ਗੰਭੀਰ ਚੁਣੌਤੀਆਂ ਦੇ ਰੂਬਰੂ ਹੈ ਸਿੱਖ ਨਿਆਰਾਪਣ

By February 13, 2016 0 Comments


guru angad dev jiਕਿਸੇ ਕੌਮ ਦਾ ਆਧਾਰ ਉਸ ਦਾ ਨਿਆਰਾਪਣ ਹੁੰਦਾ ਹੈ ਅਤੇ ਉਸ ਦੀ ਹੋਂਦ ਓਨਾ ਚਿਰ ਤੱਕ ਹੀ ਕਾਇਮ ਰਹਿੰਦੀ ਹੈ, ਜਿੰਨਾ ਚਿਰ ਤੱਕ ਇਹ ਨਿਆਰਾਪਣ ਆਪਣੇ ਸ਼ੁੱਧ ਰੂਪ ਵਿਚ ਬਰਕਰਾਰ ਰਹਿੰਦਾ ਹੈ। ਇਹ ਕੌਮ ਦੇ ਅਵਚੇਤਨ ਦਾ ਅਹਿਮ ਹਿੱਸਾ ਹੁੰਦਾ ਹੈ। ਇਸ ਦੇ ਆਧਾਰ ਸਿਰਜਣ ਅਤੇ ਇਸ ਨੂੰ ਪੱਕੇ ਪੈਰੀਂ ਕਰਨ ਲਈ ਕੌਮ ਦੇ ਰਹਿਬਰਾਂ ਨੂੰ ਸਦੀਆਂ ਵੀ ਲੱਗ ਜਾਂਦੀਆਂ ਹਨ। ਪੈਗ਼ੰਬਰਾਂ ਨੇ ਆਪਣੇ ਜੀਵਨ ਦੀ ਸਮੁੱਚੀ ਘਾਲ-ਕਮਾਈ ਨਾਲ ਇਹ ਨਿਆਰਾਪਣ ਪ੍ਰਗਟ ਕੀਤਾ ਹੁੰਦਾ ਹੈ ਅਤੇ ਉਨ੍ਹਾਂ ਦੇ ਰੂਹਾਨੀ ਜਾਹੋ-ਜਲਾਲ ਨਾਲ ਇਹ ਵਰਤਾਰਾ ਹੋਰ ਅਮੀਰ ਬਣਦਾ ਹੈ। ਨਿਆਰੇਪਣ ਦੇ ਅਹਿਸਾਸ ਵਿਚ ਸਬੰਧਤ ਕੌਮ ਦਾ ਚੇਤਨ ਹਿੱਸਾ ਜੀਂਦਾ-ਥੀਂਦਾ ਹੈ। ਇਹ ਨਿਆਰਾਪਣ ਏਨਾ ਜ਼ਿਆਦਾ ਕੀਮਤੀ ਹੁੰਦਾ ਹੈ ਕਿ ਸਬੰਧਤ ਕੌਮ ਦਾ ਚੇਤਨ ਹਿੱਸਾ ਇਸ ਰਾਖੀ ਲਈ ਪੀੜ੍ਹੀ-ਦਰ-ਪੀੜ੍ਹੀ ਸੰਘਰਸ਼ ਕਰਦਾ ਹੈ ਅਤੇ ਉਸ ਖ਼ਾਤਰ ਆਪਣੀ ਜਾਨ ਵਾਰਨ ਲਈ ਵੀ ਤਿਆਰ-ਬਰ-ਤਿਆਰ ਰਹਿੰਦਾ ਹੈ। ਦੁਨੀਆ ਦੇ ਇਤਿਹਾਸ ਵਿਚ ਆਪਣੇ ਕੌਮੀ ਨਿਆਰੇਪਣ ਲਈ ਸ਼ਹਾਦਤਾਂ ਦੇਣ ਦੀਆਂ ਅਨੇਕਾਂ ਮਿਸਾਲਾਂ ਸਾਨੂੰ ਮਿਲ ਜਾਣਗੀਆਂ। ਇਸ ਤੋਂ ਸਿੱਧ ਹੁੰਦਾ ਹੈ ਕਿ ਕਿਸੇ ਕੌਮ ਦੇ ਜਾਗਦੇ ਹਿੱਸੇ ਨੂੰ ਆਪਣਾ ਕੌਮੀ ਨਿਆਰਾਪਣ ਜਾਨ ਤੋਂ ਵੀ ਵੱਧ ਪਿਆਰਾ ਹੁੰਦਾ ਹੈ।
ਨਿਆਰੇਪਣ ਦਾ ਸੱਚਾ-ਸੁੱਚਾ ਅਹਿਸਾਸ ਹੀ ਕਿਸੇ ਕੌਮ ਦੀ ਦੁਨਿਆਵੀ ਅਤੇ ਰੂਹਾਨੀ ਤਰੱਕੀ ਦਾ ਜ਼ਾਮਨ ਬਣਦਾ ਹੈ। ਇਸ ਦੇ ਕਮਜ਼ੋਰ ਹੋਣ ਨਾਲ ਕੌਮ ਅਧੋਗਤੀ ਵਾਲੀ ਹਾਲਤ ਵਿਚ ਪੁੱਜ ਜਾਂਦੀ ਹੈ ਅਤੇ ਉਸ ਦੇ ਦੂਜੀਆਂ ਕੌਮਾਂ ਸਾਹਮਣੇ ਪੈਰ ਥਿੜਕਣ ਲੱਗ ਜਾਂਦੇ ਹਨ। ਇਸ ਸੂਰਤ ਵਿਚ ਉਸ ਵੱਲੋਂ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੀਆਂ ਕਦਰਾਂ-ਕੀਮਤਾਂ ਅਤੇ ਹਰੇਕ ਜੀਵ ਦਾ ਭਲਾ ਲੋਚਣ ਵਾਲੇ ਆਦਰਸ਼ਾਂ ਬਾਰੇ ਗੱਲਾਂ ਕਰਨੀਆਂ ਹਵਾਈ ਕਿਲ੍ਹੇ ਹੀ ਸਾਬਤ ਹੁੰਦੇ ਹਨ ਅਤੇ ਉਸ ਦਾ ਧਰਮ-ਕਰਮ ਨਿਰਾ ਢੌਂਗ ਬਣ ਕੇ ਰਹਿ ਜਾਂਦਾ ਹੈ। ਮਨੁੱਖ ਦੀ ਅਣਖ, ਗ਼ੈਰਤ ਅਤੇ ਪੱਤ ਵੀ ਕੌਮੀ ਨਿਆਰੇਪਣ ਨਾਲ ਜੁੜੀ ਹੋਈ ਹੈ ਅਤੇ ਕਿਸੇ ਕੌਮ ਦੇ ਨਿਆਰੇਪਣ ‘ਤੇ ਹਮਲਾ ਉਸ ਦੀ ਅਣਖ, ਗ਼ੈਰਤ ਤੇ ਪਤ ‘ਤੇ ਹਮਲਾ ਮੰਨਿਆ ਜਾਂਦਾ ਹੈ। ਨਿਆਰੇਪਣ ਵਿਚ ਗਿਰਾਵਟ, ਸਬੰਧਿਤ ਕੌਮ ਦੇ ਬਾਸ਼ਿੰਦਿਆਂ ਅੰਦਰਲੀ ਸੱਚ ਆਖਣ ਅਤੇ ਝੂਠ ਵਿਰੁੱਧ ਜੂਝਣ ਦੀ ਸਮਰੱਥਾ ਨੂੰ ਮਾਰਨ ਦੀ ਤਾਕਤ ਰੱਖਦੀ ਹੈ।
ਨਿਆਰਾਪਣ ਹੀ ਕਿਸੇ ਕੌਮ ਦੀ ਧਰੋਹਰ ਹੁੰਦਾ ਹੈ ਅਤੇ ਇਸ ਦੀ ਅਣਹੋਂਦ ਵਿਚ ਕੌਮ ਦੇ ਬਾਸ਼ਿੰਦਿਆਂ ਦਾ ਆਪਣੀ ਕੌਮੀ ਪਛਾਣ ਤੋਂ ਵਿਰਵੇ ਹੋਣਾ ਤੈਅ ਹੁੰਦਾ ਹੈ। ਜੇ ਇਕ ਸਿੱਖ ਦੀ ਗੱਲ ਕਰੀਏ ਤਾਂ ਨਿਆਰਾਪਣ ਗਵਾਉਣ ਦੀ ਸੂਰਤ ਵਿਚ ਉਹ ਆਪਣੇ ‘ਗੁਰੂ ਦੀ ਨਦਰਿ’ ਤੋਂ ਵੀ ਵਾਂਝਾ ਹੋ ਜਾਂਦਾ ਹੈ ਤੇ ਉਨ੍ਹਾਂ ਦੇ ਪੱਲੇ ਕੁਝ ਨਹੀਂ ਬਚਦਾ। ਹਰਿੰਦਰ ਸਿੰਘ ਮਹਿਬੂਬ ਦੇ ਲਫ਼ਜ਼ਾਂ ਵਿਚ-ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸਾ ਪੰਥ ਨਾਲ ਇਹ ਇਕਰਾਰ ਕੀਤਾ ਕਿ ਜਿਸ ਹੱਦ ਤੱਕ ਉਹ ਆਪਣੇ ਆਦਰਸ਼ ਦਾ ਸ਼ੁੱਧ ਅਵਸਥਾ ਵਿਚ ਪਾਲਣ ਕਰੇਗਾ, ਉਸ ਹੱਦ ਤੱਕ ਉਨ੍ਹਾਂ ਦੀ ਗੁਰੂ-ਬਰਕਤ ਉਸ ਨਾਲ ਹਮਸਫ਼ਰ ਰਹੇਗੀ। ਸਿੱਖ-ਸੁਰਤਿ ਨੇ ਕਿਸੇ ਦਿੱਬ-ਦ੍ਰਿਸ਼ਟੀ ਜਾਂ ਉੱਤਮ ਆਵੇਸ਼ ਦੇ ਨੂਰੀ ਛਿਣ ਉੱਤੇ ਉਸ ਅਮਰ ਇਕਰਾਰ ਨੂੰ ਇਨ੍ਹਾਂ ਸ਼ਬਦਾਂ ਵਿਚ ਅੰਕਿਤ ਕੀਤਾ-
ਜਬ ਲਗ ਖ਼ਾਲਸਾ ਰਹੇ ਨਿਆਰਾ।
ਤਬ ਲਗ ਤੇਜ ਦੀਉ ਮੈਂ ਸਾਰਾ।
ਜਬ ਇਹ ਗਹੈ ਬਿਪ੍ਰਨ ਕੀ ਰੀਤ।
ਮੈਂ ਨ ਕਰੋਂ ਇਨ ਕੀ ਪ੍ਰਤੀਤ।
ਇਸ ਸੰਦਰਭ ਵਿਚ ਅਸੀਂ ਸਿੱਖ ਨਿਆਰੇਪਣ ਦੀ ਅਜੋਕੀ ਹਾਲਤ ਨੂੰ ਸੁਖੈਣ ਹੀ ਦੇਖ-ਸਮਝ ਸਕਦੇ ਹਾਂ, ਜਿਸ ਦੇ ਪ੍ਰਤੀਕ ਧੁੰਦਲੇ ਪਏ ਦਿਖਾਈ ਦਿੰਦੇ ਹਨ। ‘ਤੀਸਰ ਪੰਥ’ (ਭਾਈ ਗੁਰਦਾਸ ਜੀ ਨੇ ਸਿੱਖ ਪੰਥ ਨੂੰ ‘ਤੀਸਰ ਪੰਥ’ ਵਜੋਂ ਵੀ ਸੰਬੋਧਨ ਕੀਤਾ ਹੈ ਅਤੇ ਇਸ ਦੇ ਵਿਆਖਿਆ ਸਰੂਪ ਕਈ ਸਿੱਖ ਵਿਦਵਾਨ ਇਸ ਨੂੰ ‘ਤੀਜਾ ਰਾਹ’ ਵੀ ਆਖ ਦਿੰਦੇ ਹਨ) ਦੇ ਰੂਪ ਵਿਚ ਸਿੱਖ ਨਿਆਰੇਪਣ ਦੀ ਨੀਂਹ ਰੱਖਣ ਅਤੇ ਇਸ ਦੀ ਸਮੁੱਚੀ ਘਾੜਤ ਦੇ ਸੰਦਰਭ ਵਿਚ ਹੀ ਸ਼ਬਦ ਰੂਪੀ ਗੁਰੂ ਜੋਤਿ ਦੇ ਦਸ ਜਾਮਿਆਂ ਵਿਚ ਕੀਤੇ ਸਫ਼ਰ ਨੂੰ ਦੇਖਿਆ ਜਾ ਸਕਦਾ ਹੈ, ਜੋ ਕਿ ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਅੱਜ ਵੀ ‘ਸਗਲੀ ਚਿੰਤ’ ਮਿਟਾ ਰਹੀ ਹੈ ਅਤੇ ਸਦਾ ਲਈ ਮਿਟਾਉਂਦੀ ਰਹੇਗੀ।
ਖਡੂਰ ਸਾਹਿਬ ਦੀ ਮੁਕੱਦਸ ਸਰਜ਼ਮੀਂ ‘ਤੇ ਗੁਰੂ ਨਾਨਕ ਸਾਹਿਬ ਦੇ ਦੂਸਰੇ ਸਰੂਪ ਸ੍ਰੀ ਗੁਰੂ ਅੰਗਦ ਸਾਹਿਬ ਨੇ ਇਸ ਨਿਆਰੇਪਣ ਦੀ ਉਸਾਰੀ ਲਈ ਮਹਾਨ ਬਖ਼ਸ਼ਿਸ਼ਾਂ ਕੀਤੀਆਂ। ਆਪ ਜੀ ਨੇ ਗੁਰਮੁਖੀ ਲਿੱਪੀ ਨੂੰ ਨੇਮਬੱਧ ਕੀਤਾ ਅਤੇ ਇਹ ਲਿੱਪੀ ਹੀ ਕਿਸੇ ਬੋਲੀ ਦੀ ਸੁਤੰਤਰ ਪਛਾਣ ਦਾ ਮੁਢਲਾ ਪੜਾਅ ਹੁੰਦੀ ਹੈ ਅਤੇ ਦੂਜੀਆਂ ਬੋਲੀਆਂ ਨਾਲੋਂ ਉਸ ਨੂੰ ਨਿਆਰਾਪਣ ਬਖ਼ਸ਼ਦੀ ਹੈ। ਇਸ ਵਿਚੋਂ ਹੀ ਫਿਰ ਸੱਭਿਆਚਾਰਕ ਨਿਆਰਾਪਣ ਉਪਜਦਾ ਹੈ, ਜੋ ਅਖੀਰੀ ਤੌਰ ‘ਤੇ ਕੌਮੀ ਨਿਆਰਾਪਣ ਹੋ ਨਿਬੜਦਾ ਹੈ ਜਾਂ ਇੰਜ ਆਖ ਲਈਏ-ਲਿੱਪੀ ਤੋਂ ਬਿਨਾਂ ਬੋਲੀ ਦੀ ਕੋਈ ਸੁਤੰਤਰ ਹੋਂਦ ਨਹੀਂ ਅਤੇ ਸੁਤੰਤਰ ਬੋਲੀ ਤੋਂ ਬਿਨਾਂ ਕੌਮੀ ਨਿਆਰੇਪਣ ਦੀ ਕੋਈ ਹੋਂਦ ਨਹੀਂ। ਚਾਹੇ ਇਹ ਬੋਲੀ ਤੇ ਲਿੱਪੀ ਸਾਰੇ ਪੰਜਾਬੀਆਂ ਦੀ ਸਾਂਝੀ ਹੈ ਅਤੇ ਪੰਜਾਬੀ ਸੱਭਿਆਚਾਰ ਦੀ ਆਧਾਰਸ਼ਿਲਾ ਹੈ, ਪਰ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਪਾਂਧੀ ਅਖਵਾਉਣ ਵਾਲਿਆਂ ਲਈ ਲਿੱਪੀ ਤੇ ਬੋਲੀ ਹੋਰ ਵੀ ਅਹਿਮ ਹੋ ਨਿਬੜਦੀ ਹੈ, ਜਿਨ੍ਹਾਂ ਦਾ ਗੁਰੂ ਹੀ ਸ਼ਬਦ ਹੈ। ਮੁਢਲੇ ਰੂਪ ‘ਚ ਸਮੁੱਚਾ ਸਿੱਖ ਸਾਹਿਤ ਤੇ ਗ੍ਰੰਥ ਪੰਜਾਬੀ ਵਿਚ ਹਨ ਅਤੇ ਜੇ ਸਿੱਖ ਹੀ ਆਪਣੀ ਬੋਲੀ ਤੋਂ ਬੇਮੁੱਖ ਹੋ ਗਿਆ ਤਾਂ ਸਿੱਖੀ ਦਾ ਛੇਤੀ ਪਤਨ ਹੋਣਾ ਤੈਅ ਹੈ। ਅੱਜ ਕੀ ਦੇਖਿਆ ਜਾ ਰਿਹਾ ਹੈ ਕਿ ਉਪਰਲੇ ਮੱਧ ਵਰਗੀ ਅਤੇ ਅਮੀਰ ਸਿੱਖ ਘਰਾਣਿਆਂ ਵਿਚ ਹਿੰਦੀ ਦਾ ਪ੍ਰਚਲਨ ਵਧਦਾ ਜਾ ਰਿਹਾ ਹੈ। ‘ਪੜ੍ਹੀਆਂ-ਲਿਖੀਆਂ’ ਮਾਵਾਂ ਦੇ ਯਤਨਾਂ ਸਦਕਾ ਇਨ੍ਹਾਂ ਬਹੁਤੇ ਪਰਿਵਾਰਾਂ ਦੇ ਬੱਚੇ ਆਪਸ ‘ਚ ਖੇਡਦੇ ਹੋਏ ਵੀ ਹਿੰਦੀ ‘ਚ ਗੱਲਾਂ ਕਰਦੇ, ਹੱਸਦੇ ਅਤੇ ਰੋਂਦੇ ਆਮ ਹੀ ਦੇਖੇ ਜਾ ਸਕਦੇ ਹਨ। ਇਹ ਵਰਤਾਰਾ ਹੁਣ ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਅਗਾਂਹ ਲੰਘ ਕੇ ਕਸਬਿਆਂ ਤੱਕ ਵੀ ਫੈਲ ਚੁੱਕਾ ਹੈ। ਜੇ ਸਾਡੀ ਨਵੀਂ ਪੀੜ੍ਹੀ ਆਪਣੀ ਬੋਲੀ ਭੁੱਲਦੀ ਗਈ ਤਾਂ ਸਿਧਾਂਤਕ ਨਿਆਰੇਪਣ ਤੋਂ ਵਿਰਵੀ ਹੋ ਜਾਵੇਗੀ। ਫਿਰ ਇਕ ਦਿਨ ਅਜਿਹਾ ਆਵੇਗਾ ਜਦੋਂ ਨਾ ਤਾਂ ਕੋਈ ਗੁਰਬਾਣੀ ਦਾ ਪਾਠ ਕਰੇਗਾ, ਨਾ ਕਿਸੇ ਨੂੰ ਇਸ ਦੇ ਅਰਥ ਸਮਝ ‘ਚ ਆ ਸਕਣਗੇ, ਨਾ ਕੋਈ ਇਸ ਦੀ ਮੌਲਿਕ ਵਿਆਖਿਆ ਕਰਨ ਵਾਲਾ ਹੋਵੇਗਾ ਅਤੇ ਨਾ ਹੀ ਕੋਈ ਗੁਰਮਤਿ ਫਲਸਫੇ ਨੂੰ ਦੁਨੀਆ ਭਰ ‘ਚ ਕੋਈ ਪ੍ਰਚਾਰਨ ਵਾਲਾ ਰਹੇਗਾ। ਬਾਕੀ ਸਿੱਖ ਨੌਜਵਾਨ ਪੀੜ੍ਹੀ ਵਿਚ ਪਤਿਤਪੁਣੇ ਜਾਂ ਕੇਸ ਕਟਾਉਣ ਅਤੇ ਨਸ਼ਿਆਂ ਦੇ ਰੁਝਾਨ ਦੀ ਚਰਚਾ ਵੀ ਆਮ ਹੀ ਹੁੰਦੀ ਰਹਿੰਦੀ ਹੈ। ਪੰਜਾਬ ਦੇ ਪੇਂਡੂ ਖੇਤਰ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਇਹ ਸਿੱਖਾਂ ਦੇ ਸਥੂਲ ਨਿਆਰੇਪਣ ਨਾਲ ਜੁੜਿਆ ਮਸਲਾ ਹੈ। ਇਸ ਦੇ ਮਾਰੂ ਸਿੱਟੇ ਇਹ ਨਿਕਲ ਰਹੇ ਹਨ ਕਿ ਸਿੱਖ ਨੌਜਵਾਨ ਜਿਥੇ ਆਪਣਾ ਸ਼ਾਨਾਮੱਤਾ ਇਤਿਹਾਸ ਭੁੱਲਦੇ ਜਾ ਰਹੇ ਹਨ, ਉਥੇ ਵਿੱਦਿਆ ਦੇ ਪੱਖ ਤੋਂ ਵੀ ਹੋਰਾਂ ਭਾਈਚਾਰਿਆਂ ਦੇ ਨੌਜਵਾਨਾਂ ਤੋਂ ਪਛੜਦੇ ਜਾ ਰਹੇ ਹਨ। ਕਿਰਦਾਰਹੀਣਤਾ ਦੀ ਲਪੇਟ ‘ਚ ਆਈ ਸਿੱਖ ਜਵਾਨੀ ਆਪਣੇ ਕੌਮੀ ਫਰਜ਼ਾਂ ਤੇ ਮਕਸਦਾਂ ਤੋਂ ਅਣਜਾਣ ਹੈ। ਦਰਅਸਲ, ਇਹ ਵਰਤਾਰਾ ਗੁਰੂ ਵੱਲੋਂ ਬਖਸ਼ੇ ਨਿਆਰੇਪਣ ਤੋਂ ਸਿੱਖਾਂ ਦੇ ਦੂਰ ਜਾਣ ਦੀ ਨਿਸ਼ਾਨੀ ਹੈ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿੱਖ ਵਿਚਾਰਧਾਰਾ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਪਰ ਇਸ ਆਦਰਸ਼ ਦੀ ਪਾਵਨਤਾ ਤਾਂ ਹੀ ਫਲੀਭੂਤ ਹੋ ਸਕੇਗੀ, ਜੇਕਰ ਇਸ ਤੀਜੇ ਰਾਹ ਦੇ ਸ਼ਾਹ ਅਸਵਾਰ ਗੁਰੂ-ਅਹਿਸਾਸ ਵਿਚੋਂ ਲੰਘ ਕੇ ਆਪਣਾ ਨਿਆਰਾਪਣ ਕਾਇਮ ਰੱਖਣਗੇ। ਇਸ ਨਿਆਰੇਪਣ ਦੀ ਰਾਖੀ ਲਈ ਹਾਲਾਤ ਭਾਵੇਂ ਸਾਜ਼ਗਾਰ ਨਹੀਂ ਹਨ, ਪਰ ਸਿੱਖਾਂ ਨੂੰ ਵਿਅਕਤੀਗਤ ਅਤੇ ਸੰਸਥਾਗਤ ਰੂਪ ਵਿਚ ਨਿਰਾਸ਼ਾ ਤੋਂ ਨਿਰਲੇਪ ਹੋ ਕੇ ਅਤੇ ਆਪਸੀ ਖਿੱਚੋਤਾਣ ਛੱਡ ਕੇ ਇਸ ਨਿਆਰੇਪਣ ਦੀ ਰਾਖੀ ਲਈ ਆਪਣੇ-ਆਪਣੇ ਪੱਧਰ ‘ਤੇ ਛੋਟੇ-ਵੱਡੇ ਯਤਨ ਜਾਰੀ ਰੱਖਣੇ ਚਾਹੀਦੇ ਹਨ ਤੇ ਗੁਰਮਤਿ ਫ਼ਲਸਫ਼ੇ ਦਾ ਚਾਨਣ ਬਿਖੇਰਦੇ ਰਹਿਣਾ ਚਾਹੀਦਾ ਹੈ।
ਸੁਰਜੀਤ ਸਿੰਘ ਗੋਪੀਪੁਰ
ਮੋਬਾ: 94172-58765, ਈਮੇਲ : ssgopipur@gmail.com
Tags:
Posted in: ਸਾਹਿਤ