ਜ਼ਾਲਮ ਸਲਤਨਤਾਂ ਦਾ ਘੁਮੰਡ ਤੋੜਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ

By February 21, 2016 0 Comments


baba bandaਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਵਿੱਚ ਇਕ ਨਿਧੜਕ ਯੋਧੇ ਅਤੇ ਸਿਦਕੀ ਸੈਨਿਕ ਕਮਾਂਡਰ ਵਜੋਂ ਮਾਨਤਾ ਹਾਸਲ ਹੈ। ਉਹ, ਪੰਜਾਬ ਦੇ ਇਤਿਹਾਸਕ ਰੰਗ-ਮੰਚ ’ਤੇ ਅਚਾਨਕ ਇਕ ਨਾਇਕ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ। ਉਸ ਦੀ ਸੁਚੱਜੀ ਅਗਵਾਈ ਹੇਠ ਸਿੱਖਾਂ ਨੇ ਮੁਗਲਾਂ ਨੂੰ ਪਹਿਲੀ ਵੇਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ ਅਤੇ ਗ਼ਜ਼ਨਵੀ, ਤੈਮੂਰ ਅਤੇ ਬਾਬਰ ਦੇ ਖ਼ਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ। ਬੇਸ਼ੱਕ ‘‘ਕਹਾਣੀ ਦਾ ਪਲਾਟ ਗੁਰੂ ਗੋਬਿੰਦ ਸਿੰਘ ਨੇ ਬਣਾਇਆ, ਅਦਾਕਾਰ ਵੀ ਗੁਰੂ ਗੋਬਿੰਦ ਸਿੰਘ ਨੇ ਆਪ ਸਿਆਣਪ ਨਾਲ ਤਿਆਰ ਕੀਤੇ, ਪਰ ਇਹ ਬੰਦਾ (ਬਹਾਦਰ) ਹੀ ਸੀ, ਜਿਸ ਨੇ ਅਦਾਕਾਰਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਅਤੇ ਚੰਗੀ ਤਰ੍ਹਾਂ ਖਿਡਾਇਆ। ਗੁਰੂ ਗੋਬਿੰਦ ਸਿੰਘ ਨੇ ਬੀਜ ਬੀਜਿਆ ਤੇ ਫਸਲ ਬੰਦੇ ਨੇ ਕੱਟੀ।’’ ਡਾ. ਗੋਕਲ ਚੰਦ ਨਾਰੰਗ। ਗੱਲ ਕੀ, ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ ਅਤੇ ਜ਼ੁਲਮੋ-ਜਬਰ ਨਾਲ ਨੱਕੋ-ਨੱਕ ਭਰੀ ਸਲਤਨਤ ਨੂੰ ਢਹਿ-ਢੇਰੀ ਕਰਨ ਦੀ ਸ਼ੁਰੂਆਤ ਕੀਤੀ।
ਅਠਾਰ੍ਹਵੀਂ ਸਦੀ ਵਿੱਚ ਮੁਗਲਾਂ ਦੇ ਅੱਤਿਆਚਾਰਾਂ ਵਿਰੁੱਧ ਤਲਵਾਰ ਉਠਾਉਣ ਵਾਲੇ ਇਸ ਲਾਸਾਨੀ ਯੋਧੇ ਦਾ ਜਨਮ 16 ਅਕਤੂਬਰ 1670 ਈਸਵੀ ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਖੇ ਹੋਇਆ। ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦਾਸ ਸੀ। ਉਸ ਦਾ ਪਿਤਾ ਰਾਮਦੇਵ (ਰਾਜਪੂਤ) ਇਕ ਸਾਧਾਰਨ ਕਿਸਾਨ ਸੀ। ਬੰਦਾ ਬਹਾਦਰ ਦਾ ਬਚਪਨ ਬਹੁਤ ਕਰਕੇ ਅਨਜਾਣਿਆ ਹੀ ਹੈ। ਹਾਂ! ਉਹ ਛੋਟੀ ਉਮਰੇ ਹੀ ਇਕ ਚੰਗਾ ਘੋੜ ਸਵਾਰ, ਪੱਕਾ ਨਿਸ਼ਾਨੇਬਾਜ਼ ਤੇ ਚੰਗਾ ਸ਼ਿਕਾਰੀ ਬਣ ਗਿਆ ਸੀ।
ਲਛਮਣ ਦਾਸ 15 ਕੁ ਵਰ੍ਹਿਆਂ ਦੀ ਉਮਰ ਵਿੱਚ ਹੀ ਘਰ-ਬਾਰ ਤਿਆਗ ਕੇ ਬੈਰਾਗੀ ਬਣ ਗਿਆ ਸੀ ਅਤੇ ਉਸ ਦੇ ਗੁਰੂ ਨੇ ਉਸ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਵੱਖ-ਵੱਖ ਥਾਵਾਂ ਦੀ ਯਾਤਰਾ ਕਰਨ ਉਪਰੰਤ ਮਾਧੋ ਦਾਸ ਨੇ ਨਾਂਦੇੜ ਦੇ ਨੇੜੇ, ਗੋਦਾਵਰੀ ਦਰਿਆ ਦੇ ਕੰਢੇ, ਇਕ ਸ਼ਾਂਤ ਤੇ ਸੁੰਦਰ ਸਥਾਨ ’ਤੇ ਆਪਣਾ ਟਿਕਾਣਾ ਬਣਾ ਲਿਆ। ਇਸ ਸਥਾਨ ’ਤੇ ਹੀ 3 ਸਤੰਬਰ 1708 ਨੂੰ ਗੁਰੂ ਗੋਬਿੰਦ ਸਿੰਘ ਦੀ ਮਾਧੋ ਦਾਸ ਨਾਲ ਪਹਿਲੀ ਮੁਲਾਕਾਤ ਹੋਈ।
ਇਤਿਹਾਸ ਦੇ ਅਤਿ-ਨਾਜ਼ੁਕ ਦੌਰ ਵਿੱਚ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਗੁਰੂ ਸਾਹਿਬ ਨੇ ਬੜੇ ਨਾਟਕੀ ਢੰਗ ਨਾਲ ਮਾਧੋ ਦਾਸ ਦੀ ਚੋਣ ਕੀਤੀ। ਮੁਗਲਾਂ ਨਾਲ ਸਿੱਧੀ ਟੱਕਰ ਲੈਣ ਲਈ ਚੁਣੇ ਗਏ ਇਸ ਲਾਸਾਨੀ ਯੋਧੇ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਦਾ ਨਾਂ ਅਤੇ ‘ਬਹਾਦੁਰ’ ਦਾ ਖ਼ਿਤਾਬ ਬਖ਼ਸ਼ਿਆ ਅਤੇ ਕੁਝ ਅਰਸੇ ਬਾਅਦ ਉਸ ਨੂੰ ਖਾਲਸੇ ਦਾ ਜਥੇਦਾਰ ਥਾਪ ਕੇ ਪੰਜਾਬ ਵੱਲ ਭੇਜਿਆ। ਸਲਾਹਕਾਰਾਂ ਵਜੋਂ ਪੰਜ ਪਿਆਰੇ ਅਤੇ 20 ਹੋਰ ਸਿੰਘ ਨਾਲ ਭੇਜੇ। ਪੰਜ ਤੀਰ ਅਤੇ ਇਕ ਨਗਾਰਾ ਬਖ਼ਸ਼ਿਆ। (ਬੰਦਾ ਬਹਾਦਰ ਅਕਤੂਬਰ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਇਆ)।
ਨਾਂਦੇੜ ਤੋਂ ਦਿੱਲੀ ਪਹੁੰਚਣ ਤਕ ਬੰਦਾ ਬਹਾਦਰ ਨਾਲ ਕੇਵਲ ਗਿਣਤੀ ਦੇ ਸਿੰਘ ਸਨ। ਰੋਹਤਕ-ਸੋਨੀਪਤ ਦੇ ਇਲਾਕੇ ਵਿੱਚ ਦਾਖ਼ਲ ਹੋਣ ਉਪਰੰਤ ਖਾਲਸਾ ਵਹੀਰ ਸਹੇਰੀ-ਖੰਡਾ ਨਾਂ ਦੇ ਦੋ ਜੁੜਵੇਂ ਪਿੰਡਾਂ ਦੀ ਜੂਹ ਵਿੱਚ ਰੁਕੀ, ਤਾਂ ਕਿ ਅਗਲੀ ਰਣਨੀਤੀ ਤੈਅ ਕੀਤੀ ਜਾ ਸਕੇ। ਇੱਥੋਂ ਹੀ ਬੰਦਾ ਬਹਾਦਰ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਪੱਤਰ ਲਿਖੇ ਅਤੇ ਗੁਰੂ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਭੇਜੇ। ਸੰਦੇਸ਼ ਮਿਲਦਿਆਂ ਹੀ, ਸਿੱਖਾਂ ਨੇ ਰਵਾਇਤੀ ਹਥਿਆਰਾਂ ਨਾਲ ਲੈੱਸ ਹੋ ਕੇ ਸਹੇਰੀ ਖੰਡਾ ਵਿਖੇ ਪਹੁੰਚਣਾ ਸ਼ੁਰੂ ਕਰ ਦਿੱਤਾ। ਕੁਝ ਲੁਟੇਰੇ ਤੇ ਚੋਰ-ਡਾਕੂ ਵੀ ਨਾਲ ਆ ਰਲੇ।
ਸਿੱਖ ਸੰਗਤਾਂ ਦੇ ਉੱਚ ਮਨੋਬਲ ਤੋਂ ਉਤਸ਼ਾਹਿਤ ਹੋ ਕੇ ਬੰਦਾ ਬਹਾਦਰ ਨੇ ਨੇੜੇ ਹੀ ਸੋਨੀਪਤ ’ਤੇ ਹਮਲਾ ਕਰਕੇ ਆਪਣੀਆਂ ਸੈਨਿਕ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਅਤੇ ਮੁਗਲ ਰਾਜਧਾਨੀ ਦੇ ਨੱਕ ਹੇਠ ਪਹਿਲੀ ਜਿੱਤ ਪ੍ਰਾਪਤ ਕੀਤੀ। ਲਗਦੇ ਹੱਥ ਹੀ, ਕੈਥਲ ਨੇੜਿਓਂ ਸ਼ਾਹੀ ਖ਼ਜ਼ਾਨਾ ਲੁੱਟ ਲਿਆ ਅਤੇ ਕੈਥਲ ’ਤੇ ਵੀ ਕਬਜ਼ਾ ਕਰ ਲਿਆ। ਬੰਦਾ ਬਹਾਦਰ ਦਾ ਜੋਸ਼, ਹੌਸਲਾ ਤੇ ਗਤੀ ਬੇਮਿਸਾਲ ਸੀ। ਉਸ ਨੇ ਥੋੜ੍ਹੇ ਅਰਸੇ ਵਿੱਚ ਹੀ ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਸਢੌਰਾ ਤੇ ਛੱਤ-ਬਨੂੜ ਵਰਗੇ ਮੁਗਲਾਂ ਦੇ ਗੜ੍ਹਾਂ ਨੂੰ ਆਪਣੇ ਅਧੀਨ ਕਰ ਲਿਆ। ਸੂਬਾ ਸਰਹਿੰਦ (ਵਜ਼ੀਰ ਖ਼ਾਂ) ਨੂੰ ਤਾਂ ਉਹ ਲੋਹੇ ਦਾ ਸੁਹਾਗਾ ਬਣ ਕੇ ਟੱਕਰਿਆ ਅਤੇ ਉਸ ਨੂੰ ਭੋਇੰ ’ਚ ਰਲਾ ਕੇ ਰੱਖ ਦਿੱਤਾ। ਸਰਹਿੰਦ ਦੀ ਜਿੱਤ (12 ਮਈ 1710) ਨੇ ਸਿੱਖਾਂ ਲਈ ਜਿੱਤ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਸੇ ਚੜ੍ਹਤ ਦੌਰਾਨ ਬੰਦਾ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ ਅਤੇ ਲੋਹਗੜ੍ਹ (ਮੁਖਲਿਸਗੜ੍ਹ) ਨੂੰ ਆਪਣੀ ਰਾਜਧਾਨੀ ਬਣਾਇਆ। ਇੱਥੋਂ ਹੀ ਗੁਰੂ ਨਾਨਕ-ਗੁਰੂ ਗੋਬਿੰਦ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ।
ਜਿੱਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ। ਘੁਡਾਣੀ, ਮਾਲੇਰਕੋਟਲਾ, ਰਾਇਕੋਟ ਆਦਿ ’ਤੇ ਹਮਲੇ ਕੀਤੇ (ਪਰ ਮਾਲੇਰਕੋਟਲਾ ਸ਼ਹਿਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ)। ਜਮੁਨਾ ਪਾਰ ਦੇ ਇਲਾਕਿਆਂ, ਜਿਨ੍ਹਾਂ ਵਿੱਚ ਸਹਾਰਨਪੁਰ, ਜਲਾਲਾਬਾਦ ਤੇ ਨਨੌਤਾ ਮੁੱਖ ਤੌਰ ’ਤੇ ਸ਼ਾਮਲ ਹਨ, ’ਤੇ ਜਿੱਤਾਂ ਪ੍ਰਾਪਤ ਕੀਤੀਆਂ। ਇਸ ਦੇ ਨਾਲ ਹੀ ਮਾਝੇ ਅਤੇ ਦੁਆਬੇ ਵਿੱਚ ਸਿੱਖ ਉੱਠ ਖੜ੍ਹੇ ਹੋਏ। ਅਕਤੂਬਰ 1710 ਨੂੰ ਰਾਹੋਂ ਵਿਖੇ ਹੋਏ ਘਮਸਾਨ ਦੇ ਯੁੱਧ ਵਿੱਚ ਬੰਦਾ ਬਹਾਦਰ ਦੀ ਜਿੱਤ ਹੋਈ। ਫਲਸਰੂਪ, ਛੇਤੀ ਹੀ ਜਲੰਧਰ, ਦੁਆਬੇ ਦੇ ਸਾਰੇ ਇਲਾਕਿਆਂ, ਜਿਨ੍ਹਾਂ ਵਿੱਚ ਜਲੰਧਰ ਤੇ ਹੁਸ਼ਿਆਰਪੁਰ ਵੀ ਸ਼ਾਮਲ ਸਨ, ਉੱਤੇ ਖ਼ਾਲਸੇ ਦਾ ਅਧਿਕਾਰ ਹੋ ਗਿਆ। ਇਸ ਤੋਂ ਬਾਅਦ ਬੰਦਾ ਬਹਾਦਰ ਦੀ ਜਿੱਤ ਹੋਈ। ਫਲਸਰੂਪ, ਛੇਤੀ ਹੀ ਜਲੰਧਰ ਦੁਆਬੇ ਦੇ ਸਾਰੇ ਇਲਾਕਿਆਂ, ਜਿਨ੍ਹਾਂ ਵਿੱਚ ਜਲੰਧਰ ਤੇ ਹੁਸ਼ਿਆਰਪੁਰ ਵੀ ਸ਼ਾਮਲ ਸਨ, ਉੱਤੇ ਖ਼ਾਲਸੇ ਦਾ ਅਧਿਕਾਰ ਹੋ ਗਿਆ। ਇਸ ਤੋਂ ਬਾਅਦ ਬੰਦਾ ਬਹਾਦਰ ਨੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਤੇ ਪਠਾਨਕੋਟ ਜਾ ਮੱਲੇ। ਛੇਤੀ ਹੀ ਸਿੱਖ ਲਾਹੌਰ ਦੀਆਂ ਕੰਧਾਂ ਤਕ ਪਹੁੰਚ ਗਏ। ਹੁਣ ਲਾਹੌਰ ਤੋਂ ਲੈ ਕੇ ਦਿੱਲੀ ਤਕ ਬੰਦਾ ਬਹਾਦਰ ਦਾ ਬੋਲਬਾਲਾ ਸੀ।
ਬੰਦਾ ਬਹਾਦਰ ਨਿਰਾ ਜੰਗਜੂ ਹੀ ਨਹੀਂ ਸੀ, ਉਹ ਲੋਕਾਂ ਦਾ ਸੇਵਕ ਅਤੇ ਪਰਜਾ ਦਾ ਪਾਲਕ ਵੀ ਸੀ। ਉਸ ਨੇ ਜ਼ਿਮੀਂਦਾਰਾ ਪ੍ਰਬੰਧ ਵਿੱਚ ਸੁਧਾਰ ਕੀਤਾ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਵਾਲੇ ਬਣਾਇਆ।
ਵਕਤ ਦੀ ਨਜ਼ਾਕਤ ਨੂੰ ਵੇਖਦਿਆਂ, ਹਿੰਦੁਸਤਾਨ ਦਾ ਬਾਦਸ਼ਾਹ, ਬਹਾਦਰ ਸ਼ਾਹ ਖੁਦ ਵੱਡੀ ਫੌਜ ਲੈ ਕੇ ਪੰਜਾਬ ਵਿੱਚ ਦਾਖ਼ਲ ਹੋਇਆ। ਮੌਕੇ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬੰਦਾ ਬਹਾਦਰ ਲੋਹਗੜ੍ਹ ਦਾ ਕਿਲ੍ਹਾ ਛੱਡ ਕੇ ਪਹਾੜਾਂ ਵੱਲ ਨਿਕਲ ਗਿਆ। ਇਸੇ ਦੌਰਾਨ ਚੰਬੇ ਦੇ ਰਾਜੇ ਦੀ ਧੀ ਨਾਲ ਵਿਆਹ ਕਰਵਾ ਲਿਆ।
ਮੁਗਲ ਸਮਰਾਟ ਬਹਾਦਰ ਸ਼ਾਹ ਦੀ 18 ਫਰਵਰੀ 1712 ਨੂੰ ਲਾਹੌਰ ਵਿਖੇ ਮੌਤ ਹੋ ਗਈ। ਮੌਕੇ ਦਾ ਲਾਭ ਉਠਾਉਂਦਿਆਂ, ਬੰਦਾ ਬਹਾਦਰ ਨੇ ਮੁੜ ਆਪਣੀ ਸ਼ਕਤੀ ਨੂੰ ਸੰਗਠਤ ਕੀਤਾ ਅਤੇ ਕਈ ਇਲਾਕਿਆਂ ’ਤੇ ਕਾਬਜ਼ ਹੋ ਗਿਆ। ਦੂਜੀ ਸ਼ਾਦੀ ਵਜ਼ੀਰਾਬਾਦ ਦੇ ਖੱਤਰੀ ਸ਼ਿਵ ਰਾਮ ਦੀ ਧੀ ਨਾਲ ਹੋਈ, ਜਿਸ ਦੀ ਕੁੱਖੋਂ ਰਣਜੀਤ ਸਿੰਘ ਨਾਮੀ ਪੁੱਤਰ ਦਾ ਜਨਮ ਹੋਇਆ (ਭਾਈ ਰਣਜੀਤ ਸਿੰਘ ਦੀ ਦਸਵੀਂ ਪੀੜ੍ਹੀ ਵਿੱਚ ਅੱਜ-ਕੱਲ੍ਹ ਬਾਬਾ ਜਤਿੰਦਰਪਾਲ ਸਿੰਘ, ਆਲ ਇੰਡੀਆ ਬੰਦਈ ਸੰਪਰਦਾਇ ਦੇ ਮੁਖੀ ਹਨ)।
ਗ੍ਰਿਫਤਾਰੀ: ਬੰਦਾ ਬਹਾਦਰ ਨੇ ਮਾਰਚ 1715 ਵਿੱਚ ਕਲਾਨੌਰ ਤੇ ਬਟਾਲੇ ’ਤੇ ਕਬਜ਼ਾ ਕਰ ਲਿਆ। ਅੰਤ, ਉਹ ਆਪਣੇ ਸੈਨਿਕਾਂ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿੱਚ ਮੁਗਲ ਫੌਜ ਦੇ ਘੇਰੇ ਵਿੱਚ ਆ ਗਿਆ। ਇਹ ਘੇਰਾ ਕਈ ਮਹੀਨਿਆਂ ਤਕ ਜਾਰੀ ਰਿਹਾ। ਰਸਦ ਮੁੱਕ ਗਈ। ਸਿੱਖ ਫਾਕੇ ਕੱਟਣ ਲੱਗੇ। ਦੂਜਾ, ਇਸ ਨਾਜ਼ੁਕ ਸਮੇਂ ’ਤੇ ਬਾਬਾ ਬਿਨੋਦ ਸਿੰਘ ਅਤੇ ਉਸ ਦੇ ਸਾਥੀ ਪਹਿਲੋਂ ਹੀ ਗੜ੍ਹੀ ਨੂੰ ਛੱਡ ਕੇ ਚਲੇ ਗਏ ਸਨ।
ਅੰਤ, 7 ਦਸੰਬਰ 1715 ਨੂੰ ਸ਼ਾਹੀ ਫੌਜਾਂ ਨੇ ਗੜ੍ਹੀ ’ਤੇ ਕਬਜ਼ਾ ਕਰ ਲਿਆ। ਸ਼ਾਹੀ ਫੌਜਾਂ ਦੀ ਜਿੱਤ ’ਤੇ ਟਿੱਪਣੀ ਕਰਦਿਆਂ ਹਾਜ਼ੀ ਕਾਮਵਰ ਖ਼ਾਂ ਆਪਣੀ ਪੁਸਤਕ ‘ਤਜ਼ਕਿਰਾਤੂ-ਸਲਾਤੀਨ ਚੁਗਤਈਆ’ ਵਿੱਚ ਲਿਖਦਾ ਹੈ ਕਿ ‘‘ਇਹ ਕਿਸੇ ਦੀ ਅਕਲਮੰਦੀ ਜਾਂ ਬਹਾਦਰੀ ਦਾ ਨਤੀਜਾ ਨਹੀਂ ਸੀ, ਬਲਕਿ ਰੱਬ ਦੀ ਮਿਹਰਬਾਨੀ ਸੀ। ਕਾਫ਼ਰ ਸਿੱਖ (ਬੰਦਾ ਬਹਾਦਰ) ਅਤੇ ਉਸ ਦੇ ਸਾਥੀ ਭੁੱਖ ਨੇ ਅਧੀਨ ਹੋਣ ਲਈ ਮਜਬੂਰ ਕਰ ਦਿੱਤੇ ਸਨ।’’
ਬਾਬਾ ਬੰਦਾ ਸਿੰਘ ਬਹਾਦਰ ਅਤੇ ਲਗਪਗ 800 ਸਿੱਖਾਂ ਨੂੰ ਕੈਦੀ ਬਣਾ ਕੇ ਪਹਿਲਾਂ ਲਾਹੌਰ ਲਿਆਂਦਾ ਗਿਆ, ਫਿਰ ਅਤਿ-ਖੁਆਰੀ ਦੀ ਹਾਲਤ ਵਿੱਚ ਜਲੂਸ ਦੀ ਸ਼ਕਲ ਵਿੱਚ, ਦਿੱਲੀ ਲਿਜਾਇਆ ਗਿਆ। ਬੰਦਾ ਬਹਾਦਰ ਨੂੰ ਸੰਗਲਾਂ ਨਾਲ ਜਕੜ ਕੇ ਇਕ ਲੋਹੇ ਦੇ ਪਿੰਜਰੇ ’ਚ ਕੈਦ ਕਰ ਕੇ ਹਾਥੀ ’ਤੇ ਬਿਠਾਇਆ ਹੋਇਆ ਸੀ। ਇਹ ਜਲੂਸ 27 ਫਰਵਰੀ 1716 ਨੂੰ ਦਿੱਲੀ ਵਿੱਚ ਦਾਖ਼ਲ ਹੋਇਆ। ਬੰਦਾ ਬਹਾਦਰ ਅਤੇ ਉਸ ਦੇ ਮੁੱਖ ਸਾਥੀਆਂ ਨੂੰ ਤ੍ਰਿਪੋਲੀਏ ਵਿਖੇ ਕੈਦ ਲਈ ਇਬਰਾਹੀਮ-ਉਦ-ਦੀਨ ਮੀਰ ਆਤਿਸ਼ ਦੇ ਹਵਾਲੇ ਕਰ ਦਿੱਤਾ ਗਿਆ। ਬਾਕੀਆਂ ਨੂੰ ਸਰਬਰਾਹ ਖ਼ਾਨ ਦੇ ਹਵਾਲੇ ਕੀਤਾ ਗਿਆ। ਬੰਦਾ ਬਹਾਦਰ ਦੀ ਪਹਿਲੀ ਪਤਨੀ ਅਤੇ ਉਸ ਦੇ ਚਾਰ ਵਰ੍ਹਿਆਂ ਦੇ ਪੁੱਤਰ ਅਜੈ ਸਿੰਘ ਨੂੰ ਵੱਖਰੇ ਤੌਰ ’ਤੇ ਕੈਦ ਵਿੱਚ ਰੱਖਿਆ ਗਿਆ।
ਕਤਲੇਆਮ: 5 ਮਾਰਚ 1716 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਹਰ ਰੋਜ਼ 100 ਸਿੱਖ ਕਤਲ ਕੀਤੇ ਜਾਂਦੇ ਸਨ। ਸੱਤ ਦਿਨਾਂ ਤਕ ਕਤਲੇਆਮ ਜਾਰੀ ਰਿਹਾ। ਇਨ੍ਹਾਂ ਕਤਲਾਂ ਤੋਂ ਬਾਅਦ ਤਿੰਨ ਮਹੀਨਿਆਂ ਤਕ ਚੁੱਪ ਵਰਤੀ ਰਹੀ।
ਲਾਸਾਨੀ ਸ਼ਹਾਦਤ: 9 ਜੂਨ 1716 ਨੂੰ ਬੰਦਾ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਇਕ ਜਲੂਸ ਦੀ ਸ਼ਕਲ ਵਿੱਚ ਕੁਤਬ-ਮੀਨਾਰ ਦੇ ਨੇੜੇ ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਹੋਇਆ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਫਿਰ ਅਸਹਿ ਤੇ ਅਕਹਿ ਤਸੀਹੇ ਦੇਣ ਤੋਂ ਇਲਾਵਾ ਭਖਦੇ ਹੋਏ ਲਾਲ ਗਰਮ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ। ਛੁਰੇ ਦੀ ਨੋਕ ਨਾਲ ਅੱਖਾਂ ਕੱਢੀਆਂ ਗਈਆਂ, ਹੱਥ-ਪੈਰ ਕੱਟ ਦਿੱਤੇ ਗਏ ਅਤੇ ਅੰਤ ਸਿਰ ਕਲਮ ਕਰ ਦਿੱਤਾ ਗਿਆ। ‘‘ਬੋਟੀ ਬੋਟੀ ਹੋ ਗਿਆ, ਸਿੱਖੀ ਨਹੀਂ ਸੂਰਮੇ ਹਾਰੀ।’’
ਇਸ ਤਰ੍ਹਾਂ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਕ ਨਿਧੜਕ ਯੋਧੇ ਵਜੋਂ ਮਾਨਤਾ ਹਾਸਲ ਹੈ ਉੱਥੇ ਸਿੱਖ ਸ਼ਹੀਦੀ ਪਰੰਪਰਾ ਵਿੱਚ ਵੀ ਉਸ ਦਾ ਨਾਂ ਇਕ ਰੌਸ਼ਨ ਸਿਤਾਰੇ ਵਾਂਗ ਚਮਕਦਾ ਹੈ। ਇਹ ਗੱਲ ਵੱਖਰੀ ਹੈ ਕਿ ਬੰਦਾ ਬਹਾਦਰ ਦੇ ਵਾਰਸਾਂ ਨੇ ਤਿੰਨ ਸਦੀਆਂ ਤਕ ਉਸ ਨੂੰ ਅਣਗੌਲਿਆ ਕਰੀ ਰੱਖਿਆ। …ਪਰ ਦੇਰ ਆਇਦ ਦਰੁਸਤ ਆਇਦ
– ਡਾ. ਹਰਚੰਦ ਸਿੰਘ ਸਰਹਿੰਦੀ




Tags:
Posted in: ਸਾਹਿਤ