ਸ੍ਰੀ ਹਰਿਕ੍ਰਿਸ਼ਨ ਧਿਆਈਐ…

By February 14, 2016 0 Comments


guru harkrishan jiਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਸ੍ਰੀ ਗੁਰੂ ਹਰਿ ਰਾਇ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਕੀਰਤਪੁਰ ਸਾਹਿਬ (ਰੂਪਨਗਰ) ਵਿਖੇ 23 ਜੁਲਾਈ 1656 ਨੂੰ ਹੋਇਆ। ਗੁਰੂ ਹਰਿ ਰਾਇ ਜੀ ਦੇ ਦੋ ਪੁੱਤਰ ਸਨ-ਰਾਮ ਰਾਇ ਅਤੇ ਹਰਿਕ੍ਰਿਸ਼ਨ। ਰਾਮ ਰਾਇ ਵੱਡਾ ਅਤੇ ਰੁੱਖੇ ਸੁਭਾਅ ਵਾਲਾ ਸੀ। ਉਸ ਦੀ ਮੁਗਲ ਹਾਕਮਾਂ ਨਾਲ ਸਾਂਝ ਸੀ। ਹਰਿਕ੍ਰਿਸ਼ਨ ਜੀ ਬੜੇ ਨਿਮਰ ਸੁਭਾਅ ਵਾਲੇ ਸਨ। ਉਂਜ ਦੋਵੇਂ ਸਿੱਖ ਮੱਤ ਦੇ ਪੈਰਵੀ ਸਨ ਅਤੇ ਗੁਰਬਾਣੀ ਦਾ ਸਿਮਰਨ ਕਰਦੇ ਸਨ। ਹਰਿਕ੍ਰਿਸ਼ਨ ਜੀ ਹਾਲੇ 5 ਸਾਲ ਦੇ ਹੀ ਸਨ ਕਿ ਪਿਤਾ ਹਰਿ ਰਾਇ ਉਨ੍ਹਾਂ ਨੂੰ 7 ਅਕਤੂਬਰ 1661 ਨੂੰ ਗੁਰਿਆਈ ਦੇ ਕੇ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ। ਉਹ ਗੁਰੂ ਹਰਿਕ੍ਰਿਸ਼ਨ ਜੀ ਨੂੰ ਮੁਗਲ ਬਾਦਸ਼ਾਹ ਅਰੰਗਜ਼ੇਬ ਨਾਲ ਕਦੇ ਵੀ ਨਾ ਮਿਲਣ ਦੀ ਹਦਾਇਤ ਕਰ ਗਏ।

ਰਾਮ ਰਾਇ ਗੁਰੂ ਜੀ ਦਾ ਵੱਡਾ ਪੁੱਤਰ ਹੋਣ ਕਰਕੇ ਗੁਰਗੱਦੀ ਉੱਤੇ ਆਪਣਾ ਹੱਕ ਸਮਝਦਾ ਸੀ। ਉਸ ਨੂੰ ਗੁਰੂ ਹਰਿ ਰਾਇ ਸਾਹਿਬ ਜੀ ਵੱਲੋਂ ਗੁਰੂ ਹਰਿਕ੍ਰਿਸ਼ਨ ਜੀ ਨੂੰ ਕੀਤੀ ਗਈ ਹਦਾਇਤ ਦਾ ਪਤਾ ਸੀ। ਉਸ ਦੀ ਕਿਉਂਕਿ ਮੁਗਲ ਹਾਕਮਾਂ ਨਾਲ ਚੰਗੀ ਬਣਦੀ ਸੀ, ਉਸ ਨੇ ਗੁਰੂ ਹਰਿਕ੍ਰਿਸ਼ਨ ਜੀ ਨਾਲ ਈਰਖਾ ਕੱਢਣ ਲਈ ਇਕ ਚਾਲ ਚੱਲੀ। ਉਸ ਨੇ ਔਰੰਗਜ਼ੇਬ ਕੋਲ ਸ਼ਿਕਾਇਤ ਕੀਤੀ ਕਿ ਉਸ ਨੂੰ ਪਿਤਾ ਦੀ ਜਾਇਦਾਦ ਵਿਚੋਂ ਬਣਦਾ ਹਿੱਸਾ ਨਹੀਂ ਦਿੱਤਾ ਗਿਆ। ਸਾਰੀ ਜਾਇਦਾਦ ਉਸ ਦੇ ਛੋਟੇ ਭਰਾ ਹਰਿਕ੍ਰਿਸ਼ਨ ਨੂੰ ਦੇ ਦਿੱਤੀ ਗਈ ਹੈ। ਇਹ ਉਸ ਦੇ ਨਾਲ ਘੋਰ ਅਨਿਆਂ ਹੈ। ਦਰਅਸਲ ਉਸ ਦੀ ਇਹ ਸ਼ਿਕਾਇਤ ਕਰਨ ਦਾ ਮਕਸਦ ਇਕ ਤੀਰ ਨਾਲ ਦੋ ਨਿਸ਼ਾਨੇ ਕਰਨਾ ਸੀ। ਉਸ ਨੂੰ ਪਤਾ ਸੀ ਕਿ ਔਰੰਗਜ਼ੇਬ ਗੁਰੂ ਹਰਿਕ੍ਰਿਸ਼ਨ ਨੂੰ ਪੇਸ਼ ਹੋਣ ਦਾ ਹੁਕਮ ਕਰੇਗਾ। ਇਸ ਤਰ੍ਹਾਂ ਔਰੰਗਜ਼ੇਬ ਨੂੰ ਨਾ ਮਿਲਣ ਦੀ ਗੁਰੂ ਹਰਿ ਰਾਇ ਜੀ ਵੱਲੋਂ ਕੀਤੀ ਗਈ ਹਦਾਇਤ ਉਲਟ ਹੋ ਜਾਵੇਗੀ। ਸਿੱਖ ਸੰਗਤ ਹਰਿਕ੍ਰਿਸ਼ਨ ਨਾਲ ਨਾਰਾਜ਼ ਹੋ ਜਾਵੇਗੀ ਅਤੇ ਉਸ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਜਾਵੇਗੀ। ਇਸ ਤਰ੍ਹਾਂ ਗੁਰਗੱਦੀ ਅਤੇ ਸਾਰੀ ਜਾਇਦਾਦ ਰਾਮ ਰਾਇ ਦੇ ਕਬਜ਼ੇ ਵਿਚ ਆ ਜਾਵੇਗੀ। ਜੇ ਹਰਿਕ੍ਰਿਸ਼ਨ ਔਰੰਗਜ਼ੇਬ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਤਾਂ ਔਰੰਗਜ਼ੇਬ ਦੀ ਫੌਜ ਉਸ ਉੱਤੇ ਹਮਲਾ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਲੈ ਜਾਵੇਗੀ। ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਨੂੰ ਪੇਸ਼ ਹੋਣ ਦਾ ਹੁਕਮ ਜਾਰੀ ਕਰਕੇ ਆਪਣੇ ਮੁੱਖ ਸਲਾਹਕਾਰ ਰਾਜਾ ਜੈ ਸਿੰਘ ਨੂੰ ਗੁਰੂ ਜੀ ਨੂੰ ਦਿੱਲੀ ਲਿਆਉਣ ਲਈ ਭੇਜਿਆ।
ਦਿੱਲੀ ਪਹੁੰਚ ਕੇ ਗੁਰੂ ਜੀ ਅਤੇ ਨਾਲ ਆਈ ਸੰਗਤ ਨੇ ਰਾਜਾ ਜੈ ਸਿੰਘ ਦੇ ਮਹਿਲ ਵਿਚ ਨਿਵਾਸ ਕੀਤਾ। ਇਹ ਮਹਿਲ ਕਾਫੀ ਲੰਬਾ-ਚੌੜਾ ਸੀ। ਇੱਥੇ ਰੋਜ਼ਾਨਾ ਭਾਰੀ ਗਿਣਤੀ ਵਿਚ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ। ਬਾਦਸ਼ਾਹ ਔਰੰਗਜ਼ੇਬ ਨੂੰ ਵੀ ਸ਼ੱਕ ਹੋਇਆ ਕਿ ਏਨੀ ਛੋਟੀ ਉਮਰ ਦਾ ਬਾਲਕ ਗੁਰੂ ਵਰਗੀ ਪਦਵੀ ਦਾ ਮਾਲਕ ਕਿਵੇਂ ਹੋ ਸਕਦਾ ਹੈ? ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਪਰਖ ਕਰਨ ਲਈ ਕਿਹਾ। ਵਿਉਂਤ ਬਣਾਈ ਗਈ ਕਿ ਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪਵਾ ਕੇ ਗੋਲੀਆਂ ਵਿਚ ਬਿਠਾਇਆ ਜਾਵੇ। ਜੇ ਤਾਂ ਇਹ ਸਹੀ ਗੁਰੂ ਹੋਵੇਗਾ ਤਾਂ ਰਾਣੀ ਨੂੰ ਪਛਾਣ ਲਵੇਗਾ। ਵਿਉਂਤ ਅਨੁਸਾਰ ਗੁਰੂ ਜੀ ਨੂੰ ਕਿਹਾ ਗਿਆ ਕਿ ਮਹਿਲ ਦੀਆਂ ਔਰਤਾਂ (ਰਾਣੀ ਤੇ ਗੋਲੀਆਂ) ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦੀਆਂ ਹਨ। ਔਰਤਾਂ ਦੇ ਨਿਵਾਸ ਅਸਥਾਨ ਉੱਤੇ ਸਾਰੀਆਂ ਗੋਲੀਆਂ ਨੂੰ ਬਿਠਾਇਆ ਗਿਆ। ਰਾਣੀ ਵੀ ਗੋਲੀਆਂ ਵਾਲੇ ਕੱਪੜੇ ਪਾ ਕੇ ਗੋਲੀਆਂ ਦੇ ਪਿੱਛੇ ਬੈਠ ਗਈ। ਗੁਰੂ ਜੀ ਨੂੰ ਉਥੇ ਲਿਆਂਦਾ ਗਿਆ। ਗੁਰੂ ਜੀ ਨੇ ਸਭਨਾਂ ਵੱਲ ਧਿਆਨ ਮਾਰਿਆ। ਗੋਲੀ ਦੇ ਲਿਬਾਸ ਵਿਚ ਜੋ ਔਰਤ ਪਿੱਛੇ ਬੈਠੀ ਸੀ, ਗੁਰੂ ਜੀ ਉਸ ਵੱਲ ਗਏ ਅਤੇ ਜਾ ਕੇ ਉਸ ਦੀ ਗੋਦੀ ਵਿਚ ਬੈਠ ਗਏ। ਇਸ ਤਰ੍ਹਾਂ ਸਾਰਿਆਂ ਨੂੰ ਵਿਸ਼ਵਾਸ ਹੋ ਗਿਆ ਕਿ ਅਸਲ ਗੁਰੂ ਇਹੀ ਹਨ।
ਦਿੱਲੀ ਵਿਚ ਚੇਚਕ ਦੀ ਬਿਮਾਰੀ
ਇਨ੍ਹੀਂ ਦਿਨੀਂ ਦਿੱਲੀ ਵਿਚ ਚੇਚਕ ਦੀ ਬਿਮਾਰੀ ਫੈਲ ਗਈ। ਗੁਰੂ ਜੀ ਨੇ ਚੇਚਕ ਦੇ ਰੋਗੀਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਰੋਗੀਆਂ ਦੀ ਸੇਵਾ ਵਿਚ ਲੱਗੇ ਹੋਣ ਕਰਕੇ ਔਰੰਗਜ਼ੇਬ ਨੇ ਵੀ ਗੁਰੂ ਜੀ ਨੂੰ ਅੱਗੋਂ ਹੋਰ ਕੁਝ ਨਾ ਕਿਹਾ। ਗੁਰੂ ਜੀ ਨੇ ਰੋਗੀਆਂ ਦੀ ਸੇਵਾ ਕਰਦਿਆਂ ਨਾ ਆਪਣਾ ਆਰਾਮ, ਨਾ ਦਿਨ, ਨਾ ਰਾਤ ਦੇਖਿਆ। ਇਸ ਤਰ੍ਹਾਂ ਸੇਵਾ ਕਰਦਿਆਂ ਗੁਰੂ ਜੀ ਖੁਦ ਚੇਚਕ ਦਾ ਸ਼ਿਕਾਰ ਹੋ ਗਏ। ਸੇਵਕ ਗੁਰੂ ਜੀ ਨੂੰ ਰਾਜਾ ਜੈ ਸਿੰਘ ਦੇ ਮਹਿਲ ਤੋਂ ਦਰਿਆ ਯਮੁਨਾ ਦੇ ਕਿਨਾਰੇ ਲੈ ਗਏ। ਗੁਰੂ ਜੀ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਬਿਮਾਰੀ ਨਾਲ ਗੁਰੂ ਜੀ ਬਹੁਤ ਨਿਢਾਲ ਹੋ ਗਏ। ਏਨੇ ਕਮਜ਼ੋਰ ਹੋ ਗਏ ਕਿ ਬੋਲਣਾ ਵੀ ਮੁਸ਼ਕਿਲ ਹੋ ਗਿਆ। ਗੁਰੂ ਜੀ ਨੇ ਸੇਵਕਾਂ ਨੂੰ ਇਸ਼ਾਰੇ ਨਾਲ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਮਾਂ ਨਜ਼ਦੀਕ ਆ ਗਿਆ ਹੈ। ਸੇਵਕਾਂ ਨੂੰ ਡਰ ਪੈ ਗਿਆ ਕਿ ਧੀਰ ਮੱਲ ਅਤੇ ਰਾਮ ਰਾਇ ਵਰਗੇ ਅੱਗੋਂ ਗੁਰਗੱਦੀ ਉੱਤੇ ਕਾਬਜ਼ ਨਾ ਹੋ ਜਾਣ। ਉਨ੍ਹਾਂ ਨੇ ਗੁਰੂ ਜੀ ਤੋਂ ਗੁਰਗੱਦੀ ਦੇ ਅਗਲੇ ਵਾਰਿਸ ਬਾਰੇ ਪੁੱਛਿਆ। ਗੁਰੂ ਜੀ ਕੁਝ ਸਾਫ ਨਾ ਬੋਲ ਸਕੇ। ਉਨ੍ਹਾਂ ਦੇ ਮੁੱਖੋਂ ਸਿਰਫ ਏਨਾ ਹੀ ਨਿਕਲਿਆ-‘ਬਾਬਾ ਬਕਾਲੇ’। ਗੁਰੂ ਜੀ ਦਿੱਲੀ ਵਿਚ 16 ਅਪ੍ਰੈਲ, 1664 ਨੂੰ ਜੋਤੀ ਜੋਤ ਸਮਾ ਗਏ। ਜਿਥੇ ਗੁਰੂ ਜੀ ਜੋਤੀ ਜੋਤ ਸਮਾਏ, ਉਸ ਅਸਥਾਨ ਉੱਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸੁਸ਼ੋਭਿਤ ਹੈ। –
Tags:
Posted in: ਸਾਹਿਤ