ਮਾਨਵਤਾ ਦੇ ਇਨਕਲਾਬੀ ਰਾਹ-ਦਸੇਰੇ ਭਗਤ ਕਬੀਰ

By February 13, 2016 0 Comments


Bhagat-Kabirdas-Ji-Imageਜਦੋਂ ਸਮਾਜ ਉੱਚੇ-ਨੀਵੇਂ ਲੋਕਾਂ ਵਿਚ ਵੰਡਿਆ ਹੋਇਆ ਸੀ, ਧਾਰਮਿਕ ਪਾਖੰਡ ਤੇ ਕੱਟੜਤਾ ਜ਼ੋਰਾਂ ‘ਤੇ ਸੀ, ਜਦੋਂ ਕਿਰਤ ਦੇ ਆਧਾਰ ‘ਤੇ ਕੀਤੀ ਹੋਈ ਜਾਤਾਂ ਦੀ ਵੰਡ ਵਿਕਰਾਲ ਰੂਪ ਧਾਰਨ ਕਰ ਚੁੱਕੀ ਸੀ, ਜਿਸ ਸਦਕਾ ਕਥਿਤ ਨੀਵੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਦੇ ਲੋਕਾਂ ਨਾਲ ਅਮਾਨਵੀ ਵਰਤਾਰਾ ਕੀਤਾ ਜਾ ਰਿਹਾ ਸੀ, ਇਸ ਸਮੇਂ ਕਿਸੇ ਨਿਡਰ ਧਾਰਮਿਕ-ਸਮਾਜਿਕ ਆਗੂ ਦੀ ਜ਼ਰੂਰਤ ਸੀ, ਜੋ ਪਿਸ ਰਹੇ ਲੋਕਾਂ ਨੂੰ ਨਵੀਂ ਸੇਧ ਦਿੰਦਾ। ਇਹ ਕੰਮ ਉਸ ਵੇਲੇ ਭਗਤ ਕਬੀਰ ਜੀ ਨੇ 1398 ਈ: ਨੂੰ ਬਨਾਰਸ ਵਿਖੇ ਮੁਸਲਮਾਨ ਜੋੜੇ ਪਿਤਾ ਨੀਰੂ ਤੇ ਮਾਤਾ ਨੀਮਾ ਦੇ ਘਰ ਜਨਮ ਲੈ ਕੇ ਕੀਤਾ। ਇਹ ਜੋੜਾ ਜਾਤ ਦਾ ਜੁਲਾਹਾ ਸੀ ਭਾਵ ਨੀਵੀਂ ਜਾਤ ਨਾਲ ਸਬੰਧਤ।
ਕਬੀਰ ਸਾਹਿਬ ਦੀ ਬਾਣੀ ਦੇ 229 ਸ਼ਬਦ 17 ਰਾਗਾਂ ਵਿਚ ਅਤੇ 243 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ, ਜੋ ਕਿ ਉਨ੍ਹਾਂ ਦੀ ਫ਼ਿਲਾਸਫੀ ਨੂੰ ਦਰਸਾਉਂਦੇ ਹਨ। ਉਨ੍ਹਾਂ ਦੀ ਬਾਣੀ ਭਾਵੇਂ ‘ਕਬੀਰ ਗ੍ਰੰਥਾਵਲੀ’ ਅਤੇ ‘ਕਬੀਰ ਬੀਜਕ’ ਵਿਚ ਵੀ ਦਰਜ ਹੈ, ਪਰ ਇਹ ਬਾਣੀ ਓਨੀ ਪ੍ਰਮਾਣਿਕ ਨਹੀਂ ਮੰਨੀ ਜਾਂਦੀ, ਜਿੰਨੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ।
ਕਬੀਰ ਜੀ ਜਾਤ-ਪਾਤ ਦੇ ਪ੍ਰਬੰਧ ਨੂੰ ਬੜੇ ਵਿਗਿਆਨਕ ਢੰਗ ਨਾਲ ਰੱਦ ਕਰਦੇ ਹਨ ਤੇ ਇਨ੍ਹਾਂ ਜਾਤਾਂ-ਪਾਤਾਂ ਨਾਲੋਂ ਜੀਵ ਨੂੰ ‘ਇਕ ਨੂਰ’ ਤੋਂ ਪੈਦਾ ਹੋਣ ਦਾ ਦੱਸ ਕੇ ਮਨੁੱਖ ਨੂੰ ਮਿਲ-ਜੁਲ ਕੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਅਧਿਆਤਮਕ ਵਿਚਾਰਧਾਰਾ ਅਨੁਸਾਰ ਇਹ ਸਾਰੀ ਕਾਇਨਾਤ ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੈ ਤੇ ਉਹ ਆਪ ਇਸ ਵਿਚ ਬੈਠ ਕੇ ਇਸ ਨੂੰ ਚਲਾ ਰਿਹਾ ਹੈ। ਸੰਤ ਜੀ ਦਾ ਬਹੁਤ ਹੀ ਹਰਮਨ-ਪਿਆਰਾ ਸ਼ਬਦ ਸਮਾਜ ਦੇ ਪ੍ਰਾਣੀਆਂ ਨੂੰ ‘ਕੁਦਰਤ ਕੇ ਸਭ ਬੰਦੇ’ ਆਖ ਕੇ ਵਡਿਆਉਂਦਾ ਹੈ :
ਅਵਲਿ ਅਲਹੁ ਨੂਰੁ ਉਪਾਇਆ
ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕੋ ਮੰਦੇ॥
ਸਾਰੇ ਭਗਤ ਸਾਹਿਬਾਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਦਾ ਮੱਤ ਹੈ ਕਿ ਜਿਹੜੇ ਜੀਵ ਪਰਮਾਤਮਾ ਨਾਲ ਜੁੜ ਜਾਂਦੇ ਹਨ ਭਾਵ ਨਾਮ ਸਿਮਰਨ ਕਰਦੇ ਹਨ, ਤਾਂ ਫਿਰ ਉਨ੍ਹਾਂ ਦੀ ਜਾਤ ਛੋਟੀ ਜਾਂ ਵੱਡੀ ਨਹੀਂ ਰਹਿ ਜਾਂਦੀ, ਸਗੋਂ ਉਹ ਅਖੌਤੀ ਉੱਚੀ ਜਾਤ ਵਾਲਿਆਂ ਤੋਂ ਵੀ ਵੱਡੇ ਹੋ ਜਾਂਦੇ ਹਨ।
ਓਛੀ ਮਤਿ ਮੇਰੀ ਜਾਤਿ ਜੁਲਾਹਾ
ਹਰਿ ਕਾ ਨਾਮੁ ਲਹਿਓ ਮੈਂ ਲਾਹਾ॥
ਅਖੌਤੀ ਉੱਚੀ ਜਾਤ ਵਾਲਿਆਂ ਨੂੰ ਤਾਂ ਉਹ ਮਿਹਣਾ ਮਾਰਦੇ ਹੋਏ ਆਖਦੇ ਹਨ-
ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ
ਤਉ ਆਨ ਬਾਟ ਕਾਹੇ ਨਹੀਂ ਆਇਆ॥
ਕਬੀਰ ਜੀ ਕੇਵਲ ਜਾਤ ਦਾ ਹੀ ਵਿਰੋਧ ਨਹੀਂ ਕਰਦੇ, ਸਗੋਂ ਸਨਾਤਨ ਲੋਕਾਂ ਵੱਲੋਂ ਮੂਰਤੀ ਪੂਜਾ, ਦੇਵਤਿਆਂ ਦੇ ਅਵਤਾਰ ਧਾਰਨ ਵਿਚ ਵਿਸ਼ਵਾਸ ਅਤੇ ਪਵਿੱਤਰ ਨਦੀਆਂ ਵਿਚ ਇਸ਼ਨਾਨ ਕਰਕੇ ਪਰਲੋਕ ਸਵਰਗ ਦੀ ਪ੍ਰਾਪਤੀ ਦੇ ਵਿਚਾਰਾਂ ਦੇ ਵਿਰੋਧ ਵਿਚ ਵੀ ਬੜੀ ਸਖਤੀ ਨਾਲ ਲਿਖਦੇ ਹਨ। ਇਸ ਕਰਕੇ ਹੀ ਕਬੀਰ ਸਾਹਿਬ ਜੀ ਨੇ ਮੂਰਤੀ ਪੂਜਾ, ਜੋਗੀਆਂ ਦੇ ਭੇਖਾਂ, ਸ਼ਰਾਧਾਂ ਤੇ ਵਰਤਾਂ ਖਿਲਾਫ ਆਵਾਜ਼ ਬੁਲੰਦ ਕੀਤੀ। ਕੋਈ ਆਪ ਜੀ ਨੂੰ ਹਿੰਦੂ ਕਹਿੰਦਾ ਹੈ, ਕੋਈ ਮੁਸਲਮਾਨ ਪਰ ਇਨ੍ਹਾਂ ਦੋਵਾਂ ਕੌਮਾਂ ਦੇ ਪਾਖੰਡਾਂ ਦਾ ਵਿਰੋਧ ਬੜੀ ਉੱਚੀ ਸੁਰ ਵਿਚ ਕਰਦੇ ਹਨ :
ਹਿੰਦੂ ਤੁਰਕ ਕਹਾ ਤੇ ਆਏ,
ਕਿਨਿ ਏਹ ਰਾਹ ਚਲਾਈ॥
-0-
ਕਬੀਰ ਸਾਹਿਬ ਪ੍ਰਚੱਲਤ ਮਨੌਤਾਂ ਤੋੜਦੇ ਹਨ ਜਿਵੇਂ ਕਿ ਮਗਹਰ ਵਿਚ ਮਰਨ ਵਾਲਾ ਖੋਤੇ ਦੀ ਜੂਨ ਭੋਗਦਾ ਹੈ। ਪਰ ਕਬੀਰ ਸਾਹਿਬ ਲੋਕਾਂ ਦਾ ਭਰਮ ਤੋੜਨ ਲਈ ਉਹ ਆਪਣੇ ਪ੍ਰਾਣ ਮਗਹਰ ਵਿਚ ਆ ਕੇ ਤਿਆਗਦੇ ਹਨ।
ਜੈਸੇ ਮਗਹਰ ਤੈਸੀ ਕਾਸੀ,
ਹਮ ਏਕੈ ਕਰ ਜਾਨੀ॥
ਸੰਤ ਕਬੀਰ ਸਾਹਿਬ ਮਨੁੱਖ ਨੂੰ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਦੀ ਪ੍ਰੇਰਨਾ ਦਿੰਦੇ ਹਨ, ਜਿਸ ਦੀ ਕਿ ਅੱਜ ਸਮਾਜ ਵਿਚ ਲੋਕਾਈ ਨੂੰ ਬਹੁਤ ਜ਼ਰੂਰਤ ਹੈ। ਉਨ੍ਹਾਂ ਦੀ ਬਾਣੀ ਮਨੁੱਖ ਨੂੰ ਸਾਫ਼-ਸੁਥਰਾ ਜੀਵਨ ਜਿਊਣ, ਮੀਟ-ਸ਼ਰਾਬ ਤੋਂ ਦੂਰ ਰਹਿਣ, ਲਾਲਚ ਨਾ ਕਰਨ ਤੇ ਦੂਜੇ ਦਾ ਹੱਕ ਨਾ ਮਾਰਨ ਦੀ ਨਸੀਹਤ ਦਿੰਦੀ ਹੈ। ਕਬੀਰ ਸਾਹਿਬ ਦਾ ਆਦਰਸ਼ਕ ਮਨੁੱਖ ਸੰਘਰਸ਼ ਕਰਦਾ ਹੋਇਆ ਸਮਾਜਿਕ ਜ਼ਿੰਮੇਵਾਰੀਆਂ ਤੋਂ ਦੌੜਦਾ ਨਹੀਂ ਹੈ। ਉਹ ਹਮੇਸ਼ਾ ‘ਦੀਨ’ ਦੇ ਨਾਲ ਖੜ੍ਹਦਾ ਹੈ। ਉਨ੍ਹਾਂ ਦੀ ਇਹ ਫ਼ਿਲਾਸਫੀ ਧਨ-ਦੌਲਤ ਇਕੱਤਰ ਕਰ ਰਹੇ ਤੇ ਮੈਂ, ਮੇਰੀ ਦੀ ਧੁਨ ‘ਚ ਗੁਆਚੇ ਲੋਕਾਂ ਨੂੰ ਅੱਜ ਵੀ ਇਹ ਸੰਦੇਸ਼ ਦਿੰਦੀ ਹੈ ਕਿ ਦੀਨ ਲੋਕਾਂ ਦੀ ਸਹਾਇਤਾ ਕਰਕੇ ਉਨ੍ਹਾਂ ਨੂੰ ਬਰਾਬਰ ਖੜ੍ਹਾ ਕੀਤਾ ਜਾਵੇ।
ਜੇਕਰ ਕਬੀਰ ਸਾਹਿਬ ਦੀ ਨਿਮਰਤਾ, ਸਾਦਗੀ ਤੇ ਨੈਤਿਕਤਾ ਦੇਖਣੀ ਹੋਵੇ ਤਾਂ ਉਨ੍ਹਾਂ ਦਾ ਇਹ ਸਲੋਕ ਬੜੀ ਗੰਭੀਰਤਾ ਵਾਲਾ ਹੈ :
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ
ਜੋ ਕਿਛੁ ਹੈ ਸੋ ਤੇਰਾ॥
ਤੇਰਾ ਤੁਝ ਕਉ ਸਉਪਤੇ
ਕਿਆ ਲਾਗੈ ਮੇਰਾ॥
ਡਾ ਸੁਰਿੰਦਰ ਬੰਗੜ
-ਪ੍ਰਿੰਸੀਪਲ, ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ। ਮੋਬਾ: 98153-05080
Tags:
Posted in: ਸਾਹਿਤ