‘ਸਿਰੋਪਾਓ’ ਸਿਰਫ ਕੱਪੜਾ ਨਹੀਂ-‘ਇਹ ਗੁਰੂ ਦੀ ਬਖਸ਼ਿਸ਼ ਹੈ’

By February 17, 2016 0 Comments


sirpao‘ਸਿਰੋਪਾਓ’ ਕੋਈ ਛੋਟਾ ਜਿਹਾ ਜਾਂ ਸਾਧਾਰਨ ਸ਼ਬਦ ਨਹੀਂ, ਸਮਾਜ ਵਿਚ ਇਸ ਦਾ ਬਹੁਤ ਮਹੱਤਵ ਹੈ | ਇਸ ਨੂੰ ਕੇਸਰੀ, ਨੀਲਾ ਜਾਂ ਸਫੈਦ ਰੰਗ ਦਾ ਢਾਈ ਮੀਟਰ ਦਾ ਕੱਪੜਾ ਨਹੀਂ ਸਮਝਣਾ ਚਾਹੀਦਾ, ਇਹ ਗੁਰੂ ਦੀ ਬਖਸ਼ਿਸ਼ ਹੈ | ਸਿਰੋਪਾਓ ਉਨ੍ਹਾਂ ਵਿਅਕਤੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨਕਾਲ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਹੋਵੇ ਜਾਂ ਫਿਰ ਬਹੁਤ ਵੱਡਾ ਬੁੱਧੀਮਾਨ ਜਾਂ ਸਰਬਰਾਹ ਹੋਵੇ ਅਤੇ ਸਮਾਜ ਦੇ ਕਿਸੇ ਖੇਤਰ ਵਿਚ ਵਿਸ਼ੇਸ਼ ਮੱਲਾਂ ਮਾਰੀਆਂ ਹੋਣ | ਸਿੱਖ ਧਰਮ ਵਿਚ ਕੀਰਤਨ, ਲੰਗਰ, ਦਾਨ, ਸੇਵਾ ਸਿਮਰਨ, ਕੁਰਬਾਨੀ ਤੇ ਤਿਆਗ ਤੋਂ ਇਲਾਵਾ ਸਿਰੋਪਾਓ ਦਾ ਵਿਸ਼ੇਸ਼ ਸਥਾਨ ਹੈ |

 

ਸਿਰੋਪਾਓ ਦੀ ਪ੍ਰੰਪਰਾ ਗੁਰੂ ਸਾਹਿਬਾਨ ਦੇ ਵੇਲੇ ਤੋਂ ਚਲੀ ਆ ਰਹੀ ਹੈ | ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿਚ ਵੀ ਇਹ ਚਲਦੀ ਰਹੀ | ਹੁਣ ਵੀ ਇਹ ਜਾਰੀ ਹੈ | ਹੁਣ ਤਾਂ ਇਸ ਨੂੰ ਨਾ ਸਿਰਫ ਦੂਸਰੇ ਧਰਮ ਵਾਲਿਆਂ ਬਲਕਿ ਸਿਆਸੀ ਨੇਤਾਵਾਂ ਨੇ ਵੀ ਅਪਣਾ ਲਿਆ ਹੈ | ਪਰ ਬੜੇ ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਅੱਜ ਸਿਰੋਪਾਓ ਦਾ ਸਤਿਕਾਰ ਘੱਟ ਹੈ, ਬੇਅਦਬੀ ਤੇ ਨਿਰਾਦਰ ਜ਼ਿਆਦਾ ਹੋ ਰਿਹਾ ਹੈ | ਆਮ ਸੁਣਨ ਤੇ ਵੇਖਣ ਵਿਚ ਆਉਂਦਾ ਹੈ ਕਿ ਗੁਰਪੁਰਬ ਹੋਵੇ ਜਾਂ ਕੀਰਤਨ ਦਰਬਾਰ ਜਾਂ ਫਿਰ ਨਗਰ ਕੀਰਤਨ, ਸਿਰੋਪਾਓ ਦੇਣ ਦਾ ਹੜ੍ਹ ਆਇਆ ਹੁੰਦਾ ਹੈ |
ਹਰ ਵਿਅਕਤੀ ਨੂੰ ਸਿਰੋਪਾਓ ਦੇਣਾ ਇਕ ਰਿਵਾਜ ਬਣ ਗਿਆ ਹੈ | ਸਿੱਖ ਧਰਮ ਵਿਚ ਕਿਸੇ ਵੀ ਪਤਿਤ ਨੂੰ ਸਿਰੋਪਾਓ ਦੇਣ ਦੀ ਮਨਾਹੀ ਹੈ, ਪਰ ਸਿਰੋਪਾਓ ਦੀ ਚੱਲ ਰਹੀ ਹਨੇਰੀ ਵਿਚ ਪੰ੍ਰਪਰਾਵਾਂ ਦੀ ਉਲੰਘਣਾ ਕਰਕੇ ਸੇਵਾ ਨਹੀਂ, ਚਿਹਰੇ ਵੇਖ ਕੇ ਸਿਰੋਪਾਓ ਦਿੱਤੇ ਜਾ ਰਹੇ ਹਨ ਅਤੇ ਗੁਰਮਰਿਆਦਾ ਸਾਰੇ ਭੁੱਲ ਗਏ ਹਨ | ਸਾਡਾ ਨਿਸ਼ਾਨਾ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੀ ਆਲੋਚਨਾ ਕਰਨਾ ਨਹੀਂ, ਬਲਕਿ ਸਿਰੋਪਾਓ ਦਾ ਸਤਿਕਾਰ ਬਣਾਈ ਰੱਖਣਾ ਤੇ ਇਸ ਦੀ ਹੋ ਰਹੀ ਬੇਕਦਰੀ ਨੂੰ ਠੱਲ੍ਹ ਪਾਉਣਾ ਹੈ | ਇਹ ਫਰਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਣਦਾ ਹੈ, ਪਰ ਸਾਨੂੰ ਆਪਣੇ ਤੌਰ ‘ਤੇ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਸਪੱਸ਼ਟ ਗੱਲ ਇਹ ਹੈ ਕਿ ਸਿਰੋਪਾਓ ਲੈਣ ਵਾਲੇ ਤਾਂ ਲੈ ਜਾਂਦੇ ਹਨ, ਪਰ ਪਿੱਛੋਂ ਉਨ੍ਹਾਂ ਦੀ ਸੰਭਾਲ ਨਹੀਂ ਹੁੰਦੀ | ਸਿਰੋਪਾਓ ਨੂੰ ਮੋਟਰ ਗੱਡੀਆਂ, ਘਰਾਂ ਤੇ ਦੁਕਾਨਾਂ ਵਿਚ ਰੁਲਦਿਆਂ ਵੇਖਿਆ ਜਾ ਸਕਦਾ ਹੈ | ਮਨ ਉਦੋਂ ਬਹੁਤ ਦੁਖੀ ਹੁੰਦਾ ਹੈ ਜਦੋਂ ਸਿਰੋਪਾਓ ਸਾਈਕਲ, ਮੋਟਰਸਾਈਕਲ, ਟਰੱਕਾਂ ਤੇ ਗੱਡੀਆਂ ਸਾਫ ਕਰਨ ਲਈ ਵਰਤਿਆ ਜਾਂਦਾ ਹੈ |

ਲੀਡਰਾਂ ਨੂੰ ਦਿਹਾੜੀ ਵਿਚ ਕਈ ਥਾਈਾ ਸਿਰੋਪਾਓ ਮਿਲਦੇ ਹਨ, ਉਹ ਵਿਚਾਰੇ ਕੀ ਕਰਨ, ਉਹ ਨਾਂਹ ਤਾਂ ਕਰ ਨਹੀਂ ਸਕਦੇ ਪਰ ਉਨ੍ਹਾਂ ਲਈ ਸੰਭਾਲਣੇ ਮੁਸ਼ਕਿਲ ਹੁੰਦੇ ਹਨ | ਸੱਚ ਇਹ ਹੈ ਕਿ ਅਸੀਂ ਗੁਰੂ ਸਾਹਿਬਾਨ ਨੂੰ ਤਾਂ ਮੰਨਦੇ ਹਾਂ ਪਰ ਉਨ੍ਹਾਂ ਦੇ ਉਪਦੇਸ਼ਾਂ ਨੂੰ ਨਹੀਂ | ਲੋੜ ਹੈ ਗੁਰੂ-ਘਰਾਂ ਦੇ ਬਾਹਰ ਸਿਰੋਪਾਓ ਤੇ ਉਨ੍ਹਾਂ ਨਾਲ ਦਿੱਤੀਆਂ ਜਾਂਦੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬੰਦ ਕਰਨ ਦੀ | ਇਸ ਦੀ ਥਾਂ ਧਾਰਮਿਕ ਤੇ ਇਤਿਹਾਸਕ ਪੁਸਤਕਾਂ ਦਿੱਤੀਆਂ ਜਾਣ | ਇਸ ਬੇਅਦਬੀ ਨੂੰ ਰੋਕਣ ਲਈ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਤੇ ਪੰਥ ਦਰਦੀਆਂ ਨੂੰ ਵਿਸ਼ੇਸ਼ ਮੀਟਿੰਗ ਕਰਕੇ ਸਰਬਸੰਮਤੀ ਨਾਲ ਫੈਸਲਾ ਕਰਨਾ ਚਾਹੀਦਾ ਹੈ ਕਿ ਸਿਰੋਪਾਓ ਕਿਹੋ ਜਿਹੀਆਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਵੇ | ਸੜਕਾਂ ‘ਤੇ ਸਿਰੋਪਾਓ ਦੇਣ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ |
ਪ੍ਰਿਤਪਾਲ ਸਿੰਘ
-ਧਾਰਮਿਕ ਪ੍ਰਤੀਨਿਧ |

Posted in: ਸਾਹਿਤ