ਜੈਤੋ ਦਾ ਇਤਿਹਾਸਕ ਮੋਰਚਾ

By February 18, 2016 0 Comments


jaito da morcha
ਜੈਤੋ ਦਾ ਮੋਰਚਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਸਿੱਖਾਂ ਦੇ ਗੌਰਵਮਈ ਵਿਰਸੇ ਦਾ ਗਵਾਹ ਹੈ। ਸੁਤੰਤਰਤਾ ਸੰਗਰਾਮ ਦੌਰਾਨ 1923-25 ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਬਰਤਾਨਵੀ ਸਾਮਰਾਜ ਖ਼ਿਲਾਫ਼ ਲੜ ਕੇ ਜਿੱਤਿਆ ਗਿਆ ਇਹ ਮੋਰਚਾ ਉਸ ਵੇਲੇ ਦੇ ਜ਼ੁਲਮ ਅਤੇ ਅਥਾਹ ਕੁਰਬਾਨੀਆਂ ਨਾਲ ਭਰਪੂਰ ਅਹਿਮ ਖ਼ੂਨੀ ਕਾਂਡ ਦੀ ਦਰਦਨਾਕ ਦਾਸਤਾਂ ਹੈ।
ਜੈਤੋ ਦੇ ਮੋਰਚੇ ਦੀ ਸ਼ੁਰੂਆਤ ਅੰਗਰੇਜ਼ ਹਕੂਮਤ ਵੱਲੋਂ ਝੂਠੇ ਅਤੇ ਮਨਘੜਤ ਇਲਜ਼ਾਮਾਂ ਤਹਿਤ 9 ਜੁਲਾਈ 1923 ਨੂੰ ਨਾਭਾ ਰਿਆਸਤ ਦੇ ਅਾਜ਼ਾਦ ਖ਼ਿਆਲ ਅਤੇ ਗੁਰਦੁਆਰਾ ਸੁਧਾਰ ਅੰਦੋਲਨ ਤੇ ਅਕਾਲੀ ਲਹਿਰ ਨਾਲ ਹਮਦਰਦੀ ਰੱਖਣ ਵਾਲੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਜਬਰੀ ਗੱਦੀ ਤੋਂ ਲਾਹ ਕੇ ਦੇਹਰਾਦੂਨ ਭੇਜ ਦਿੱਤੇ ਜਾਣ ਨਾਲ ਹੋਈ ਸੀ। ਨਵੀਂ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਅਗਸਤ 1923 ਨੂੰ ਇਸ ਕਾਰਵਾਈ ਖ਼ਿਲਾਫ਼ ਇੱਕ ਸਖ਼ਤ ਮਤਾ ਪਾਸ ਕਰ ਕੇ 9 ਸਤੰਬਰ 1923 ਨੂੰ ਰੋਸ ਵਜੋਂ ‘ਨਾਭਾ ਡੇਅ’ ਮਨਾਉਣ ਦਾ ਐਲਾਨ ਕੀਤਾ ਗਿਆ ਤੇ ਇਸ ਦਿਨ ਥਾਂ-ਥਾਂ ਰੋਸ ਜਲਸੇ ਕੱਢਣ, ਦੀਵਾਨ ਲਾਉਣ ਅਤੇ ਇਸ ਬੇਇਨਸਾਫ਼ੀ ਖ਼ਿਲਾਫ਼ ਅਰਦਾਸ ਤੇੇ ਮਤੇ ਪਾਸ ਕਰਨ ਦਾ ਸੱਦਾ ਦਿੱਤਾ ਗਿਅਾ।
ਇਸ ਸੱਦੇ ਤਹਿਤ ਹੀ ਜੈਤੋ ਦੀ ਸੰਗਤ ਨੇ 25 ਤੋਂ 27 ਅਗਸਤ ਤਕ ਗੁਰਦੁਆਰਾ ਗੰਗਸਰ ਜੈਤੋ ਵਿੱਚ ਅਖੰਡ ਪਾਠ ਰੱਖ ਦਿੱਤਾ ਪਰ ਪੁਲੀਸ ਨੇ 27 ਅਗਸਤ ਨੂੰ ਅਖੰਡ ਪਾਠ ਰੋਕਣ ਲਈ ਪਾਠ ਕਰ ਰਹੇ ਪਾਠੀ ਨੂੰ ਗ੍ਰਿਫ਼ਤਾਰ ਕਰ ਲਿਆ। ਸਿੱਖਾਂ ਨੇ ਇਸ ਨੂੰ ਧਾਰਮਿਕ ਮਰਿਆਦਾ ਦੀ ਹੱਤਕ ਮੰਨ ਕੇ ਫ਼ੈਸਲਾ ਲਿਆ ਕਿ ਜਦੋਂ ਤਕ ਸਰਕਾਰ ਆਪਣੀ ਗ਼ਲਤੀ ਸਵੀਕਾਰ ਨਹੀਂ ਕਰਦੀ, ਉਦੋਂ ਤਕ ਗੁਰਦੁਆਰੇ ਵਿੱਚ ਅਖੰਡ ਪਾਠਾਂ ਤੇ ਦੀਵਾਨਾਂ ਦਾ ਸਿਲਸਿਲਾ ਲੜੀਵਾਰ ਜਾਰੀ ਰਹੇਗਾ। ਉਸ ਵੇਲੇ ਨਾਭਾ ਰਿਆਸਤ ਦੇ ਅੰਗਰੇਜ਼ ਸਰਕਾਰ ਵੱਲੋਂ ਲਾਏ ਗਏ ਪ੍ਰਬੰਧਕ ਅਫ਼ਸਰ ਵਿਲਸਨ ਜਾਨਸਟਨ ਨੇ ਉੱਥੇ ਕੋਈ ਵੀ ਇਕੱਠ, ਪਾਠ ਜਾਂ ਅਰਦਾਸ ਕਰਨ ਉੱਤੇ ਪਾਬੰਦੀ ਲਾ ਦਿੱਤੀ ਅਤੇ ਉੱਥੇ ਪਹੁੰਚਣ ਵਾਲੇ ਆਗੂਆਂ ਤੇ ਸਿੱਖ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰਨਾ ਆਰੰਭ ਕਰ ਦਿੱਤਾ। ਇਸ ਧੱਕੇਸ਼ਾਹੀ ਖ਼ਿਲਾਫ਼ ਸ਼੍ਰੋਮਣੀ ਕਮੇਟੀ ਨੇ 15 ਸਤੰਬਰ 1923 ਤੋਂ 25-25 ਸਿੰਘਾਂ ਦੇ ਜਥੇ ਜੈਤੋ ਭੇਜਣੇ ਸ਼ੁਰੂ ਕਰ ਦਿੱਤੇ।
ਸਰਕਾਰ ਦੇ ਅੜੀਅਲ ਵਤੀਰੇ ਕਾਰਨ ਮੋਰਚਾ ਜਾਰੀ ਰਿਹਾ। ਇਸ ਨੂੰ ਫੇਲ੍ਹ ਕਰਨ ਲਈ ਅੰਗਰੇਜ਼ੀ ਹਕੂਮਤ ਨੇ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗ਼ੈਰਕਾਨੂੰਨੀ ਕਰਾਰ ਦੇ ਦਿੱਤਾ। ਜਵਾਬ ਵਿੱਚ 9 ਫ਼ਰਵਰੀ 1924 ਤੋਂ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 500-500 ਵਾਲੰਟੀਅਰਾਂ ਦੇ ਜਥੇ ਭੇਜਣ ਦਾ ਫ਼ੈਸਲਾ ਲਿਆ। ਇੱਕ ਮਾਰਚ 1925 ਤਕ ਅਜਿਹੇ 15 ਜਥੇ ਪੂਰੇ ਪੰਜਾਬ ਵਿੱਚ ਸਰਕਾਰ ਖ਼ਿਲਾਫ਼ ਪ੍ਰਚਾਰ ਤੇ ਲਾਮਬੰਦੀ ਕਰਦੇ ਹੋਏ ਜੈਤੋ ਜਾਂਦੇ ਰਹੇ। ਇਨ੍ਹਾਂ ਜਥਿਆਂ ਉੱਤੇ ਪੁਲੀਸ ਨੇ ਸਿੱਧੀ ਫਾਇਰਿੰਗ ਕੀਤੀ ਅਤੇ ਗ੍ਰਿਫ਼ਤਾਰ ਕੀਤੇ ਅੰਦੋਲਨਕਾਰੀਆਂ ਉੱਤੇ ਅਕਹਿ ਤਸ਼ੱਦਦ ਢਾਹੇ। ਕਰੀਬ ਡੇਢ ਸਾਲ ਚੱਲੇ ਇਸ ਮੋਰਚੇ ਵਿੱਚ ਸੈਂਕੜੇ ਅੰਦੋਲਨਕਾਰੀ ਸ਼ਹੀਦ ਹੋਏ ਅਤੇ ਹਜ਼ਾਰਾਂ ਵਹਿਸ਼ੀ ਜਬਰ ਤੇ ਕੈਦਾਂ-ਕਰਕੀਆਂ ਦਾ ਸ਼ਿਕਾਰ ਬਣਾਏ ਗਏ। ਮੋਰਚੇ ਦੌਰਾਨ ਪੰਡਤ ਜਵਾਹਰ ਲਾਲ ਨਹਿਰੂ ਸਥਿਤੀ ਦਾ ਜਾਇਜ਼ਾ ਲੈਣ ਜੈਤੋ ਆਏ ਤੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।
ਭਾਵੇਂ ਸਰਕਾਰ ਨੇ ਅਕਾਲੀ ਦਲ ਅਤੇ ਨਵੀਂ-ਨਵੀਂ ਹੋਂਦ ਵਿੱਚ ਆਈ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਪਾਬੰਦੀ ਲਾ ਦਿੱਤੀ ਸੀ ਪਰ ਇਸ ਦੇ ਬਾਵਜੂਦ ਨਾ ਸਿਰਫ਼ ਸ਼੍ਰੋਮਣੀ ਕਮੇਟੀ ਕੰਮ ਕਰਦੀ ਰਹੀ, ਸਗੋਂ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਸਿੱਖ ਖੁੱਲ੍ਹੇਆਮ ਗਲਾਂ ਵਿੱਚ ਫੱਟੀਆਂ ਲਟਕਾ ਕੇ ਘੁੰਮਦੇ ਸਨ, ਜਿਨ੍ਹਾਂ ’ਤੇ ਲਿਖਿਆ ਹੁੰਦਾ ਸੀ, ‘ਅਸੀਂ ਪਾਬੰਦੀਸ਼ੁਦਾ ਬਾਗ਼ੀ ਜਮਾਤਾਂ ਦੇ ਮੈਂਬਰ ਹਾਂ’। ਪਰ ਕੋਈ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਸੀ ਕਰਦਾ। ਅੰਤ 16ਵੇਂ ਸ਼ਹੀਦੀ ਜਥੇ ਵੱਲੋਂ ਸਿਆਲਕੋਟ ਤੋਂ ਰਵਾਨਾ ਹੋਣ ਮੌਕੇ ਅੰਗਰੇਜ਼ ਸਰਕਾਰ ਝੁਕ ਗਈ ਅਤੇ ਇਸ ਜਥੇ ਨੇ ਜੈਤੋ ਪਹੁੰਚ ਕੇ ਅਖੰਡ ਪਾਠ ਸੰਪੂਰਨ ਕੀਤਾ। ਇੰਜ ਇਹ ਮੋਰਚਾ ਸਰ ਹੋਇਆ।
ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਟਿੱਬੀ ਸਹਿਬ ਉਹ ਸਥਾਨ ਹੈ, ਜਿਸ ’ਤੇ ਅੰਗਰੇਜ਼ ਅਫ਼ਸਰ ਵਿਲਸਨ ਨੇ ਸ਼ਾਂਤਮਈ ਵਿਰੋਧ ਕਰ ਰਹੀ ਸਿੱਖ ਸੰਗਤ ’ਤੇ ਗੋਲੀਆਂ ਚਲਾਉਣ ਲਈ ਮਸ਼ੀਨਗੰਨਾਂ ਬੀੜੀਆਂ ਸਨ ਤੇ ਸੈਂਕੜੇ ਸਿੰਘ ਦਾਣਿਆਂ ਵਾਂਗ ਭੁੰਨ ਦਿੱਤੇ ਸਨ। ਇੱਕ ਸਿੰਘ ਜਿਸ ਦੇ ਹੱਥ ਵਿੱਚ ਨਿਸ਼ਾਨ ਸਾਹਿਬ ਫੜਿਆ ਹੋਇਆ ਸੀ, ਸ਼ਹੀਦ ਹੋ ਗਿਆ। ਕੋਲ ਖੜ੍ਹੀ ਇੱਕ ਬੀਬੀ ਜਿਸ ਦਾ ਨਾਂ ਇਤਿਹਾਸ ਅਨੁਸਾਰ ਬਲਵੀਰ ਕੌਰ ਹੈ, ਨੇ ਨਿਸ਼ਾਨ ਸਾਹਿਬ ਸੰਭਾਲ ਕੇ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਇੱਕ ਗੋਲੀ ਉਸ ਦੇ ਗੋਦੀ ਚੁੱਕੇ ਬੱਚੇ ਦੀ ਛਾਤੀ ਚੀਰ ਗਈ ਅਤੇ ਉਹ ਸਦਾ ਦੀ ਨੀਂਦ ਸੌਂ ਗਿਆ ਪਰ ਉਸ ਬੀਬੀ ਨੇ ਸਿਦਕ ਨਹੀਂ ਛੱਡਿਆ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਗੁਰਦੁਆਰਾ ਟਿੱਬੀ ਸਹਿਬ ਵਿੱਚ 21-22 ਫ਼ਰਵਰੀ ਨੂੰ ਸ਼ਹੀਦੀ ਜੋੜ ਮੇਲਾ ਲੱਗਦਾ ਹੈ। ਇੱਥੇ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ।
ਧਰਮ ਪਾਲ
ਸੰਪਰਕ: 94171-11181
Tags:
Posted in: ਸਾਹਿਤ