ਸਿੱਖ ਜਰਨੈਲ ਹਰੀ ਸਿੰਘ ਨਲਵਾ

By March 10, 2016 0 Comments


hari_singh_nalwaਹਰੀ ਸਿੰਘ ਨਲਵੇ ਦਾ ਨਾਂ ਸਿੱਖ ਸ਼ਹੀਦਾਂ, ਸਿੱਖ ਜਰਨੈਲਾਂ, ਸਫ਼ਲ ਪ੍ਰਬੰਧਕਾਂ ਅਤੇ ਧਰਮੀ ਜੀਉੜਿਆਂ ਦੀ ਪਹਿਲੀ ਕਤਾਰ ਵਿੱਚ ਆਉਂਦਾ ਹੈ। ਸ਼ਹੀਦ ਤਾਂ ਸਾਰੇ ਹੀ ਸਤਿਕਾਰਯੋਗ ਹੁੰਦੇ ਹਨ ਪਰ ਹਰੀ ਸਿੰਘ ਨਲਵੇ ਦੇ ਸਿੱਖ ਰਾਜ ਦੀ ਰੱਖਿਆ ਅਤੇ ਸਾਰ ਵਿਸਥਾਰ ਲਈ ਕੀਤੇ ਗਏ ਕਾਰਨਾਮੇ, ਅਤੇ ਦਿੱਤੀ ਗਈ ਸ਼ਹਾਦਤ ਅਮੋਲਕ ਹੈ।
ਸੰਨ 1791 ਵਿੱਚ ਪੈਦਾ ਹੋਏ ਹਰੀ ਸਿੰਘ ਨੂੰ 1805 ਈ: ਵਿੱਚ ਬਸੰਤੀ ਦਰਬਾਰ ਸਮੇਂ ਜੰਗੀ ਕਰਤੱਵ-ਵਿੱਦਿਆ ਦੀ ਪ੍ਰਵੀਨਤਾ ਸਦਕਾ ਜਰਨੈਲਾਂ, ਸੂਰਬੀਰਾਂ ਦੇ ਕਦਰਦਾਨ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ”ਫ਼ੌਜ-ਏ-ਖ਼ਾਸ” ਵਿੱਚ ਸ਼ਾਮਲ ਕਰ ਲਿਆ। ਸ਼ੇਰੇ-ਪੰਜਾਬ ਦੇ ਸਨਮੁੱਖ ਸ਼ੇਰ ਦਾ ਸ਼ਿਕਾਰ ਕਰ ਸ੍ਰ: ਹਰੀ ਸਿੰਘ ”ਨਲਵੇ” ਦਾ ਖਿਤਾਬ ਪ੍ਰਾਪਤ ਕਰ, ”ਸ਼ੇਰ ਦਿਲ ਰਜਮੈਂਟ” ਦਾ ਜਰਨੈਲ ਨਿਯੁਕਤ ਹੋਇਆ। ਹਰੀ ਸਿੰਘ ਨਲਵੇ ਨੇ ਸਦੀਆਂ ਤੋਂ ਗ਼ੁਲਾਮ ਭਾਰਤੀਆਂ ਨੂੰ ਗੁਲਾਮੀ ਤੋਂ ਨਿਜਾਤ ਹੀ ਨਹੀਂ ਦਿਵਾਈ ਸਗੋਂ ਕਸ਼ਮੀਰ, ਹਜ਼ਾਰਾ, ਪਿਸ਼ਾਵਰ ‘ਤੇ ਕੇਸਰੀ ਪਰਚਮ ਝੁਲਾ, ਖ਼ਾਲਸਾ ਰਾਜ ਦਾ ਸਾਰ ਵਿਸਥਾਰ ਵੀ ਕੀਤਾ। ਉਨ੍ਹਾਂ ਨੇ ਤੀਖਣ ਬੁੱਧੀ, ਸਿਆਣਪ ਤੇ ਸਫ਼ਲ ਪ੍ਰਸ਼ਾਸਕ ਖ਼ੂਬੀਆਂ ਸਦਕਾ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਵਿੱਚ ਖ਼ਾਸ ਥਾਂ ਬਣਾ ਲਈ। ਇਸੇ ਲਈ ਮਹਾਰਾਜ ਅਕਸਰ ਕਿਹਾ ਕਰਦੇ ਸਨ ਕਿ ‘ਰਾਜ ਕਰਨ ਲਈ ਤੇਰੇ ਵਰਗੇ ਆਦਮੀ ਹੋਣੇ ਜ਼ਰੂਰੀ ਹਨ।
ਹਰੀ ਸਿੰਘ ਨੇ ਜਿੱਤਾਂ ਪ੍ਰਾਪਤ ਕਰ, ਸਿੱਖ ਰਾਜ ਦੀ ਰਾਖੀ ਤੇ ਵਿਸਥਾਰ ਕਰ, ਸਫ਼ਲ ਪ੍ਰਬੰਧਕ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਕਸ਼ਮੀਰ ਦੇ ਪ੍ਰਬੰਧ ਤੋਂ ਖ਼ੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਕੋਈ ਵੱਡਾ ਰੁਤਬਾ ਦੇਣਾ ਚਾਹਿਆ ਤਾਂ ਜੋ ਇਸ ਮਹਾਨ ਜਰਨੈਲ ਦੀ ਮਹਾਨ ਪ੍ਰਤਿਭਾ ਦਾ ਯੋਗ ਸਤਿਕਾਰ ਕੀਤਾ ਜਾ ਸਕੇ। ਕਈ ਦਿਨਾਂ ਦੀ ਸੋਚ-ਵਿਚਾਰ ਉਪਰੰਤ ਹਰੀ ਸਿੰਘ ਨੂੰ ਆਪਣੇ ਨਾਂ ਸਿੱਕਾ ਜਾਰੀ ਕਰਨ ਦੀ ਹਦਾਇਤ ਕੀਤੀ। ਇਸ ਤਰ੍ਹਾਂ ਪਿਸ਼ਾਵਰ ਦੀ ਜਿੱਤ ਤੇ ਪ੍ਰਬੰਧ ਤੋਂ ਖ਼ੁਸ਼ ਹੋ ਕੇ ਦੂਜੀ ਵਾਰ ਉਸ ਨੂੰ ਆਪਣੇ ਨਾਂ ਸਿੱਕਾ ਜਾਰੀ ਕਰਨ ਦੀ ਆਗਿਆ ਕੀਤੀ ਗਈ।
ਹਰੀ ਸਿੰਘ ਆਪਣੇ ਸਮੇਂ ਦੇ ਸਿੱਖ ਜਰਨੈਲਾਂ ਵਿੱਚੋਂ ਤੇਜ਼ ਬੁੱਧੀ ਦਾ ਮਾਲਕ ਸੀ। ਇਸ ਸਬੰਧੀ ਬੈਰਨ ਹੂਗਲ ਆਪਣੇ ਸਫ਼ਰਨਾਮੇ ਵਿੱਚ ਲਿਖਦਾ ਹੈ ਕਿ ‘ਸਰਦਾਰ ਹਰੀ ਸਿੰਘ ਦੀ ਵਿਦਵਤਾ ਅਤੇ ਮਾਲੂਮਾਤ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ; ਉਹ ਫ਼ਾਰਸੀ ਵਿੱਚ ਬੜਾ ਨਿਪੁੰਨ ਸੀ ਅਤੇ ਬੜੀ ਤੇਜ਼ੀ ਨਾਲ ਲਿਖ ਤੇ ਬੋਲ ਸਕਦਾ ਸੀ। ਪਸ਼ਤੋ ਵਿੱਚ ਵੀ ਆਪ ਐਸੀ ਰਵਾਨਗੀ ਨਾਲ ਬੋਲਿਆ ਕਰਦੇ ਸਨ ਕਿ ਸੁਣਨ ਵਾਲੇ ਅਚੰਭਤ ਹੋ ਜਾਂਦੇ ਸਨ। ‘ਸਿੱਖ’ ਸ਼ਬਦ ਉੱਪਰ ਆਪ ਨੂੰ ਇੰਨਾ ਫ਼ਖਰ ਸੀ ਕਿ ਆਪ ਅਕਸਰ ਆਖਿਆ ਕਰਦੇ ਸਨ ਕਿ ‘ਸਿੱਖ’ ਨੂੰ ਖ਼ਤਰਾ ਕੀ ਆਖਦਾ ਹੈ? ‘ਸਿੱਖ’ ਨੂੰ ਨਦੀ ਰੋੜ੍ਹ ਨਹੀਂ ਸਕਦੀ, ‘ਸਿੱਖ’ ਕਦੇ ਹਾਰਦਾ ਨਹੀਂ।
ਅਟਕ ਦਰਿਆ ਨੂੰ ਪਾਰ ਕਰਨ ਸਮੇਂ ਦੇ ਹਾਲਾਤ ਨੂੰ ਬਾਰਨਸ ਆਪਣੇ ਸਫ਼ਰਨਾਮੇ ਵਿੱਚ ਲਿਖਦਾ ਹੈ ਕਿ ‘ਇਸ ਭਿਆਨਕ ਦ੍ਰਿਸ਼ ਨੂੰ ਦੇਖ ਕੇ ਮੇਰਾ ਦਿਲ ਭੈਭੀਤ ਹੋ ਕੇ ਕੰਬਣ ਲੱਗਿਆ। ਇਸ ਸਮੇਂ ਸ੍ਰ:ਹਰੀ ਸਿੰਘ ਨੂੰ ਮੈਂ ਆਖਿਆ ਕਿ ਸਾਨੂੰ ਦਰਿਆ ਵਿੱਚੋਂ ਘੋੜਿਆਂ ਉੱਪਰ ਪਾਰ ਜਾਣ ਦੇ ਖ਼ਤਰੇ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਇਥੋਂ ਹੀ ਪਿੱਛੇ ਪਰਤ ਜਾਣਾ ਚੰਗਾ ਹੈ। ਮੇਰੀ ਗੱਲ ਨੂੰ ਸੁਣ ਕੇ ਹਰੀ ਸਿੰਘ ਹੱਸ ਪਿਆ ਅਤੇ ਆਖਣ ਲੱਗਾ ਕਿ ਤਦ ‘ਸਿੱਖ’ ਬਣਨ ਦਾ ਕੀ ਲਾਭ ਹੋਇਆ ਜੇ ਕਦੇ ਸਿੱਖ ਦਰਿਆ ਅਟਕ ਤੋਂ ਇਸ ਸਮੇਂ ਘੋੜੇ ਉÎੱਪਰ ਪਾਰ ਨਾ ਹੋ ਸਕਿਆ, ਭਾਵ ਸਿੱਖ ਨੂੰ ਅਟਕ ਦਰਿਆ ਰੋੜ੍ਹ ਨਹੀਂ ਸਕਦਾ ਤੇ ਉਹ ਮੈਨੂੰ ਘੋੜੇ ਦੀ ਪਿੱਠ ਉÎੱਪਰ ਬਿਠਾ ਦਰਿਆ ਤੋਂ ਪਾਰ ਲੈ ਗਿਆ। ਇਹ ਕੇਵਲ ਇੱਕ ਵੰਨਗੀ ਮਾਤਰ ਹੈ, ਹਰੀ ਸਿੰਘ ਦੀ ਸਿੱਖੀ ਪ੍ਰਤੀ ਨਿਸ਼ਠਾ ਤੇ ਗੁਰੂ-ਕਿਰਪਾ ਆਧਾਰਤ ਸਵੈ-ਵਿਸ਼ਵਾਸ ਦੀ।
ਕਈ ਵਾਰ ਪੜ੍ਹਨ, ਦੇਖਣ, ਸੁਣਨ ਵਿੱਚ ਆਇਆ ਹੈ ਕਿ ਜਦ ਸਾਧਾਰਨ ਮਨੁੱਖ ਲਗਨ, ਹਿੰਮਤ, ਮਿਹਨਤ ਸਦਕਾ ਸਫ਼ਲਤਾ ਦੀਆਂ ਸਰ ਬੁਲੰਦੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਆਪਣਾ ਪਿਛੋਕੜ ਭੁੱਲ ਜਾਂਦਾ ਹੈ ਪਰ ਸ੍ਰ:ਹਰੀ ਸਿੰਘ ਨਲਵੇ ਦੀ ਸ਼ਖ਼ਸੀਅਤ ਦੀ ਇਹ ਖਾਸੀਅਤ ਹੈ ਕਿ ਰੁਤਬੇ-ਦਰ-ਰੁਤਬਾ ਪ੍ਰਾਪਤ ਕਰਨ ਦੇ ਨਾਲ ਉਸ ਦਾ ਗੁਰਬਾਣੀ ਪ੍ਰਤੀ ਸਤਿਕਾਰ ਸਿਦਕ, ਭਰੋਸਾ ਹੋਰ ਪਰਪੱਕ ਹੁੰਦਾ ਗਿਆ।
ਉਨ੍ਹਾਂ ਨੇ ਹੱਥੀਂ ਸੇਵਾ ਕਰ, ਕਈ ਗੁਰਦੁਆਰਿਆਂ ਦੀਆਂ ਨਵੀਆਂ ਇਮਾਰਤਾਂ ਉਸਾਰੀਆਂ, ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ। ਪੰਥਕ ਤੇ ਧਾਰਮਿਕ ਕੰਮਾਂ ਲਈ ਉਹ ਹਮੇਸ਼ਾਂ ਮਾਇਆ ਦੇ ਖੁੱਲ੍ਹੇ ਗੱਫੇ ਦਿਆ ਕਰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ”ਖ਼ਜ਼ਾਨਾ ਗੁਰੂ ਨਾਨਕ ਪਾਤਸ਼ਾਹ ਦਾ ਹੈ ਅਤੇ ਕੁੰਜੀ ਹਰੀ ਸਿੰਘ ਦੇ ਹੱਥ ਹੈ, ਮੇਰਾ ਇਸ ਵਿੱਚ ਕੁਝ ਵੀ ਨਹੀਂ ਲੱਗਦਾ, ਮੈਂ ਕੇਵਲ ਇੱਕ ਖ਼ਜ਼ਾਨਚੀ ਦੀ ਸੇਵਾ ਨਿਭਾ ਰਿਹਾ ਹਾਂ।”
ਪਿਸ਼ਾਵਰ ਦਾ ਗਵਰਨਰ ਬਣ ਹਰੀ ਸਿੰਘ ਨੇ ਦੱਰਾ ਖ਼ੈਬਰ ਦੇ ਬੂਹੇ ਸਾਹਮਣੇ, ਬਾਲਾ ਹਿਸਾਰ, ਜਮਰੌਦ, ਬੁਰਜ ਹਰੀ ਸਿੰਘ, ਮਿਚਨੀ, ਸੁੰਦਰਗੜ੍ਹ ਆਦਿ ਕਿਲਿ੍ਹਆਂ ਦਾ ਜਾਲ ਵਿਛਾ ਦਿੱਤਾ। ਹਰੀ ਸਿੰਘ ਨੇ ਸਦੀਆਂ ਤੋਂ ਲੁੱਟ-ਮਾਰ ਲਈ ਬਣੇ ਸ਼ਾਹਮਾਰਗ ਨੂੰ ਬੰਦ ਹੀ ਨਹੀਂ ਕੀਤਾ ਸਗੋਂ ਪਾਣੀ ਦਾ ਵਹਾਉ ਹੀ ਬਦਲ ਦਿੱਤਾ। ਇਸ ਕਰਕੇ ਤਾਂ ਦੋਸਤ ਮੁਹੰਮਚ ਖ਼ਾਨ ਘਬਰਾ ਕੇ ਕਹਿੰਦਾ ਸੀ ਕਿ, ”ਸਾਡੇ ਦੇਸ਼ ਦੇ ਕੁਝ ਗੱਭਰੂ ਚੜ੍ਹ ਕੇ ਜਾਣ ਤਾਂ ਹਿੰਦੁਸਤਾਨ ਦੇ ਮੰਦਰ ਢਾਹ ਕੇ, ਮੂਰਤੀਆਂ ਤੋੜ ਕੇ, ਦੌਲਤ ਦੀ ਲੁੱਟਮਾਰ ਕਰ, ਹੁਸਨ ਨੂੰ ਬੰਨ੍ਹ ਕੇ ਕਾਬਲ ਲੈ ਆਉਣ ਤੇ ਅੱਜ ਉਹ ਕਿਹੜੀ ਮਰਦ ਕੌਮ ਪੈਦਾ ਹੋ ਗਈ ਹੈ ਜੋ ਸਾਨੂੰ ਬੂਹੇ ਸਾਹਮਣੇ ਵੰਗਾਰ ਰਹੀ ਹੈ?” ਇਹ ਕੌਮ ਹੈ ਸ਼ਹੀਦਾਂ ਦੀ ਜਿਸ ਨੂੰ ਮਾਣ ਹੈ ਆਪਣੇ ਹਰੀ ਸਿੰਘ ਵਰਗੇ ਜਰਨੈਲਾਂ ‘ਤੇ। ਹਰੀ ਸਿੰਘ ਸਿੱਖ ਰਾਜ ਦੇ ਮਹੱਲ ਦਾ ਇੱਕ ਮਹੱਤਵਪੂਰਨ ਥੰਮ ਸੀ ਜਿਸ ਦੇ ਆਸਰੇ ਸਰਕਾਰ ਖ਼ਾਲਸਾ ਕਾਇਮ ਸੀ। 30 ਅਪ੍ਰੈਲ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਦੇ ‘ਜਾਮ-ਏ-ਸ਼ਹਾਦਤ’ ਪੀ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਤਾਂ ਸਰਕਾਰ ਖ਼ਾਲਸਾ ਨੇ ਕਿਹਾ ਸੀ,”ਅੱਜ ਖ਼ਾਲਸਾ ਰਾਜ ਦੇ ਕਿਲ੍ਹੇ ਦਾ ਭਾਰੀ ਬੁਰਜ ਢਹਿ ਗਿਆ ਹੈ।
ਮੇਰੇ ਬਹਾਦਰ ਤੇ ਸੁਘੜ ਸਿਆਣੇ ਸਰਦਾਰ ਹਰੀ ਸਿੰਘ ਦਾ ਸਦੀਵੀ ਵਿਛੋੜਾ ਮੇਰੇ ਲਈ ਅਸਹਿ ਹੈ।” ਕਿੰਨੀ ਸੱਚਾਈ ਸੀ ਇਸ ਕਥਨ ਵਿੱਚ ਜਿਸ ਦੇ ਅਮਲ ਨੂੰ ਅਸੀਂ ਸਰਕਾਰ ਖ਼ਾਲਸਾ ਦੇ ਖੇਰੂੰ-ਖੇਰੂੰ ਹੋ ਜਾਣ ਸਮੇਂ ਪ੍ਰਤੱਖ ਦੇਖਦੇ ਹਾਂ!
ਰੂਪ ਸਿੰਘ*
*ਵਧੀਕ ਸਕੱਤਰ, ਸ਼੍ਰੋ.ਗੁ.ਪ੍ਰ.ਕ., ਸ੍ਰੀ ਅੰਮ੍ਰਿਤਸਰ
* ਮੋਬਾਈਲ: 98146-37979
Tags:
Posted in: ਸਾਹਿਤ