ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਜੋ ਕਦੇ ਨਾਭੇ ਸੁਸ਼ੋਭਿਤ ਸਨ

By February 13, 2016 0 Comments


shastar 1

shastar 2ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੀ ਮਹਾਨ ਰਚਨਾ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੀ ਲਿਖਤ ਜੋ ਕਿ ਪੰਨਾ ਨੰਬਰ 696 ਅਤੇ 882 ਵਿਚ ਦਰਜ ਹੈ, ਉਸ ਮੁਤਾਬਿਕ ਪੀਰ ਬੁੱਧੂ ਸ਼ਾਹ ਜੋ ਕਿ ਸਢੋਰਾ, ਜ਼ਿਲ੍ਹਾ ਅੰਬਾਲਾ ਦੇ ਨਿਵਾਸੀ ਮੁਸਲਮਾਨ ਪੀਰ ਸਨ, ਉਨ੍ਹਾਂ ਦਾ ਅਸਲ ਨਾਂਅ ਸੈਯਦਸਾਹ ਬਦਰੁੱਦੀਨ ਸੀ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਸਿਫਾਰਸ਼ ਕਰਕੇ 500 ਪਠਾਨ ਨੌਕਰ ਰਖਵਾਏ ਸਨ, ਜਿਨ੍ਹਾਂ ਦੇ 4 ਮੁੱਖ ਸਰਦਾਰ ਕਾਲਾ ਖਾਨ, ਭੀਕਨ ਖਾਨ, ਨਿਜਾਬਤ ਖਾਨ ਅਤੇ ਹਯਾਤ ਖਾਨ ਸਨ। ਇਨ੍ਹਾਂ ਵਿਚੋਂ ਕਾਲਾ ਖਾਨ ਨਮਕ ਹਰਾਮ ਨਹੀਂ ਹੋਇਆ, ਬਾਕੀ 3 ਸਰਦਾਰ ਸਵਾਰਾਂ ਸਮੇਤ ਸਤਿਗੁਰੂ ਨੂੰ ਭੰਗਾਣੀ ਦੀ ਜੰਗ ਸਮੇਂ ਛੱਡ ਗਏ। ਜਦੋਂ ਪਠਾਨ ਸਰਦਾਰ ਨਮਕ ਹਰਾਮ ਹੋ ਕੇ ਵੈਰੀਆਂ ਨਾਲ ਮਿਲ ਗਏ ਤਾਂ ਬੁੱਧੂ ਸ਼ਾਹ ਆਪਣੇ 4 ਪੁੱਤਰ ਅਤੇ 700 ਮੁਰੀਦ ਲੈ ਕੇ ਦਸਮੇਸ਼ ਪਿਤਾ ਦੀ ਸਹਾਇਤਾ ਲਈ ਭੰਗਾਣੀ ਦੀ ਜੰਗ ਵਿਚ ਪੁੱਜੇ, ਜਿਥੇ ਉਨ੍ਹਾਂ ਦੇ 2 ਪੁੱਤਰ ਅਤੇ ਵੱਡੀ ਗਿਣਤੀ ਵਿਚ ਮੁਰੀਦ ਸ਼ਹੀਦ ਹੋਏ।
ਜੰਗ ਦੀ ਸਮਾਪਤੀ ਉਪਰੰਤ ਕਲਗੀਧਰ ਪਾਤਸ਼ਾਹ ਨੇ ਇਸ ਕੀਤੀ ਕੁਰਬਾਨੀ ਬਦਲੇ ਪੀਰ ਜੀ ਨੂੰ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿਚ ਵਾਹੇ ਹੋਏ ਕੇਸ ਲੱਗੇ ਹੋਏ ਸਨ ਅਤੇ ਛੋਟੀ ਕਿਰਪਾਨ ਹੁਕਮਨਾਮੇ ਸਮੇਤ ਬਖਸ਼ੀ। ਦਸਵੇਂ ਪਾਤਸ਼ਾਹ ਜੀ ਦੀ ਸਹਾਇਤਾ ਕਰਨ ਦੇ ਦੋਸ਼ ਲਾ ਕੇ ਆਸਮਾਨ ਖਾਨ ਹਾਕਮ ਸੰਢੋਰਾ ਨੇ ਪੀਰ ਜੀ ਨੂੰ ਕਤਲ ਕਰਵਾ ਦਿੱਤਾ, ਜਿਸ ਦੇ ਬਦਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਮਤ 1709 ਵਿਚ ਸਢੋਰਾ ਫਤਹਿ ਕਰਕੇ ਆਸਮਾਨ ਖਾਨ ਨੂੰ ਫਾਂਸੀ ਲਟਕਾਇਆ। ਪੀਰ ਜੀ ਦੇ ਵਾਰਸਾਂ ਨੂੰ ਨਾਭਾਪਤੀ ਮਹਾਰਾਜੇ ਮਹਾਰਾਜਾ ਭਰਪੂਰ ਸਿੰਘ ਨੇ ਮਰਜ਼ੀ ਦੀਆਂ ਬਹੁਤ ਭੇਟਾਂ ਅਤੇ ਜਗੀਰਾਂ ਦੇ ਕੇ 1763 ਵਿਚ ਗੁਰੂ ਦੀਆਂ ਬਖਸ਼ਿਸ਼ਾਂ ਲੈ ਲਈਆਂ, ਜਿਸ ਉਪਰੰਤ ਮਹਾਰਾਜਾ ਨਾਭਾ ਵੱਲੋਂ ਇਹ ਇਤਿਹਾਸਕ ਵਸਤਾਂ ਇਕ ਵਿਸ਼ੇਸ਼ ਬੁਰਜੀ ਵਿਚ, ਜੋ ਕਿਲ੍ਹੇ ਦੀ ਸਭ ਤੋਂ ਉੱਚੀ ਸੀ, ਗੁਰਦੁਆਰਾ ਸਿਰੋਪਾਓ ਸਾਹਿਬ ਨਾਭਾ ਵਿਖੇ ਮਹਾਰਾਜ ਜੀ ਦੀ ਹਜ਼ੂਰੀ ਵਿਚ ਸੁਸ਼ੋਭਿਤ ਕੀਤੀਆਂ। ਬੁਰਜੀ ਅੱਜ ਵੀ ਤਰਸਯੋਗ ਹਾਲਤ ਵਿਚ ਨਾਭਾ ਦੇ ਕਿਲ੍ਹੇ ਅੰਦਰ ਮੌਜੂਦ ਹੈ। ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਮੁਤਾਬਿਕ ਮਹਾਰਾਜਾ ਨਾਭਾ ਕੋਲ ਹੋਰ ਗੁਰੂ ਸਾਹਿਬਾਨ ਦੀਆਂ ਬਖਸ਼ਿਸ਼ਾਂ ਵੀ ਸਨ, ਜਿਨ੍ਹਾਂ ਦਾ ਵਰਨਣ ਉਨ੍ਹਾਂ ਮਹਾਨ ਕੋਸ਼ ਵਿਚ ਕੀਤਾ ਹੈ। ਇਨ੍ਹਾਂ ਬਖਸ਼ਿਸ਼ਾਂ ਦਾ ਵਿਸਥਾਰ ਇਸ ਤਰ੍ਹਾਂ ਹੈ-
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ ਜੋ ਕਿ ਗੁਰੂ ਸਾਹਿਬ ਨੇ ਹੁਕਮਨਾਮੇ ਨਾਲ ਬਾਬਾ ਤਰਲੋਕ ਸਿੰਘ ਰਾਮ ਸਿੰਘ ਨੂੰ ਕ੍ਰਿਪਾ ਕਰਕੇ ਭੇਜਿਆ। ਇਸ ਦੇ ਬਾਹਰ ਰੇਸ਼ਮੀ ਧਾਰੀਦਾਰ ਮਸਰੂ, ਅੰਦਰ ਮਲਾਹਗੀਰੀ ਰੇਸ਼ਮੀ ਵਸਤ ਹੈ। ਦਸਮੇਸ਼ ਜੀ ਦਾ ਹੁਕਮਨਾਮਾ ਇਹ ਅਸਲ ਹੁਕਮਨਾਮਾ ਪਟਿਆਲੇ ਹੈ, ਨਕਲ ਨਾਭੇ ਸੀ। ਦਸਤਾਰ ਕਲਗੀਧਰ ਦੀ ਜੋ ਸਤਿਗੁਰੂ ਨੇ ਭੰਗਾਣੀ ਦੀ ਲੜਾਈ ਬਾਅਦ ਪੀਰ ਬੁੱਧੂ ਸ਼ਾਹ ਸੰਢੋਰੇ ਵਾਲੇ ਨੂੰ ਬਖਸ਼ੀ ਸੀ। ਕੰਘਾ ਜਿਸ ਵਿਚ ਵਾਹੇ ਹੋਏ ਕੇਸ ਹਨ, ਕਰਦ ਜੋ ਕਰੀਬ ਸਾਢੇ ਤਿੰਨ ਇੰਚ ਲੰਮੀ ਹੈ। ਕੋਰੜਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ, ਜਿਸ ਦੀ ਡੰਡੀ ਬੈਂਤ ਦੀ ਹੈ। ਤੇਗਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ, ਸ੍ਰੀ ਸਾਹਿਬ ਕਲਗੀਧਰ ਦੀ ਜੋ ਸਤਿਗੁਰੂ ਜੀ ਨੇ ਤਰਲੋਕ ਸਿੰਘ ਨੂੰ ਅੰਮ੍ਰਿਤ ਛਕਾਉਣ ਸਮੇਂ ਸੰਮਤ 1763 ਵਿਚ ਦਮਦਮੇ ਬਖਸ਼ਿਆ, ਇਸ ਦੇ ਇਕ ਪਾਸੇ ਪਾਠ ਹੈ ਸ੍ਰੀ ਭਗੌਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸ। ਦੂਸਰੀ ਤਰਫ ਹੈ ਪਾਤਸ਼ਾਹੀ ਦਸ। ਸ੍ਰੀ ਸਾਹਿਬ ਦਸਮੇਸ਼ ਦੀ ਜੋ ਬਡਰੁਖੀਆ ਤੋਂ ਮਹਾਰਾਜਾ ਹੀਰਾ ਸਿੰਘ ਆਪਣੇ ਨਾਲ ਨਾਭੇ ਲੈ ਆਏ, ਜਿਸ ਉੱਪਰ ਪਾਠ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਮਰ ਦੀ ਤਲਵਾਰ, ਬਧੇ ਦੇਗ ਤੇ, ਜਾਂ ਤੇਗ ਤੇ, ਕਬ ਜੋ ਉੱਪਰ ਪਾਠ ਹੈ। ਗੁਰੂ ਨਾਨਕ ਸਭ ਸਿੱਖਾਂ ਨੂੰ ਸਹਾਇ॥ ਤਲਵਾਰ ਕਲਗੀਧਰ ਦੀ ਜੋ ਰਾਏ ਕੱਲਾ ਨੂੰ ਬਖਸ਼ੀ ਸੀ, ਇਹ ਕੋਟਲੇ ਵਾਲੇ ਨਵਾਬ ਸਾਹਿਬ ਦੇ ਜ਼ਰੀਏ ਮਹਾਰਾਜਾ ਜਸਵੰਤ ਸਿੰਘ ਨੂੰ ਮਿਲੀ, ਜਿਸ ਉੱਪਰ (ਭਥਟ+ਂ) ਲਿਖਿਆ ਹੋਇਆ ਹੈ। ਖੰਜਰ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਛੋਟੀ ਉਮਰ ਵਿਚ ਕਮਰ ‘ਤੇ ਸਜਾਇਆ ਕਰਦੇ ਸਨ, ਇਸ ਉੱਪਰ ਪਾਠ ਹੈ। 1741 ਸਤਿ ਸ੍ਰੀ ਅਕਾਲ ਪੁਰਖ ਜੀ ਸਹਾਇ॥ ਤੁਹੀ ਖੜਗ ਧਾਰਾ, ਤੁਹੀ ਬਾਡਵਾਰੀ ਤੁਹੀ ਤੀਰ। ਤਲਵਾਰ ਕਾਤੀ ਕਟਾਰੀ, ਹਲੱਬੀ ਜਨਬੀ, ਮਗਰਬੀ ਤੁਹੀ ਹੈ। ਨਿਹਾਰੋ ਜਹਾਂ ਆਪ ਖਡੀ ਵਹੀ ਹੈ। ਦਸਮੇਸ਼ ਦੇ ਢਾਲੇ ਦੇ ਦੋ ਫੁੱਲ, ਜਿਨ੍ਹਾਂ ਉੱਪਰ 10 ਅਵਤਾਰਾਂ ਦੀਆਂ ਤਸਵੀਰਾਂ ਹਨ। ਕਲਗੀਧਰ ਦੇ ਤੀਰ ਦੀ ਮੁਖੀ ਜਿਸ ਦਾ ਪ੍ਰਸੰਗ ਹੈ ਕਿ ਦਸਮੇਸ਼ ਅਨੰਦਪੁਰ ਇਕ ਸਿੰਮਲ ਦੇ ਬਿਰਛ ਵਿਚ ਤੀਰਾਂ ਦਾ ਨਿਸ਼ਾਨਾ ਲਗਾਇਆ ਕਰਦੇ ਸਨ, ਉਹ ਬਿਰਛ ਕੁਝ ਵਰ੍ਹੇ ਬੀਤੇ ਹਨ ਕਿ ਸੁੱਕ ਕੇ ਡਿਗ ਪਿਆ। ਉਸ ਵਿਚੋਂ ਕਈ ਮੁਖੀਆਂ ਲੱਭੀਆਂ, ਇਕ ਮੁਖੀ ਕੇਸਗੜ੍ਹ ਦੇ ਪੁਜਾਰੀ ਸਿੰਘ ਨੇ ਬਾਬਾ ਨਾਰਾਯਣ ਸਿੰਘ ਜੀ ਮਹੰਤ ਡੇਰਾ ਬਾਬਾ ਅਜਾਪਾਲ ਸਿੰਘ ਸਾਹਿਬ ਨੂੰ ਦਿੱਤੀ। ਉਨ੍ਹਾਂ ਨੇ ਮਹਾਰਾਜਾ ਹੀਰਾ ਸਿੰਘ ਨੂੰ ਦਿੱਤੀ। ਇਕ ਪੁਸਤਕ ਜਿਸ ਵਿਚ ਚਰਿਤ੍ਰਾਂ ਦਾ ਪਾਠ ਹੈ, ਇਸ ਦੇ ਪੰਨੇ 300 ਹਨ, ਭਾਈ ਤਾਰਾ ਸਿੰਘ ਕਵੀ ਨੇ ਦੱਸਿਆ ਕਿ ਇਹ ਕਲਗੀਧਰ ਦਾ ਲਿਖਿਆ ਹੋਇਆ ਹੈ, ਰਾਜਾ ਭਰਪੂਰ ਸਿੰਘ ਨੇ ਕਵੀ ਜੀ ਨੂੰ 2 ਹਜ਼ਾਰ ਨਕਦ ਅਤੇ 200 ਰੁਪਏ ਸਾਲਾਨਾ ਜਗੀਰ ਦੇ ਕੇ ਇਹ ਪੁਸਤਕ ਲਈ ਹੋਈ ਹੈ।
ਇਹ ਬਖਸ਼ਿਸ਼ਾਂ 1763 ਤੋਂ ਲੈ ਕੇ ਸੰਨ 1967 ਤੱਕ ਕਿਲ੍ਹੇ ਦੀ ਬੁਰਜੀ ਵਿਚ ਰਹੀਆਂ, ਜਿਸ ਉਪਰੰਤ ਇਨ੍ਹਾਂ ਬਖਸ਼ਿਸ਼ਾਂ ਨੂੰ ਇਕ ਵਿਸ਼ੇਸ਼ ਇਮਾਰਤ ਹੀਰਾ ਮਹਿਲ ਵਿਚ ਸੁਸ਼ੋਭਿਤ ਕਰ ਦਿੱਤਾ ਗਿਆ, ਜਿਥੇ ਕਿ ਇਹ ਸੰਨ 1994 ਤੱਕ ਸੁਸ਼ੋਭਿਤ ਰਹੀਆਂ। ਮਹਾਰਾਜਾ ਪ੍ਰਤਾਪ ਸਿੰਘ ਪੁੱਤਰ ਮਹਾਰਾਜਾ ਰਿਪੁਦਮਨ ਸਿੰਘ ਨੇ 26 ਮਈ 1994 ਵਿਚ ਡੀਡ ਡੈਕਲਾਰੇਸ਼ਨ ਤਿਆਰ ਕਰ ਮਹਾਰਾਜਾ ਪ੍ਰਤਾਪ ਸਿੰਘ ਟਰੱਸਟ ਬਣਾਇਆ ਗਿਆ ਅਤੇ 29 ਮਈ 1994 ਨੂੰ ਆਸਿਫ ਅਲੀ ਰੋਡ ਨਿਊ ਦਿੱਲੀ ਤੋਂ ਰਜਿਸਟਰਡ ਕਰਵਾਇਆ ਗਿਆ। 24 ਜੁਲਾਈ 1995 ਨੂੰ ਮਹਾਰਾਜਾ ਪ੍ਰਤਾਪ ਸਿੰਘ ਦੁਨੀਆ ਨੂੰ ਅਲਵਿਦਾ ਕਹਿ ਚਲੇ ਗਏ, ਜਿਸ ਉਪਰੰਤ ਉਨ੍ਹਾਂ ਦਾ ਸਪੁੱਤਰ ਟਿੱਕਾ ਹਨੂੰਮੰਤ ਸਿੰਘ ਇਨ੍ਹਾਂ ਬਖਸ਼ਿਸ਼ਾਂ ਨੂੰ ਦਿੱਲੀ ਆਪਣੇ ਗ੍ਰਹਿ ਵਿਖੇ ਲੈ ਗਿਆ। ਸੰਨ 2007 ਵਿਚ ਜਥੇਦਾਰ ਉੱਤਮ ਸਿੰਘ ਰੋਹਟਾ ਵੱਲੋਂ ਇਕ ਰਿੱਟ ਪਟੀਸ਼ਨ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲਗਾਈ ਗਈ ਕਿ ਇਨ੍ਹਾਂ ਬਖਸ਼ਿਸ਼ਾਂ ਦੇ ਸੰਗਤ ਨੂੰ ਖੁੱਲ੍ਹੇ ਦਰਸ਼ਨ-ਦੀਦਾਰੇ ਕਰਵਾਏ ਜਾਣ ਅਤੇ ਇਨ੍ਹਾਂ ਨੂੰ ਨਾਭਾ ਵਿਖੇ ਸੁਸ਼ੋਭਿਤ ਕੀਤਾ ਜਾਵੇ। ਜਿਸ ਦਾ ਫੈਸਲਾ 2008 ਵਿਚ ਆਇਆ, ਜਿਸ ਦੌਰਾਨ ਇਹ ਬਖਸ਼ਿਸ਼ਾਂ 6 ਨਵੰਬਰ 2009 ਨੂੰ ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਚ ਬੰਦ ਕਰਕੇ ਰੱਖ ਦਿੱਤੀਆਂ ਗਈਆਂ ਅਤੇ ਦੇਖ-ਰੇਖ ਪੰਜਾਬ ਸਰਕਾਰ ਵੱਲੋਂ ਪੁਤੱਤਵ ਵਿਭਾਗ ਨੂੰ ਸੌਂਪ ਦਿੱਤੀ ਗਈ।
ਇਸ ਦੌਰਾਨ ਨਾਭਾ ਪਬਲਿਕ ਸੁਸਾਇਟੀ ਨਾਭਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਨਾਭਾ ਦੇ ਸਰਗਰਮ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਮੁੱਦੇ ਨੂੰ ਦੁਬਾਰਾ ਚੁੱਕਦਿਆਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਅਗਸਤ 2013 ਵਿਚ ਖੜਕਾਇਆ ਗਿਆ। ਇਸ ਦੌਰਾਨ 19 ਦਸੰਬਰ 2013 ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨਾਭਾ ਦੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਜੋ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ ਅਤੇ ਗੁਰਦੁਆਰਾ ਸੰਗਤਸਰ ਸਾਹਿਬ ਦੋਵਾਂ ਗੁਰਦੁਆਰਿਆ ਵਿਚੋਂ ਸਬੰਧਤ ਵਿਭਾਗ ਨੂੰ ਬਖਸ਼ਿਸ਼ਾਂ ਨੂੰ ਸੁਸ਼ੋਭਿਤ ਕਰਨ ਲਈ ਇਕ ਗੁਰੂ-ਘਰ ਜੋ ਕਿ ਯੋਗ ਹੈ, ਦੱਸਣ ਲਈ ਕਿਹਾ ਗਿਆ, ਜਦੋਂ ਕਿ ਵਿਭਾਗ ਵੱਲੋਂ ਦੋਵਾਂ ਗੁਰੂ-ਘਰਾਂ ਵਿਚੋਂ ਇਕ ਵੀ ਗੁਰੂ-ਘਰ ਨੂੰ ਬਖਸ਼ਿਸ਼ਾਂ ਦੇ ਸੁਸ਼ੋਭਿਤ ਕਰਨ ਦੇ ਯੋਗ ਨਹੀਂ ਦੱਸਿਆ ਗਿਆ, ਜਦੋਂ ਕਿ ਗੁ: ਘੋੜਿਆਂ ਵਾਲਾ ਤਕਰੀਬਨ 18 ਕਿੱਲੇ ਵਿਚ ਬਣਿਆ ਹੋਇਆ ਹੈ। ਇਸ ਦੌਰਾਨ ਪੰਜਾਬ ਸਰਕਾਰ ਹਰਕਤ ਵਿਚ ਆਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਇਨ੍ਹਾਂ ਬਖਸ਼ਿਸ਼ਾਂ ਦੇ ਸਮੁੱਚੇ ਪੰਜਾਬ ਨੂੰ ਵਿਸ਼ੇਸ਼ ਬੱਸ ਰਾਹੀਂ ਦਰਸ਼ਨ-ਦੀਦਾਰੇ ਨਗਰ ਕੀਰਤਨ ਦੇ ਰੂਪ ਵਿਚ ਕਰਵਾਉਣ ਦਾ ਫੈਸਲਾ ਕੀਤਾ ਗਿਆ। 6 ਮਈ 2015 ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਯੋਗ ਅਗਵਾਈ ਵਿਚ ਇਹ ਨਗਰ ਕੀਰਤਨ ਪਟਿਆਲਾ ਦੇ ਗੁ: ਦੂਖਨਿਵਾਰਨ ਸਾਹਿਬ ਤੋਂ ਸ਼ੁਰੂ ਹੋਇਆ, ਜੋ ਕਿ ਅੱਜ ਪੰਜਾਬ ਅੰਦਰ ਚੱਲ ਰਿਹਾ ਹੈ। ਬਖਸ਼ਿਸ਼ਾਂ ਵਿਚ ਗੁਰੂ ਜੀ ਦਾ ਕੰਘਾ ਸਾਹਿਬ, ਦਸਤਾਰ, ਹੱਥ-ਲਿਖਤ ਹੁਕਮਨਾਮਾ ਤੇ ਛੋਟੀ ਸ੍ਰੀ ਸਾਹਿਬ ਸ਼ਾਮਿਲ ਹੈ।

ਲੇਖਕ ਅਮਨਦੀਪ ਸਿੰਘ ਲਵਲੀ
Tags:
Posted in: ਸਾਹਿਤ