ਅਫ਼ਗਾਨਿਸਤਾਨ, ਈਰਾਨ, ਇਰਾਕ ਤੇ ਅਰਬ ਦੇ ਗੁਰੂ-ਘਰ

By February 13, 2016 0 Comments


gurdwareਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਚੌਥੀ ਉਦਾਸੀ 1519 ਤੋਂ 1521 ਈ: ਤੱਕ ਦੌਰਾਨ ਜਗਤ ਜਲੰਦੇ ਨੂੰ ਤਾਰਦੇ ਹੋਏ ਮੱਕਾ, ਮਦੀਨਾ, ਸਾਊਦੀ ਅਰਬ, ਬਗ਼ਦਾਦ, ਬਸਰਾ, ਕਰਬਲਾ, ਇਰਾਕ, ਬੁਸ਼ੈਹਰ, ਖੁਰਮਸ਼ਹਿਰ, ਤਹਿਰਾਨ, ਅਸ਼ਗਾਬਾਦ, ਮਸ਼ਹਦ, ਇਰਾਨ, ਕੰਧਾਰ, ਕਾਬਲ ਅਤੇ ਜਲਾਲਾਬਾਦ, ਅਫ਼ਗਾਨਿਸਤਾਨ ਆਦਿ ਦੇਸ਼ਾਂ/ ਸ਼ਹਿਰਾਂ ਦੀ ਯਾਤਰਾ ਕਰਦੇ ਹੋਏ ਭਾਰਤ ਵਿਚ ਪ੍ਰਵੇਸ਼ ਕੀਤਾ ਸੀ। ਇਹ ਦੇਸ਼ ਮੁੱਖ ਰੂਪ ਵਿਚ ਇਸਲਾਮੀ ਹਨ। ਉਦਾਸੀ ਦੌਰਾਨ ਗੁਰੂ ਸਾਹਿਬ ਨੇ ਹਾਜ਼ੀਆਂ ਵਾਲਾ ਭੇਸ ਧਾਰਨ ਕੀਤਾ, ਨੀਲੇ ਬਸਤਰ ਧਾਰਨ ਕੀਤੇ, ਫ਼ਕੀਰਾਂ ਵਾਲਾ ਲੋਟਾ ਤੇ ਡੰਡਾ ਪਕੜਿਆ। ਮੱਕੇ ਵਿਚ ਹੀ ਗੁਰੂ ਸਾਹਿਬ ਨੇ ਕਾਅਬਾ ਫੇਰਨ ਵਾਲਾ ਕੌਤਕ ਵਰਤਾਇਆ ਸੀ। ਸਾਊਦੀ ਅਰਬ ਕੱਟੜ ਵਹਾਬੀ ਸੁੰਨੀ ਇਸਲਾਮ ਨੂੰ ਮੰਨਣ ਵਾਲਾ ਦੇਸ਼ ਹੈ। ਅੱਜਕਲ੍ਹ ਵੀ ਮੱਕਾ ਅਤੇ ਮਦੀਨਾ ਵਿਚ ਗੈਰ-ਇਸਲਾਮੀ ਲੋਕਾਂ ਨੂੰ ਪ੍ਰਵੇਸ਼ ਕਰਨ ਲਈ ਵਿਸ਼ੇਸ਼ ਪਰਮਿਟ ਦੀ ਜ਼ਰੂਰਤ ਪੈਂਦੀ ਹੈ। ਕਾਅਬਾ ਵਿਚ ਗੈਰ-ਇਸਲਾਮੀ ਲੋਕਾਂ ਦਾ ਪ੍ਰਵੇਸ਼ ਮਨ੍ਹਾ ਹੈ, ਇਥੇ ਇਸਲਾਮ ਤੋਂ ਇਲਾਵਾ ਹੋਰ ਕਿਸੇ ਧਰਮ ਦਾ ਅਸਥਾਨ ਨਹੀਂ ਬਣ ਸਕਦਾ। ਇਸ ਲਈ ਮੱਕੇ ਤੇ ਮਦੀਨੇ ਵਿਚ ਗੁਰੂ ਸਾਹਿਬ ਦੀ ਯਾਤਰਾ ਦੇ ਸਬੰਧ ਵਿਚ ਕੋਈ ਯਾਦਗਾਰ ਨਹੀਂ ਹੈ, ਬਾਕੀ ਤਕਰੀਬਨ ਸਾਰੇ ਦੇਸ਼ਾਂ ਵਿਚ ਗੁਰੂ-ਘਰ ਬਣੇ ਹੋਏ ਹਨ।
ਅਫ਼ਗਾਨਿਸਤਾਨ :ઠਮੱਕੇ-ਮਦੀਨੇ ਤੋਂ ਵਾਪਸ ਆਉਂਦੇ ਸਮੇ ਗੁਰੂ ਸਾਹਿਬ ਮਰਦਾਨੇ ਸਮੇਤ ਅਫ਼ਗਾਨਿਸਤਾਨ ਪਧਾਰੇ ਸਨ। ਇਸ ਵੇਲੇ ਅਫ਼ਗਾਨਿਸਤਾਨ ਵਿਚ 3000-4000 ਦੇ ਕਰੀਬ ਸਿੱਖ ਰਹਿੰਦੇ ਹਨ, ਜੋ ਜ਼ਿਆਦਾਤਰ ਪਸ਼ਤੋ ਬੋਲਦੇ ਹਨ ਤੇ ਵਪਾਰ ਕਰਦੇ ਹਨ। ਉਨ੍ਹਾਂ ਦੀ ਜ਼ਿਆਦਾ ਆਬਾਦੀ ਕਾਬਲ, ਕੰਧਾਰ ਤੇ ਜਲਾਲਾਬਾਦ ਵਿਚ ਕੇਂਦਰਿਤ ਹੈ। ਸਿੱਖ ਬਹੁਤ ਪੁਰਾਣੇ ਸਮੇਂ ਤੋਂ, ਬਲਕਿ ਅਹਿਮਦ ਸ਼ਾਹ ਅਬਦਾਲੀ ਦੇ ਰਾਜ ਵੇਲੇ ਵੀ ਇਥੇ ਵਸਦੇ ਸਨ। 1990 ਵਿਚ ਸਿੱਖਾਂ ਦੀ ਆਬਾਦੀ 50,000 ਦੇ ਕਰੀਬ ਪਹੁੰਚ ਗਈ ਸੀ। ਰੂਸੀ ਹਮਲੇ, ਘਰੇਲੂ ਖਾਨਾਜੰਗੀ ਤੇ ਤਾਲਿਬਾਨ ਦੇ ਕਬਜ਼ੇ ਕਾਰਨ ਸਿੱਖਾਂ ਦੀ ਆਬਾਦੀ ਲਗਾਤਾਰ ਘਟਦੀ ਗਈ। ਸਿੱਖ ਭਾਰਤ, ਯੂਰਪੀਨ ਦੇਸ਼ਾਂ ਅਤੇ ਕੈਨੇਡਾ-ਅਮਰੀਕਾ ਨੂੰ ਪ੍ਰਵਾਸ ਕਰਦੇ ਜਾ ਰਹੇ ਹਨ। ਕਿਸੇ ਵੇਲੇ ਅਫ਼ਗਾਨਿਸਤਾਨ ਵਿਚ 10-11 ਗੁਰੂ-ਘਰ ਸਨ, ਪਰ ਲਗਾਤਾਰ ਚਲਦੀਆਂ ਜੰਗਾਂ ਕਾਰਨ ਅਨੇਕਾਂ ਗੁਰੂ-ਘਰ ਢਹਿ-ਢੇਰੀ ਹੋ ਚੁੱਕੇ ਹਨ। ਸਿੱਖਾਂ ਨੂੰ ਅਫ਼ਗਾਨਿਸਤਾਨ ਵਿਚ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਵਰਗੀਆਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਮੁਸਲਮਾਨਾਂ ਵਿਚ ਮ੍ਰਿਤਕ ਨੂੰ ਸਾੜਨਾ ਬਹੁਤ ਬੁਰਾ ਸਮਝਿਆ ਜਾਂਦਾ ਹੈ। ਕਈ ਵਾਰ ਤਾਂ ਮ੍ਰਿਤਕ ਦੇਹਾਂ ਨੂੰ ਅੰਤਿਮ ਸੰਸਕਾਰ ਲਈ ਪਾਕਿਸਤਾਨ ਭੇਜਣਾ ਪੈਂਦਾ ਹੈ।
ਅਫ਼ਗਾਨਿਸਤਾਨ ਦੇ ਪ੍ਰਸਿੱਧ ਸਿੱਖਾਂ ਵਿਚ ਅਵਤਾਰ ਸਿੰਘ ਮੈਂਬਰ ਪਾਰਲੀਮੈਂਟ, ਅਨਾਰਕਲੀ ਕੌਰ ਅਫ਼ਗਾਨ ਹਿਊਮਨ ਰਾਈਟ ਕਮਿਸ਼ਨ ਦੀ ਮੈਂਬਰ, ਜੈ ਸਿੰਘ ਖੁਰਾਣਾ ਜੋ ਪਹਿਲਾ ਸਿੱਖ ਮੈਂਬਰ ਪਾਰਲੀਮੈਂਟ ਸੀ (1968) ਅਤੇ ਉਸ ਦਾ ਬੇਟਾ ਖਜਿੰਦਰ ਸਿੰਘ ਖੁਰਾਨਾ ਜੋ ਅਫ਼ਗਾਨ ਹਿੰਦੂ ਸਿੱਖ ਸੁਸਾਇਟੀ ਦਿੱਲੀ ਦਾ ਪ੍ਰਧਾਨ ਹੈ। 2013 ਵਿਚ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਾਨੂੰਨ ਪਾਸ ਕਰਕੇ ਅਫ਼ਗਾਨ ਪਾਰਲੀਮੈਂਟ ਵਿਚ ਹਿੰਦੂ-ਸਿੱਖਾਂ ਵਾਸਤੇ ਇਕ ਸੀਟ ਰਿਜ਼ਰਵ ਕਰ ਦਿੱਤੀ ਹੈ। ਖਾਨਾਜੰਗੀ ਵੇਲੇ ਫੌਜਾਂ ਤੇ ਬਾਗੀਆਂ ਦੁਆਰਾ ਗੁਰੂ-ਘਰਾਂ ਨੂੰ ਬਤੌਰ ਬੰਕਰ ਵਰਤਿਆ ਗਿਆ ਸੀ, ਕਿਉਂਕਿ ਆਸ-ਪਾਸ ਮਿੱਟੀ ਦੇ ਬਣੇ ਮਕਾਨਾਂ ਵਿਚ ਸਿਰਫ ਗੁਰੂ-ਘਰ ਹੀ ਕੰਕਰੀਟ ਦੇ ਬਣੇ ਹੋਏ ਸਨ। ਇਥੋਂ ਤੱਕ ਕਿ ਗਾਥਾਮਈ ਅਫ਼ਗਾਨ ਯੋਧੇ ਅਹਿਮਦ ਸ਼ਾਹ ਮਸੂਦ ਨੇ ਵੀ ਕਾਬਲ ਦੇ ਇਕ ਗੁਰੂ-ਘਰ ਦੀ ਬੇਸਮੈਂਟ ਵਿਚ ਆਪਣਾ ਕਮਾਂਡ ਸੈਂਟਰ ਬਣਾਇਆ ਸੀ। ਇਕੱਲੇ ਕਾਬਲ ਵਿਚ 8 ਗੁਰੂ-ਘਰ ਸਨ, ਜਿਨ੍ਹਾਂ ਵਿਚੋਂ ਗੁਰਦੁਆਰਾ ਕਰਤਾ ਪਰਵਾਨ ਨੂੰ ਛੱਡ ਕੇ ਬਾਕੀ 7 ਗੁਰੂ-ਘਰ 1980ਵਿਆਂ ਵਿਚ ਮੁਜ਼ਾਹਦੀਨ ਦੇ ਰਾਸ਼ਟਰਪਤੀ ਨਜ਼ੀਬਉੱਲਾ ਖ਼ਿਲਾਫ਼ ਹਮਲੇ ਦੌਰਾਨ ਤਬਾਹ ਹੋ ਗਏ। ਤਾਲਿਬਾਨ ਦੇ ਰਾਜ ਦੌਰਾਨ ਭਾਵੇਂ ਸਿੱਖਾਂ ਨਾਲ ਉਨ੍ਹਾਂ ਦੇ ਸਬੰਧ ਬਹੁਤ ਵਧੀਆ ਸਨ ਪਰ ਗੁਰੂ-ਘਰਾਂ ‘ਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕਰ ਲਏ। ਤਾਲਿਬਾਨ ਨੂੰ ਪਛਾੜ ਦਿੱਤੇ ਜਾਣ ਬਾਅਦ ਬਹੁਤ ਸਾਰੇ ਗੁਰੂ-ਘਰਾਂ ਦੇ ਕਬਜ਼ੇ ਕਰਜ਼ਈ ਸਰਕਾਰ ਨੇ ਸਿੱਖਾਂ ਨੂੰ ਵਾਪਸ ਕਰ ਦਿੱਤੇ ਹਨ ਤੇ ਹੁਣ ਸਿੱਖ ਕਾਰ-ਸੇਵਾ ਰਾਹੀਂ ਗੁਰੂ-ਘਰਾਂ ਦੀ ਪੁਨਰ ਉਸਾਰੀ ਕਰ ਰਹੇ ਹਨ। ਕਾਬਲ ਦੇ ਕਰੀਬ ਸਾਰੇ ਗੁਰੂ-ਘਰ ਕੱਪੜਾ ਤੇ ਸੁੱਕੇ ਮੇਵਿਆਂ ਦੇ ਕਾਰੋਬਾਰ ਲਈ ਮਸ਼ਹੂਰ ਸ਼ੋਰ ਬਾਜ਼ਾਰ ਵਿਚ ਸਥਿਤ ਹਨ। (ਬਾਕੀ ਅਗਲੇ ਅੰਕ ‘ਚ)
ਬਲਰਾਜ ਸਿੰਘ ਸਿੱਧੂ
ਮੋਬਾ: 9815124449
Tags:
Posted in: ਸਾਹਿਤ