ਅਕਾਲੀ ਦਲ ਨੇ ਵੀ.ਆਈ ਪੀ ਕਲਚਰ ਨਾ ਤਿਆਗਿਆ ਤਾਂ ਲੋਕ ਅਕਾਲੀ ਦਲ ਨੂੰ ਤਿਆਗ ਦੇਣਗੇ- ਘੁੱਗੀ

By March 9, 2016 0 Comments


ghuggiਅੰਮ੍ਰਿਤਸਰ 9 ਮਾਰਚ (ਜਸਬੀਰ ਸਿੰਘ) ਪੰਜਾਬ ਦੇ ਉੱਘੇ ਕਮੇਡੀਅਨ ਤੇ ਹੁਣੇ ਹੁਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਗਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਉਹਨਾਂ ਨੂੰ ਸਿਆਸਤ ਵਿੱਚ ਸ਼ਾਮਲ ਹੋਣ ਲਈ ਹੋਰ ਵੀ ਕਈ ਪਾਰਟੀਆ ਨੇ ਪਹੁੰਚ ਕੀਤੀ ਸੀ ਪਰ ਆਮ ਆਦਮੀ ਪਾਰਟੀ ਵਿੱਚ ਉਹ ਇਸ ਲਈ ਸ਼ਾਮਲ ਹੋਏ ਹਨ ਕਿ ਬਾਕੀ ਪਾਰਟੀਆ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਗਲੇ ਤੱਕ ਦੱਬੀਆ ਪਈਆ ਹਨ ਤੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਉਣ ਦਾ ਬੀੜਾ ਸਿਰਫ ਅਰਵਿੰਦ ਕੇਜਰੀਵਾਲ ਨੇ ਹੀ ਬੜੀ ਮੁਸ਼ਤੈਦੀ ਨਾਲ ਚੁੱਕਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਘੁੱਗੀ ਨੇ ਪੰਜਾਬ ਦੇ ਮੁੱ੍ਰਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੰਦਿਆ ਕਿਹਾ ਕਿ ਜੇਕਰ ਉਹ ਲੋਕ ਸੇਵਕ ਹਨ ਤੇ ਉਹਨਾਂ ਨੂੰ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਮੰਤਰੀਆ ਸੰਤਰੀਆ ਨੂੰ ਸੁਰੱਖਿਆ ਕਵਚ ਦੇ ਵਿੱਚ ਰਹ੍ਵਿਣ ਦੀ ਬਜਾਏ ਆਮ ਜਨਤਾ ਵਿੱਚ ਖੁੱਲੇਆਮ ਵਿਚਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੁਰੱਖਿਆ ਦਾ ਕਵਚ ਹਟਾਉਣ ਨਾਲ ਜਿਥੇ ਸੂਬੇ ਤੇ ਪੈਦਾ ਆਰਥਿਕ ਬੋਝ ਘੱਟੇਗਾ ਉਥੇ ਆਮ ਲੋਕਾਂ ਤੱਕ ਵੀ ਪਹੁੰਚ ਕਰਨੀ ਸੋਖੀ ਹੋ ਜਾਵੇਗੀ। ਉਹਨਾਂ ਕਿਹਾ ਕਿ 2017 ਦੀਆ ਵਿਧਾਨ ਸਭਾ ਚੋਣਾਂ ਬਹੁਤ ਕੁਝ ਨਵਾਂ ਕਰਨ ਵਾਲੀਆ ਹਨ ਇਸ ਲਈ ਜੇਕਰ ਇਹਨਾਂ ਨੇ ਸੁਰੱਖਿਆ ਕਵਚ ਨਾ ਹਟਾਏ ਤਾਂ ਲੋਕ ਇਹਨਾਂ ਨੂੰ ਸਿਆਸੀ ਨਕਸ਼ੇ ਤੋ ਹਟਾ ਦੇਣਗੇ। ਉਹਨਾਂ ਕਿਹਾ ਕਿ ਜਦੋ ਇਹ ਤਿੰਨੋ ਵਿਅਕਤੀ ਆਪਣੇ ਸੁੱਰਖਿਆ ਕਵਚ ਨਾਲ ਹੁਟਰ ਮਾਰਦੀਆ ਗੱਡੀਆ ਰਾਹੀ ਬਾਹਰ ਨਿਕਲਦੇ ਹਨ ਤਾਂ ਲੋਕ ਇਹ ਸਭ ਕੁਝ ਵੇਖ ਕੇ ਪਰੇਸ਼ਾਨ ਹੀ ਨਹੀ ਹੁੰਦੇ ਸਗੋ ਆਪਣੀ ਕਿਸਮਤ ਨੂੰ ਵੀ ਜਰੂਰ ਕੋਸਦੇ ਹਨ ਕਿ ਉਹਨਾਂ ਨੇ ਗਲਤ ਵਿਅਕਤੀਆ ਦੀ ਚੋਣ ਕਰਕੇ ਮੂਰਖਾ ਦੇ ਹੱਥਾ ਵਿੱਚ ਸੱਤਾ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦੀ ਕਚਿਹਰੀ ਹੀ ਸਭ ਤੋ ਵੱਡੀ ਅਦਾਲਤ ਹੁੰਦੀ ਹੈ ਤੇ ਲੋਕ ਸਮਾਂ ਆਉਣ ਤੇ ਆਪਣਾ ਰੰਗ ਜਰੂਰ ਵਿਖਾ ਦਿੰਦੇ ਹਨ।

ਅਕਾਲੀ ਭਾਜਪਾ ਗਠੋਜੜ ਨੂੰ ਆੜੇ ਹੱਥੀ ਲੈਦਿਆ ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਦੀਆ ਵੋਟਾਂ ਲੈ ਕੇ ਉਹ ਸੱਤਾ ਵਿੱਚ ਆਏ ਹਨ ਜੇਕਰ ਉਹਨਾਂ ਲੋਕਾਂ ਕੋਲੋ ਹੀ ਸੱਤਾਧਾਰੀ ਧਿਰ ਦੇ ਆਗੂ ਖਤਰਾ ਮਹਿਸੂਸ ਕਰਦੇ ਹਨ ਤਾਂ ਫਿਰ ਉਹਨਾਂ ਨੂੰ ਆਪਣੇ ਗਿਰੇਬਾਨ ਵਿੱਚ ਜਰੂਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਹਨਾਂ ਨੇ ਕੁਝ ਗਲਤ ਜਰੂਰ ਕੀਤਾ ਹੈ। ਉਹਨਾਂ ਕਿਹਾ ਕਿ ਭਾਂਵੇ ਜਿੰਨੇ ਮਰਜੀ ਸੱਤਾਧਾਰੀ ਧਿਰ ਦਮਗਜੇ ਮਾਰੀ ਜਾਵੇ ਪਰ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਉਹਨਾਂ ਦੀ ਸੱਤਾ ਦਾ ਬੋਟ ਆਲਣੇ ਵਿੱਚੋ ਡਿੱਗ ਚੁੱਕਾ ਹੈ ਤੇ ਸਮਾਂ ਆਉਣ ਤੇ ਲੋਕ ਉਹਨਾਂ ਨੂੰ ਪੈਵੇਲੀਅਨ ਦਾ ਰਸਤਾ ਜਰੂਰ ਦਿਖਾਉਣਗੇ। ਉਹਨਾਂ ਕਿਹਾ ਕਿ ਸੁਰੱਖਿਆ ਕਵਚ ਦਾ ਅੱਤਵਾਦ ਅਕਾਲੀ ਭਾਜਪਾ ਗਠਜੋੜ ਦੇ ਆਗੂਆ ਨੂੰ ਤੁਰੰਤ ਛੱਡਣਾ ਚਾਹੀਦਾ ਹੈ।

ਆਮ ਆਦਮੀ ਪਾਰਟੀ ਬਾਰੇ ਉਹਨਾਂ ਕਿਹਾ ਕਿ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਦਿੱਲੀ ਦੇ ਵੱਡੇ ਆਗੂਆ ਨੇ ਪਹੁੰਚ ਕੀਤੀ ਸੀ। ਉਹਨਾਂ ਕਿਹਾ ਕਿ ਉਹ ਤਾਂ ਪੰਜਾਬ ਵਿੱਚ ਨਸ਼ਿਆ ਦੇ ਵੱਗਦੇ ਛੇਵੇ ਦਰਿਆ ਤੋ ਤਾਂ ਪਹਿਲਾਂ ਹੀ ਬਹੁਤ ਦੁੱਖੀ ਸਨ ਜਿਸ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਉਹਨਾਂ ਪੰਜਾਬ ਸਰਕਾਰ ਤੇ ਵਿਅੰਗ ਕੱਸਦਿਆ ਕਿਹਾ ਕਿ ਨਸ਼ਿਆ ਨੂੰ ਕੰਟਰੋਲ ਕਰਨ ਵਿੱਚ ਜੇਕਰ ਸਰਕਾਰ ਨਾਕਾਮ ਰਹੀ ਹੈ ਤਾਂ ਫਿਰ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਨਸ਼ੇ ਕੌਣ ਫੈਲਾ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਨ ਤੇ ਪਹਿਲਾਂ ਉਹਨਾਂ (ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਾ ਲਏ ਬਗੈਰ) ਕਿਹਾ ਕਿ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਉਹਨਾਂ ਤੱਕ ਪਹੁੰਚ ਕੀਤੀ ਸੀ ਪਰ ਉਹਨਾਂ ਨੇ ਕਾਂਗਰਸ ਤੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਅਕਾਲੀ ਕਾਂਗਰਸ ਦੋਵੇ ਇੱਕ ਸਿੱਕੇ ਦੇ ਪਹਿਲੂ ਹਨ।

ਘੁੱਗੀ ਨੇ ਦਾਅਵਾ ਕੀਤਾ ਕਿ ਉਹਨਾਂ ਵੱਲੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਨੌਜਵਾਨਾਂ ਦਾ ਪਾਰਟੀ ਦੀ ਮੈਂਬਰਸ਼ਿਪ ਲੈਣ ਦਾ ਹੜ• ਆ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਉਹਨਾਂ ਦੀ ਕਾਰਗੁਜਾਰੀ ਤੋ ਪੂਰੀ ਤਰ•ਾ ਸੰਤੁਸ਼ਟ ਹੈ। ਅੰਮ੍ਰਿਤਸਰ ਤੇ ਤਿੰਨ ਵਾਰੀ ਮੈਂਬਰ ਪਾਰਲੀਮੇਟ ਰਹਿਣ ਵਾਲੇ ਸ੍ਰ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਹ ਤਾਂ ਸਿੱਧੂ ਸਾਹਿਬ ਤੇ ਹੀ ਨਿਰਭਰ ਕਰਦਾ ਹੈ ਕਿ ਉਹਨਾਂ ਦੀ ਇੱਛਾ ਕੀ ਹੈ ਪਰ ਉਹ ਜਰੂਰ ਸਲਾਹ ਦੇਣਗੇ ਕਿ ਉਹਨਾਂ ਵਰਗੇ ਇਮਾਨਦਾਰੀ ਵਿਅਕਤੀ ਲਈ ਆਮ ਆਦਮੀ ਪਾਰਟੀ ਹੀ ਰਾਹ ਦਸੇਰਾ ਹੈ। ਉਹਨਾਂ ਕਿਹਾ ਕਿ ਸਿੱਧੂ ਭਾਅ ਜੀ ਇੱਕ ਇੱਕ ਵਿਅਕਤੀ ਹੀ ਨਹੀ ਸਗੋ ਇੱਕ ਸੰਸਥਾ ਹਨ ਅਤੇ ਬਹੁਤ ਹੀ ਇਮਾਨਦਾਰ ਵਿਅਕਤੀ ਹਨ। ਅਕਾਲੀ ਦਲ ਵਾਲੇ ਉਹਨਾਂ ਦਾ ਮਨੋਬਲ ਡੇਗਣ ਵਾਸਤੇ ਕੋਈ ਵੀ ਮੌਕਾ ਹੱਥੋ ਨਹੀ ਗੁਆਉਦੇ ਭਾਂਵੇ ਉਹਨਾਂ ਨੂੰ ਕੋਈ ਕਾਮਯਾਬੀ ਮਿਲੇ ਜਾਂ ਨਾ ਮਿਲੇ ਪਰ ਸ੍ਰੀ ਸਿੱਧੂ ਨੂੰ ਇਮਾਨਦਾਰੀ ਸਿਆਸਤ ਹੋਣ ‘ਤੇ ਉਹ ਵਧਾਈ ਦਿੰਦੇ ਹਨ।