ਕੈਪਟਨ ਨੂੰ ਦੇਖਦਿਆਂ ਹੀ ਕੀਤੇ ਖਾਲਸਾ ਕਾਲਜ ਦੇ ਗੇਟ ਬੰਦ

By February 18, 2016 0 Comments


ਅੰਮ੍ਰਿਤਸਰ, 18 ਫਰਵਰੀ:ਇਥੋਂ ਦੇ ਇਤਿਹਾਸਕ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਨੇ ਅੱਜ ਸ਼ਹਿਰ ਦੇ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਲਜ ਵਿੱਚ ਆਉਣ ਤੋਂ ਰੋਕਣ ਲਈ ਗੇਟ ਬੰਦ ਕਰਵਾ ਦਿੱਤੇ ਪਰ ਸੰਸਦ ਮੈਂਬਰ ਦੇ ਸੁਰੱਖਿਆ ਕਰਮਚਾਰੀਆਂ ਨੇ ਕਾਲਜ ਵਿੱਚ ਪ੍ਰਵੇਸ਼ ਕਰ ਲਿਆ। ਇਸ ਮੌਕੇ ਕੈਪਟਨ ਨੇ ਆਖਿਆ ਕਿ ਜੇਕਰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਦਾ ਯਤਨ ਕੀਤਾ ਤਾਂ ਕਾਂਗਰਸ ਸਰਕਾਰ ਆਉਣ ’ਤੇ ਇਸ ਮਤੇ ਨੂੰ ਰੱਦ ਕੀਤਾ ਜਾਵੇਗਾ।

punjab page PPCC president Capt. Amarinder Singh and M P ientraction with students of khalsa collage in Amritsar on Feb17.photo by vishal kumar

punjab page PPCC president Capt. Amarinder Singh and M P ientraction with students of khalsa collage in Amritsar on Feb17.photo by vishal kumar


ਸਾਬਕਾ ਮੁੱਖ ਮੰਤਰੀ ਅੱਜ ਇਥੇ ਹਿੰਦੂ ਕਾਲਜ ਦੀ ਕਨਵੋਕੇਸ਼ਨ ਵਿੱਚ ਆਏ ਸਨ ਪਰ ਉਹ ਅਚਾਨਕ ਖਾਲਸਾ ਕਾਲਜ ਵੱਲ ਹੋ ਤੁਰੇ। ਇਸ ਬਾਰੇ ਜਿਵੇਂ ਹੀ ਖਾਲਸਾ ਕਾਲਜ ਦੇ ਪ੍ਰਬੰਕਾਂ ਨੂੰ ਪਤਾ ਲੱਗਿਆ ਉਨ੍ਹਾਂ ਕਾਲਜ ਦੇ ਗੇਟ ਬੰਦ ਕਰਵਾ ਦਿੱਤੇ। ਇਸੇ ਦੌਰਾਨ ਕੁੱਝ ਕਾਂਗਰਸੀ ਆਗੂ ਪਹਿਲਾਂ ਹੀ ਕਾਲਜ ਵਿੱਚ ਦਾਖ਼ਲ ਹੋ ਚੁੱਕੇ ਸਨ, ਜਿਨ੍ਹਾਂ ਵੱਲੋਂ ਦਿੱਤੀ ਜਾਣਕਾਰੀ ’ਤੇ ਕਾਂਗਰਸੀ ਸੰਸਦ ਮੈਂਬਰ ਦਾ ਕਾਫਲਾ ਗੇਟ ਨੰਬਰ ਇਕ ਦੀ ਥਾਂ ਦੋ ਨੰਬਰ ’ਤੇ ਪੁੱਜ ਗਿਆ, ਜਿਥੋਂ ਉਨ੍ਹਾਂ ਕਾਲਜ ਵਿੱਚ ਜਬਰੀ ਪ੍ਰਵੇਸ਼ ਕੀਤਾ ਤੇ ਅੰਦਰਲਾ ਗੇਟ ਵੀ ਧੱਕੇ ਨਾਲ ਖੁੱਲ੍ਹਵਾਇਆ। ੳੁਹ ਖਾਲਸਾ ਕਾਲਜ ਦੇ ਪ੍ਰਬੰਧਕਾਂ ਨੂੰ ਮਿਲੇ ਬਿਨਾਂ ਹੀ ਸੰਸਦ ਮੈਂਬਰ ਕੁੱਝ ਮਿੰਟਾਂ ਦੇ ਠਹਿਰਾਅ ਮਗਰੋਂ ਵਾਪਸ ਚਲੇ ਗਏ। ਇਸ ਦੌਰਾਨ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਉਨ੍ਹਾਂ ਨਾਲ ਫੋਟੋਆਂ ਵੀ ਖਿਚਵਾਈਆਂ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਕੁੱਝ ਲੋਕ ਸਿਆਸਤ ਦੇ ਜ਼ੋਰ ‘ਤੇ ਆਪਣੇ ਨਿੱਜੀ ਫਾਇਦੇ ਲਈ ਇਸ ਕਾਲਜ ਨੂੰ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਬਦਲਣ ਦਾ ਯਤਨ ਕਰ ਰਹੇ ਹਨ। ਇਸ ਕਾਲਜ ਨੂੰ ਬਣਾਉਣ ਲਈ ਉਨ੍ਹਾਂ ਦੇ ਪੁਰਖਿਆਂ ਤੇ ਹੋਰ ਪੰਜਾਬੀਆਂ ਨੇ ਅਹਿਮ ਯੋਗਦਾਨ ਪਾਇਆ ਹੈ। 1927 ਤੋਂ 1952 ਤੱਕ ਉਨ੍ਹਾਂ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਤੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਇਸ ਕਾਲਜ ਦੇ ਚਾਂਸਲਰ ਰਹੇ ਹਨ। 1972 ਤੋਂ 1978 ਤੱਕ ਉਹ ਖੁਦ ਇਸ ਕਾਲਜ ਦੇ ਚਾਂਸਲਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਪਰਿਵਾਰ ਇਸ ਨੂੰ ਆਪਣੇ ਨਿੱਜੀ ਫਾਇਦੇ ਲਈ ਵਰਤਣਾ ਚਾਹੁੰਦਾ ਹੈ। ਜੇਕਰ ਪ੍ਰਬੰਧਕ ਖਾਲਸਾ ਯੂਨੀਵਰਸਿਟੀ ਬਣਾਉਣ ਚਾਹੁੰਦੇ ਹਨ ਤਾਂ ਉਹ ਉੱਤਰੀ ਜਾਂ ਦੱਖਣੀ ਪੰਜਾਬ ਵਿੱਚ ਬਣਾ ਸਕਦੇ ਹਨ, ਜਿਥੇ ਕੋਈ ਯੂਨੀਵਰਸਿਟੀ ਨਹੀਂ। ਇਥੇ ਪਹਿਲਾਂ ਹੀ ਗੁਰੂ ਨਾਨਕ ਦੇਵ ’ਵਰਸਿਟੀ ਹੈ, ਜਿਸ ਦੀ ਕੰਧ ਕਾਲਜ ਨਾਲ ਸਾਂਝੀ ਹੈ।
ਖਡੂਰ ਸਾਹਿਬ ਉਪ ਚੋਣ ਵਿੱਚ ਅਕਾਲੀ ਉਮੀਦਵਾਰ ਦੀ ਜਿੱਤ ਬਾਰੇ ਕੈਪਟਨ ਨੇ ਕਿਹਾ ਕਿ ਜਦੋਂ ਵਿਰੋਧੀ ਧਿਰ ਕਾਂਗਰਸ ਮੈਦਾਨ ਵਿੱਚ ਹੀ ਨਹੀਂ ਸੀ ਤਾਂ ਫਿਰ ਇਸ ਜਿੱਤ ਦਾ ਕੋਈ ਅਰਥ ਨਹੀਂ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ, ਲਾਲੀ ਮਜੀਠੀਆ ਤੇ ਮਨਦੀਪ ਸਿੰਘ ਮੰਨਾ ਆਦਿ ਕਾਂਗਰਸੀ ਆਗੂ ਹਾਜ਼ਰ ਸਨ।