ਗੁਰਦੁਆਰਾ ਸੁਧਾਰ ਲਹਿਰ ਦਾ ਮੁੱਢ ਬੰਨ੍ਹਣ ਵਾਲਾ ਸਾਕਾ

By February 18, 2016 0 Comments


ਗੁਰਤੇਜ ਸਿੰਘ ਠੀਕਰੀਵਾਲਾ (ਡਾ.)
saka nanakana sahib
ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵਾਪਰਿਆ ਸਾਕਾ ਨਨਕਾਣਾ ਸਾਹਿਬ ਜਿੱਥੇ ਗੁਰਦੁਆਰਾ ਪ੍ਰਬੰਧ ਸੁਧਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਲਈ ਮੁੱਢ ਸਾਬਤ ਹੋਇਆ, ਉੱਥੇ ਹੀ ਇਸ ਸਾਕੇ ਨਾਲ ਰਾਜਸੀ ਖੇਤਰ ਵਿੱਚ ਖ਼ਾਸ ਤੌਰ ’ਤੇ ਦੇਸ਼ ਦੀ ਅਾਜ਼ਾਦੀ ਲਈ ਚੱਲ ਰਹੇ ਅੰਦੋਲਨ ਵਿੱਚ ਵੱਡਾ ਮੋੜ ਆਇਆ।
ਂਸਮਕਾਲੀ ਪੰਜਾਬੀ ਦੇ ਪੁਰਾਤਨ ਅਖ਼ਬਾਰ ਖ਼ਾਲਸਾ ਸਮਾਚਾਰ ਵਿੱਚ ਛਪੀ ਇੱਕ ਸਰਕਾਰੀ ਰਿਪੋਰਟ ਅਨੁਸਾਰ ‘‘ਦਿਨ ਐਤਵਾਰ, 20 ਫ਼ਰਵਰੀ 1921 ਨੂੰ ਸਵੇਰੇ ਸੱਤ ਵਜੇ ਦੇ ਕਰੀਬ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਇੱਕ ਭਿਆਨਕ ਖ਼ੂਨੀ ਸਾਕਾ ਹੋਇਆ। ਮਿਸਟਰ ਕਰੀ ਡਿਪਟੀ ਕਮਿਸ਼ਨਰ ਨੇਡ਼ੇ ਹੀ ਦੌਰੇ ’ਤੇ ਸੀ। ਜਦੋਂ ਉਨ੍ਹਾਂ ਨੂੰ ਖ਼ਬਰ ਅੱਪੜੀ, ਉਹ ਆਪ ਉੱਥੇ ਪਹੁੰਚੇ। ਉੱਥੇ ਆ ਕੇ ਉਨ੍ਹਾਂ ਵੇਖਿਆ ਕਿ ਕਈ ਜਾਨਾਂ ਦਾ ਨੁਕਸਾਨ ਹੋਇਆ ਹੈ। ਮਾਰੇ ਗਇਆਂ (ਜੋ ਸਿੱਖ ਪ੍ਰਤੀਤ ਹੁੰਦੇ ਸਨ) ਦੀਆਂ ਲਾਸ਼ਾਂ ਸਾੜੀਆਂ ਜਾ ਰਹੀਆਂ ਸਨ। ਉਨ੍ਹਾਂ ਖ਼ਿਆਲ ਕੀਤਾ ਕਿ ਹਾਲਾਤ ਬਹੁਤ ਨਾਜ਼ੁਕ ਹੋ ਜਾਣ ਦਾ ਡਰ ਹੈ। ਉਨ੍ਹਾਂ ਨੇ ਫ਼ੌਜ ਭੇਜਣ ਲਈ ਤਾਰ ਕਰ ਦਿੱਤੀ। ਤਾਰ ਪਹੁੰਚਣ ਤੋਂ ਬਾਅਦ ਪ੍ਰਬੰਧ ਕੀਤਾ ਗਿਆ ਕਿ ਨਨਕਾਣਾ ਸਾਹਿਬ ਵਿੱਚੋਂ ਲੰਘਦੀਆਂ ਸਾਰੀਆਂ ਗੱਡੀਆਂ ਬਿਨਾਂ ਇੱਥੇ ਰੁਕੇ ਸਿੱਧੀਆਂ ਲੰਘ ਜਾਣ ਅਤੇ ਸੌ ਗੋਰੇ ਤੇ ਸੌ ਭਾਰਤੀ ਫ਼ੌਜੀਆਂ ਦਾ ਦਸਤਾ ਭੇਜਿਆ ਜਾਵੇ। ਰਾਤ ਦੇ 8 ਵਜੇ ਇੱਕ ਫ਼ੌਜੀ ਰੇਲਗੱਡੀ ਰਾਹੀਂ ਲਾਹੌਰ ਦੇ ਕਮਿਸ਼ਨਰ ਮਿਸਟਰ ਕਿੰਗ, ਡਿਪਟੀ ਇੰਸਪੈਕਟਰ ਜਨਰਲ ਪੁਲੀਸ ਸੈਂਟਰਲ ਰੇਂਜ ਮਿਸਟਰ ਮਰਸਰ ਦੇ ਉੱਥੇ ਪਹੁੰਚਣ ’ਤੇ ਪਤਾ ਲੱਗਾ ਕਿ ਇਸ ਸਮੇਂ ਹਰ ਤਰ੍ਹਾਂ ਅਮਨ ਹੈ ਪਰ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ ਕਿ ਸਿੱਖ ਬਦਲਾ ਲੈਣ ਲਈ ਮਹੰਤ ਨਰੈਣ ਦਾਸ ਅਤੇ ਉਸ ਦੇ ਸਾਥੀਆਂ ’ਤੇ ਹਮਲਾ ਕਰਨਗੇ। ਮਿਸਟਰ ਕਰੀ ਕੋਲ ਪੁਲੀਸ ਦੀ ਗਿਣਤੀ ਇੰਨੀ ਨਹੀਂ ਸੀ ਕਿ ਉਹ ਕਿਸੇ ਸ਼ੱਕੀ ਵਿਅਕਤੀ ਨੂੰ ਫੜਦੇ ਪਰ ਜਿਸ ਵੇਲੇ ਫ਼ੌਜ ਪਹੁੰਚੀ, ੳੁਹ ਗੁਰਦੁਆਰੇ ਦੀ ਰੱਖਿਆ ਲਈ ਖੜ੍ਹੀ ਕਰ ਦਿੱਤੀ ਗੲੀ। ਮਹੰਤ ਨਰੈਣ ਦਾਸ, ਉਸ ਦੇ ਦੋਵਾਂ ਚੇਲਿਆਂ ਤੇ ਲਗਪਗ 26 ਪਠਾਨ ਚੌਕੀਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਸਪੈਸ਼ਲ ਗੱਡੀ ਰਾਹੀਂ ਲਾਹੌਰ ਲਿਜਾ ਕੇ ਸੈਂਟਰਲ ਜੇਲ੍ਹ ਵਿੱਚ ਰੱਖਿਆ ਗਿਆ। ਛੇ ਸਿੱਖਾਂ ਦਾ ਇੱਕ ਵਫ਼ਦ, ਜਿਸ ਵਿੱਚ ਸਰਦਾਰ ਮਤਾਬ ਸਿੰਘ ਸਰਕਾਰੀ ਵਕੀਲ, ਐਡੀਟਰ ਲਾਇਲ ਗਜ਼ਟ, ਸਕੱਤਰ ਸਿੱਖ ਲੀਗ ਸ਼ਾਮਲ ਸਨ, ਜਾਂਚ ਪੜਤਾਲ ਵਿੱਚ ਮਦਦ ਕਰਨ ਲਈ ਨਨਕਾਣਾ ਸਾਹਿਬ ਪਹੁੰਚੇ। ਜ਼ਿਲ੍ਹਾ ਮੈਜਿਸਟ੍ਰੇਟ ਸ਼ੇਖੂਪੁਰਾ ਨੇ ਜਨਮ ਅਸਥਾਨ ਦੇ ਗੁਰਦੁਆਰੇ ਨੂੰ 144 ਦਫ਼ਾ ਜ਼ਾਬਤਾ ਫ਼ੌਜਦਾਰੀ ਹੇਠ ਸਰਕਾਰੀ ਕਬਜ਼ੇ ਵਿੱਚ ਲੈ ਲਿਆ।”
ਭਿਅੰਕਰ ਖ਼ੂਨੀ ਕਾਂਡ ਵਜੋਂ ਜਾਣੇ ਜਾਂਦੇ ਸਾਕਾ ਨਨਕਾਣਾ ਸਾਹਿਬ ਦਾ ਵਰਤਾਰਾ ਦੋ ਪੱਖਾਂ ਤੋਂ ਅਕਾਲੀ ਲਹਿਰ ਵਿੱਚ ਨਵਾਂ ਮੋੜ ਸੀ। ਇੱਕ ਤਾਂ ਇਹ ਕਿ ਗੁਰਦੁਆਰਿਆਂ ਨੂੰ ਮਹੰਤਸ਼ਾਹੀ ਪ੍ਰਬੰਧ ਤੋਂ ਮੁਕਤ ਕਰਵਾਉਣ ਲਈ ਹੋਂਦ ਵਿੱਚ ਆਈ ਇਸ ਲਹਿਰ ਦਾ ਇਹ ਪਹਿਲਾ ਸਾਕਾ ਸੀ, ਜਿਸ ਵਿੱਚ ਵਿਆਪਕ ਹਿੰਸਾ ਨਾਲ ਵੱਡੀ ਗਿਣਤੀ ਵਿੱਚ ਸਿੱਖ ਸ਼ਹਾਦਤਾਂ ਹੋਈਆਂ। ਦੂਜਾ ਇਹ ਕਿ ਇਸ ਸਾਕੇ ਪਿੱਛੋਂ ਅਕਾਲੀ ਲਹਿਰ ਦੇਸ਼ ਦੀ ਅਾਜ਼ਾਦੀ ਦੇ ਅੰਦੋਲਨ ਦਾ ਹਿੱਸਾ ਬਣ ਕੇ ਅੰਗਰੇਜ਼ ਸਰਕਾਰ ਨਾਲ ਸੰਘਰਸ਼ ਦੀ ਸਥਿਤੀ ਵਿੱਚ ਆ ਗਈ, ਜੋ ਪਹਿਲਾਂ ਨਹੀਂ ਸੀ। ਇਸ ਪੱਖ ਨੇ ਦੇਸ਼ ਦੀ ਅਾਜ਼ਾਦੀ ਦੇ ਅੰਦੋਲਨ ਨੂੰ ਨਵਾਂ ਮੋੜ ਦਿੱਤਾ। ਭਾਵੇਂ ਇਸ ਵਰਤਾਰੇ ਨੇ ਦੇਸ਼ ਲਈ ਅਾਜ਼ਾਦੀ ਦੀ ਲੜਾਈ ਨੂੰ ਤਕੜਾ ਬਲ ਬਖ਼ਸ਼ਿਆ ਪਰ ਇਸ ਦੇ ਨਾਲ ਹੀ ਅਕਾਲੀ ਲਹਿਰ ਦੇ ਉਦੇਸ਼ਾਂ ਦੀ ਪੂਰਤੀ ਲੲੀ ਬਣਾਏ ਪ੍ਰੋਗਰਾਮ ਵਿੱਚ ਅੰਗਰੇਜ਼ ਸਰਕਾਰ ਕੋਲੋਂ ਹਰ ਸੰਭਵ ਸਹਾਇਤਾ ਲੈਣ ਦੀ ਸ਼ਾਮਿਲ ਮਦ ਨੂੰ ਲੈ ਕੇ ਲਹਿਰ ਦੇ ਆਗੂਆਂ ਵਿਚਕਾਰ ਮਤਭੇਦ ਵੀ ਪੈਦਾ ਹੋਏ ਅਤੇ ਲਹਿਰ ਦੇ ਉਦੇਸ਼ਾਂ, ਅਮਲ ਤੇ ਪ੍ਰਾਪਤੀਆਂ ’ਤੇ ਪ੍ਰਭਾਵ ਪਿਆ।
ਗੁਰਦੁਆਰਾ ਸੁਧਾਰ ਲਹਿਰ ਦਾ ਉਦੇਸ਼ ਗੁਰਦੁਆਰਿਆਂ ਵਿੱਚ ਮਹੰਤਾਂ ਦੁਆਰਾ ਪ੍ਰਚੱਲਿਤ ਬ੍ਰਾਹਮਣੀ ਰਹੁ-ਰੀਤਾਂ ਨੂੰ ਖ਼ਤਮ ਕਰ ਕੇ ਗੁਰਮਰਿਆਦਾ ਦਾ ਪੁਨਰ-ਉਥਾਨ ਕਰਨਾ ਸੀ। ਪੰਜਾਬ ਸਰਕਾਰ ਨਾਲ ਇਸ ਲਹਿਰ ਦੀ ਤਕਰਾਰ ਦੀ ਸਥਿਤੀ ਵੀ ਉਦੋਂ ਤੋਂ ਪੈਦਾ ਹੋਣ ਲੱਗੀ, ਜਦੋਂ ਕਾਂਗਰਸ ਵਿੱਚ ਭਰਤੀ ਹੋਏ ਕੁਝ ਨਵੇਂ ਸਿੱਖ ਆਗੂਆਂ ਨੇ 9 ਮਈ 1921 ਨੂੰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਮੁਕੱਦਮੇ ਵਿੱਚ ਸਰਕਾਰ ਨਾਲ ਨਾ-ਮਿਲਵਰਤਨ ਦਾ ਮਤਾ ਪਾਸ ਕੀਤਾ। ਮਾਰਚ 1921 ਦੇ ਸ਼ੁਰੂ ਵਿੱਚ ਮਹਾਤਮਾ ਗਾਂਧੀ ਅਤੇ ਸ਼ੌਕਤ ਅਲੀ ਨਨਕਾਣਾ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਖ਼ਾਲਸਾ ਪੰਥ ਦੀ ਸ਼ਲਾਘਾ ਕਰਦਿਆਂ ਸਾਕੇ ਦੇ ਮੁਕੱਦਮੇ ਵਿੱਚ ਨਾ-ਮਿਲਵਰਤਨ ਕਰਨ ਬਾਰੇ ਇੱਕ ਘੰਟਾ ਤਕਰੀਰ ਕੀਤੀ ਅਤੇ ਬਾਅਦ ਵਿੱਚ ਲਾਲਾ ਲਾਜਪਤ ਰਾਇ ਨੇ ਵੀ ਉੱਥੇ ਆ ਕੇ ਸਿੱਖਾਂ ਨੂੰ ਗਾਂਧੀ ਜੀ ਦੇ ਪ੍ਰੋਗਰਾਮ ’ਤੇ ਚੱਲਣ ਦੀ ਤਾਕੀਦ ਕੀਤੀ। ਭਾਵੇਂ ਉਹ ਆਪ ਅਤੇ ਪੰਡਤ ਮਦਨ ਮੋਹਨ ਮਾਲਵੀਆ, ਮਹਾਤਮਾ ਗਾਂਧੀ ਦੇ ਨਾ-ਮਿਲਵਰਤਨ ਦੇ ਪ੍ਰੋਗਰਾਮ ਨਾਲ ਅਸਹਿਮਤ ਸਨ।
ਇਨ੍ਹਾਂ ਤਕਰੀਰਾਂ ਦੇ ਅਸਰ ਹੇਠ ਮਾਸਟਰ ਮੋਤਾ ਸਿੰਘ ਨੇ ਨਾ-ਮਿਲਵਰਤਨ ਦਾ ਮਤਾ ਪੇਸ਼ ਕਰ ਦਿੱਤਾ ਅਤੇ ਹਾਜ਼ਰ ਲੋਕਾਂ ਵੱਲੋਂ ਤਾਈਦ ਹੋ ਗਈ। ਇਸ ਲਹਿਰ ਦੇ ਆਗੂਆਂ ਹਰਬੰਸ ਸਿੰਘ ਅਟਾਰੀ, ਭਾਈ ਜੋਧ ਸਿੰਘ ਅਤੇ ਕਰਤਾਰ ਸਿੰਘ ਝੱਬਰ ਨੇ ਮੀਟਿੰਗ ਵਿੱਚ ਇਸ ਮਤੇ ਨੂੰ ਪਾਸ ਕਰਨ ਦਾ ਵਿਰੋਧ ਕੀਤਾ ਸੀ। ਇਹ ਆਗੂ ਗੁਰਦੁਆਰਿਆਂ ਵਿੱਚ ਪੂਰਨ ਸੁਧਾਰ ਲਈ ਬ੍ਰਿਟਿਸ਼ ਸਰਕਾਰ ਤੋਂ ਹਰ ਸੰਭਵ ਸਹਾਇਤਾ ਲੈਣੀ ਮੁਨਾਸਿਬ ਸਮਝਦੇ ਸਨ। ਇਸ ਮੰਤਵ ਲਈ ਉਹ ਇਸ ਲਹਿਰ ਨੂੰ ਨਿਰੋਲ ਧਾਰਮਿਕ ਦੱਸਦਿਆਂ ਸਮਕਾਲੀ ਰਾਜਨੀਤਕ ਸਰੋਕਾਰਾਂ (ਆਜ਼ਾਦੀ ਅੰਦੋਲਨ) ਤੋਂ ਅਲਹਿਦਾ ਰੱਖਣਾ ਚਾਹੁੰਦੇ ਸਨ। 20 ਅਕਤੂਬਰ 1920 ਨੂੰ ਲਾਹੌਰ ਵਿੱਚ ਸਿੱਖ ਲੀਗ ਦੇ ਸਮਾਗਮ ਵਿੱਚ ਗਾਂਧੀ ਦੀ ਇਹ ਟਿੱਪਣੀ ਕਿ ‘ਮਹੰਤਾਂ ਨੂੰ ਜਬਰੀ ਗੁਰਦੁਆਰਿਆਂ ਵਿੱਚੋਂ ਕੱਢ ਕੇ ਕਬਜ਼ਾ ਕਰਨਾ ਠੀਕ ਨਹੀਂ ਅਤੇ ਸਿੱਖ ਨੌਜਵਾਨਾਂ ਨੂੰ ਕਾਂਗਰਸ ਦਾ ਕੰਮ ਕਰਨ ਚਾਹੀਦਾ ਹੈ’ ਨੂੰ ਵੀ ਅਕਾਲੀ ਲਹਿਰ ਦੇ ਆਗੂਆਂ ਦਾ ਕੋਈ ਹੁੰਗਾਰਾ ਨਾ ਮਿਲਿਆ। ਇਨ੍ਹਾਂ ਆਗੂਆਂ ਅਨੁਸਾਰ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆਉਣ ਜਾਂ ਮਹੰਤਾਂ ਤੋਂ ਗੁਰਦੁਆਰਿਆਂ ਦਾ ਪ੍ਰਬੰਧ ਖੋਹਣ ਲਈ ਸਰਕਾਰ ਦੀ ਸਹਾਇਤਾ ਲੈਣੀ ਜ਼ਰੂਰੀ ਸੀ। ਇਨ੍ਹਾਂ ਆਗੂਆਂ ਦਾ ਇਹ ਵੀ ਵਿਚਾਰ ਸੀ ਕਿ ਜੇ ਗੁਰਦੁਅਰਿਆਂ ’ਤੇ ਕਾਬਜ਼ ਮਹੰਤ ਕਾਨੂੰਨਨ ਸਰਗਰਮ ਹੋ ਗਏ ਅਤੇ ਉਹ ਮੁਕਾਬਲੇ ’ਤੇ ਨਾ ਖਲੋਤੇ ਤਾਂ ਫ਼ੈਸਲੇ ਉਨ੍ਹਾਂ ਦੇ ਬਰਖ਼ਿਲਾਫ਼ ਹੋਣਗੇ।
ਮਤਾ ਪਾਸ ਹੋ ਜਾਣ ਨਾਲ ਸਰਕਾਰ, ਜੋ ਪਹਿਲਾਂ ਇਸ ਲਹਿਰ ਨੂੰ ਧਾਰਮਿਕ ਸਮਝਦੀ ਸੀ, ਹੁਣ ਆਪਣਾ ਰਾਜਸੀ ਵਿਰੋਧੀ ਸਮਝਣ ਲੱਗੀ ਅਤੇ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਕਰਤਾਰ ਸਿੰਘ ਝੱਬਰ ਸਮੇਤ ਕਈ ਆਗੂਆਂ ਨੂੰ ਫੜ ਕੇ ਕੇਸ ਚਲਾਏ ਗਏ। ਕਾਂਗਰਸੀ ਸਿੱਖ ਆਗੂ ਸਰਦੂਲ ਸਿੰਘ ਕਵੀਸ਼ਰ, ਅਮਰ ਸਿੰਘ ਝਬਾਲ, ਮਾਸਟਰ ਸੁੰਦਰ ਸਿੰਘ ਲਾਇਲਪੁਰੀ ਆਦਿ ਨਾ-ਮਿਲਵਰਤਨ ਦੇ ਹੱਕ ਵਿੱਚ ਸਨ, ਜਦੋਂਕਿ ਚੀਫ਼ ਖ਼ਾਲਸਾ ਦੀਵਾਨ ਇਸ ਮਤ ਦਾ ਵਿਰੋਧੀ ਸੀ। ਦੋਵਾਂ ਧੜਿਆਂ ਦੇ ਆਪਸੀ ਫ਼ੈਸਲੇ ਅਨੁਸਾਰ ਜਿਨ੍ਹਾਂ ’ਤੇ ਮੁਕੱਦਮੇ ਬਣੇ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ੳੁਨ੍ਹਾਂ ਦੇ ਮੁਕੱਦਮਿਆਂ ਵਿੱਚ ਕੀ ਕਰਨਾ ਚਾਹੀਦਾ ਹੈ? ਸਾਰਿਆਂ ਵੱਲੋਂ ਜਵਾਬ ਦਿੰਦਿਆਂ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਕਿਹਾ, ‘‘ਸਾਡਾ ਸਰਕਾਰ ਨਾਲ ਕੋਈ ਰਾਜਨੀਤਕ ਮੋਰਚਾ ਨਹੀਂ ਹੈ ਅਤੇ ਨਾ ਹੀ ਇਹ ਹਿੰਦੂ-ਮੁਸਲਮਾਨਾਂ ਦਾ ਸਾਂਝਾ ਪ੍ਰਯੋਜਨ ਹੈ, ਇਹ ਤਾਂ ਸਾਡਾ ਧਾਰਮਿਕ ਮਸਲਾ ਹੈ। ਅਸੀਂ ਨਾ-ਮਿਲਵਰਤਨ ਦੇ ਪ੍ਰੋਗਰਾਮ ਨੂੰ ਨਹੀਂ ਚਲਾਉਣਾ ਚਾਹੁੰਦੇ ਪਰ ਕਾਂਗਰਸੀ ਸਿੱਖਾਂ ਦੇ ਦਬਾਅ ਹੇਠ ਇਸ ਮਤੇ ਨੂੰ ਅਮਲ ਵਿੱਚ ਲਿਆਂਦਾ ਗਿਆ।” ਇਸ ਤਰ੍ਹਾਂ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਅਕਾਲੀ ਲਹਿਰ ਨੇ ਇੱਕ ਨਵਾਂ ਮੋੜ ਲਿਆ। ਸਿੱਖ ਆਗੂਆਂ ਦੇ ਸ੍ਵੈ-ਵਿਰੋਧੀ ਰਾਜਸੀ ਸਰੋਕਾਰ ਵੀ ਉੱਭਰੇ, ਅੰਗਰੇਜ਼ਾਂ ਅਤੇ ਅਕਾਲੀ ਲਹਿਰ ਵਿਚਕਾਰ ਸੰਘਰਸ਼ ਵਧਿਆ ਅਤੇ ਦੂਜੇ ਪਾਸੇ ਕਾਂਗਰਸੀ ਆਗੂਆਂ ਦੀ ਰਾਜਸੀ ਮਨਸ਼ਾ ਵੀ ਪ੍ਰਗਟ ਹੋਈ।

ਗੁਰਤੇਜ ਸਿੰਘ ਠੀਕਰੀਵਾਲਾ (ਡਾ.)
ਸੰਪਰਕ: 94638-61316
Tags:
Posted in: ਸਾਹਿਤ