ਬੱਬਰ ਅਕਾਲੀ ਲਹਿਰ ਦੇ ਮੋਢੀ ਸ਼ਹੀਦ ਸ. ਕਿਸ਼ਨ ਸਿੰਘ ‘ਗੜਗੱਜ’

By February 27, 2016 0 Comments


kishan singh garrgajਹਿੰਦੁਸਤਾਨ ਦੀ ਆਜ਼ਾਦੀ ਵਿਚ ਸਾਰੀਆਂ ਕੌਮਾਂ ਤੋਂ ਵਧੇਰੇ ਯੋਗਦਾਨ ਸਿੱਖਾਂ ਦਾ ਹੈ। ਉਨਾਂ ਨੇ ਭਾਵੇਂ ਜਲਿਆਂ ਵਾਲੇ ਬਾਗ ਵਰਗੇ ਸਾਕਿਆਂ ਵਿਚ ਸਹਾਦਤਾਂ ਦਿੱਤੀਆਂ, ਭਾਵੇਂ ਬਜ-ਬਜ ਘਾਟ ‘ਤੇ ਅਤੇ ਭਾਵੇਂ ਫ਼ਾਂਸੀਆਂ ਦੇ ਰੱਸੇ ਚੁੰਮੇ, ਦੇਸ਼ ਵਿਚ ਹੋਰ ਬਹੁਗਿਣਤੀ ਵਾਲੀਆਂ ਕੌਮਾਂ ਤੋਂ ਕਿਤੇ ਵੱਧ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਸਿੱਖਾਂ ਨੇ ਹੀ ਹਿੱਸਾ ਪਾਇਆ। ਭਾਵੇਂ ਸਿੱਖਾਂ ਦੀ ਗਿਣਤੀ ਕੁਲ ਅਬਾਦੀ ਦਾ ਕੇਵਲ 1.5% ਸੀ, ਪਰ ਆਜ਼ਾਦੀ ਵਾਸਤੇ ਇਨਾਂ ਨੇ 90% ਤੋਂ ਵੱਧ ਹਿੱਸਾ ਪਾਇਆ। ਇਕ ਪੰਜਾਬੀ ਦਾ ਅਦੀਬ ਕਵੀ ਲਿਖਦਾ ਹੈ-

ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਏ,

ਕਦੇ ਗਿਣੋ ਨਾ ਉਹਦੇ ਮੁਰੀਦ ਕਿੰਨੇ?

ਬੰਦੇ ਗਿਣੇ ਨਾ, ਸਗੋਂ ਇਹ ਕਰੋ ਗਿਣਤੀ,

ਉਸ ਕੌਮ ਵਿਚ ਹੋਏ ਸ਼ਹੀਦ ਕਿੰਨੇ?

ਸਿੱਖਾਂ ਵਲੋਂ ਦੇਸ਼ ਦੀ ਆਜ਼ਾਦੀ ਵਾਸਤੇ ਆਰੰਭੀਆਂ ਹੋਰ ਲਹਿਰਾਂ ਵਾਂਗ ‘ਬੱਬਰ ਅਕਾਲੀ ਲਹਿਰ’ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਇਸ ਲਹਿਰ ਦੇ ਮੋਢੀ ਸਨ ਸ. ਕਿਸ਼ਨ ਸਿੰਘ ਗੜਗੱਜ। ਉਨਾਂ ਦਾ ਜਨਮ ਪਿੰਡ ਬੜਿੰਗ, ਜ਼ਿਲਾ ਜਲੰਧਰ ਵਿਖੇ ਹੋਇਆ। ਉਹ ਚੰਗੇ ਕਦਾਵਰ ਨੌਜਵਾਨ ਹੋਣ ਕਰਕੇ ਫ਼ੌਜ ਵਿਚ ਭਰਤੀ ਹੋ ਗਏ। 1919 ਵੈਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ ਵਿਚ ਜੋ ਸਾਕਾ ਵਾਪਰਿਆ, ਉਸ ਦਾ ਉਨਾਂ ਦੇ ਮਨ ‘ਤੇ ਗਹਿਰਾ ਪ੍ਰਭਾਵ ਪਿਆ ਤੇ ਉਨਾਂ ਨੇ ਅੰਗਰੇਜ਼ ਸਰਕਾਰ ਦੇ ਖਿਲਾਫ ਫ਼ੌਜ ਅੰਦਰ ਪ੍ਰਚਾਰ ਆਰੰਭ ਦਿੱਤਾ। ਜਦ ਗੱਲ ਅੰਗਰੇਜ਼ ਅਫ਼ਸਰਾਂ ਤੱਕ ਪਹੁੰਚੀ ਤਾਂ ਉਨਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ। ਉਪਰੰਤ ਸਰਕਾਰ ਤੋਂ ਮੁਆਫੀ ਮੰਗਣ ਦੀ ਬਜਾਏ ਫ਼ੌਜ ਦੀ ਨੌਕਰੀ ਛੱਡ ਕੇ ਘਰ ਆਉਣਾ ਹੀ ਠੀਕ ਸਮਝਿਆ। 1920 ਵਿਚ ਉਹ ਪੂਰਨ ਤੌਰ ‘ਤੇ ਅਕਾਲੀ ਲਹਿਰ ਨਾਲ ਜੁੜ ਗਏ। ਉਨਾਂ ਦਾ ਕੌਮ ਪ੍ਰਤੀ ਉਤਸ਼ਾਹ ਤੇ ਯੋਗ ਸੇਵਾਵਾਂ ਵੇਖ ਕੇ ਉਨਾਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਚੁਣਿਆ ਗਿਆ। ਇਸ ਸਮੇਂ ਮਹੰਤਾਂ ਤੋਂ ਗੁਰਧਾਮ ਆਜ਼ਾਦ ਕਰਾਉਣ ਹਿੱਤ ਮੋਰਚਾ ਲੱਗ ਚੁੱਗਾ ਸੀ। 26 ਜਨਵਰੀ 1921 ਈ. ਨੂੰ ਤਰਨ ਤਾਰਨ ਦੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾਉਣ ਗਏ ਅਕਾਲੀ ਸਿੰਘਾਂ ਦੇ ਜਥੇ ਉਪਰ ਹਮਲਾ ਕਰ ਕੇ ਦੋ ਸਿੰਘਾਂ ਨੂੰ ਸ਼ਹੀਦ ਅਤੇ 17 ਸਿੰਘਾਂ ਨੂੰ ਮਹੰਤਾਂ ਦੇ ਗੁੰਡਿਆਂ ਨੇ ਫੱਟੜ ਕਰ ਦਿੱਤਾ ਗਿਆ। 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ 100 ਤੋਂ ਵੱਧ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਸ. ਕਿਸ਼ਨ ਸਿੰਘ ਹੁਰਾਂ ਦਾ ਮਨ ਇਹ ਦੇਖ ਕੇ ਸ਼ਾਂਤਮਈ ਸੰਘਰਸ਼ ਤੋਂ ਚੁਕਿਆ ਗਿਆ ਤੇ ਉਨਾਂ ਨੇ ਸ਼ਸਤਰਧਾਰੀ ਯੁੱਧ ਆਰੰਭਣ ਦਾ ਫੈਸਲਾ ਕਰ ਲਿਆ। 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਚ ਸਿੱਖ ਵਿਦਿਅਕ ਕਾਨਫਰੰਸ ਹੋਈ। ਇਸ ਇਕੱਠ ਵਿਚ ਉਨਾਂ ਸ਼ਸਤਰਬੱਧ ਸੰਘਰਸ਼ ਆਰੰਭਣ ਦਾ ਆਪਣਾ ਫੈਸਲਾ ਸਟੇਜ ਤੋਂ ਸੁਣਾਇਆ। ਧੜੱਲੇਦਾਰ ਅਤੇ ਪ੍ਰਭਾਵਸ਼ਾਲੀ ਤਕਰੀਰ ਸਦਕਾ ਲੋਕਾਂ ਦੇ ਲੂੰ ਕੰਡੇ ਖੜੇ ਹੋ ਗਏ। ਕਈਆਂ ਨੇ ਹੱਥ ਖੜੇ ਕਰ ਕੇ ਉਨਾਂ ਦਾ ਸਾਥ ਦੇਣ ਦਾ ਮਨ ਬਣਾਇਆ।

ਇਸ ਤੋਂ ਤੁਰੰਤ ਬਾਅਦ ਮਾਸਟਰ ਮੋਤਾ ਸਿੰਘ, ਸ. ਗੰਡਾ ਸਿੰਘ, ਸ. ਬੇਲਾ ਸਿੰਘ ਆਦਿ ਕੁਝ ਗਰਮ-ਖਿਆਲੀ ਸਿੱਖਾਂ ਨਾਲ ਉਨਾਂ ਨੇ ਪਹਿਲੀ ਮੀਟਿੰਗ ਕਰ ਕੇ ਨਨਕਾਣਾ ਸਾਹਿਬ ਦੇ ਦੋਸ਼ੀ ਮਹੰਤ ਅਤੇ ਅੰਗਰੇਜ਼ ਪੁਲਿਸ ਸੁਪਰਡੈਂਟ ਮਿ. ਬਾਊਰਿੰਗ ਨੂੰ ਸੋਧਣ ਦਾ ਮਨ ਬਣਾਇਆ। ਇਸ ਕਾਰਜ ਦੀ ਪੂਰਤੀ ਵਾਸਤੇ ਅੰਬਾਲਾ ਛਾਉਣੀ ਤੋਂ ਪਿਸਤੌਲ ਹਾਸਲ ਕੀਤੇ ਗਏ, ਅੰਦਰੂਨੀ ਗੱਦਾਰੀ ਅਤੇ ਅੰਗਰੇਜ਼ੀ ਹਕੂਮਤ ਦੀ ਚੌਕਸੀ ਸਦਕਾ 23 ਮਈ 1921 ਨੂੰ ਅੰਗਰੇਜ਼ ਅਫ਼ਸਰ ਨੂੰ ਸੋਧਣ ਗਏ ਤਾਂ ਸ. ਮੋਤਾ ਸਿੰਘ, ਸ. ਗੰਡਾ ਸਿੰਘ ਤੇ ਸ. ਬੇਲਾ ਸਿੰਘ ਫੜੇ ਗਏ। ਇਸ ਮਾਮਲੇ ਵਿਚ ਆਪ ਦੇ ਖਿਲਾਫ਼ ਬਗਾਵਤ ਦਾ ਦੋਸ਼ ਲਾ ਕੇ ਵਰੰਟ ਜਾਰੀ ਕਰ ਦਿੱਤੇ ਗਏ। ਪਰੰਤੂ ਆਪ ਅਤੇ ਮਾਸਟਰ ਮੋਤਾ ਸਿੰਘ ਰੂਪੋਸ਼ ਹੋ ਗਏ। ਸ. ਕਿਸ਼ਨ ਸਿੰਘ ਦਾ ਵਿਚਾਰ ਸੀ ਕਿ ਸ਼ਾਂਤਮਈ ਸੰਘਰਸ਼ ਵਿਚ ਸਿੱਖਾਂ ਦਾ ਖੂਨ ਅਜਾਈਂ ਹੀ ਡੋਲਿਆ ਜਾ ਰਿਹਾ ਹੈ। ਸ਼ਾਂਤਮਈ ਸੰਘਰਸ਼ ਨਾਲ ਅੰਗਰੇਜ਼ੀ ਹਕੂਮਤ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ। ਇਸੇ ਸੰਦਰਭ ਵਿਚ ਭਾਵੇਂ ਸਿੱਖਾਂ ਦੀਆਂ ਕੁਝ ਸੰਪਰਦਾਵਾਂ ਤੇ ਸਭਾਵਾਂ ਨੇ ਸ਼ਾਂਤਮਈ ਲਹਿਰ ਹੀ ਚਲਾਉਣ ਦੀ ਪ੍ਰੇਰਨਾ ਕੀਤੀ ਸੀ ਪਰ ਕਿਸ਼ਨ ਸਿੰਘ ‘ਗੜਗੱਜ’ ਨੇ ਇਨਾਂ ਨੂੰ ਰੱਦ ਕਰ ਦਿੱਤਾ। ਸਰਕਾਰ ਤੋਂ ਬਾਗੀ ਹੋ ਕੇ ਅੰਗਰੇਜ਼ ਵਿਰੁੱਧ ਪ੍ਰਚਾਰ ਆਰੰਭਿਆ ਤੇ ਦੇਸ਼ ਵਾਸੀਆਂ ਨੂੰ ਕਿਹਾ ਕਿ ਪਹਿਲੀਆਂ ਸ਼ਾਂਤਮਈ ਸ਼ਹੀਦੀਆਂ ਦਾ ਸਿੱਟਾ ਕੀ ਨਿਕਲਿਆ ਹੈ? ਇਸ ਸਮੇਂ ਦੌਰਾਨ ਉਨਾਂ ਨੇ ਨਿਮਾਹੀ (ਮਸਤੂਆਣੇ) ਵਿਖੇ ਜੋਸ਼ੀਲੀ ਤਕਰੀਰ ਕੀਤੀ ਪਰ ਨਰਮ ਦਲੀਆਂ ਨੇ ਉਨਾਂ ਨੂੰ ਬੋਲਣ ਤੋਂ ਰੋਕ ਦਿੱਤਾ। ਅਕਤੂਬਰ 1921 ਦੇ ਸ਼ੁਰੂ ਵਿਚ ਉਹ ਹਰਦਾਸਪੁਰ (ਫਗਵਾੜਾ) ਵਿਖੇ ਬਾਬਾ ਕਰਤਾਰ ਸਿੰਘ ਪਰਾਗਪੁਰੀ ਨੂੰ ਮਿਲੇ ਅਤੇ ਉਥੇ ਹੋਏ ਇਕੱਠ ਵਿਚ ਜੋਸ਼ ਭਰਪੂਰ ਤਕਰੀਰ ਕੀਤੀ। ਇਥੇ ਹੀ ਉਨਾਂ ਨੂੰ ਸਿੱਖ ਪਲਟਨ ਨਾਲ ਸੰਬੰਧਤ ਬਾਬੂ ਸੰਤਾ ਸਿੰਘ ਮਿਲੇ ਅਤੇ ਉਨਾਂਨੌਕਰੀ ਛੱਡ ਕੇ ਦੇਸ਼ ਦੀ ਸੇਵਾ ਕਰਨ ਦੀ ਤੀਬਰ ਇੱਛਾ ਜ਼ਾਹਰ ਕੀਤੀ। ਪਰ ਇਨਾਂ ਨੇ ਉਨਾਂ ਨੂੰ ਨੌਕਰੀ ਛੱਡਣ ਤੋਂ ਵਰਜ ਦਿੱਤਾ ਅਤੇ ਨੌਕਰੀ ਦੌਰਾਨ ਫੌਜ ਵਿਚ ਰਹਿ ਕੇ ਹੀ ਸੇਵਾ ਕਰਨ ਦੀ ਬੇਨਤੀ ਕੀਤੀ। ਨਵੰਬਰ 1921 ਤਕ ਇਹ ਕਾਫੀ ਸਿੰਘਾਂ ਦਾ ਜਥਾ ਬਣ ਗਿਆ ਅਤੇ ਰੁੜਕੀ ਕਲਾਂ (ਜਲੰਧਰ) ਵਿਚ ਇਸ ਜਥੇ ਦੀ ਪਹਿਲੀ ਕਾਨਫਰੰਸ ਕੀਤੀ ਤੇ ਪਾਰਟੀ ਦਾ ਨਾਮ ‘ਚਕਰਵਰਤੀ ਜਥਾ’ ਰੱਖਿਆ ਤੇ ਫੈਸਲਾ ਕੀਤਾ ਗਿਆ ਕਿ-

1. ਅੰਗਰੇਜ਼ ਸਰਕਾਰ ਵਿਰੁੱਧ ਬਾਗੀਆਨਾ ਪ੍ਰਚਾਰ ਆਰੰਭਿਆ ਜਾਵੇ,

2. ਪਿੰਡਾਂ ਵਿਚ ਇਕੱਠ ਕਰ ਕੇ ਜੋਸ਼ੀਲੀਆਂ ਤਕਰੀਰਾਂ ਕੀਤੀਆਂ ਜਾਣ।

ਇਸ ਦੇ ਜਵਾਬ ਵਿਚ ਅੰਗਰੇਜ਼ ਸਰਕਾਰ ਨੇ ‘ਅਮਨ ਸਭਾਵਾਂ’ ਦੀ ਸ਼ੁਰੂਆਤ ਕੀਤੀ ਪਰ ‘ਚੱਕਰਵਰਤੀ ਜਥੇ’ ਦੇ ਪ੍ਰਚਾਰ ਸਾਹਮਣੇ ਇਨਾਂ ਦੀ ਇਕ ਵੀ ਨਾ ਚੱਲੀ।

ਇਸ ਸਮੇਂ ਦੌਰਾਨ ਸ. ਧੰਨਾ ਸਿੰਘ ‘ਬਹਿਲਮਪੁਰ’, ਸ. ਕਰਮ ਸਿੰਘ, ਸ.ਵਰਿਆਮ ਸਿੰਘ ‘ਧੁੱਗਾ ਆਦਿ ਗਰਮ ਖਿਆਲੀ ਸਿੰਘ ਵੀ ਇਸ ਜਥੇ ਵਿਚ ਸ਼ਾਮਲ ਹੋ ਗਏ। ਬਾਬੂ ਸੰਤਾ ਸਿੰਘ ਵੀ ਇਸ ਸਮੇਂ ਦੌਰਾਨ ਫ਼ੌਜੀ ਨੌਕਰੀ ਛੱਡ ਕੇ ‘ਚੱਕਰਵਰਤੀ ਜਥੇ’ ਵਿਚ ਆ ਰਲੇ। ਇਸ ਜਥੇ ਨੇ ਅੰਗਰੇਜ਼ਾਂ ਦੇ ਝੋਲੀ ਚੁੱਕਾਂ ਖਿਲਾਫ ਸੰਘਰਸ਼ ਕੀਤਾ। ਦੁਆਬੇ ਦੇ ਇਲਾਕੇ ਵਿਚ ਇਸ ਜਥੇ ਦੀ ਪੂਰੀ ਤਰਾ ਧਾਂਕ ਜੰਮ ਗਈ। ਇਸ ਜਥੇ ਦੇ ਡਰ ਸਦਕਾ ਹੀ 13 ਜਨਵਰੀ 1922 ਨੂੰ ਗੁਰਦੁਆਰਾ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਦਾ ਪ੍ਰਬੰਧ ਬਿਨਾਂ ਕਿਸੇ ਖੂਨ ਖਰਾਬੇ ਦੇ ਸਿੱਖ ਸੰਗਤਾਂ ਦੇ ਹੱਥ ਆ ਗਿਆ। ਮਾਰਚ 1922 ਨੂੰ ਅਨੰਦਪੁਰ ਸਾਹਿਬ ਵਿਖੇ ਹੋਏ ਹੋਲੇ ਮਹੱਲੇ ਦੇ ਮੌਕੇ ਉਪਰ ਸਿੱਖ ਇਤਿਹਾਸ ਦੇ ਖ਼ੂਨੀ ਪਤਰਿਆਂ, ਗੁਰਬਾਣੀ ਦ੍ਰਿਸ਼ਟਾਂਤਾਂ ਨਾਲ ਭਰਪੂਰ ਇਕ ਪ੍ਰਭਾਵਸ਼ਾਲੀ ਤਕਰੀਰ ਉਨਾਂ ਨੇ ਕੀਤੀ, ਜਿਸ ਨੂੰ ਸੁਣ ਕੇ ਸਿੱਖ ਸੰਗਤਾਂ ਦੇ ਲੂੰ-ਕੰਡੇ ਖੜੇ ਹੋ ਗਏ। ਇਸ ਸਮੇਂ ਆਪ ਨੂੰ ਪੁਲਿਸ ਨੇ (ਭਗੌੜੇ ਹੋਣ ਕਾਰਨ) ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਗਤਾਂ ਦਾ ਅਥਾਹ ਇਕੱਠ ਹੋਣ ਕਾਰਨ ਪੁਲਿਸ ਦੀ ਕੋਈ ਪੇਸ਼ ਨਾ ਗਈ। 19 ਮਾਰਚ 1922 ਨੂੰ ਇਲਾਕੇ ਦੇ ਸਾਰੀ ਝੋਲੀ-ਚੁੱਕਾਂ ਨੂੰ ਸੋਧਣ ਦਾ ਫੈਸਲਾ ਕੀਤਾ।

ਅਪ੍ਰੈਲ 1922 ਨੂੰ ਸ. ਕਿਸ਼ਨ ਸਿੰਘ ਇਕ ਸਾਥੀ ਬਾਬੂ ਸੰਤਾ ਸਿੰਘ ਨਾਲ ਮਿਲ ਕੇ ਇਕ ਪਿੰਡ ਵਿਚ ਪ੍ਰਚਾਰ ਕਰ ਰਹੇ ਸਨ ਤਾਂ ਪਤਾ ਲੱਗਾ ਕਿ ਖਜਰੂਲਾ (ਨੇੜੇ ਜਲੰਧਰ ਛਾਉਣੀ) ਵਿਖੇ ਪੁਲਿਸ ਚੌਂਕੀ ਵਿਚ ਇਕ ਸਿੰਘ ਨੂੰ ਕਾਲੀ ਦਸਤਾਰ ਸਜਾਉਣ ਕਰਕੇ ਕੁੱਟ ਮਾਰ ਕੀਤੀ ਜਾ ਰਹੀ ਹੈ ਤਾਂ ਉਹ ਉਸੇ ਵੇਲੇ ਪੁਲਿਸ ਚੌਂਕੀ ਨੂੰ ਜਾ ਪਏ। ਕਿਰਪਾਨਾਂ ਸੂਤ ਕੇ ਸਿਪਾਹੀਆਂ ‘ਤੇ ਹਮਲਾ ਕਰ ਦਿੱਤਾ ਤੇ ਸਿੰਘ ਨੂੰ ਰਿਹਾਅ ਕਰਵਾਇਆ। ਜੂਨ 1922 ਵਿਚ ਬਾਬਾ ਕਰਤਾਰ ਸਿੰਘ ਪਰਾਗਪੁਰੀ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਤੇ ਉਹ ਪੁਲਿਸ ਦਾ ਮੁਖ਼ਬਰ ਬਣ ਗਿਆ। ਅਗਸਤ 1922 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਚੱਕਰਵਰਤੀ ਜਥੇ ਦੀ ਵਰਕਿੰਗ ਕਮੇਟੀ ਦੀ ਇਕੱਤਰਤਾ ਹੋਈ ਜਿਸ ਵਿਚ ਇਕ ਅਖ਼ਬਾਰ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਨਾਂ ‘ਬੱਬਰ ਅਕਾਲੀ ਦੁਆਬਾ’ ਰੱਖਿਆ ਗਿਆ। ਸ. ਕਰਮ ਸਿੰਘ ਇਸ ਦੇ ਐਡੀਟਰ ਬਣੇ। ਇਸ ਅਖ਼ਬਾਰ ਵਿਚ ਜੋਸ਼ੀਲੀਆਂ ਕਵਿਤਾਵਾਂ, ਇਤਿਹਾਸ ਦੇ ਖ਼ੂਨੀ ਪਤਰੇ ਅਤੇ ਜਥੇਬੰਦੀ ਦੀਆਂ ਕਾਰਵਾਈਆਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਸਨ। ਇਸ ਅਖ਼ਬਾਰ ਦੇ ਨਾਮ ਸਦਕਾ ਹੀ ਸਾਰੇ ਸਿੰਘਾਂ ਦੇ ਨਾਮ ਨਾਲ ‘ਬੱਬਰ ਅਕਾਲੀ’ ਸ਼ਬਦ ਤਖ਼ਲਸ ਜੁੜ ਗਿਆ। ਅਗਸਤ 1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉਪਰ ਹੋਏ ਤਸ਼ੱਦਦ ਬਾਰੇ ਉਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਤਰਾ ਲਿਖਿਆ-

ਕਿਉਂ ਅਸੀਂ ਐਵੇਂ ਗੁਰੂ ਕੇ ਬਾਗ ਵਿਚ ਸਿੱਖਾਂ ਦੇ ਹੱਡ ਕੁਟਵਾਉਂਦੇ ਹੋ ਅਤੇ ਲੋਕਾਂ ਨੂੰ ਸ਼ਾਂਤਮਈ ਕੁਰਬਾਨੀਆਂ ਦੇਣ ਲਈ ਮਜ਼ਬੂਰ ਕਰਦੇ ਹੋ? ਜੇ ਆਪ ਅੰਗਰੇਜ਼ ਸਰਕਾਰ ਤੋਂ ਗੁਰਧਾਮਾਂ ਦੀ ਪੂਰਨ ਆਜ਼ਾਦੀ ਚਾਹੁੰਦੇ ਹੋ ਤਾਂ ਸ੍ਰੀ ਸਾਹਿਬ ਉਠਾਉਣੀ ਪਵੇਗੀ। ਜੇ ਤੁਸੀਂ ਇਹ ਰਸਤਾ ਅਪਣਾਓ ਤਾਂ ਦਾਸ ਹਜ਼ਾਰਾਂ ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਪਹੁੰਚ ਸਕਦਾ ਹੈ।

25 ਦਸੰਬਰ 1922 ਨੂੰ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਉਨਾਂ ਨੇ ਜਥੇਬੰਦੀ ਦੇ ਸਮੂਹ ਮੈਂਬਰਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ-

1. ਕੋਈ ਮੈਂਬਰ ਆਪਹੁਦਰਾ ਐਕਸ਼ਨ ਨਾ ਕਰੇ।

2. ਚੋਣਵੇਂ ਝੋਲੀ-ਚੁੱਕ ਖਤਮ ਕੀਤੇ ਜਾਣ।

3. ਔਰਤਾਂ ਅਤੇ ਬੱਚਿਆਂ ਉਤੇ ਹੱਥ ਨਾ ਚੁੱਕਿਆ ਜਾਵੇ।

4. ਸੋਧ ਤੋਂ ਬਾਅਦ ਜ਼ਿੰਮੇਵਾਰੀ ਤਿੰਨ ਬੱਬਰਾਂ (ਸ. ਕਰਮ ਸਿੰਘ, ਸ. ਧੰਨਾ ਸਿੰਘ, ਸ. ਉਦੈ ਸਿੰਘ ਬੱਬਰ) ਦੇ ਨਾਮ ਲਈ ਜਾਵੇ।

ਇਸ ਜਥੇ ਦੀ ਕਾਰਵਾਈ ਤਹਿਤ 10 ਜਨਵਰੀ 1920 ਨੂੰ ਜੈਲਦਾਰ ਬਿਸ਼ਨ ਸਿੰਘ ਸੋਧਿਆ ਗਿਆ। ਇਸ ਜਥੇਬੰਦੀ ਵਲੋਂ ਐਲਾਨ ਕੀਤਾ ਗਿਆ ਕਿ ਕੋਈ ਵੀ ਠੇਕੇਦਾਰ ਸ਼ਰਾਬ ਨਾ ਦਾ ਠੇਕਾ ਅਤੇ ਸੜਕਾਂ ਦੁਆਲੇ ਲੱਗੇ ਅੰਬਾਂ ਦਾ ਠੇਕਾ ਨਹੀਂ ਲਾਵੇਗਾ। ਸਾਲ 1922-23 ਦੌਰਾਨ ਕਿਸੇ ਵੀ ਠੇਕੇਦਾਰ ਦੀ ਠੇਕਾ ਚੁਕਣ ਦੀ ਹਿੰਮਤ ਨਾ ਪਈ। ਅਖ਼ੀਰ ਫਰਵਰੀ 1923 ਨੂੰ ਸ. ਕਿਸ਼ਨ ਸਿੰਘ ਗੜਗੱਜ ਨੂੰ ਉਨਾਂ ਦੇ ਪਿੰਡ ਹੀ ਦੇ ਹੀ ਇਕ ਵਿਅਕਤੀ ਕਾਬਲ ਸਿੰਘ ਨੇ 2000 ਰੁਪਏ ਦੇ ਸਰਕਾਰੀ ਇਨਾਮ ਦੇ ਲਾਲਚ ਵਿਚ ਆ ਕੇ ਪਿੰਡ ਪੰਡੋਰੀ ਮਹਿਲ ਤੋਂ ਗ੍ਰਿਫਤਾਰ ਕਰਵਾ ਦਿੱਤਾ। ਇਸ ਤੋਂ ਕੁਝ ਸਮਾਂ ਪਹਿਲਾਂ ਬਾਬਾ ਕਰਤਾਰ ਸਿੰਘ ਜੋ ਪੁਲਿਸ ਟਾਊਟ ਬਣ ਚੁੱਕਾ ਸੀ, ਨੇ ਸ. ਸੰਤਾ ਸਿੰਘ ਨੂੰ ਵੀ ਗ੍ਰਿਫਤਾਰ ਕਰਵਾ ਦਿੱਤਾ।

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ. ਕਿਸ਼ਨ ਸਿੰਘ ‘ਗੜਗੱਜ’ ਨੂੰ ਮੀਆਂ ਵਾਲੀ ਜੇਲ ਵਿਚ ਰੱਖਿਆ ਗਿਆ। ਇਸ ਸਮੇਂ ਦੌਰਾਨ ਵੀ ‘ਬੱਬਰ ਅਕਾਲੀ’ ਜਥੇ ਦੀਆਂ ਕਾਰਵਾਈਆਂ ਜਾਰੀ ਰਹੀਆਂ, ਜਿਨਾਂ ਨੇ ਅੰਗਰੇਜ਼ ਸਰਕਾਰ ਦੇ ਥੰਮ ਹਿਲਾ ਦਿੱਤੇ ਕਿਉਂਕਿ ਬਹੁਤ ਵੱਡੇ ਵੱਡੇ ਝੋਲੀ-ਚੁੱਕ ਮਾਰ ਦਿੱਤੇ ਗਏ ਸਨ। 3 ਮਾਰਚ 1923 ਨੂੰ ਚਾਰ ਬੱਬਰਾਂ ਨੇ ਜਮਸ਼ੇਦਪੁਰ ਰੇਲਵੇ ਸ਼ਟੇਸ਼ਨ ਤੋਂ ਸਰਕਾਰੀ ਰਕਮ ‘ਤੇ ਕਬਜ਼ਾ ਕੀਤਾ। 11 ਮਾਰਚ ਨੂੰ ਪਿੰਡ ਨੰਗਲ ਸ਼ਾਮਾਂ ਦਾ ਨੰਬਰਦਾਰ ਸੋਧਿਆ ਗਿਆ। 19 ਮਾਰਚ ਨੂੰ ਸੀ. ਆਈ. ਡੀ. ਦੇ ਸਿਪਾਹੀ ਨਾਭ ਸਿੰਘ ਨੂੰ ਪਿੰਡ ਡਾਨਸੀਵਾਲ ਵਿਖੇ ਪਾਰ ਬੁਲਾਇਆ ਗਿਆ। ਪਰ ਇਸ ਸਮੇਂ ਤੱਕ ਕਾਫੀ ਗਦਾਰ ਵੀ ਜਥੇਬੰਦੀ ਵਿਚ ਸ਼ਾਮਲ ਹੋ ਚੁੱਕੇ ਸਨ। ਸਤੰਬਰ 1923 ਨੂੰ ਗਦਾਰ ਅਨੂਪ ਸਿੰਘ ਨੇ ਬਕੇਲੀ ਪਿੰਡ ਨੂੰ ਘੇਰਾ ਪੁਆ ਕੇ ਸ. ਕਰਮ ਸਿੰਘ ਐਡੀਟਰ, ਸ. ਉਦੈ ਸਿੰਘ, ਸ. ਬਿਸ਼ਨ ਸਿੰਘ, ਸ. ਮਹਿੰਦਰ ਸਿੰਘ ਅਤੇ ਸਰਦਾਰ ਸੋਹਣ ਸਿੰਘ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

24 ਅਕਤੂਬਰ 1923 ਨੂੰ ਜਵਾਲਾ ਸਿੰਘ ਤੇ ਬੇਲਾ ਸਿੰਘ ਦੀ ਗਦਾਰੀ ਕਰ ਕੇ ਸ. ਧੰਨਾ ਸਿੰਘ ਬੱਬਰ ‘ਬਹਿਬਲਪੁਰੀਆ’ ਆਪਣਾ ਜੀਉਂਦੇ ਜੀਅ ਪੁਲਿਸ ਦੇ ਹੱਥ ਨਾ ਆਉਣ ਦਾ ਪ੍ਰਣ ਕਰਦਿਆਂ ਬੰਬ ਨਾਲ ਪੁਲਿਸ ਥਾਣੇਦਾਰ ਹੋਰਟਨ ਅਤੇ 9 ਸਿਪਾਹੀਆਂ ਨੂੰ ਉਡਾ ਕੇ ਆਪ ਵੀ ਸ਼ਹੀਦ ਹੋ ਗਿਆ। 12 ਦਸੰਬਰ 1923 ਨੂੰ ਪਿੰਡ ਮੁੰਡੇਰ ਦੇ ਵਸਨੀਕ ਜਗਤ ਸਿੰਘ ਨੇ ਗਦਾਰੀ ਕਰ ਕੇ ਸ. ਬੰਤਾ ਸਿੰਘ ਤੇ ਸ. ਜੁਆਲਾ ਸਿੰਘ ਫਤਹਿਪੁਰ ਨੂੰ ਸ਼ਹੀਦ ਕਰਵਾ ਦਿੱਤਾ। ਜਥੇਬੰਦੀ ਅੰਦਰ ਸਰਕਾਰੀ ਅਫ਼ਸਰਾਂ ਦੀ ਘੁਸਪੈਠ ਸਦਕਾ ਕਈ ਹੋਰ ਸਿੰਘ ਵੀ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਲਏ ਗਏ। ਬੱਬਰਾਂ ਨੂੰ ਲਾਹੌਰ ਵਿਖੇ ਇਕੱਠੇ ਕਰ ਦਿੱਤਾ ਅਤੇ ਅੰਗਰੇਜ਼ ਹਕੂਮਤ ਨੇ ਵੱਖੋ ਵੱਖ ਮੁਕੱਦਮੇ ਚਲਾਏ।

28 ਫਰਵਰੀ 1925 ਨੂੰ 6 ਬੱਬਰਾਂ ਨੂੰ ਫਾਂਸੀ, 38 ਨੂੰ 7 ਸਾਲ ਕੈਦ, 10 ਨੂੰ ਕਾਲੇਪਾਣੀ ਭੇਜਣ ਦੀ ਸਜ਼ਾ ਅਤੇ 35 ਨੂੰ ਬਰੀ ਕਰ ਦਿੱਤਾ ਗਿਆ। 26 ਫਰਵਰੀ ਦੀ ਰਾਤ ਨੂੰ ਸ. ਗੜਗੱਜ ਨੇ ਜੇਲ ਅੰਦਰ ਇਕ ਪ੍ਰਭਾਵਸ਼ਾਲੀ ਤਕਰੀਰ ਕੀਤੀ, ਜਿਸ ਦਾ ਸਾਰਅੰਸ਼ ਇਹ ਹੈ-

ਵੀਰੋ! ਸਾਡੇ ਧੰਨ ਭਾਗ ਹਨ ਕਿ ਅੱਜ ਅਸੀਂ ਉਨਾਂ ਦੇਸ਼ ਭਗਤਾਂ ਦੀ ਸਫ਼ ਵਿਚ ਖੜੇ ਹੋਣ ਵਾਲੇ ਹਾਂ ਜੋ ਮਾਤ-ਭੂਮੀ ਦੀ ਬੰਦ-ਖ਼ਲਾਸੀ ਕਾਰਨ ਜਦੋ-ਜਹਿਦ ਕਰਦੇ ਹੋਏ ਫਾਂਸੀ ਦੇ ਤਖ਼ਤੇ ‘ਤੇ ਚੜ•ੇ। ਬੇਸ਼ੱਕ ਸਾਡਾ ਵੈਰੀ ਅੱਜ ਖੁਸ਼ ਹੁੰਦਾ ਹੋਵੇਗਾ ਪਰ ਹਕੀਕੀ ਖੁਸ਼ੀ ਸਾਨੂੰ ਹੈ ਕਿਉਂਕਿ ਅਸੀਂ ਆਪਣਾ ਪ੍ਰਣ ਅਤੇ ਫ਼ਰਜ਼ ਪੂਰਾ ਕਰਦੇ ਹੋਏ ਅਮਰ ਹੋ ਰਹੇ ਹਾਂ।

27 ਫਰਵਰੀ 1926 ਨੂੰ ਅੰਮ੍ਰਿਤ ਵੇਲੇ ਸਾਰਿਆਂ ਨਿਤਨੇਮ ਕੀਤਾ। ਸਵੇਰ ਹੋਈ ਤਾਂ ਬੀਰ ਬਹਾਦਰਾਂ ਨੂੰ ਫਾਂਸੀ ਦੇ ਤਖਤੇ ਵੱਲ ਲਿਜਾਇਆ ਗਿਆ। ਚਿਹਰਿਆਂ ਉਪਰ ਅਗੰਮੀ ਨੂਰ ਝਲਕ ਰਹੇ ਸਨ। ਛੇ ਸੂਰਮੇ ਤਖਤੇ ਪੁਰ ਇੰਜ ਖਲੋ ਗਏ ਜਿਵੇਂ ਮੌਤ ਪਰਨਾਉਣ ਤੋਂ ਪਹਿਲਾਂ ਫੋਟੋ ਖਿਚਵਾ ਰਹੇ ਹੋਣ। ਚਿਹਰਿਆਂ ਉਪਰ ਦਗਦਗ ਕਰਦਾ ਖ਼ਾਲਸਈ ਜਲਾਲ ਦੇਖ ਕੇ ਜੇਲ ਸੁਪਰਡੈਂਟ ਦੀਆਂ ਅੱਖਾਂ ਵਿਚ ਹੰਝੂ ਆ ਗਏ ਤਾਂ ਸ. ਕਿਸ਼ਨ ਸਿੰਘ ਨੇ ਉਸ ਨੂੰ ਮੁਖਾਤਿਬ ਹੋ ਕੇ ਕਿਹਾ-

ਤੇਰੇ ਹੰਝੂ ਇਸ ਲਈ ਨਿਕਲ ਰਹੇ ਸਨ ਕਿ ਤੇਰੇ ਮਨ ਨੂੰ ਜਾਬਰ ਹਕੂਮਤ ਦੀ ਗੁਲਾਮੀ ਦਾ ਅਹਿਸਾਸ ਹੋਇਆ ਹੈ। ਸਾਨੂੰ ਲਾਲੀਆਂ ਇਸ ਲਈ ਚੜਆਂ ਹਨ ਕਿ ਸਾਡੇ ਦਿਲਾਂ ਅੰਦਰ ਆਜ਼ਾਦੀ ਦੀ ਮਸ਼ਾਲ ਲਟ-ਲਟ ਕਰ ਰਹੀ ਹੈ।

ਅਖੀਰ ਸ. ਕਿਸ਼ਨ ਸਿੰਘ ‘ਗੜਗੱਜ’, ਸ. ਕਰਮ ਸਿੰਘ, ਸ. ਸੰਤਾ ਸਿੰਘ, ਸ.ਦਲੀਪ ਸਿੰਘ, ਸ. ਧਰਮ ਸਿੰਘ ਇਹ ਕੌਮੀ ਪਰਵਾਨੇ ਆਜ਼ਾਦੀ ਦੀ ਸ਼ਮਾ ‘ਤੇ ਕੁਰਬਾਨ ਹੋ ਗਏ। ਫਾਂਸੀ ਦੇ ਫੰਦੇ ‘ਤੇ ਚੜ ਕੇ ਸ਼ਹਾਦਤ ਜਾ ਜਾਮ ਪੀ ਗਏ। ਸ਼ਹੀਦ ਹੋਏ ਸੂਰਬੀਰਾਂ ਦੇ ਸਰੀਰ ਪਰਿਵਾਰਾਂ ਦੇ ਹਵਾਲੇ ਕਰਨ ਤੋਂ ਅੰਗਰੇਜ਼ੀ ਸਰਕਾਰ ਨੇ ਇਨਕਾਰ ਕਰ ਦਿੱਤਾ। ਪ੍ਰੰਤੂ ਸ. ਸਰਦੂਲ ਸਿੰਘ ਕਵੀਸ਼ਰ, ਸ. ਬਹਾਦਰ ਸਿੰਘ, ਸ. ਮਹਿਤਾਬ ਸਿੰਘ ਅਤੇ ਸ. ਸੁੰਦਰ ਸਿੰਘ ਦੇ ਉਪਰਾਲੇ ਸਦਕਾ ਸ਼ਹੀਦਾਂ ਦੀਆਂ ਦੇਹਾਂ ਪ੍ਰਾਪਤ ਕੀਤੀਆਂ ਗਈਆਂ ਅਤੇ ਗੁਰਦੁਆਰਾ ਡੇਹਰਾ ਸਾਹਿਬ ਦੇ ਪਿਛਲੇ ਪਾਸੇ ਰਾਵੀ ਦੇ ਕੰਢੇ ‘ਤੇ ਗੁਰਮਤਿ ਮਰਯਾਦਾ ਅੰਤਮ ਸੰਸਕਾਰ ਕੀਤਾ ਗਿਆ। ਅੱਜ ਵੀ ਇਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਖਾਲਸਾ ਪੰਥ ਨੂੰ ਹਲੂਣਾ ਦੇ ਕੇ, ਇਕ ਪੰਥਕ ਕਵੀ ਰਾਹੀਂ ਆਖ ਰਹੀ ਹੈ-

ਉਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ,

ਵੱਲ ਜਿਨਾਂ ਨੂੰ ਆਇਆ ਸ਼ਹੀਦੀਆਂ ਦਾ।
Tags: , ,
Posted in: ਸਾਹਿਤ