਂ ਨਾਲ ਟੱਕਰ ਲੈਣੀ ਖ਼ਾਲਸਾ ਰਾਜ ਦੇ ਹੱਕ ਵਿੱਚ ਠੀਕ ਸਮਝੀ। ਹਰੀ ਸਿੰਘ ਨਲਵੇ ਦਾ ਦਬਦਬਾ, ਦਲੇਰੀ, ਬਹਾਦਰੀ ਤੇ ਫ਼ੌਜੀ ਸੂਝ-ਬੂਝ ਤੋਂ ਅਫ਼ਗ਼ਾਨ ਘਬਰਾਉਂਦੇ ਸਨ। ਉਹ ਖ਼ਾਲਸਾ ਫ਼ੌਜ ਦੇ ਇਸ ਨਿਰਭੈ ਜਰਨੈਲ ਤੋਂ ਕਈ ਵਾਰੀ ਮਾਤ ਖਾ ਚੁੱਕੇ ਸਨ। ਹਰੀ ਸਿੰਘ ਨਲਵਾ ਜਮਰੌਦ, ਪਿਸ਼ਾਵਰ ਅਤੇ ਨਾਰਥ ਵੈਸਟ ਫ਼ਰੰਟੀਅਰ ਵਾਲੇ ਇਲਾਕੇ ਦੀ ਖ਼ਾਲਸਾ ਰਾਜ ਲਈ ਅਹਿਮੀਅਤ ਸਮਝਦਾ ਸੀ। ਉਹਨੂੰ ਪਤਾ ਸੀ ਕਿ ਸਾਹਮਣੇ ਅਫ਼ਗ਼ਾਨਾਂ ਦੀ ਬਹੁਤ ਵੱਡੀ ਫ਼ੌਜ ਹੈ ਜੋ ਖ਼ਾਲਸਾ ਫ਼ੌਜ ਤੋਂ ਕਈ ਗੁਣਾ ਵੱਧ ਹੈ। ਇਸ ਵੇਲੇ ਮਰਨ-ਮਾਰਨ ਤੇ ਕੁਰਬਾਨੀ ਦਾ ਸਮਾਂ ਆ ਗਿਆ ਹੈ। ਜਰਨੈਲ ਹਰੀ ਸਿੰਘ ਨਲਵਾ ਜਾਨ ਤਲੀ ‘ਤੇ ਰੱਖ ਕੇ ਖ਼ਾਲਸਾ ਫ਼ੌਜ ਨਾਲ ਲੈ ਜਮਰੌਦ ਵੱਲ ਚੱਲ ਪਿਆ। ਉਹ ਲਾਹੌਰ ਦੇ ਹਾਲਾਤ ਨੂੰ ਸਮਝਦਾ ਸੀ ਤੇ ਉਹਨੂੰ ਪਤਾ ਸੀ ਕਿ ਨੌਨਿਹਾਲ ਸਿੰਘ ਦੀ ਸ਼ਾਦੀ ਦੇ ਜਸ਼ਨਾਂ ਉਪਰੰਤ ਤੁਰਨ ਵਾਲੀ ਫ਼ੌਜ ਜਮਰੌਦ ਪਹੁੰਚਣ ਤਕ ਅਫ਼ਗ਼ਾਨ ਇਲਾਕੇ ਜਿੱਤ ਕੇ ਆਪਣੇ ਅਧੀਨ ਕਰ ਚੁੱਕੇ ਹੋਣਗੇ। ਇਸ ਕਰਕੇ ਹੁਣ ਹੀ ਸਮਾਂ ਹੈ ਪਠਾਣ ਫ਼ੌਜਾਂ ਨਾਲ ਟੱਕਰ ਲੈ ਕੇ ਉਨ੍ਹਾਂ ਨੂੰ ਰੋਕਣ ਦਾ।
ਅਫ਼ਗ਼ਾਨ 30 ਅਪਰੈਲ 1837 ਦੀ ਸਵੇਰ ਨੂੰ ਜਮਰੌਦ ਦਾ ਕਿਲ੍ਹਾ ਘੇਰ ਕੇ ਸਮਝ ਰਹੇ ਸਨ ਕਿ ਜਿੱਤ ਉਨ੍ਹਾਂ ਦੀ ਹੈ ਕਿ ਅਚਾਨਕ ਲੜਾਈ ਦੇ ਮੈਦਾਨ ਵਿੱਚ ਹਰੀ ਸਿੰਘ ਨਲਵਾ ਪੁੱਜ ਗਿਆ। ਹਰੀ ਸਿੰਘ ਨਲਵੇ ਕੋਲ ਸੱਤ ਬਟਾਲੀਅਨ ਇਨਫ਼ੈਂਟਰੀ ਸੀ ਤੇ 4,500 ਘੁੜਸਵਾਰ ਸਨ। ਉਸ ਕੋਲ ਵੱਖ-ਵੱਖ ਆਕਾਰ ਦੀਆਂ 25 ਤੋਪਾਂ ਸਨ। ਇਸ ਫ਼ੌਜ ਵਿੱਚ ਦੋ ਬਟਾਲੀਅਨ ਅਤੇ 4,000 ਘੁੜਸਵਾਰ ਜਮਾਂਦਾਰ ਖੁਸ਼ਾਲ ਸਿੰਘ ਦੇ ਸਨ ਜਿਨ੍ਹਾਂ ਬਾਰੇ ਉਹਨੂੰ ਭਰੋਸਾ ਨਹੀਂ ਸੀ ਕਿਉਂਕਿ ਜਮਾਂਦਾਰ ਉਹਦੇ ਖ਼ਿਲਾਫ਼ ਸੀ।
ਜਰਨੈਲ ਹਰੀ ਸਿੰਘ ਨਲਵੇ ਦੀਆਂ ਫ਼ੌਜਾਂ ਨੇ ਦੁਸ਼ਮਣ ਦੀਆਂ ਤਿੰਨ ਤੋਪਾਂ ਕਬਜ਼ੇ ਵਿੱਚ ਲੈ ਲਈਆਂ ਅਤੇ ਅਫ਼ਗ਼ਾਨਾਂ ਦੇ ਪੈਰ ਮੁਕੰਮਲ ਤੌਰ ‘ਤੇ ਉਖਾੜ ਦਿੱਤੇ। ਮੁੱਲਾਂ ਮੁਹਮੰਦ ਖ਼ਾਨ, ਨਾਇਬ ਅਮੀਰ ਅਖੁੰਡਜ਼ਾਦਾ ਅਤੇ ਨਾਇਬ ਜ਼ਰੀਨ ਖ਼ਾਨ ਦੇ ਪੈਰ ਉੱਖੜ ਗਏ। ਉਨ੍ਹਾਂ ਦੀ ਫ਼ੌਜ ਜ਼ਖ਼ਮੀ ਅਫ਼ਗ਼ਾਨ ਸਰਦਾਰਾਂ ਨੂੰ ਮੈਦਾਨ ਵਿੱਚ ਹੀ ਛੱਡ ਕੇ ਤਿੱਤਰ-ਬਿੱਤਰ ਹੋ ਗਈ। ਬਾਕੀ ਅਫ਼ਗ਼ਾਨ ਡਵੀਜ਼ਨਾਂ ਵਿੱਚ ਵੀ ਭਾਜੜ ਪੈ ਗਈ। ਸਿਰਫ਼ ਮੁਹੰਮਦ ਅਫ਼ਜ਼ਲ ਖ਼ਾਨ ਮੈਦਾਨ ਵਿੱਚ ਟਿਕਿਆ ਰਿਹਾ। ਦੋਸਤ ਮੁਹੰਮਦ ਦਾ ਛੋਟਾ ਪੁੱਤਰ ਮੁਹੰਮਦ ਹੈਦਰ ਖ਼ਾਨ ਮੈਦਾਨ ਵਿੱਚੋਂ ਭੱਜ ਗਿਆ। ਦੋਸਤ ਮੁਹੰਮਦ ਦੇ ਦੂਜੇ ਪੁੱਤਰ ਤੇ ਨਵਾਬ ਜੱਬਾਰ ਖ਼ਾਨ ਹਾਲੇ ਪਹਾੜਾਂ ਵਿੱਚ ਲੁਕੇ ਹੋਏ ਸਨ। ਪਹਾੜੀਆਂ ਵਿੱਚ ਲੁਕਿਆ ਹੋਇਆ ਮੁਹੰਮਦ ਅਕਬਰ ਖ਼ਾਨ ਆਪਣੇ ਸਾਹਮਣੇ ਸਿੱਖ ਫ਼ੌਜ ਦੀ ਟੁਕੜੀ ਦੇਖ ਕੇ ਲੜਨ ਨੂੰ ਵਧਿਆ ਪਰ ਟਿਕ ਨਾ ਸਕਿਆ। ਇਸ ਘਮਾਸਾਨ ਲੜਾਈ ਵਿੱਚ ਖ਼ਾਲਸਾ ਫ਼ੌਜ ਦੀ ਮੁੱਢਲੀ ਜਿੱਤ ਹੋਈ। ਮਿਸਰ ਹਰੀ ਚੰਦ ਲਿਖਦਾ ਹੈ :
ਜ਼ੋਏ-ਜ਼ਾਹਰਾ ਰਹੇ ਨਾ ਜ਼ਰਾ ਕਾਇਮ, ਐਸਾ ਸਿੱਖਾਂ ਪਠਾਣਾਂ ਨੂੰ ਡੰਗਿਆ ਜੀ।
ਹਰੀ ਸਿੰਘ ਸਰਦਾਰ ਤਲਵਾਰ ਫੜਕੇ, ਮੂੰਹ ਸੈਆਂ ਪਠਾਣਾਂ ਦਾ ਰੰਗਿਆ ਜੀ।
ਅਫ਼ਜ਼ਲ ਖ਼ਾਨ ਪਠਾਣ ਦਲੇਰ ਯਾਰੋ, ਮੂੰਹ ਫੇਰ ਕੇ ਲੜਨ ਤੋਂ ਸੰਗਿਆ ਜੀ।
ਕਾਦਰਯਾਰ ਉਹ ਛਡ ਮੈਦਾਨ ਗਿਆ, ਦਰ੍ਹਾ ਜਾ ‘ਖ਼ੈਬਰ’ ਵਾਲਾ ਲੰਘਿਆ ਜੀ£।
(Misr Hari Chand urf Qadaryaar, late AIth cent : Siharfi Teeji, 182)
ਉਸ ਦਿਨ ਦੀ ਜੰਗ ਦੇ ਹਾਲਾਤ ਬਾਰੇ ਕਈ ਵੇਰਵੇ ਮਿਲਦੇ ਹਨ। ਇੱਕ ਵੇਰਵੇ ਅਨੁਸਾਰ ਜਿਸ ਵੇਲੇ ਜਰਨੈਲ ਹਰੀ ਸਿੰਘ ਨਲਵਾ ਆਪਣੀਆਂ ਫ਼ੌਜਾਂ ਨੂੰ ਵੰਗਾਰ ਕੇ ਹੌਸਲਾ ਦੇ ਕੇ ਮੁੜ ਲੜਾਈ ਵਿੱਚ ਪਹੁੰਚਿਆ ਤਾਂ ਉਸ ਵੇਲੇ ਦੋ ਗੋਲੀਆਂ ਨਲਵਾ ਸਰਦਾਰ ਨੂੰ ਲੱਗੀਆਂ— ਇੱਕ ਵੱਖੀ ਵਿੱਚ ਤੇ ਦੂਜੀ ਪੇਟ ਵਿੱਚ। ਸਰਦਾਰ ਅਤਿ ਦਾ ਜ਼ਖ਼ਮੀ ਹੋ ਗਿਆ ਤੇ ਘੋੜਾ ਮੋੜ ਕੇ ਕਿਲ੍ਹੇ ਨੂੰ ਆ ਗਿਆ। ਉੱਥੇ ਮਹਾਂ ਸਿੰਘ ਤੇ ਬਾਕੀਆਂ ਨੇ ਰਲ ਕੇ ਘੋੜੇ ਤੋਂ ਉਤਾਰਿਆ ਤੇ ਦੇਖ-ਭਾਲ ਸ਼ੁਰੂ ਕੀਤੀ। ਉਹਦੇ ਜ਼ਖ਼ਮ ਖ਼ਤਰੇ ਵਾਲੇ ਸਨ ਤੇ ਬਹੁਤ ਖ਼ੂਨ ਵਗ ਰਿਹਾ ਸੀ। ਮੈਦਾਨ-ਏ-ਜੰਗ ਤੋਂ ਕਿਲ੍ਹੇ ਵਿੱਚ ਪਹੁੰਚ ਕੇ ਜਰਨੈਲ ਬਹੁਤ ਦੇਰ ਨਹੀਂ ਜੀ ਸਕਿਆ। ਮਰਨ ਤੋਂ ਪਹਿਲਾਂ ਉਹਨੇ ਮਹਾਂ ਸਿੰਘ ਨੂੰ ਸਖ਼ਤ ਹਦਾਇਤ ਕੀਤੀ ਕਿ ਉਸ ਦੀ ਮੌਤ ਦੀ ਖ਼ਬਰ ਬਾਹਰ ਨਾ ਨਿਕਲਣ ਦੇਵੇ ਜਦੋਂ ਤਕ ਲਾਹੌਰ ਤੋਂ ਫ਼ੌਜਾਂ ਮਦਦ ਲਈ ਨਹੀਂ ਪਹੁੰਚ ਜਾਂਦੀਆਂ ਸਨ। ਮਰਨ ਉਪਰੰਤ ਹਰੀ ਸਿੰਘ ਨਲਵਾ ਦਾ ਉਸੇ ਰਾਤ ਹੀ ਕਿਲ੍ਹ੍ਹ੍ਹੇ ਵਿੱਚ ਸਸਕਾਰ ਕਰ ਦਿੱਤਾ ਗਿਆ। ਅਫ਼ਗ਼ਾਨਾਂ ਨੇ ਮੰਨਿਆ ਕਿ ਖ਼ਾਲਸਾ ਫ਼ੌਜ ਵੱਲੋਂ ਉਹ ਉਸ ਦਿਨ ਪਛਾੜੇ ਗਏ। ਖ਼ਾਲਸਾ ਫ਼ੌਜ ਦੀ ਜਿੱਤ ਵਿੱਚ ਉਨ੍ਹਾਂ ਦੇ ਕਮਾਂਡਰ ਹਰੀ ਸਿੰਘ ਨਲਵੇ ਨੂੰ ਸ਼ਹਾਦਤ ਪ੍ਰਾਪਤ ਹੋਈ। ਜਰਨੈਲ ਹਰੀ ਸਿੰਘ ਦੀ ਸ਼ਹਾਦਤ ਬਾਰੇ ਕਵੀ ਲਿਖਦਾ ਹੈ:
ਜਾਂ ਕੋ ਸੁਨ ਨਾਮ, ਓ ਬਹਾਦੁਰੀ ਕੇ ਕਾਮ,
ਦੇਖ ਨੀਤ ਪ੍ਰੀਤ ਸ਼ਾਮ, ਸਭ ਮੁਗ਼ਲ ਠਹਿਰਾਏ ਜਾਤ।
ਧਿਆਵਤ ਜੀਆ ਤੇ, ਜੋਊ ਬੀਰ ਸੁਨ ਪਾਤੇ,
ਉਪਮਾ ਦੁਸ਼ਮਨ ਭੀ ਗਾਤੇ, ਦੇਖ ਸੁਧ ਵਿਸਰਾਏ ਜਾਤ।
ਦਸਮ ਗੁਰੂ ਜੀ ਪਿਆਰੇ, ਬੀਰ ਰਸ ਕੇ ਸੰਵਾਰੇ,
ਸੱਤ ਧਰਮ ਰਖਵਾਰੇ, ਕਰੁਨਾ ਰਸੁ ਵਰਸਾਏ ਜਾਤ।
ਗਏ ਜਗਤ ਹੂੰ ਕੋ ਛੋੜ, ਏਸ ਠੀਕਰੇ ਕੋ ਫ਼ੋੜ,
ਮਹਾਰਾਜ ਹਰਿਦੇ ਤੋੜ, ਹਰੀ ਹਰ ਪਦ ਪਾਏ ਜਾਤ£।
(Amar Singh, 1903: 142)
ਇਹ ਸਫ਼ਲਤਾ ਏਨੀ ਵੱਡੀ ਸੀ ਕਿ ਹਰੀ ਸਿੰਘ ਨਲਵਾ ਨੂੰ ਮਾਰਨ ਲਈ ਦੋ ਅੰਗਰੇਜ਼ ਤੇ ਇੱਕ ਅਮਰੀਕੀ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਾਉਂਦੇ ਹਨ। ਅੰਗਰੇਜ਼ ਕੰਪਨੀ ਦੀ ਮਿਲਟਰੀ ਦਾ ਅਫ਼ਸਰ ‘ਫ਼ਾਸਟ’ ਲਿਖਦਾ ਹੈ ਕਿ ਉਹਨੇ ਅਕਬਰ ਖ਼ਾਨ ਨੂੰ ਖ਼ਬਰ ਦਿੱਤੀ ਸੀ ਕਿ ਪਿਸ਼ਾਵਰ ਵੱਲ ਸਿੱਖ ਫ਼ੌਜ ਦੀ ਗਿਣਤੀ ਥੋੜ੍ਹੀ ਹੈ ਤੇ ਉਹ ਇਸ ਮੌਕੇ ਦਾ ਫਾਇਦਾ ਉਠਾ ਸਕਦਾ ਹੈ। ਇੱਕ ਅਮਰੀਕੀ ‘ਮਿਸਟਰ ਹਾਰਲਨ’ ਨੇ ਸੰਨ 1831 ਵਿੱਚ ਖ਼ਾਲਸਾ ਸਰਕਾਰ ਦੀ ਨੌਕਰੀ ਹਾਸਲ ਕੀਤੀ ਪਰ ਉਹ ਬਹੁਤ ਦਗ਼ਾਬਾਜ਼ੀ ਤੇ ਬਦਤਮੀਜ਼ੀ ਕਰਦਾ ਸੀ। ਮਹਾਰਾਜਾ ਸਾਹਿਬ ਨੇ ਹੁਕਮ ਦਿੱਤਾ ਕਿ ਇਸ ਨੂੰ ਨੰਗੇ ਪੈਰ ਸ਼ਹਿਰ ਵਿੱਚੋਂ ਬਾਹਰ ਕੱਢ ਦੇਵੋ। ਇਸ ਅਮਰੀਕੀ ਨੇ ਕਾਬੁਲ ਜਾ ਕੇ ਦੋਸਤ ਮੁਹੰਮਦ ਕੋਲ ਨੌਕਰੀ ਕਰ ਲਈ ਅਤੇ ਸੌਂਹ ਖਾਧੀ ਕਿ ਉਹ ਅਫ਼ਗ਼ਾਨ ਫ਼ੌਜ ਲਿਜਾ ਕੇ ਖ਼ਾਲਸਾ ਸਰਕਾਰ ਤੋਂ ਬਦਲਾ ਲਵੇਗਾ। ਜਮਰੌਦ ਦੀ ਲੜਾਈ ਤੋਂ ਬਾਅਦ ਉਸ ਨੇ ਸ਼ੇਖੀ ਮਾਰੀ ਕਿ ਉਸ ਨੇ ਆਪਣਾ ਬਦਲਾ ਲੈ ਲਿਆ ਹੈ।
ਖ਼ਾਲਸਾ ਫ਼ੌਜ ਨੇ ਆਪਣੇ ਨਾਲੋਂ ਘੱਟੋ-ਘੱਟ ਪੰਜ ਗੁਣਾਂ ਅਫ਼ਗ਼ਾਨ ਫ਼ੌਜ ਦਾ ਮੁਕਾਬਲਾ ਕੀਤਾ ਅਤੇ ਧੋਖੇ ਤੇ ਸਾਜ਼ਿਸ਼ਾਂ ਦੇ ਬਾਵਜੂਦ ਜਮਰੌਦ ਤੇ ਪਿਸ਼ਾਵਰ ਹੱਥੋਂ ਨਹੀਂ ਜਾਣ ਦਿੱਤੇ। ਹਰੀ ਸਿੰਘ ਨਲਵਾ ਦੇ ਨਾਂ ਦੇ ਡਰ ਨੇ ਅਫ਼ਗ਼ਾਨਾਂ ਨੂੰ ਦੋ ਹਫ਼ਤੇ ਤਕ ਅੱਗੇ ਵਧਣ ਤੋਂ ਰੋਕੀ ਰੱਖਿਆ। ਇਸ ਤੋਂ ਬਾਅਦ ਅਫ਼ਗ਼ਾਨ ਆਪਣੀ ਸਾਰੀ ਫ਼ੌਜ ਅੱਗੇ ਲਿਜਾਣ ਦੀ ਬਜਾਏ ਪਿੱਛੇ ਪਰਤ ਗਏ। ਖ਼ਾਲਸਾ ਕੈਂਪ ਤੇ ਅਫ਼ਗ਼ਾਨ ਕੈਂਪ ਵਿੱਚ ਵੀ ਸਾਜ਼ਿਸ਼ਾਂ ਸਨ।
ਡਾ. ਵਨੀਤਾ ਨਲਵਾ
ਅਨੁਵਾਦ – ਗੁਰ ਪ੍ਰਤਾਪ ਸਿੰਘ
Tags:
Posted in: ਸਾਹਿਤ