ਇਤਿਹਾਸਕ ਪਿੰਡ ਵਾਂ ਤਾਰਾ ਸਿੰਘ ਵਿਖੇ ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਕਰਕੇ ਦਸਤਾਰ ਤੇ ਸ੍ਰੀ ਸਾਹਿਬ ਲੈ ਕੇ ਫਰਾਰ

By March 6, 2016 0 Comments


SAMSUNG CAMERA PICTURES

SAMSUNG CAMERA PICTURES

ਭਿੱਖੀਵਿੰਡ 6 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਇਤਿਹਾਸਕ ਪਿੰਡ ਵਾਂ ਤਾਰਾ ਸਿੰਘ ਵਿਖੇ ਬੀਤੀ ਰਾਤ ਤਿੰਨ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਘਰ ਅੰਦਰ ਦਾਖਲ ਹੋ ਕੇ ਜਿਥੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ, ਉਥੇ ਅੰਮ੍ਰਿਤਧਾਰੀ ਨੌਜਵਾਨ ਦੇ ਕਕਾਰਾਂ ਦੀ ਬੇਅਦਬੀ ਕਰਨ ਉਪਰੰਤ ਉਸਦੀ ਦਸਤਾਰ ਤੇ ਕ੍ਰਿਪਾਨ ਨਾਲ ਲੈ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੰਬੰਧੀ ਪੀੜਿਤ ਪਰਿਵਾਰ ਦੇ ਮੁਖੀ ਗੁਰਦਿਆਲ ਸਿੰਘ ਵਾਸੀ ਵਾਂ ਤਾਰਾ ਸਿੰਘ ਨੇ ਭਿੱਖੀਵਿੰਡ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਲੜਕਾ ਬਸੰਤ ਸਿੰਘ (17) ਜੋ ਕੱਲ ਬਾਬਾ ਤਾਰਾ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਮੇਲਾ ਵੇਖਣ ਗਿਆ ਸੀ ਤਾਂ ਉਥੇ ਪਿੰਡ ਦੇ ਹੀ ਨੌਜਵਾਨ ਰਣਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਨਾਲ ਮਾਮੂਲੀ ਤਕਰਾਰ ਹੋਇਆ ਤਾਂ ਰਣਜੀਤ ਸਿੰਘ ਤੇ ਸਾਥੀਆਂ ਨੇ ਮੇਰੇ ਲੜਕੇ ਬਸੰਤ ਸਿੰਘ ਨਾਲ ਕੁੱਟਮਾਰ ਕੀਤੀ ਤਾਂ ਮੇਲੇ ਵਿੱਚ ਮੌਜੂਦ ਲੋਕਾਂ ਨੇ ਛੁਡਾ ਦਿੱਤਾ। ਗੁਰਦਿਆਲ ਸਿੰਘ ਅੱਗੇ ਦੱਸਿਆ ਕਿ ਇਸੇ ਰੰਜਿਸ਼ ਤਹਿਤ ਸ਼ਾਮ 7 ਵਜੇ ਦੇ ਕਰੀਬ ਰਣਜੀਤ ਸਿੰਘ, ਪ੍ਰਤਾਪ ਸਿੰਘ ਦੋਵੇਂ ਪੁੱਤਰ ਗੁਰਬਚਨ ਸਿੰਘ, ਬਲਜੀਤ ਸਿੰਘ, ਜਗਜੀਤ ਸਿੰਘ ਦੋਵੇਂ ਪੁੱਤਰ ਚਰਨ ਸਿੰਘ, ਹੀਰਾ ਸਿੰਘ, ਕੁਲਦੀਪ ਸਿੰਘ, ਗੁਰਭੇਜ ਸਿੰਘ ਤਿੰਨੇ ਪੁੱਤਰ ਸੁਖਦੇਵ ਸਿੰਘ, ਹਰਮਨ ਸਿੰਘ ਪੁੱਤਰ ਜਗਜੀਤ ਸਿੰਘ, ਮਲਕੀਤ ਸਿੰਘ ਪੁੱਤਰ ਬਲਜੀਤ ਸਿੰਘ ਸਮੇਤ ਤਿੰਨ ਦਰਜਨ ਦੇ ਕਰੀਬ ਵਿਅਕਤੀ ਜਿਹਨਾਂ ਕੋਲ ਇੱਕ ਰਾਇਫਲ, ਕ੍ਰਿਪਾਨਾਂ, ਦਾਤਰ, ਬੇਸਬਾਲ ਆਦਿ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਘਰ ਦੇ ਅੱਗੇ ਆਣ ਕੇ ਗਾਲਾਂ ਕੱਢੀਆਂ ਤੇ ਸਾਡੇ ਘਰ ਅੰਦਰ ਜਬਰਦਸਤੀ ਦਾਖਲ ਹੋ ਕੇ ਸਾਡੀ ਘਰ ਦੀ ਭੰਨਤੋੜ ਕੀਤੀ ਅਤੇ ਮੇਰੇ ਲੜਕੇ ਬਸੰਤ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਮੇਰੇ ਭਤੀਜੇ ਰਣਜੀਤ ਸਿੰਘ, ਘਰਵਾਲੀ ਸੁਖਵਿੰਦਰ ਕੌਰ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਵੀ ਕੁੱਟਮਾਰ ਕਰਕੇ ਕੱਪੜੇ ਪਾੜ ਦਿੱਤੇ ਗਏ ਅਤੇ ਜਾਂਦੇ ਹੋਏ ਮੇਰੇ ਲੜਕੇ ਬਸੰਤ ਸਿੰਘ ਦੀ ਦਸਤਾਰ ਤੇ ਗਲ ਵਿੱਚ ਪਾਈ ਹੋਈ ਕ੍ਰਿਪਾਨ (ਸ੍ਰੀ ਸਾਹਿਬ) ਵੀ ਲੈ ਕੇ ਫਰਾਰ ਹੋ ਗਏ। ਉਕਤ ਹਥਿਆਰਬੰਦ ਵਿਅਕਤੀਆਂ ਵੱਲੋਂ ਰਾਤ 8 ਵਜੇ ਦੇ ਦਰਮਿਆਨ ਦੁਬਾਰਾ ਘਰ ਦੇ ਬੂਹੇ ਅੱਗੇ ਖੜ ਕੇ ਗਾਲੀ-ਗਲੋਚ ਕੀਤਾ ਤੇ ਹਵਾਈ ਫਾਇਰ ਵੀ ਕੀਤੇ, ਜਿਸ ‘ਤੇ ਅਸੀ 181 ਹੈਲਪ ਲਾਈਨ ‘ਤੇ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਖਾਲੜਾ ਪੁਲਿਸ ਦੇ ਕਰਮਚਾਰੀ ਮੌਕੇ ‘ਤੇ ਪਹੰੁਚ ਕੇ ਸਾਨੂੰ ਘਰ ਤੋਂ ਬਾਹਰ ਕੱਢਿਆ ਤੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮਸਲੇ ਸੰਬੰਧੀ ਜਦੋਂ ਭਿੱਖੀਵਿੰਡ ਦੇ ਡੀ.ਐਸ.ਪੀ ਗੁਰਚਰਨ ਸਿੰਘ ਗੁਰਾਇਆ ਨੰੁ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਕੇਸ ਵਿੱਚ ਸਾਮਲ 16 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੰਜ ਕਕਾਰਾਂ ਦੀ ਬੇਅਦਬੀ ਕਰਨਾ ਨਿੰਦਾਯੋਗ ਕਾਰਵਾਈ – ਜਥੇਦਾਰ ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਕਰਕੇ ਕਕਾਰਾਂ ਦੀ ਬੇਅਦਬੀ ਕਰਨ ਅਤੇ ਉਸਦੀ ਦਸਤਾਰ ਤੇ ਕ੍ਰਿਪਾਨ (ਸ੍ਰੀ ਸਾਹਿਬ) ਲਾਹ ਕੇ ਲਿਜਾਣ ਸੰਬੰਧੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਟੈਲੀਫੋਨ ‘ਤੇ ਰਾਬਤਾ ਕੀਤਾ ਤਾਂ ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਪੀੜਿਤ ਪਰਿਵਾਰ ਸਾਨੂੰ ਲਿਖਤੀ ਤੌਰ ‘ਤੇ ਭੇਜੇ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।