ਪੰਜਾਬ ਦੀ ਸਿਆਸਤ ਵਿੱਚ ‘ਗੱਪੀ’ ’ਤੇ ਫ਼ਿਰ ਛਿੜੀ ਚਰਚਾ

By February 18, 2016 0 Comments


sukhbirਜਗਰਾਉਂ, (18 ਫਰਵਰੀ, ਜਸਬੀਰ ਸ਼ੇਤਰਾ):ਪੰਜਾਬ ਦੀ ਸਿਆਸਤ ਵਿੱਚ ‘ਗੱਪੀ’ ਸ਼ਬਦ ਦੀ ਚਰਚਾ ਸੱਥਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਥਾਂ ਚੱਲਦੀ ਰਹਿੰਦੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਇੱਕ ਬਿਆਨ ਨਾਲ ਨਵੀਂ ਚਰਚਾ ਛੇਡ਼ ਦਿੱਤੀ ਹੈ।
ਸ੍ਰੀ ਬਾਦਲ ਨੇ ਇੱਕ ਤਕਰੀਰ ਦੌਰਾਨ ਕਿਹਾ ਹੈ ਕਿ ‘ਆਪ’ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਵੱਡੇ ਗੱਪੀ ਜਗਮੀਤ ਸਿੰਘ ਬਰਾੜ ਨੂੰ ਵੀ ਪਛਾੜ ਦਿੱਤਾ ਹੈ। ਇਸ ਦੇ ਜਵਾਬ ਵਿੱਚ ਅੱਜ ਜਗਮੀਤ ਬਰਾੜ ਨੇ ਟਵੀਟ ਕਰਕੇ ਕਬੀਰ ਦੇ ਸ਼ਬਦ ‘ਨਿੰਦੋ ਨਿੰਦੋ’ ਨਾਲ ਜਵਾਬ ਦਿੰਦਿਆਂ ਕਿਹਾ ਹੈ ਕਿ ਸੱਚਾਈ ਦੀ ਜਿੱਤ ਹੋਵੇਗੀ।
ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਸੰਪਰਕ ਕਰਨ ’ਤੇ ਕਿਹਾ ਕਿ ਝੂਠੀਆਂ ਤਸੱਲੀਆਂ, ਦਮਗਜੇ ਅਤੇ ਗੱਪਾਂ ਸੱਤਾ ਦੀ ਤਾਕਤ ਵਾਲਾ ਮਾਰਦਾ ਹੈ। ਉਹ (ਜਗਮੀਤ) ਤਾਂ ਹੁਣ ਤੱਕ ਸਿਆਸੀ ਜ਼ਿੰਦਗੀ ਦੌਰਾਨ ਸੰਘਰਸ਼ ਹੀ ਕਰਦੇ ਆਏ ਹਨ। ਸੱਤਾ ਦੀ ਕੁਰਸੀ ’ਤੇ ਬੈਠੇ ਕਈ ਆਗੂ ਆਪਣੀ ਫਿਤਰਤ ਅਨੁਸਾਰ ਲੋਕਾਂ ਨੂੰ ਵਰਗਲਾਈ ਰੱਖਣ ਲਈ ਗੱਪਾਂ ਮਾਰਦੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਹਰ ਵਿਰੋਧੀ ਲਈ ਇਹੋ ਸ਼ਬਦ ਵਰਤਿਆ ਹੈ। ਫਿਰ ਉਹ ਵਿਰੋਧੀ ਚਾਹੇ ਜਗਮੀਤ ਹੋਵੇ, ਕੈਪਟਨ ਅਮਰਿੰਦਰ ਸਿੰਘ ਹੋਵੇ, ਮਨਪ੍ਰੀਤ ਬਾਦਲ ਜਾਂ ਕੋਈ ਹੋਰ ਹੋਵੇ। ਦੁਨੀਆਂ ਭਰ ਵਿੱਚ ਬੈਠੇ ਪੰਜਾਬੀ ਜਾਣਦੇ ਹਨ ਕਿ ‘ਗੱਪੀ’ ਕੌਣ ਹੈ। ਸ੍ਰੀ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਮੁੱਦਿਆਂ ਦੀ ਰਾਜਨੀਤੀ ਕੀਤੀ ਹੈ ਤੇ ਕਦੇ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਸੁਪਨੇ ਨਹੀਂ ਦਿਖਾਏ। ਅਖੀਰ ਵਿੱਚ ਕਾਂਗਰਸੀ ਆਗੂ ਨੇ ਇੱਕ ਸ਼ੇਅਰ ਜ਼ਰੀਏ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੇ ਬਾਰੇ ਲੋਕਾਂ ਦੀ ਬਣੀ ਹੋਈ ਰਾਇ ਪਤਾ ਕਰਨ ਲੈਣੀ ਚਾਹੀਦੀ ਹੈ।

Posted in: ਪੰਜਾਬ