ਪਹਿਲੀ ਐਂਗਲੋ ਸਿੱਖ ਜੰਗ ਦੀ ਭੁੱਲੀ ਵਿਸਰੀ ਯਾਦਗਾਰ

By February 19, 2016 0 Comments


ਬਲਵਿੰਦਰ ਸਿੰਘ ਭੁੱਲਰ
anglo sikh
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਕਰੀਬ ਪੌਣੇ ਦੋ ਸੌ ਸਾਲ ਪਹਿਲਾਂ ਹੋਈ ਪਹਿਲੇ ਐਂਗਲੋ ਸਿੱਖ ਯੁੱਧ ਦੀ ਮੁੱਦਕੀ ਦੇ ਨਜ਼ਦੀਕ ਬਣੀ ਯਾਦਗਾਰ ਅਣਗੌਲੀ ਦਿਖਾਈ ਦੇ ਰਹੀ ਹੈ। ਇਹ ਯਾਦਗਾਰ ਅੰਗਰੇਜ਼ਾਂ ਦੀਆਂ ਕੂਟਨੀਤੀਆਂ ਅਤੇ ਸਿੱਖ ਰਾਜ ਦੇ ਗਦਾਰਾਂ ਦੀਆਂ ਗਦਾਰੀਆਂ ਨਾਲ ਕਰਵਾਈ ਇੱਕ ਵੱਡੀ ਜੰਗ ਦੀ ਬਾਤ ਪਾ ਕੇ ਯਾਦ ਨੂੰ ਤਾਜ਼ਾ ਤਾਂ ਕਰਵਾਉਂਦੀ ਹੈ। ਪਰ ਇਸ ਦੀ ਖ਼ਸਤਾ ਹਾਲਤ ਹੁਣ ਦਰਸ਼ਕਾਂ ਲਈ ਖਿੱਚ ਪੈਦਾ ਨਹੀਂ ਕਰਦੀ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਿੱਖ ਰਾਜ ਵਿੱਚ ਕਤਲੋਗਾਰਤ ਸ਼ੁਰੂ ਹੋ ਗਈ ਤਾਂ ਸਰਕਾਰ ਵਿੱਚ ਉੱਚ ਅਹੁਦਿਆਂ ’ਤੇ ਬੈਠੇ ਸ਼ਖ਼ਸ ਆਪ ਸੱਤਾ ਪ੍ਰਾਪਤ ਕਰਨ ਲਈ ਸਾਜ਼ਿਸ਼ਾਂ ਰਚਣ ਲੱਗ ਪਏ। ਸਿੱਖ ਰਾਜ ਵਿਚਲੇ ਗਦਾਰਾਂ ਨੇ ਅੰਗਰੇਜ਼ਾਂ ਨਾਲ ਸਾਜ਼-ਬਾਜ਼ ਕਰ ਕੇ ਸਿੱਖ ਫ਼ੌਜ ਨੂੰ ਕਮਜ਼ੋਰ ਕਰ ਦਿੱਤਾ ਅਤੇ ਫਿਰ ਮਿੱਥੀ ਸਾਜ਼ਿਸ਼ ਅਨੁਸਾਰ ਜੰਗ ਕਰਵਾਉਣ ਦੀ ਤਿਆਰੀ ਕਰ ਲਈ। ਉਧਰ, ਅੰਗਰੇਜ਼ਾਂ ਨੇ ਵੀ ਸਿੱਖ ਰਾਜ ਦੀ ਸਰਹੱਦ ’ਤੇ ਫ਼ੌਜ ਵਧਾਉਣੀ ਸ਼ੁਰੂ ਕਰ ਦਿੱਤੀ। ਰਾਜਾ ਧਿਆਨ ਸਿੰਘ ਨੂੰ ਹਦਾਇਤ ਕਰ ਕੇ ਸਿੱਖ ਫ਼ੌਜ ਨੂੰ ਭੜਕਾਇਆ ਗਿਆ ਤੇ ਅੰਗਰੇਜ਼ਾਂ ਦੇ ਕਹਿਣ ਅਨੁਸਾਰ ਉਨ੍ਹਾਂ ਮਹਾਰਾਜਾ ਖੜਕ ਸਿੰਘ ’ਤੇ ਇਲਜ਼ਾਮ ਲਾਏ।
1845 ਦੇ ਸ਼ੁਰੂ ਵਿੱਚ ਜਨਰਲ ਗਫ਼ ਅਤੇ ਸਰ ਹੇਨਰੀ ਹਾਰਡਿੰਗ ਨੇ ਦਰਿਆ ਸਤਲੁਜ ਕੋਲ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ। ਅੰਗਰੇਜ਼ਾਂ ਦੇ ਏਜੰਟ ਤੇ ਸਿੱਖ ਰਾਜ ਦੇ ਗਦਾਰ ਤੇਜਾ ਸਿੰਘ ਨੇ ਸਿੱਖ ਫ਼ੌਜ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਸਿੱਖ ਫ਼ੌਜ ਦੇ ਆਗੂ ਅੰਗਰੇਜ਼ਾਂ ਨਾਲ ਜੰਗ ਕਰਨ ਸਬੰਧੀ ਵਿਚਾਰਾਂ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ’ਤੇ ਲਾਹੌਰ ਵਿੱਚ ਇਕੱਤਰ ਹੋਏ। ਇਸ ਮੌਕੇ ਰਾਣੀ ਜਿੰਦਾਂ ਤੇ ਸ਼ਾਮ ਸਿੰਘ ਅਟਾਰੀਵਾਲਾ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਅੰਗਰੇਜ਼ਾਂ ਨਾਲ ਲੜਾਈ ਨਾ ਲੜਨ ਦੀ ਸਲਾਹ ਦਿੱਤੀ ਪਰ ਗਦਾਰਾਂ ਲਾਲ ਸਿੰਘ, ਤੇਜਾ ਸਿੰਘ ਤੇ ਧਿਆਨ ਸਿੰਘ ਆਦਿ ਨੇ ਅੰਗਰੇਜ਼ਾਂ ਨਾਲ ਬਣਾਈ ਸਾਜ਼ਿਸ਼ ਤਹਿਤ ਜੰਗ ਕਰਨ ਨੂੰ ਤਰਜੀਹ ਦਿੱਤੀ।
ਲਾਲ ਸਿੰਘ ਤੇ ਤੇਜਾ ਸਿੰਘ ਨੇ 24 ਨਵੰਬਰ 1845 ਨੂੰ ਸਿੱਖ ਫ਼ੌਜਾਂ ਨੂੰ ਲਾਹੌਰ ਤੋਂ ਕੂਚ ਕਰਨ ਦਾ ਹੁਕਮ ਦਿੱਤਾ। ਦੋ ਦਸੰਬਰ ਨੂੰ ਇਹ ਫ਼ੌਜਾਂ ਦਰਿਆ ਸਤਿਲੁਜ ਦੇ ਦੂਜੇ ਪਾਸੇ ਪੁੱਜ ਗਈਆਂ। ਅੰਗਰੇਜ਼ਾਂ ਨੇ ਵੀ ਆਪਣੀਆਂ ਅੰਬਾਲਾ, ਮੇਰਠ ਤੇ ਲੁਧਿਆਣਾ ਛਾਉਣੀਆਂ ਵਿੱਚੋਂ ਫ਼ੌਜ ਇੱਥੇ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ। ਇਹ ਫ਼ੌਜ 17 ਦਸੰਬਰ 1845 ਨੂੰ ਮੁੱਦਕੀ ਦੇ ਨਜ਼ਦੀਕ ਪਹੁੰਚ ਗਈ। ਅੰਗਰੇਜ਼ਾਂ ਨਾਲ ਗਿਣੀ ਮਿੱਥੀ ਸਾਜ਼ਿਸ਼ ਤਹਿਤ ਲਾਲ ਸਿੰਘ ਨੇ ਮੁੱਦਕੀ ਵਿੱਚ ਅੰਗਰੇਜ਼ੀ ਫ਼ੌਜਾਂ ਨਾਲ ਜੰਗ ਸ਼ੁਰੂ ਕਰਵਾ ਦਿੱਤੀ। 18 ਦਸੰਬਰ 1845 ਦੇ ਦਿਨ ਸਿੱਖ ਫ਼ੌਜਾਂ ਨੇ ਅੰਗਰੇਜ਼ਾਂ ਦੇ ਆਹੂ ਲਾਹ ਦਿੱਤੇ। ਇਸ ਜੰਗ ਵਿੱਚ ਅੰਗਰੇਜ਼ੀ ਗਵਰਨਰ ਦੇ ਦੋ ਏ ਡੀਜ਼ ਸਰ ਰਾਬਰਟ ਸੇਲ ਅਤੇ ਸਰ ਜੌਸੇਫ਼ ਮੈਕਗੈਸਕਿਲ ਸਮੇਤ 215 ਅੰਗਰੇਜ਼ ਫ਼ੌਜੀ ਮਾਰੇ ਗਏ ਅਤੇ 657 ਜ਼ਖ਼ਮੀ ਹੋ ਗਏ।
ਇਹ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ ਸੀ, ਜੋ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਤੇ ਸਿੱਖ ਸਾਮਰਾਜ ਵਿਚਕਾਰ ਹੋਈ। ਇਸ ਜੰਗ ਵਿੱਚ ਭਾਵੇਂ ਸਿੱਖ ਫ਼ੌਜ ਦਾ ਵੀ ਕਾਫ਼ੀ ਨੁਕਸਾਨ ਹੋਇਆ ਪਰ ਅੰਗਰੇਜ਼ਾਂ ਦੀ ਸਿੱਖ ਰਾਜ ਦੇ ਗਦਾਰਾਂ ਨਾਲ ਬਣਾਈ ਸਜ਼ਿਸ਼ ਕਾਮਯਾਬ ਹੁੰਦੀ ਨਾ ਵੇਖਦਿਆਂ ਉਨ੍ਹਾਂ ਵੱਡੀ ਗਿਣਤੀ ਵਿੱਚ ਆਪਣੀ ਹੋਰ ਫ਼ੌਜ ਮੰਗਵਾ ਕੇ ਸਿੱਖ ਫ਼ੌਜ ਨਾਲ ਮੁਕਾਬਲਾ ਕੀਤਾ। ਆਖ਼ਰ ਗਦਾਰਾਂ ਦੀਆਂ ਗੁੱਝੀਆਂ ਕਾਰਵਾਈਆਂ ਨਾਲ ਸਿੱਖ ਫ਼ੌਜ ਜਿੱਤ ਕੇ ਵੀ ਅੰਤ ਨੂੰ ਹਾਰ ਗਈ।
ਮੁੱਦਕੀ ਤੋਂ ਘੱਲ ਖ਼ੁਰਦ ਰਾਹੀਂ ਫ਼ਿਰੋਜ਼ਪੁਰ-ਮੋਗਾ ਵਾਲੀ ਸੜਕ ਨੂੰ ਮਿਲਾਉਣ ਵਾਲੀ ਸੜਕ ਉੱਪਰ ਪਹਿਲੇ ਐਂਗਲੋ ਸਿੱਖ ਮੁਕਾਬਲੇ ਦੀ ਬਣਾਈ ਯਾਦਗਾਰ ਹੁਣ ਖ਼ਸਤਾ ਹੋ ਗਈ ਹੈ। 1870 ਵਿੱਚ ਸਥਾਪਿਤ ਕੀਤੀ ਇਸ ਯਾਦਗਾਰ ਉੱਪਰ ਪੰਜਾਬੀ ਵਿੱਚ ਲਿਖਿਆ ਹੈ, ‘ਮਹੀਨਾ ਪੋਹ ਤਾਰੀਖ਼ 18 ਸੰਮਤ 1902’ ਦੂਜੇ ਪਾਸੇ ਅੰਗਰੇਜ਼ੀ ਵਿੱਚ ਦਰਜ ਹੈ, ‘18 ਦਸੰਬਰ 1845’, ਤੀਜੇ ਪਾਸੇ ਇਹੋ ਸ਼ਬਦ ਉਰਦੂ ਭਾਸ਼ਾ ਵਿੱਚ ਦਰਜ ਹਨ। ਇਸ ਸਮਾਰਕ ਦੀਆਂ ਇੱਟਾਂ ਖੁਰ ਰਹੀਆਂ ਹਨ, ਬਿਜਲੀ ਪਾਣੀ ਦਾ ਵੀ ਯੋਗ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਸਮਾਰਕ ਦੇ ਕੋਲ ਹਰਿਆਲੀ ਲਈ ਚੰਗੇ ਫੁੱਲ ਬੂਟੇ ਹਨ। ਇਹ ਸਮਾਰਕ ਇੱਕ ਵੀਰਾਨ ਸਥਾਨ ’ਤੇ ਖੜ੍ਹੇ ਥੰਮ੍ਹ ਵਾਂਗ ਦਿਖਾਈ ਦਿੰਦਾ ਹੈ। ਇਸ ਦੇ ਇੱਕ ਪਾਸੇ ਸੇਵਾਦਾਰ ਲਈ ਛੋਟਾ ਜਿਹਾ ਕਮਰਾ ਬਣਾਇਆ ਹੋਇਆ ਹੈ।
ਇਹ ਸਮਾਰਕ ਭਾਵੇਂ ਸੜਕ ਦੇ ਉੱਪਰ ਹੈ ਪਰ ਖ਼ਸਤਾ ਹਾਲਤ ਹੋਣ ਕਾਰਨ ਇਹ ਰਾਹਗੀਰਾਂ ਦੀ ਖਿੱਚ ਦਾ ਕੇਂਦਰ ਨਹੀਂ ਬਣ ਰਿਹਾ। ਇਸ ਤੋਂ ਥੋੜ੍ਹੀ ਦੂਰ ਇਸੇ ਜੰਗ ਦੀ ਯਾਦ ਵਿੱਚ ਉਸਾਰੇ ਗੁਰਦੁਆਰੇ ਵਿੱਚ ਦਰਸ਼ਨ ਕਰਨ ਤਾਂ ਰੋਜ਼ਾਨਾ ਸੈਂਕੜੇ ਲੋਕ ਪਹੁੰਚਦੇ ਹਨ ਪਰ ਇਸ ਸਮਾਰਕ ਦੀ ਜਾਣਕਾਰੀ ਨਾ ਹੋਣ ਕਾਰਨ ਇਹ ਲੋਕਾਂ ਵੱਲੋਂ ਵਿਸਰ ਚੁੱਕੀ ਹੈ। ਇਸ ਮਹੱਤਵਪੂਰਨ ਸਮਾਰਕ ਵੱਲ ਧਿਆਨ ਦੇ ਕੇ ਇਸ ਨੂੰ ਸੁੰਦਰ ਬਣਾਉਣ ਤੇ ਇੱਥੇ ਹੋਏ ਯੁੱਧ ਸਬੰਧੀ ਵੇਰਵਾ ਲਿਖ ਕੇ ਇੱਕ ਬੋਰਡ ਲਾਉਣ ਦੀ ਲੋਡ਼ ਹੈ ਤਾਂ ਜੋ ਨੌਜਵਾਨ ਪੀਡ਼੍ਹੀ ਨੂੰ ਪੰਜਾਬ ਦੀ ਅਮੀਰ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ।
ਬਲਵਿੰਦਰ ਸਿੰਘ ਭੁੱਲਰ
ਸੰਪਰਕ: 098882-75913
Tags:
Posted in: ਸਾਹਿਤ