ਸਾਊਦੀ ਅਰਬ ‘ਚ 150 ਭਾਰਤੀ ਭੁੱਖੇ ਪੇਟ ਟੈਂਟਾਂ ‘ਚ ਰਹਿਣ ਲਈ ਹੋਏ ਮਜਬੂਰ

By February 17, 2016 0 Comments


saudiਹੁਸ਼ਿਆਰਪੁਰ, 17 ਫਰਵਰੀ:-ਪਰਿਵਾਰ ਦੇ ਸੁਨਿਹਰੀ ਭਵਿੱਖ ਦੇ ਸੁਪਨੇ ਲੈ ਕੇ ਸਾਊਦੀ ਅਰਬ ਦੀ ਇਕ ਕੰਪਨੀ ‘ਚ ਕੰਮ ਲਈ ਪਹੰੁਚੇ ਕਰੀਬ 150 ਭਾਰਤੀ ਨੌਜਵਾਨ ਕੜਾਕੇ ਦੀ ਠੰਡ ‘ਚ ਭੁੱਖੇ ਪੇਟ ਟੈਂਟਾਂ ‘ਚ ਰਹਿਣ ਲਈ ਮਜਬੂਰ ਹਨ | ਇਨ੍ਹਾਂ ਨੌਜਵਾਨਾਂ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਾਗੁਪਰ ਦਾ 30 ਸਾਲਾਂ ਪੁਨੀਤ ਮੈਹਨ ਵੀ ਸ਼ਾਮਿਲ ਹੈ | ਇਸ ਸਬੰਧੀ ਪੁਨੀਤ ਮੈਹਨ ਦੇ ਵੱਡੇ ਭਰਾ ਰਜਤ ਮੈਹਨ ਨੇ ਦੱਸਿਆ ਕਿ ਉਸ ਦਾ ਭਰਾ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਸਾਊਦੀ ਅਰਬ ਦੇ ਸ਼ਹਿਰ ਦਮਾਮ ‘ਚ ਸਥਿਤ ‘ਸਾਦ ਸਾਮੀ ਅਲ ਹਜ਼ਰੀ ‘ ਕੰਪਨੀ ‘ਚ ਬਤੌਰ ਡੀਜ਼ਲ ਮਕੈਨਿਕ ਵਜੋਂ ਕੰਮ ਕਰਨ ਲਈ ਇਕ ਏਜੰਟ ਰਾਹੀਂ ਗਿਆ ਸੀ |

ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 4-5 ਮਹੀਨਿਆਂ ਤੋਂ ਉਕਤ ਕੰਪਨੀ ਨੇ ਉਨ੍ਹਾਂ ਨੂੰ ਤਨਖਾਹ ਦੇਣੀ ਬੰਦ ਕਰ ਦਿੱਤੀ ਤੇ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਭੁੱਖੇ ਪੇਟ ਟੈਂਟਾਂ ‘ਚ ਰਹਿਣਾ ਪੈ ਰਿਹਾ ਹੈ | ਕੰਪਨੀ ਵੱਲੋਂ ਉਨ੍ਹਾਂ ਦੇ ਪਾਸਪੋਰਟ ਵੀ ਖੋਹ ਲਏ ਗਏ ਹਨ | ਰੱਜਤ ਮੈਹਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਆਪਣੇ ਭਰਾ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਨ੍ਹਾਂ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਉਕਤ ਕੰਪਨੀ ਤੇ ਸਾਊਦੀ ਸਰਕਾਰ ਦਰਮਿਆਨ ਕੋਈ ਝਗੜਾ ਪੈਦਾ ਹੋ ਗਿਆ ਸੀ, ਜਿਸ ਕਾਰਨ ਕੰਪਨੀ ਦਾ ਕੰਮ ਬੰਦ ਹੋ ਗਿਆ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਜਿਸ ਕਾਰਨ ਉਹ ਭੁੱਖੇ ਪੇਟ ਟੈਂਟਾਂ ‘ਚ ਰਹਿਣ ਲਈ ਮਜ਼ਬੂਰ ਹਨ | ਉਕਤ ਨੌਜਵਾਨਾਂ ਵੱਲੋਂ ਸਾਊਦੀ ਅਰਬ ‘ਚ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਜਿਨ੍ਹਾਂ ਅੱਗੋਂ ਇਸ ਮਾਮਲੇ ਦੇ ਹੱਲ ਲਈ ਇਕ ਹੁਸੈਨ ਜਾਕਰ ਨਾਂਅ ਦੇ ਵਿਅਕਤੀ ਨੂੰ ਮਾਮਲੇ ਦੇ ਹੱਲ ਲਈ ਸਾਲਸੀ ਦੇ ਤੌਰ ‘ਤੇ ਨਿਯੁਕਤ ਕੀਤਾ ਪ੍ਰੰਤੂ ਇਸ ਦਾ ਵੀ ਕੋਈ ਠੋਸ ਨਤੀਜਾ ਨਹੀਂ ਨਿਕਲਿਆ | ਇਸ ਤੋਂ ਇਲਾਵਾ ਨੌਜਵਾਨਾਂ ਵੱਲੋਂ ਲੇਬਰ ਕੋਰਟ ‘ਚ ਵੀ ਕੇਸ ਕਰ ਦਿੱਤਾ ਹੈ |

ਸਾਊਦੀ ਅਰਬ ‘ਚ ਫਸੇ ਪੁਨੀਤ ਮੈਹਨ ਨੇ ਦੱਸਿਆ ਕਿ ਕੰਪਨੀ ਵਾਲੇ ਉਨ੍ਹਾਂ ਨੂੰ ਪਾਸਪੋਰਟ ਦੇਣ ਬਦਲੇ 1500 ਰਿਆਇਲ ਤੇ ਨਾਲ ਆਪਣੀ ਟਿਕਟ ਦਾ ਬੰਦੋਬਸਤ ਕਰਨ ਲਈ ਕਹਿ ਰਹੇ ਹਨ | ਉਨ੍ਹਾਂ ਦੱਸਿਆ ਕਿ ਸਾਰੇ ਭਾਰਤੀ ਨੌਜਵਾਨ ਬੜੀ ਮੁਸ਼ਕਿਲ ‘ਚ ਫਸੇ ਹੋਏ ਹਨ ਕਿਉਂਕਿ ਭਾਰਤੀ ਦੂਤਾਵਾਸ ਨੇ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਜੋ ਨੇਪਾਲ ਦੇ ਨੌਜਵਾਨ ਫਸੇ ਹੋਏ ਸਨ ਉਨ੍ਹਾਂ ਵੱਲੋਂ ਨੇਪਾਲ ਦੂਤਾਵਾਸ ਨਾਲ ਸੰਪਰਕ ਕਰਨ ‘ਤੇ ਦੂਤਾਵਾਸ ਨੇ ਉਨ੍ਹਾਂ ਨੂੰ ਵੱਖਰੇ ਤੌਰ ‘ਤੇ ਰਾਸ਼ਨ ਮੁਹੱਈਆ ਕਰਵਾਇਆ | ਰੱਜਤ ਮੈਹਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਾਰੇ ਮਾਮਲੇ ਨੂੰ ਲਿਖਤੀ ਤੌਰ ‘ਤੇ ਕਰੀਬ ਇਕ ਮਹੀਨਾ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀਮਤੀ ਸ਼ੁਸ਼ਮਾ ਸਵਰਾਜ ਦੇ ਧਿਆਨ ‘ਚ ਲਿਆਂਦਾ ਸੀ ਪਰ ਅਜੇ ਤੱਕ ਇਸ ‘ਤੇ ਕੋਈ ਵੀ ਕਾਰਵਾਈ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਉਕਤ ਨੌਜਵਾਨ ਦੀ ਵਤਨ ਵਾਪਸੀ ਲਈ ਤੁਰੰਤ ਕਦਮ ਚੁੱਕਣ ਲਈ ਲਿਖਿਆ ਹੈ |