ਜਾਂਬਾਜ਼ ਸਿੰਘਾਂ ਦੀ ਗਾਥਾ ਹੈ ਸਭਰਾਵਾਂ ਦੀ ਜੰਗ

By February 18, 2016 0 Comments


sabhrawanਸਿੱਖ ਕੌਮ ਦਾ ਗੌਰਵਮਈ ਇਤਿਹਾਸ ਸੂਰਮਗਤੀ ਅਤੇ ਕੁਰਬਾਨੀਆਂ ਦੇ ਅਦੁੱਤੀ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਦੁਨੀਆਂ ਦੀ ਹੋਰ ਕੋਈ ਵੀ ਕੌਮ ਇਸ ਖੇਤਰ ਵਿੱਚ ਸਿੱਖਾਂ ਦਾ ਮੁਕਾਬਲਾ ਨਹੀਂ ਕਰ ਸਕਦੀ।
ਸਭਰਾਵਾਂ ਦੀ ਲੜਾਈ। ਇਹ ਗਾਥਾ ਹੈ, ਉਨ੍ਹਾਂ ਜਾਾਂਬਾਜ ਸਿੰਘ ਸੂਰਬੀਰ ਯੋਧਿਆਂ ਦੀ, ਜਿਨ੍ਹਾਂ ਨੇ ਆਪਣੇ ਦੇਸ਼ ਦੀ ਆਨ ਅਤੇ ਸ਼ਾਨ ਦੀ ਖ਼ਾਤਰ ਮੈਦਾਨੇ-ਜੰਗ ਵਿੱਚ ਮੌਤ ਦਾ ਜਾਮ ਹੱਸ-ਹੱਸ ਕੇ ਪੀਂਦੇ ਰਹੇ। ਪਰ ਆਪਣੇ ਜਿਊਂਦੇ ਜੀਅ ਫਿਰੰਗੀਆਂ ਨੂੰ ਸੁਤੰਤਰ ਖਾਲਸਾ ਰਾਜ ਦੀ ਧਰਤੀ ’ਤੇ ਪੈਰ ਨਹੀਂ ਸੀ ਰੱਖਣ ਦਿੱਤਾ। ਇਹ ਇੱਕ ਇਤਿਹਾਸਕ ਸਚਾਈ ਹੈ ਕਿ ਮੁਦਕੀ ਦੀ ਲੜਾਈ ਅਤੇ ਫਿਰੋਜ਼ਸ਼ਾਹ ਦੀ ਲੜਾਈ ਵਿੱਚ ਖ਼ਾਲਸਾ ਫ਼ੌਜਾਂ ਨੇ ਅੰਗਰੇਜ਼ ਦਾ ਜ਼ਬਰਦਸਤ ਜਾਨੀ ਅਤੇ ਮਾਲੀ ਨੁਕਸਾਨ ਕਰ ਦਿੱਤਾ ਸੀ। ਅਜਿਹੀ ਗੰਭੀਰ ਸਥਿਤੀ ਵਿੱਚ ਇੱਕ ਮੌਕੇ ਤਾਂ ਗਵਰਨਰ ਜਨਰਲ ਲਾਰਡ ਹਾਰਡਿੰਗ ਸਿੱਖਾਂ ਅੱਗੇ ‘ਬਿਨਾਂ ਸ਼ਰਤ ਹਥਿਆਰ ਸੁੱਟਣ ਲਈ ਵੀ ਤਿਆਰ ਹੋ ਗਿਆ ਸੀ।’’ ਪਰ ਅਫ਼ਸੋਸ ਸਿੱਖ ਫੌਜਾਂ ਦੇ ਜਰਨੈਲਾਂ ਦੀ ਆਪਣੇ ਹੀ ਦੇਸ਼ ਨਾਲ ਗਦਾਰੀ ਸਦਕਾ, ਅੰਗਰੇਜ਼ਾਂ ਦੀ ਹਾਰ ਹਰ ਵਾਰੀ ਜਿੱਤ ਵਿੱਚ ਤਬਦੀਲ ਹੁੰਦੀ ਰਹੀ।
ਮੁਦਕੀ ਦੀ ਲੜਾਈ ਅਤੇ ਫਿਰੋਜ਼ਸ਼ਾਹ ਦੀ ਲੜਾਈ ਤੋਂ ਬਾਅਦ ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਗੁਲਾਬ ਸਿੰਘ ਨੂੰ ਬੁਲਾ ਭੇਜਿਆ। ਖ਼ਾਲਸਾ ਰਾਜ ਵਿੱਚ ਗੁਲਾਬ ਸਿੰਘ ਉਸ ਸਮੇਂ ਜੰਮੂ-ਕਸ਼ਮੀਰ ਦਾ ਗਵਰਨਰ ਸੀ ਅਤੇ ਨਾਲ ਹੀ ਉਸ ਨੂੰ ਆਰਜ਼ੀ ਤੌਰ ’ਤੇ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ ਸੀ। ਗੁਲਾਬ ਸਿੰਘ, ਲਾਲ ਸਿੰਘ ਅਤੇ ਤੇਜ ਸਿੰਘ ਲਾਰਡ ਹਾਰਡਿੰਗ ਨੂੰ ਆਣ ਮਿਲੇ। ਅਸਲ ਵਿੱਚ ਅੰਗਰੇਜ਼ ਹੁਣ ਹੋਰ ਲੜਾਈ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਣਾ ਚਾਹੁੰਦੇ ਸਨ। ਅੰਗਰੇਜ਼ ਚਾਹੁੰਦੇ ਸਨ ਕਿ ਗੁਲਾਬ ਸਿੰਘ ਕਿਸੇ ਨਾ ਕਿਸੇ ਢੰਗ ਨਾਲ ਖ਼ਾਲਸਾ ਫੌਜਾਂ ਨੂੰ ਈਨ ਮੰਨਣ ਲਈ ਤਿਆਰ ਕਰ ਲਵੇ। ਪਰ ਗੁਲਾਬ ਸਿੰਘ ਨੇ ਲਾਰਡ ਹਾਰਡਿੰਗ ਨੂੰ ਸਪਸ਼ਟ ਰੂਪ ਵਿੱਚ ਦੱਸਿਆ ਕਿ ਖ਼ਾਲਸਾ ਫ਼ੌਜਾਂ ਦੀ ਮੌਜੂਦਗੀ ਵਿੱਚ ਅੰਗਰੇਜ਼ ਇੱਕ ਪੈਰ ਵੀ ਪੰਜਾਬ ਦੀ ਧਰਤੀ ’ਤੇ ਨਹੀਂ ਰੱਖ ਸਕੇ। ਆਖੀਰ ਵਿੱਚ ਇਹ ਸਮਝੌਤਾ ਹੋਇਆ ਕਿ ਜਦੋਂ ਤੱਕ ਅੰਗਰੇਜ਼ਾਂ ਦੀਆਂ ਵੱਡੀਆਂ ਤੋਪਾਂ ਅਤੇ ਹੋਰ ਜੰਗੀ ਸਾਮਾਨ ਨਹੀਂ ਪਹੁੰਚ ਜਾਂਦਾ ਉਦੋਂ ਤਕ ਲੜਾਈ ਨਾ ਛੇੜੀ ਜਾਵੇ। ਇਹ ਵੀ ਸਮਝੌਤਾ ਹੋਇਆ ਕਿ ਜਦੋਂ ਲੜਾਈ ਸ਼ੁਰੂ ਹੋ ਜਾਵੇ ਤਾਂ ਗੁਲਾਬ ਸਿੰਘ ਖ਼ਾਲਸਾ ਫ਼ੌਜਾਂ ਲਈ ਲੋੜੀਂਦਾ ਗੋਲਾ ਬਾਰੂਦ ਅਤੇ ਖਾਣ-ਪੀਣ ਦੇ ਸਾਮਾਨ ਦੀ ਸਪਲਾਈ ਬੰਦ ਕਰ ਦੇਵੇਗਾ। ਇਸ ਸਮਝੌਤੇ ਤਹਿਤ ਐਡਵਰਡ ਲਾਰੰਸ ਨੇ ਅੰਗਰੇਜ਼ ਸਰਕਾਰ ਵੱਲੋਂ ਇਕ ਲਿਖਤੀ ਇਕਰਾਰਨਾਮਾ ਗੁਲਾਬ ਸਿੰਘ ਨੂੰ ਦਿੱਤਾ ਗਿਆ। ਜਿਸ ਅਨੁਸਾਰ ਲੜਾਈ ਉਪਰੰਤ ਜੰਮੂ-ਕਸ਼ਮੀਰ ਦਾ ਇਲਾਕਾ ਖ਼ਾਲਸਾ ਰਾਜ ਨਾਲੋਂ ਤੋੜ ਕੇ ਗੁਲਾਬ ਸਿੰਘ ਨੂੰ ‘ਗਦਾਰੀ ਇਨਾਮ’ ਵਜੋਂ ਦੇ ਦਿੱਤਾ ਜਾਵੇਗਾ। ਕੈਪਟਨ ਮੂਰੇ ਆਪਣੀ ਪੁਸਤਕ ‘‘ਹਿਸਟਰੀ ਆਫ ਇੰਡੀਆਂ’ ਵਿੱਚ ਲਿਖਦਾ ਕਿ ‘‘ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਦੋਹਾਂ ਪਾਸਿਆਂ ਦੇ ਜਰਨੈਲਾਂ ਵੱਲੋਂ ਅਜਿਹਾ ਸ਼ਰਮਨਾਕ ਸਮਝੌਤਾ ਦੁਨੀਆਂ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਸਮਝੌਤੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਿੰਦੁਸਤਾਨ ਵਿੱਚ ਅੰਗਰੇਜ਼ ਰਾਜ ਕਿਸ ਨਿਵਾਣ ਤਕ ਡਿੱਗ ਪਿਆ ਹੈ।’’ ਹਿੰਦੁਸਤਾਨ ਦੇ ਇਤਿਹਾਸ ਵਿੱਚ ਆਪਣੇ ਹੀ ਦੇਸ਼ ਨਾਲ ਗ਼ਦਾਰੀ ਕਰਨ ਦੀ ਇਹ ਸਭ ਤੋਂ ਵੱਧ ਸ਼ਰਮਨਾਕ ਘਟਨਾ ਸੀ। ਇਸ ਤਰ੍ਹਾਂ ਗ਼ਦਾਰ ਜੁੰਡਲੀ ਨੇ ਅੰਗਰੇਜ਼ਾਂ ਨੂੰ ਲੜਾਈ ਲਈ ਤਿਆਰੀ ਕਰਨ ਦਾ ਖੁੱਲ੍ਹਾ ਸਮਾਂ ਦੇ ਦਿੱਤਾ।
ਅੰਗਰੇਜ਼ਾਂ ਦੀਆਂ ਵੱਡੀਆਂ ਤੋਪਾਂ ਅਤੇ ਹੋਰ ਜੰਗੀ ਸਾਮਾਨ ਫਰਵਰੀ 1846 ਦੇ ਪਹਿਲੇ ਹਫ਼ਤੇ ਵਿੱਚ ਸਭਰਾਵਾਂ ਦੇ ਸਥਾਨ ’ਤੇ ਪਹੁੰਚ ਗਿਆ ਸੀ। ਇਸੀ ਸਮੇਂ ਦੌਰਾਨ ਖ਼ਾਲਸਾ ਫ਼ੌਜਾਂ ਨੇ ਸਤਲੁਜ ਦਰਿਆ ਦੇ ਕੰਢੇ ’ਤੇ ਢਾਈ ਮੀਲ ਲੰਬੀ ਜ਼ਬਰਦਸਤ ਮੋਰਚਾਬੰਦੀ ਕਰ ਲਈ ਸੀ। ਡੂੰਘੀਆਂ ਖਾਈਆਂ ਪੁੱਟ ਕੇ ਤੋਪਖਾਨੇ ਬੀੜ ਦਿੱਤੇ ਗਏ ਸਨ। ਲੜਾਈ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਜਰਨੈਲ ਲਾਲ ਸਿੰਘ ਨੇ ਖ਼ਾਲਸਾ ਫ਼ੌਜਾਂ ਦੁਆਰਾ ਕੀਤੀ ਗਈ ਮੋਰਚਾਬੰਦੀ ਦੀ ਪੂਰੀ ਰਿਪੋਰਟ ਆਪਣੇ ਏਲਚੀ ਸੁਮਸ਼ੂਦੀਨ ਰਾਹੀਂ ਮੇਜਰ ਲਾਰੰਸ ਨੂੰ ਭੇਜ ਦਿੱਤੀ ਸੀ। ਫ਼ੌਜ ਦੇ ਸੱਜੇ ਪਾਸੇ ਦਰਿਆ ਉੱਤੇ ਬੇੜੀਆਂ ਦਾ ਪੁਲ ਬਣਿਆ ਹੋਇਆ ਸੀ। ਇਸ ਪੁਲ ਰਾਹੀਂ ਫ਼ੌਜ ਨੂੰ ਅਸਲਾ, ਖਾਣ-ਪੀਣ ਆਦਿ ਦਾ ਸਾਮਾਨ ਭੇਜਣ ਦਾ ਪ੍ਰਬੰਧ ਕੀਤਾ ਹੋਇਆ ਸੀ। ਫ਼ੌਜਾਂ ਦੇ ਖੱਬੇ ਪਾਸੇ ਰੇਤ ਦੇ ਵੱਡੇ-ਵੱਡੇ ਢੇਰ ਸਨ ਅਤੇ ਇਹ ਮੁਹਾਜ਼ ਸਭ ਤੋਂ ਕਮਜ਼ੋਰ ਸੀ। ਇਸ ਕਮਜ਼ੋਰ ਮੁਹਾਜ਼ ਵਾਲੇ ਪਾਸੇ ਦੀ ਕਮਾਂਡ ਲਾਲ ਸਿੰਘ ਨੇ ਖ਼ੁਦ ਸੰਭਾਲੀ ਹੋਈ ਸੀ ਤਾਂ ਜੋ ਅੰਗਰੇਜ਼ਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਮੁਦਕੀ ਅਤੇ ਫਿਰੋਜ਼ਸ਼ਾਹ ਦੀਆਂ ਲੜਾਈਆਂ ਵਿੱਚ ਸਿੱਖ ਫੌਜਾਂ ਦੀ ਨਾਜ਼ੁਕ ਹਾਲਤ ਦੀ ਖਬਰ ਜਦੋਂ ਸ. ਸ਼ਾਮ ਸਿੰਘ ਅਟਾਰੀਵਾਲਾ ਨੂੰ ਪਹੁੰਚੀ ਤਾਂ ਉਸ ਬੁੱਢੇ ਜਰਨੈਲ ਦੇ ਡੌਲੇ ਫਰਕਣ ਲੱਗ ਪਏ ਅਤੇ ਉਹ ਖ਼ਾਲਸਾ ਰਾਜ ਦੀ ਸੁਰੱਖਿਆ ਦੀ ਲੜਾਈ ਵਿੱਚ ਮਰ ਮਿਟਣ ਲਈ ਤਿਆਰ ਹੋ ਗਿਆ। ਉਸ ਨੇ ਉਸੀ ਸਮੇਂ ਆਪਣੇ ਫ਼ੌਜੀ ਦਸਤੇ ਨੂੰ ਨਾਲ ਲਿਆ ਅਤੇ ਸਭਰਾਵਾਂ ਦੇ ਮੈਦਾਨ ਵਿੱਚ ਆਣ ਧਮਕਿਆ। ਅਟਾਰੀਵਾਲਾ ਸਰਦਾਰ ਨੇ 10 ਫਰਵਰੀ 1846 ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ। ਉਸ ਨੇ ਚਿੱਟਾ ਲਿਬਾਸ ਪਹਿਨਿਆ ਹੋਇਆ ਸੀ ਅਤੇ ਚਿੱਟੀ ਘੋੜੀ ’ਤੇ ਸਵਾਰ ਸੀ। ਅਟਾਰੀਵਾਲਾ ਸਰਦਾਰ ਦਾ ਸਭਰਾਵਾਂ ਦੇ ਮੈਦਾਨ ਵਿੱਚ ਪਹੁੰਚਣ ਕਾਰਨ ਜਰਨੈਲ ਲਾਲ ਸਿੰਘ ਅਤੇ ਤੇਜ ਸਿੰਘ ਦੇ ਰੰਗ ਪੀਲੇ ਪੈ ਗਏ।
10 ਫਰਵਰੀ 1846 ਦੀ ਸਵੇਰ ਹਨੇਰੇ ਵੇਲੇ ਅੰਗਰੇਜ਼ ਫ਼ੌਜਾਂ ਨੇ ਚੁਪਕੇ-ਚੁਪਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਤਾਂ ਜੋ ਖਾਲਸਾ ਫ਼ੌਜਾਂ ਉਪਰ ਅਚਾਨਕ ਹਮਲਾ ਕਰਕੇ, ਉਨ੍ਹਾਂ ਨੂੰ ਬਿਨਾਂ ਲੜਾਈ ਦੇ ਮੈਦਾਨ ਵਿੱਚੋਂ ਖਦੇੜ ਦਿੱਤਾ ਜਾਵੇ। ਸਵੇਰ ਦੀ ਥੋੜ੍ਹੀ ਜਿਹੀ ਰੋਸ਼ਨੀ ਹੋਣ ’ਤੇ ਸਿੱਖਾਂ ਨੂੰ ਅੰਗਰੇਜ਼ ਫ਼ੌਜੀਆਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਸੀ ਸਮੇਂ ਨਗਾਰੇ ਵਜਾ ਕੇ ਆਪਣੀ ਫੌਜ ਨੂੰ ਲੜਾਈ ਲਈ ਤਿਆਰ ਕਰ ਲਿਆ। ਬਸ ਫਿਰ ਕੀ ਸੀ ਉਸੀ ਸਮੇਂ ‘‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’’ ਦੇ ਜੈਕਾਰਿਆਂ ਨਾਲ ਮੈਦਾਨ ਗੂੰਜ ਉੱਠਿਆ। ਅੰਗਰੇਜ਼ੀ ਤੋਪਖਾਨੇ ਨੇ ਪੂਰੇ ਤਿੰਨ ਘੰਟੇ ਲਗਾਤਾਰ ਗੋਲਾਬਾਰੀ ਜਾਰੀ ਰੱਖੀ। ਪਰ ਫਿਰ ਵੀ ਅੰਗਰੇਜ਼ ਆਪਣਾ ਕੋਈ ਮਕਸਦ ਹੱਲ ਨਾ ਕਰ ਸਕੇ। ਕਿਉਂਕਿ ਖਾਲਸਾ ਫ਼ੌਜਾਂ ਪਹਾੜ ਵਾਂਗ ਮੈਦਾਨ ਵਿੱਚ ਡਟੀਆਂ ਰਹੀਆਂ। ਖਾਲਸਾ ਤੋਪਖਾਨੇ ਨੇ ਵੀ ਜੁਆਬੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਸੀ। ਖ਼ਾਲਸਾ ਤੋਪਖਾਨੇ ਦੇ ਅੱਗ ਉਗਲਦੇ ਅਤੇ ਸ਼ੂਕਦੇ ਗੋਲਿਆਂ ਨੇ ਅੰਗਰੇਜ਼ੀ ਤੋਪਖਾਨੇ ਨੂੰ ਚੁੱਪ ਕਰਵਾ ਦਿੱਤਾ। ਹੁਣ ਅੰਗਰੇਜ਼ ਫ਼ੌਜ ਦੇ ਇਕ ਡਿਵੀਜ਼ਨ ਨੇ, ਸਰ ਰਾਬਰਟ ਡਿਕ ਦੀ ਅਗਵਾਈ ਹੇਠ, ਸਿੱਖ ਫੌਜ ਦੇ ਸਭ ਤੋਂ ਕਮਜ਼ੋਰ ਪਾਸੇ ਵੱਲ ਵਧਣਾ ਸ਼ੁਰੂ ਕਰ ਦਿੱਤਾ, ਜਿਧਰ ਲਾਲ ਸਿੰਘ ਦੀ ਕਮਾਂਡ ਹੇਠ ਥੋੜ੍ਹੀ ਜਿਹੀ ਫ਼ੌਜ ਖੜ੍ਹੋਤੀ ਸੀ। ਡਿਕ ਦੀ ਇਹ ਡਿਵੀਜ਼ਨ ਖ਼ਾਲਸਾ ਫ਼ੌਜ ਦੇ ਧੁਰ ਅੰਦਰ ਤਕ ਪਹੁੰਚ ਗਈ। ਲਾਲ ਸਿੰਘ ਕੋਈ ਮੁਕਾਬਲਾ ਕਰਨ ਦੀ ਬਜਾਏ, ਕਿਸੀ ਸੁਰੱਖਿਅਤ ਥਾਂ ’ਤੇ ਜਾ ਖੜ੍ਹੋਤਾ। ਪਰ ਖ਼ਾਲਸਾ ਫ਼ੌਜਾਂ ਦੇ ਜ਼ਬਰਦਸਤ ਮੁਕਾਬਲੇ ਕਾਰਨ ਅੰਗਰੇਜ਼ਾਂ ਦੇ ਪੈਰ ਉਖੜ ਗਏ ਅਤੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ। ਉਸ ਸਮੇਂ ਅੰਗਰੇਜ਼ਾਂ ਦੀ ਇਕ ਹੋਰ ਫ਼ੌਜੀ ਡਿਵੀਜ਼ਨ ਸਰ ਗਿਲਬਰਟ ਦੀ ਅਗਵਾਈ ਹੇਠ ਉੱਥੇ ਆਣ ਪਹੁੰਚੀ। ਪਰ ਸਿੱਖਾਂ ਨਾਲ ਹੋਈ ਗਹਿਗੱਚ ਲੜਾਈ ਵਿੱਚ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਤੇ ਉਨ੍ਹਾਂ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਹੋਣਾ ਪੈ ਗਿਆ। ਫਿਰ ਅੰਗਰੇਜ਼ੀ ਫ਼ੌਜਾਂ ਦੀ ਮਦਦ ਲਈ ਇਕ ਹੋਰ ਡਿਵੀਜ਼ਨ, ਸਰ ਹੈਰੀ ਸਮਿਥ ਦੀ ਕਮਾਂਡ ਹੇਠ ਉੱਥੇ ਆਣ ਪਹੁੰਚੀ। ਦੋਵੇਂ ਫ਼ੌਜਾਂ ਦੇ ਲਿਸ਼ਕਦੇ ਹਥਿਆਰਾਂ ਨਾਲ ਮੈਦਾਨੇ-ਜੰਗ ਚਮਕ ਉੱਠਿਆ। ਕਦੀ ਕਦੀ ਤੋਪਾਂ ਦੇ ਗੋਲਿਆਂ ਦੇ ਫਟਣ ਨਾਲ ਆਕਾਸ਼ ਧੂੰਏਂ ਨਾਲ ਭਰ ਜਾਂਦਾ। ਕਈ ਵਾਰੀ ਖ਼ਾਲਸਾ ਫ਼ੌਜਾਂ ਦੇ ਜੈਕਾਰਿਆਂ ‘‘ਬੋਲੇ ਸੋ ਨਿਹਾਲ- ਸਤਿ ਸ੍ਰੀ ਅਕਾਲ’’ ਨਾਲ ਧਰਤੀ ਆਕਾਸ਼ ਗੂੰਜਣ ਲੱਗ ਪੈਂਦਾ। ਅਜਿਹੇ ਸਮੇਂ ਖ਼ਾਲਸਾ ਫੌਜਾਂ ਦੀ ਚੁਸਤੀ ਫੁਰਤੀ ਵਿੱਚ ਹੋਰ ਵਾਧਾ ਹੋ ਜਾਂਦਾ। ਸ੍ਰ. ਸ਼ਾਮ ਸਿੰਘ ਅਟਾਰੀਵਾਲਾ ਮੈਦਾਨ ਵਿੱਚ ਫੌਜਾਂ ਨੂੰ ਹਰ ਮੁਹਾਜ਼ ’ਤੇ ਹੱਲਾਸ਼ੇਰੀ ਦਿੰਦਾ ਨਜ਼ਰ ਆ ਰਿਹਾ ਸੀ। ਲੜਾਈ ਵਿੱਚ ਅੰਗਰੇਜ਼ਾਂ ਦਾ ਜ਼ਬਰਦਸਤ ਜਾਨੀ ਨੁਕਸਾਨ ਹੋ ਗਿਆ ਸੀ। ਅੰਗਰੇਜ਼ਾਂ ਨੂੰ ਹਰੇਕ ਮੁਹਾਜ਼ ’ਤੇ ਹਾਰ ਹੀ ਹਾਰ ਪੱਲੇ ਪੈ ਰਹੀ ਸੀ। ਜੰਗ ਵਿੱਚ ਅੰਗਰੇਜ਼ਾਂ ਦੀ ਇਸ ਪਤਲੀ ਹਾਲਤ ਬਾਰੇ ਸ਼ਾਹ ਮੁਹੰਮਦ ਇੰਝ ਬਿਆਨ ਕਰਦਾ ਹੈ:-
‘‘ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।।’’
ਅਟਾਰੀਵਾਲਾ ਸਰਦਾਰ ਅੰਗਰੇਜ਼ਾਂ ਦੀ ਭਾਰੀ ਜਾਨੀ ਨੁਕਸਾਨ ਕਰਦਾ ਹੋਇਆ ਅੰਗਰੇਜ਼ ਜਰਨੈਲ ਸਰ ਰਾਬਰਟ ਡਿਕ ਦੇ ਨਜ਼ਦੀਕ ਜਾ ਪਹੁੰਚਿਆ ਅਤੇ ਹੱਥੋ-ਹੱਥੀ ਲੜਾਈ ਵਿੱਚ ਰਾਬਰਟ ਡਿਕ ਸ਼ਾਮ ਸਿੰਘ ਹੱਥੋਂ ਮਾਰਿਆ ਗਿਆ। ਉਸ ਸਮੇਂ ਅੰਗਰੇਜ਼ੀ ਫੌਜਾਂ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ ਸੀ। ਅੰਗਰੇਜ਼ੀ ਫੌਜਾਂ ਨੇ ਅਟਾਰੀਵਾਲਾ ਸਰਦਾਰ ਨੂੰ ਚਾਰੋ ਤਰਫੋਂ ਘੇਰ ਕੇ ਉਸ ਦਾ ਸਰੀਰ ਗੋਲੀਆਂ ਨਾਲ ਛਲਣੀ-ਛਲਣੀ ਕਰ ਦਿੱਤਾ। ਇਸ ਤਰ੍ਹਾਂ ਸ. ਸ਼ਾਮ ਸਿੰਘ ਅਟਾਰੀਵਾਲਾ ਖਾਲਸਾਈ ਪਰੰਪਰਾ ਨੂੰ ਕਾਇਮ ਰੱਖਦਾ ਹੋਇਆ ‘‘ਅਤ ਹੀ ਰਣ ਮੇਂ ਤਬ ਜੂਝ ਮਰੋ’’ ਦੇ ਮਹਾਂਵਾਕ ਅਨੁਸਾਰ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਦੇਸ਼ ਅਤੇ ਕੌਮ ਲਈ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ।
ਮੈਦਾਨੇ ਜੰਗ ਵਿੱਚ ਅੰਗਰੇਜ਼ਾਂ ਦੀ ਸਥਿਤੀ ਬੜੀ ਨਾਜ਼ੁਕ ਬਣਦੀ ਜਾ ਰਹੀ ਸੀ। ਅੰਗਰੇਜ਼ਾਂ ਦੀ ਅਜਿਹੀ ਪਤਲੀ ਹਾਲਤ ਨੂੰ ਵੇਖ ਕੇ ਲਾਲ ਸਿੰਘ ਅਤੇ ਤੇਜ ਸਿੰਘ ਘਬਰਾ ਗਏ। ਉਹ ਮੈਦਾਨ ਵਿੱਚੋਂ ਭੱਜ ਕੇ ਸਤਲੁਜ ਦਾ ਦਰਿਆ ਪਾਰ ਕਰਕੇ ਦੂਜੇ ਪਾਸੇ ਜਾ ਪਹੁੰਚੇ। ਪਰ ਇਨ੍ਹਾਂ ਗਦਾਰ ਜਰਨੈਲਾਂ ਨੇ ਜਾਂਦੇ-ਜਾਂਦੇ ਬੇੜੀਆਂ ਦੇ ਪੁਲ ਨੂੰ ਤੋਪਾਂ ਨਾਲ ਉਡਾ ਦਿੱਤਾ ਤਾਂ ਜੋ ਕੋਈ ਵੀ ਸਿੱਖ ਫ਼ੌਜੀ ਪੁਲ ਪਾਰ ਨਾ ਕਰ ਸਕੇ। ਜਰਨੈਲ ਗੁਲਾਬ ਸਿੰਘ ਪੁਲ ਦੇ ਪਾਰਲੇ ਪਾਸੇ ਖੜੋਤਾ ਆਪਣੇ ਗਦਾਰ ਸਾਥੀਆਂ ਦੀ ਇੰਤਜ਼ਾਰ ਕਰ ਰਿਹਾ ਸੀ। ਅੰਗਰੇਜ਼ਾਂ ਨਾਲ ਹੋਏ ਸਮਝੌਤੇ ਅਨੁਸਾਰ ਗੁਲਾਬ ਸਿੰਘ ਨੇ ਸਵੇਰੇ ਤੋਂ ਹੀ ਗੋਲਾ-ਬਾਰੂਦ ਅਤੇ ਖਾਣ-ਪੀਣ ਦਾ ਸਾਮਾਨ ਭੇਜਣਾ ਬੰਦ ਕੀਤਾ ਹੋਇਆ ਸੀ। ਖ਼ਾਲਸਾ ਫ਼ੌਜਾਂ ਕੋਲ ਪਹਿਲਾਂ ਹੀ ਮੌਜੂਦ ਗੋਲਾ-ਬਾਰੂਦ ਅਤੇ ਹੋਰ ਹਥਿਆਰਾਂ ਨਾਲ ਮੈਦਾਨ ਵਿੱਚ ਨਾਇਕਾਂ ਦੀ ਤਰ੍ਹਾਂ ਜੂਝ ਰਹੇ ਸਨ ਅਤੇ ਅੰਗਰੇਜ਼ਾਂ ਦੇ ਆਹੂ ਲਾਹ ਰਹੇ ਸਨ। ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ, ਖ਼ਾਲਸਾ ਫ਼ੌਜਾਂ ਲਈ ਵੀ ਸਥਿਤੀ ਬੜੀ ਨਾਜ਼ੁਕ ਬਣਦੀ ਜਾ ਰਹੀ ਸੀ। ਪਰ ਅਜਿਹੀ ਸਥਿਤੀ ਦੇ ਬਾਵਜੂਦ ਖ਼ਾਲਸਾ ਫੌਜਾਂ ਆਪਣੇ ਪੂਰੇ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦੇ ਸਬੂਤ ਦੇ ਰਹੀਆਂ ਸਨ। ਸਿਰੜੀ ਖ਼ਾਲਸਾ ਫ਼ੌਜੀ ਹੁਣ ਭੁੱਜੇ ਹੋਏ ਦਾਣੇ ਖਾ ਕੇ ਅਤੇ ਨਾਲ ਦੇ ਖੇਤਾਂ ਵਿੱਚੋਂ ਗਾਜਰਾਂ ਮੂਲੀਆਂ ਪੁੱਟ ਕੇ, ਖਾਕੇ ਮੈਦਾਨ ਵਿੱਚ ਡਟੇ ਹੋਏ ਸਨ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਕਿਸੀ ਪ੍ਰਕਾਰ ਦਾ ਮਲਾਲ ਨਜ਼ਰ ਨਹੀਂ ਆਉਂਦਾ ਸੀ। ਅਜੇ ਵੀ ‘‘ਬੋਲੇ ਸੋ ਨਿਹਾਲ’’ ਦੇ ਜੈਕਾਰਿਆਂ ਨਾਲ ਧਰਤੀ ਆਕਾਸ਼ ਗੂੰਜ ਰਿਹਾ ਸੀ। ਅਜੇ ਵੀ ਹਜ਼ਾਰਾਂ ਚਮਕਦੀਆਂ ਹੋਈਆਂ ਤਲਵਾਰਾਂ ਅਤੇ ਨੇਜ਼ਿਆਂ ਦੇ ਲਿਸ਼ਕਾਰਿਆਂ ਨਾਲ ਅੱਖਾਂ ਚੁੰਧਿਆ ਰਹੀਆਂ ਸੀ। ਕਦੇ ਕਦੇ ਬਾਰੂਦ ਦੇ ਢੇਰ ਨੂੰ ਅੱਗ ਲੱਗਣ ਕਾਰਨ ਧਮਾਕੇ ਸੁਣਾਈ ਦੇ ਰਹੇ ਸਨ। ਹਰ ਥਾਈਂ ਲਾਸ਼ਾਂ ਦੇ ਢੇਰ ਹੀ ਢੇਰ ਲੱਗਦੇ ਜਾ ਰਹੇ ਸਨ। ਖ਼ਾਲਸਾ ਫੌਜਾਂ ਨੇ ਤਲਵਾਰਾਂ ਅਤੇ ਨੇਜ਼ਿਆਂ ਨਾਲ ਅਜੇ ਵੀ ਅੰਗਰੇਜ਼ਾਂ ਨੂੰ ਵਖਤ ਪਾਇਆ ਹੋਇਆ ਸੀ। ਸਿੰਘਾਂ ਦੀਆਂ ਤਲਵਾਰਾਂ ਦਾ ਵਾਰ ਇਤਨਾ ਜ਼ਬਰਦਸਤ ਹੁੰਦਾ ਸੀ ਕਿ ਅੰਗਰੇਜ਼ ਫ਼ੌਜੀਆਂ ਦੀਆਂ ਤਲਵਾਰਾਂ ਦੇ ਟੁਕੜੇ- ਟੁਕੜੇ ਹੋ ਜਾਂਦੇ ਸਨ। ਕਈ ਵਾਰੀ ਸਿੱਖ ਫ਼ੌਜੀ ਅੰਗਰੇਜ਼ਾਂ ਦੀਆਂ ਬੰਦੂਕਾਂ ਦੇ ਬੋਨਟਾਂ ਉੱਤੇ ਝਪਟਾ ਮਾਰ ਕੇ ਖੱਬੇ ਹੱਥ ਨਾਲ ਫੜ ਲੈਂਦੇ ਸਨ ਅਤੇ ਫਿਰ ਬੜੀ ਫੁਰਤੀ ਨਾਲ ਅਜਿਹਾ ਘਾਤਕ ਵਾਰ ਕਰਦੇ ਸਨ ਕਿ ਅੰਗਰੇਜ਼ ਫ਼ੌਜੀ ਉੱਥੇ ਹੀ ਢਹਿ-ਢੇਰੀ ਹੋ ਜਾਂਦੇ ਸਨ। ਕਈ ਵਾਰੀ ਇਕ ਇਕੱਲਾ ਸਿੱਖ ਫ਼ੌਜੀ ਅੰਗਰੇਜ਼ਾਂ ਦੇ ਘੇਰੇ ਵਿੱਚ ਆ ਜਾਂਦਾ ਤਾਂ ਉਹ ਇੱਕ ਜਾਂਬਾਜ਼ ਯੋਧੇ ਵਾਂਗ ਲੜਦਾ ਹੋਇਆ ਮੈਦਾਨ ਵਿੱਚ ਹੀ ਸ਼ਹੀਦ ਹੋਣਾ ਪ੍ਰਵਾਨ ਕਰਦਾ ਸੀ। ਇਤਿਹਾਸਕਾਰ ਕਨਿੰਘਮ, ਜੋ ਇਸ ਲੜਾਈ ਵਿੱਚ ਬਤੌਰ ਕੈਪਟਨ ਮੌਜੂਦ ਸੀ, ਆਪਣੀ ਪੁਸਤਕ ‘‘ਹਿਸਟਰੀ ਆਫ ਦੀ ਸਿੱਖਸ’’ ਵਿੱਚ ਲਿਖਦਾ ਹੈ ਕਿ ‘‘ਸਿੱਖ ਜਰਨੈਲਾਂ ਦੀਆਂ ਗ਼ਦਾਰੀਆਂ ਦੀਆਂ ਕਰਤੂਤਾਂ ਕਾਰਨ ਸਿੱਖਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ। ਪਰ ਅਜਿਹੇ ਨਾਜ਼ੁਕ ਹਾਲਾਤ ਦੇ ਬਾਵਜੂਦ ਕਿਸੀ ਵੀ ਇੱਕ ਸਿੱਖ ਨੇ ਹਥਿਆਰ ਸੁੱਟ ਕੇ ਹਾਰ ਮੰਨਣੀ ਕਬੂਲ ਨਹੀਂ ਕੀਤੀ।’’ ਜਦੋਂ ਭੁੱਖੇ-ਭਾਣੇ ਸਿੱਖ ਫ਼ੌਜੀਆਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਤਾਂ ਉਨ੍ਹਾਂ ਨੇ ਲੜਾਈ ਜਾਰੀ ਰੱਖਦੇ ਹੋਏ ਦਰਿਆ ਵੱਲ ਨੂੰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਦਰਿਆ ਪਾਰ ਕਰਕੇ ਦੂਜੇ ਕੰਢੇ ’ਤੇ ਪਹੁੰਚ ਕੇ, ਉੱਥੋਂ ਹਥਿਆਰ ਪ੍ਰਾਪਤ ਕਰਕੇ, ਮੋਰਚਾਬੰਦੀ ਕਰਕੇ ਜੰਗ ਜਾਰੀ ਰੱਖੀ ਜਾ ਸਕੇ। ਪਰ ਗ਼ਦਾਰ ਜਰਨੈਲਾਂ ਨੇ ਤਾਂ ਬੇੜੀਆਂ ਦਾ ਪੁਲ ਪਹਿਲਾਂ ਹੀ ਤੋੜ ਦਿੱਤਾ ਸੀ। ਹੁਣ ਸਿੱਖ ਫੌਜੀਆਂ ਨੇ ਦਰਿਆ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਤੈਰ ਕੇ ਦੂਜੇ ਕੰਢੇ ’ਤੇ ਪਹੁੰਚਿਆ ਜਾ ਸਕੇ। ਉਸੀ ਸਮੇਂ ਅੰਗਰੇਜ਼ਾਂ ਨੇ ਦਰਿਆ ਦੇ ਕੰਢੇ ’ਤੇ ਤੋਪਾਂ ਬੀੜ ਦਿੱਤੀਆਂ ਅਤੇ ਦਰਿਆ ਵਿੱਚ ਤੈਰ ਰਹੇ ਸਿੱਖਾਂ ਉੱਤੇ ਬੰਬਾਰੀ ਸ਼ੁਰੂ ਕਰ ਦਿੱਤੀ। ਸੈਂਕੜੇ ਅੰਗਰੇਜ਼ ਫ਼ੌਜੀਆਂ ਨੇ ਬੰਦੂਕਾਂ ਨਾਲ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਕੋਈ ਸਿੱਖ ਦਰਿਆ ਪਾਰ ਨਾ ਕਰ ਸਕੇ। ਅਤੇ ਅੰਗਰੇਜ਼ਾਂ ਲਈ ਨਵੀਂ ਮੁਸੀਬਤ ਨਾ ਖੜ੍ਹੀ ਕਰ ਦੇਵੇ। ਸਭਰਾਵਾਂ ਦਾ ਮੈਦਾਨ ਅੰਗਰੇਜ਼ਾਂ ਅਤੇ ਸਿੱਖ ਫੌਜੀਆਂ ਦੀਆਂ ਲਾਸ਼ਾਂ ਦੇ ਢੇਰਾਂ ਨਾਲ ਭਰਿਆ ਪਿਆ ਸੀ। ਸਭਰਾਵਾਂ ਦੀ ਧਰਤੀ ਆਪਣਾ ਰੰਗ ਵਟਾ ਕੇ ਲਾਲ ਸੁਰਖ ਹੋ ਗਈ ਸੀ। ਦੂਜੇ ਪਾਸੇ ਸਤਲੁਜ ਦਰਿਆ ਦਾ ਪਾਣੀ ਲਾਲੋ ਲਾਲ ਹੋਇਆ ਪਿਆ ਸੀ। ਸਿੰਘ ਸੂਰਬੀਰ ਯੋਧਿਆਂ ਨੂੰ ਆਖਰ ਸਤਲੁਜ ਨੇ ਆਪਣੀ ਬੁੱਕਲ ਦੀ ਨਿੱਘ ਵਿੱਚ ਸਮੋ ਲਿਆ ਤਾਂ ਜੋ ਇਨ੍ਹਾਂ ਦੇਸ਼ ਭਗਤਾਂ ਨੂੰ ਮੁੜ ਦੇਸ਼ ਧਰੋਹੀ ਜਰਨੈਲਾਂ ਅਤੇ ਫਿਰੰਗੀਆਂ ਦਾ ਮੂੰਹ ਨਾ ਤੱਕਣਾ ਪਵੇ। ਜੋ ਸੁਤੰਤਰ ਖ਼ਾਲਸਾ ਰਾਜ ਦੇ ਪੈਰਾਂ ਵਿੱਚ ਗੁਲਾਮੀ ਦੀਆਂ ਜੰਜ਼ੀਰਾਂ ਪਾਉਣ ਖਾਤਰ ਤਤਪਤ ਹੋ ਰਹੇ ਸਨ।
ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਸਭਰਾਵਾਂ ਦੀ ਲੜਾਈ ਇਤਨੀ ਜ਼ਿਆਦਾ ਭਿਆਨਕ ਅਤੇ ਤਬਾਹਕੁੰਨ ਸੀ ਕਿ ਗਵਰਨਰ ਜਨਰਲ ਲਾਰਡ ਹਾਰਡਿੰਗ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਇਸ ਕਾਰਨ ਉਹ ਤੁਰਨ-ਫਿਰਨ ਤੋਂ ਵੀ ਨਕਾਰਾ ਹੋ ਗਿਆ ਸੀ। ਉਸ ਦਾ ਇਕ ਹੱਥ ਤਾਂ ਪਹਿਲਾਂ ਹੀ ਟੁੱਟਾ ਹੋਇਆ ਸੀ ਜਿਸ ਕਾਰਨ ਹਿੰਦੁਸਤਾਨੀ ਲੋਕ ਉਸ ਨੂੰ ਟੁੰਡੀ-ਲਾਟ ਆਖਦੇ ਹੁੰਦੇ ਸਨ। ਮੇਜਰ ਐਡਮਜ਼ ਆਪਣੀ ਪੁਸਤਕ ‘‘ਐਪੀਸੋਡਜ਼ ਆਫ ਐਂਗਲੋ ਇੰਡੀਅਨ ਹਿਸਟਰੀ’’ ਵਿੱਚ ਲਿਖਦਾ ਹੈ ਕਿ ‘‘ਸਿੱਖਾਂ ਦੇ ਜਰਨੈਲਾਂ ਨੇ ਮੈਦਾਨ ਵਿੱਚੋਂ ਭੱਜ ਕੇ ਸਤਲੁਜ ਦਾ ਪੁਲ ਤੋੜ ਕੇ ਆਪਣੀ ਗੱਦਾਰੀ ਦਾ ਪਿਆਲਾ ਨੱਕੋ-ਨੱਕ ਭਰ ਦਿੱਤਾ ਸੀ।’’ ਇਸੇ ਤਰ੍ਹਾਂ ਇਕ ਹੋਰ ਅੰਗਰੇਜ਼ ਹੈਸਕੀਥ ਪੀਅਰਸਨ ਆਪਣੀ ਪੁਸਤਕਾਂ ‘‘ਹੀਰੋ ਆਫ ਡੇਲੀ’’ ਵਿੱਚ ਲਿਖਦਾ ਹੈ ਕਿ ‘‘ਸਿਖ ਜਰਨੈਲਾਂ ਦੀ ਗ਼ਦਾਰੀ ਕਾਰਨ, ਅੰਗਰੇਜ਼ਾਂ ਦੀ ਹਾਰ ਇਕ ਵਾਰੀ ਫਿਰ ਜਿੱਤ ਵਿੱਚ ਤਬਦੀਲ ਹੋ ਗਈ ਸੀ।’’ ਸਿੱਖਾਂ ਦੀ ਬਹਾਦਰੀ ਦੀ ਤਾਰੀਫ਼ ਕਰਦੇ ਹੋਏ ਅੰਗਰੇਜ਼ ਕਮਾਂਡਰ-ਇਨ-ਚੀਫ ਲਾਰਡ ਗਫ, ਬ੍ਰਿਟਿਸ਼ ਪ੍ਰਧਾਨ ਲਾਰਡ ਪੀਲ ਨੂੰ ਭੇਜੀ ਰਿਪੋਰਟ ਵਿੱਚ ਇਸ ਤਰ੍ਹਾਂ ਲਿਖਦਾ ਹੈ ‘‘ਇਕ ਕਮਾਂਡਰ-ਇਨ-ਚੀਫ ਦੀ ਹੈਸੀਅਤ ਵਿੱਚ ਮੈਨੂੰ ਆਪਣੇ ਦੁਸ਼ਮਣ (ਸਿੱਖਾਂ) ਬਾਰੇ ਨਿੱਜੀ ਭਾਵਨਾਵਾਂ ਵਿਅਕਤ ਕਰਨ ਦੀ ਖੁੱਲ੍ਹ ਨਹੀਂ ਹੈ। ਪਰ ਫਿਰ ਵੀ ਮੈਂ ਤੁਹਾਨੂੰ ਇਹ ਦੱਸਣ ਤੋਂ ਨਹੀਂ ਰਹਿ ਸਕਦਾ ਕਿ ਸਿੱਖ ਫੌਜੀ ਨਿੱਜੀ ਤੌਰ ’ਤੇ ਅਤੇ ਸਮੂਹਿਕ ਤੌਰ ’ਤੇ ਮਹਾਨ ਨਾਇਕਾਂ ਦੀ ਤਰ੍ਹਾਂ ਅੰਤ ਤਕ ਜੂਝਦੇ ਰਹੇ ਸਨ। ਜੋ ਹਸ਼ਰ ਅਸੀਂ ਅਜਿਹੇ ਨਾਇਕਾਂ ਦਾ ਕੀਤਾ ਸੀ, ਇੱਕ ਮਨੁੱਖ ਹੋਣ ਦੇ ਨਾਤੇ ਉਨ੍ਹਾਂ ਨਾਇਕਾਂ ਲਈ ਮੈਂ ਜ਼ਾਰ ਜ਼ਾਰ ਰੋਣੋਂ ਅਤੇ ਹੰਝੂ ਵਹਾਉਣ ਤੋਂ ਕਦੀ ਵੀ ਨਾ ਰੁਕਦਾ।

– ਹਰਸ਼ਰਨ ਸਿੰਘ ਸਚਦੇਵਾ




Tags: ,
Posted in: ਸਾਹਿਤ