ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ਫਿਲਮ ਤੇ ਰੋਕ ਲਗਾਉਣ ਲਈ ਦਿੱਲੀ ਕਮੇਟੀ ਹੋਈ ਸਰਗਰਮ

By March 10, 2016 0 Comments


ਦਿੱਲੀ ਦੇ ਸਿਨੇਮਾ ਹਾਲਾਂ ’ਚ ਕਿਸੇ ਵੀ ਹਾਲਾਤ ਵਿਚ ਫਿਲਮ ਦਾ ਪ੍ਰਦਰਸ਼ਨ ਨਾ ਕੀਤੇ ਜਾਉਣ ਦੀ ਫਿਲਮ ਨਿਰਮਾਤਾ ਨੂੰ ਦਿੱਤੀ ਚੇਤਾਵਨੀ
ਸੈਂਸਰ ਬੋਰਡ ਤੋਂ ਲੈ ਕੇ ਦਿੱਲੀ ਹਾਈ ਕੋਰਟ ਦਾ ਖੜਕਾਇਆ ਬੂਹਾ
santa

ਨਵੀਂ ਦਿੱਲੀ (10 ਮਾਰਚ, 2016) : ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ਵਿਚ ਸਿੱਖਾਂ ਦੀਆਂ ਭਾਵਨਾਵਾਂ ਦਾ ਘਾਣ ਹੋਣ ਦਾ ਦਾਅਵਾ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਸਿਨੇਮਾ ਹਾਲਾਂ ਵਿਖੇ ਕਿਸੇ ਵੀ ਹਾਲਾਤ ਵਿਚ ਫਿਲਮ ਦਾ ਪ੍ਰਦਰਸ਼ਨ ਨਾ ਕੀਤੇ ਜਾਉਣ ਦੀ ਫਿਲਮ ਨਿਰਮਾਤਾ ਨੂੰ ਚੇਤਾਵਨੀ ਦਿੱਤੀ ਹੈ। ਫਿਲਮ ਦੇ ਜਾਰੀ ਕੀਤੇ ਗਏ ਪੋਸਟਰ ਨੂੰ ਕਮੇਟੀ ਨੇ ਸਿੱਖਾਂ ਨੂੰ ਬੇਵਕੂਫ ਦੱਸੇ ਜਾਉਣ ਨਾਲ ਤੁਲਨਾ ਕਰਦੇ ਹੋਏ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਅਤੇ ਸੀ.ਈ.ਓ. ਮਨੀਸ਼ ਦੇਸਾਈ ਨੂੰ ਪੱਤਰ ਲਿਖ ਕੇ ਫਿਲਮ ਦੇ ਟਾਈਟਲ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ।

ਸੁਪਰੀਮ ਕੋਰਟ ’ਚ ਸਿੱਖਾਂ ਦੇ ਖਿਲਾਫ ਚੁਟਕੁਲਿਆਂ ਤੇ ਰੋਕ ਲਗਾਉਣ ਵਾਸਤੇ ਪਾਈ ਗਈ ਪਟੀਸ਼ਨ ਦਾ ਹਵਾਲਾ ਦਿੰਦੇ ਹੋਏ ਕਮੇਟੀ ਨੇ ਫਿਲਮ ਦੇ ਪੋਸਟਰ ਵਿਚ ਪਿੱਠ ਕਰਕੇ ਖੜੇ 2 ਸਿੱਖਾਂ ਨੂੰ ਕੱਛੇ, ਕੋਟ ਅਤੇ ਪੱਗੜੀ ਦੇ ਅਟਪਟੇ ਪਹਿਰਾਵੇ ’ਚ ਹੱਥ ਵਿਚ ਪਿਸਟਲ ਫੜਾਉਣ ਤੇ ਵੀ ਇਤਰਾਜ ਜਤਾਇਆ ਹੈ।ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਇਸ ਫਿਲਮ ਦੇ ਪ੍ਰਦਰਸ਼ਨ ਤੇ ਰੋਕ ਲਗਾਉਣ ਵਾਸਤੇ ਮੰਗ ਪੱਤਰ ਵੀ ਭੇਜਿਆ ਗਿਆ ਹੈ।

ਇਸ ਮਸਲੇ ਤੇ ਆਪਣੀ ਪ੍ਰਤੀਕਰਮ ਦਿੰਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜਾਣਬੁਝ ਕੇ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਹੋਣ ਦੀ ਚੇਤਾਵਨੀ ਦਿੱਤੀ ਹੈ। ਜੀ.ਕੇ. ਨੇ ਸਵਾਲ ਕੀਤਾ ਕਿ ਕੱਦੇ ਕਿਸੇ ਨੇ ਆਮ ਜਿੰਦਗੀ ਵਿਚ ਕਿਸੇ ਸਿੱਖ ਨੂੰ ਕੱਛੇ ’ਤੇ ਕੋਟ ਪਾਉਂਦੇ ਹੋਏ ਤੱਕਿਆ ਹੈ ? ਜੀ.ਕੇ. ਨੇ ਇਸ ਸਬੰਧ ਵਿਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੂੰ ਫਿਲਮ ਦੇ ਨਿਰਮਾਤਾ ਵੱਲੋਂ 11 ਮਾਰਚ 2016 ਦੀ ਪ੍ਰਸਤਾਵਿਤ ਤਾਰੀਖ ਤੇ ਫਿਲਮ ਦਾ ਪ੍ਰਦਰਸ਼ਨ ਨਾ ਕਰਨ ਦੇ ਕਲ ਰਾਤ ਦਿੱਤੇ ਗਏ ਭਰੋਸੇ ਦਾ ਜਿਕਰ ਕਰਦੇ ਹੋਏ ਫਿਲਮ ਦੇ ਪ੍ਰਦਰਸ਼ਨ ਦੀ ਹਾਲਾਤ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦਾ ਵੀ ਖਦਸਾ ਜਤਾਇਆ ਹੈ।

ਨਿਰਮਾਤਾ ਵੱਲੋਂ ਇਸ ਮਸਲੇ ਤੇ ਇਤਰਾਜਾਂ ਦਾ ਨਿਪਟਾਰਾ ਅਤੇ ਸਿੱਖ ਕੌਮ ਦੀ ਤੱਸਲੀ ਹੋਣ ਦੇ ਬਾਅਦ ਹੀ ਫਿਲਮ ਨੂੰ ਪ੍ਰਦਰਸ਼ਿਤ ਕਰਨ ਦੇ ਦਿੱਤੇ ਗਏ ਭਰੋਸੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹੋਏ ਜੀ.ਕੇ. ਨੇ ਕਮੇਟੀ ਵੱਲੋਂ ਦਿੱਲੀ ਹਾਈ ਕੋਰਟ ’ਚ ਫਿਲਮ ਤੇ ਰੋਕ ਲਗਾਉਣ ਸਬੰਧੀ ਪਟੀਸ਼ਨ ਕੱਲ ਦਾਖਿਲ ਕਰਨ ਦਾ ਵੀ ਐਲਾਨ ਕੀਤਾ ਹੈ। ਜੀ.ਕੇ. ਨੇ ਸਾਫ਼ ਕਿਹਾ ਕਿ ਫਿਲਮਕਾਰ ਸਿੱਖਾਂ ਦੀਆਂ ਕੁਰਬਾਨਿਆਂ ਭਰੇ ਇਤਿਹਾਸ ਤੇ ਫਿਲਮਾ ਬਣਾਉਣ ਨੂੰ ਤਰਜੀਹ ਨਾ ਦਿੰਦੇ ਹੋਏ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਜਾਂ ਜੋਕਰ ਦਿਖਾ ਕੇ ਸਸਤੀ ਸ਼ੌਹਰਤ ਤਾਂ ਪ੍ਰਾਪਤ ਕਰ ਸਕਦੇ ਹਨ ਪਰ ਸਮਾਜ ਨੂੰ ਦਿਸ਼ਾ ਦੇਣ ਦੇ ਆਪਣੇ ਟੀਚੇ ਵਿਚ ਕੱਦੇ ਕਾਮਯਾਬ ਨਹੀਂ ਹੋ ਸਕਦੇ ਹਨ।

ਆਜ਼ਾਦੀ ਦੇ 68 ਸਾਲ ਬਾਅਦ ਵੀ ਭਾਰਤੀ ਸਿਨੇਮਾ ਅਤੇ ਟੀ.ਵੀ. ਵੱਲੋਂ ਲਗਾਤਾਰ ਸਿੱਖ ਧਰਮ, ਸੰਸਕਾਰਾਂ ਅਤੇ ਸਭਿਆਚਾਰ ਤੇ ਕੀਤੇ ਜਾ ਰਹੇ ਹਮਲਿਆਂ ਨੂੰ ਨਾ ਬਰਦਾਸ਼ਤ ਕਰਨ ਦੀ ਚੇਤਾਵਨੀ ਦਿੰਦੇ ਹੋਏ ਜੀ.ਕੇ. ਨੇ ਸੈਂਸਰ ਬੋਰਡ ਨੂੰ ਉਕਤ ਫਿਲਮ ਨੂੰ ਨਾ ਪਾਸ ਕਰਨ ਦੀ ਅਪੀਲ ਕੀਤੀ ਹੈ। ਜੀ.ਕੇ. ਨੇ ਸੈਂਸਰ ਬੋਰਡ ਨੂੰ ਕਿਸੇ ਫਿਲਮ ਦਾ ਨਾਂ ਰਜਿਸ਼ਟਰਡ ਕਰਨ ਵੇਲੇ ਫਿਲਮ ਦੀ ਭਾਵਨਾ ਅਤੇ ਸੋਚ ਨੂੰ ਸਪਸ਼ਟ ਤਰੀਕੇ ਨਾਲ ਸਮਝ ਕੇ ਹੀ ਨਾਂ ਰਜਿਸ਼ਟਰਡ ਕਰਨ ਦੀ ਵੀ ਸਲਾਹ ਦਿੱਤੀ ਹੈ।