ਖ਼ਾਲਸਾਈ ਖੇਡ ਉਤਸਵ ਦੌਰਾਨ ਅੰਮ੍ਰਿਤਧਾਰੀ ਨੌਜਵਾਨ ਨੂੰ ਭੇਜਿਆ ਸਲਾਖਾਂ ਪਿੱਛੇ

By March 8, 2016 0 Comments


ਖ਼ਾਲਸਾਈ ਖੇਡ ਉਤਸਵ ਦੌਰਾਨ ਮਾਰਚ-ਪਾਸਟ ਦੀ ਅਗਵਾਈ ਕਰ ਰਹੇ ਦਾੜੀ ਕੱਟ ਕਾਕਿਆ ਦਾ ਵਿਰੋਧ ਕਰਨ ਵਾਲੇ ਅੰਮ੍ਰਿਤਧਾਰੀ ਨੌਜਵਾਨ ਨੂੰ ਭੇਜਿਆ ਸਲਾਖਾਂ ਪਿੱਛੇ
ਪੰਥਕ ਜੱਥੇਬੰਦੀਆਂ ਵੱਲੋਂ ਘਟਨਾ ਦੀ ਕਰੜੀ ਨਿੰਦਾ
sikh
ਫ਼ਤਹਿਗੜ੍ਹ ਸਾਹਿਬ, 8 ਮਾਰਚ (ਅਰੁਣ ਆਹੂਜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਵਿਚ 8 ਤੋਂ 10 ਮਾਰਚ ਤੱਕ ਚੱਲਣ ਵਾਲੇ 12ਵੇਂ ਖ਼ਾਲਸਾਈ ਖੇਡ ਉਤਸਵ ਦੀ ਅੱਜ ਸ਼ੁਰੂਆਤ ਸਮੇਂ ਹੋਈ ਮਾਰਚ ਪਾਸਟ ਦੀ ਅਗਵਾਈ ਕਰ ਰਹੇ ਕੁਝ ਨੌਜਵਾਨ ਵਿਦਿਆਰਥੀਆਂ ਦਾ ਵਿਰੋਧ ਕਰ ਰਹੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਨਾਲ ਸੰਬਧਿਤ ਦੋ ਅੰਮ੍ਰਿਤਧਾਰੀ ਸਿੱਖਾਂ ਨੂੰ ਅੱਜ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਜਿਨ੍ਹਾਂ ਵਿਚੋਂ ਇੱਕ ਵਿਦਿਆਰਥੀ ਖਿਲਾਫ ਪੁਲਿਸ ਵੱਲੋਂ ਕਥਿਤ ਤੌਰ ‘ਤੇ 751 ਦਾ ਮਾਮਲਾ ਦਰਜ ਕਰਕੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਗੁਰਪਿਆਰ ਸਿੰਘ ਨੇ ਦੋਸ਼ ਲਗਾਉਂਦਿਆ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਸ ਖੇਡ ਉਤਸਵ ਦੌਰਾਨ ਮਾਰਚ ਪਾਸਟ ਦੀ ਅਗਵਾਈ ਕਰਨ ਵਾਲੀ ਨੌਜਵਾਨਾਂ ਦੀ ਪਹਿਲੀ ਕਤਾਰ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਮੌਕਾਂ ਦਿੱਤਾ ਗਿਆ ਸੀ ਜੋ ਕਥਿਤ ਰੂਪ ਵਿਚ ਦਾੜ੍ਹੀ ਕੱਟ ਨੌਜਵਾਨ ਸਨ ਅਤੇ ਕਿਸੇ ਵੀ ਤਰ੍ਹਾਂ ਉਹ ਗੁਰਮਰਿਆਰਾ ਦਾ ਪਾਲਨ ਨਹੀਂ ਕਰਦੇ ਸਨ, ਜਦੋਂ ਕਿ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ। ਗੁਰਪਿਆਰ ਸਿੰਘ ਨੇ ਪੁਲਿਸ ਸਾਹਮਣੇ ਇਹ ਵੀ ਦੋਸ਼ ਲਗਾਇਆ ਕਿ ਉਕਤ ਨੌਜਵਾਨ ਨਸ਼ੇ ਦੇ ਆਦੀ ਹਨ। ਬਾਬਾ ਬੰਦਾ ਸਿੰਘ ਬਾਹਦਰ ਕਾਲਜ ਵਿਖੇ ਬੀ.ਟੈਕ ਦੀ ਸਿੱਖਿਆ ਹਾਸਲ ਕਰ ਰਹੇ ਫਰੀਦਕੋਟ ਦੇ ਸ. ਗੁਰਪਿਆਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਤਾਂ ਇਸੇ ਗੱਲ ਦਾ ਵਿਰੋਧ ਕੀਤਾ ਗਿਆ ਸੀ ਕਿ ਇਸ ਮਾਰਚ ਪਾਸਟ ਵਿਚ ਅੰਮ੍ਰਿਤਧਾਰੀ ਨੌਜਵਾਨਾਂ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਸ. ਬਲਜਿੰਦਰ ਸਿੰਘ ਪਰਵਾਨਾ ਅਤੇ ਸ਼੍ਰੋਮਣੀ ਅਕਾਲੀ ਦਲ(ਅ) ਦੇ ਸਕੱਤਰ ਜਰਨਲ ਪ੍ਰੋ. ਮੋਹਿੰਦਰਪਾਲ ਸਿੰਘ ਨੇ ਇਸ ਘਟਨਾ ਨੂੰ ਆਪਣੇ-ਆਪਣੇ ਸ਼ਬਦਾਂ ਵਿਚ ਅਤਿ ਨਿੰਦਣਯੋਗ ਦੱਸਦਿਆ ਕਿਹਾ ਕਿ ਜਿਹੜੇ ਸਿੱਖਿਅਕ ਅਦਾਰੇ ਦੇ ਪ੍ਰੋਫੈਸਰ-ਅਧਿਆਪਕ ਹੀ ਸਿਰਫ ਗੁਰਮਰਿਆਦਾ ਦੀ ਉਲੰਘਣਾਂ ਕਰਨ ਦੇ ਵਿਰੋਧ ਤਹਿਤ ਇਨ੍ਹਾਂ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਖਿਲਾਫ ਇਸ ਤਰ੍ਹਾਂ ਦੀਆਂ ਸੰਘੀਨ ਧਾਰਾਵਾਂ ਤਹਿਤ ਮੁਕੱਦਮੇਂ ਦਰਜ ਕਰਵਾਉਣ ਲੱਗ ਪਏ ਤਾਂ ਉਹ ਉਨ੍ਹਾਂ ਵਿਦਿਆਰਥੀਆਂ ਨੂੰ ਕੀ ਪੰਥਕ ਸੇਧ ਦੇਣਗੇ ਅਤੇ ਉਨ੍ਹਾਂ ਦਾ ਕੀ ਭਵਿੱਖ ਸਵਾਂਰਨਗੇਂ।

ਇਥੇ ਦੱਸਣਯੋਗ ਹੈ ਕਿ ਗੁਰਪਿਆਰ ਸਿੰਘ ਦੇ ਨਾਲ ਇੱਕ ਹੋਰ ਗੁਰਸਿੱਖ ਵਿਦਿਆਰਥੀ ਨੂੰ ਵੀ ਹਿਰਾਸਤ ‘ਚ ਲਿਆ ਗਿਆ ਸੀ, ਜਿਸ ਨੂੰ ਕੋਈ ਕਾਲਜ ਦਾ ਕੌਚ ਦੱਸ ਰਿਹਾ ਹੈ ਤੇ ਕੋਈ ਵਿਦਿਆਰਥੀ। ਇਨ੍ਹਾਂ ਜਰੂਰ ਪਤਾ ਲੱਗਾ ਹੈ ਕਿ ਉਸ ਦੂਸਰੇ ਹਿਰਾਸਤ ‘ਚ ਲਏ ਵਿਅਕਤੀ ‘ਤੇ ਇਸ ਕਰਕੇ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਸ ਦੀ ਕਾਲਜ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਕਥਿਤ ਤੌਰ ‘ਤੇ ਗਾਰੰਟੀ ਲੈ ਲਈ ਸੀ। ਫਿਲਹਾਲ ਇਸ ਘਟਨਾ ਦੇ ਵਾਪਰਨ ਦੇ ਨਾਲ ਕਈ ਪੰਥਕ ਜੱਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰੰਤੂ ਅਜੇ ਤੱਕ ਦਮਦਮੀ ਟਕਸਾਲ ਜੱਥਾ ਰਾਜਪੁਰਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ, ਸੁਲਤਾਨਪੁਰ ਲੋਧੀ ਅਤੇ ਸ਼੍ਰੋਮਣੀ ਅਕਾਲੀ ਦਲ(ਅ) ਹੀ ਇਸ ਦੇ ਵਿਰੋਧ ਵਿਚ ਅੱਗੇ ਆਈਆ ਹਨ। ਇਸ 12ਵੇਂ ਖ਼ਾਲਸਾਈ ਖੇਡ ਉਤਸਵ ਦੇ ਪਹਿਲੇ ਦਿਨ ਸਮਾਗਮ ਵਿਚ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰ ਕਈ ਪਤਵੰਤੇ ਵੀ ਮੌਜੂਦ ਸਨ।