ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਐਸ਼ਵਰਿਆ ਨੇ ਕੀਤੀ ਸ਼ੂਟਿੰਗ

By February 12, 2016 0 Comments


ਅੰਮ੍ਰਿਤਸਰ 12 ਫਰਵਰੀ (ਜਸਬੀਰ ਸਿੰਘ)aishwariya
ਅੱਜ ਸਵੇਰ ਤੋਂ ਹੀ ਹਰਿਮੰਦਰ ਸਾਹਿਬ ਦੇ ਆਟਾ ਮੰਡੀ ਪ੍ਰਵੇਸ਼ ਦੁਆਰ ਵਾਲੇ ਪਾਸੇ ਫਿਲਮ ਦੀ ਸ਼ੂਟਿੰਗ ਫਿਲਮਾਉਣ ਲਈ ਟੀਮ ਉੱਥੇ ਪੁੱਜੀ। ਮੀਡੀਆ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਇਸ ਦੀ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਐਸ਼ਵਰਿਆ ਦੀਆਂ ਤਸਵੀਰਾਂ ਲੈਣ ਲਈ ਜਦੋਂ ਫੋਟੋਗ੍ਰਾਫਰ ਉੱਥੇ ਪਹੁੰਚੇ ਤਾਂ ਉਸ ਦੇ ਸੁਰੱਖਿਆ ਕਰਮੀਆਂ ਤੇ ਫਿਲਮ ਦੀ ਟੀਮ ਦੇ ਮੈਂਬਰਾਂ ਨੇ ਮੀਡੀਆ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਆ ਗਏ ਤੇ ਉਹਨਾਂ ਨੇ ਬਿਨਾਂ ਇਜਾਜਤ ਕੀਤੀ ਜਾ ਰਹੀ ਸੂਟਿੰਗ ਕੁਝ ਸਮੇਂ ਲਈ ਰੋਕ ਦਿੱਤੀ ਪਰ ਜਲਦੀ ਹੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਤੇ ਮੁੱਖ ਸਕੱਤਰ ਵੱਲੋ ਦਿੱਤੀ ਗਈ ਇਜਾਜਤ ਦੇ ਆਧਾਰ ਤੇ ਐਸ਼ਵਰਿਆ ਨੂੰ ਸ਼ੂਟਿਗ ਕਰਨ ਦੀ ਆਗਿਆ ਦੇ ਦਿੱਤੀ ਗਈ ਤੇ ਫਿਰ ਸ਼੍ਰੋਮਣੀ ਕਮੇਟੀ ਵਾਲਿਆ ਨੇ ਐਸ਼ਵਰਿਆ ਨੂੰ ਪਲਕਾ ਤੇ ਬਿਠਾ ਲਿਆ । ਕੁਝ ਦਿਨ ਪਹਿਲਾਂ ਇੱਕ ਵਿਦੇਸ਼ੀ ਸਿੱਖ ਪਰਿਵਾਰ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਤਾਂ ਮੱਕੜ ਦੇ ਇੱਕ ਲੱਠਮਾਰ ਨੇ ਉਹਨਾਂ ਨਾਲ ਬਦਸਲੂਕੀ ਹੀ ਨਹੀ ਕੀਤੀ ਸਗੋ ਪਰਿਵਾਰ ਦੇ ਇੱਕ ਮੈਂਬਰ ਦੀ ਲੱਤ ਤੇ ਹੱਥ ਵਿੱਚ ਫੜੇ ਬਰਛਾ ਡਾਂਗ ਵਾਲੇ ਪਾਸਿਉ ਜੜ ਦਿੱਤਾ ਤੇ ਉਹ ਪਰਿਵਾਰ ਮੱਥਾ ਟੇਕਿਆ ਹੀ ਵਾਪਸ ਚਲਾ ਗਿਆ। ਪੀੜਤ ਪਰਿਵਾਰ ਦੀ ਔਰਤ ਪ੍ਰਕਾਸ਼ ਕੌਰ ਵੱਲੋ ਸ਼ਕਾਇਤ ਕਰਨ ਦੇ ਬਾਵਜੂਦ ਵੀ ਅੱਜ ਤੱਕ ਕੋਈ ਕਾਰਵਾਈ ਨਹੀ ਹੋਈ ਕਿਉਕਿ ਉਸ ਲੱਠਮਾਰ ਨੂੰ ਕਿਸੇ ਵੱਡੇ ਫਰਲੇ ਵਾਲੇ ਜਥੇਦਾਰ ਦਾ ਅਸ਼ੀਰਵਾਦ ਹਾਸਲ ਹੈ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਅੰਤਰਿੰਗ ਕਮੇਟੀ ਵਿੱਚ ਫੈਸਲਾ ਲੈਦੀ ਹੈ ਕਿ ਕਿਸੇ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸ਼ੂਟਿੰਗ ਦੀ ਆਗਿਆ ਨਹੀ ਦਿੱਤੀ ਜਾ ਸਕਦੀ ਪਰ ਅੰਤਰਿੰਗ ਕਮੇਟੀ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਜਿਸ ਤਰੀਕੇ ਨਾਲ ਐਸ਼ਵਰਿਆ ਨੂੰ ਸ਼ੂਟਿੰਗ ਕਰਨ ਦੀ ਇਜਾਜਤ ਦਿੱਤੀ ਗਈ ਹੈ ਉਹ ਕਈ ਸਵਾਲ ਛੱਡ ਗਈ ਹੈ। ਉਹਨਾਂ ਕਿਹਾ ਕਿ ਮੱਸੇ ਰੰਘੜ ਦਾ ਸਿਰ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਇਸ ਕਰਕੇ ਲਾਹਿਆ ਸੀ ਕਿ ਉਹ ਨਾਚੀਆ ਨਚਾ ਕੇ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਠੇਸ ਪਹੁੰਚਾ ਰਿਹਾ ਪਰ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਮੁੱਖ ਸਕੱਤਰ ਸਪੱਸ਼ਟ ਕਰਨ ਕਿ ਕੀ ਉਹਨਾਂ ਵਿੱਚ ਮੱਸੇ ਰੰਘੜ ਦੀ ਰੂਹ ਪ੍ਰਵੇਸ਼ ਕਰ ਗਈ ਹੈ? ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਫੁਆਰੇ ਕੋਲ ਇੱਕ ਹੀਰੋਇਨ ਨੇ ਕਿਸੇ ਫਿਲਮ ਦੀ ਸ਼ੂਟਿੰਗ ਕੀਤੀ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਗੇਟ ਤੋਂ ਕਰੀਬ ਅੱਧੀ ਫਰਲਾਗ ਦੂਰੀ ‘ਤੇ ਹੈ ਤੇ ਸ਼੍ਰੋਮਣੀ ਕਮੇਟੀ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਹੋਈ ਹੈ। ਉਸ ਟੀਮ ਨੇ ਜਿਥੇ ਮੁਆਫੀ ਮੰਗੀ ਉਥੇ ਉਹ ਸੀਨ ਵੀ ਕੱਟ ਦਿੱਤਾ। ਉਹਨਾਂ ਕਿਹਾ ਕਿ ਮੱਕੜ ਤੇ ਮੱਸਾ ਰੰਘੜ ਇੱਕੋ ਹੀ ਰਾਸ਼ੀ ਦੇ ਵਿਅਕਤੀ ਹਨ ਪਰ ਮਰਿਆਦਾ ਦੀਆ ਧੱਜੀਆ ਉਡਾਉਣ ਨੂੰ ਲੈ ਕੇ ਮੱਕੜ ਦੀ ਤੁਲਨਾ ਵੀ ਮੱਸੇ ਰੰਘੜ ਨਾਲ ਕਰਨ ਮੁਨਸਿਬ ਹੀ ਕਹੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਮੱਕੜ ਨੂੰ ਹੁਣ ਪ੍ਰਧਾਨ ਅਖਵਾਉਣ ਦਾ ਕੋਈ ਅਧਿਕਾਰ ਨਹੀ ਰਹਿ ਗਿਆ ਤੇ ਉਸ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਨੈਤਿਕਤਾ ਦੇ ਆਧਾਰ ਤੇ ਆਪਣੇ ਆਹੁਦੇ ਤੋ ਅਸਤੀਫਾ ਦੇ ਕੇ ਘਰ ਬੈਠ ਜਾਵੇ ਨਹੀ ਤਾਂ ਉਹ ਦਿਨ ਦੂਰ ਜਦੋਂ ਸਿੱਖ ਕੌਮ ਉਸ ਨੂੰ ਧੂਹ ਕੇ ਇਸ ਆਹੁਦੇ ਤੋ ਲਾਭੇ ਕਰ ਦੇਵੇਗੀ।
ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਐਸ਼ਵਰਿਆ ਨੇ ਪੰਗਤ ਵਿੱਚ ਬੈਠ ਕੇ ਲੰਗਰ ਨਿਮਾਣੇ ਬਣ ਕੇ ਛੱਕਿਆ ਤੇ ਪੰਗਤ ਵਿੱਚ ਇੱਕ ਔਰਤ ਆਪਣੇ ਛੋਟੇ ਬੱਚੇ ਨੂੰ ਬੁਰਕੀਆ ਦੇ ਕੇ ਲੰਗਰ ਛੱਕਾ ਰਹੀ ਸੀ ਤੇ ਐਸ਼ਵਰਿਆ ਨੇ ਉਸ ਬੱਚੇ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਲੰਗਰ ਚਮਚੇ ਨਾਲ ਖੁਦ ਛਕਾਇਆ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ। ਇਸ ਸਮੇਂ ਸਾਰੇ ਐਸ਼ਵਰਿਆ ਦੇ ਇੱਕ ਬੱਚੇ ਨਾਲ ਪਿਆਰ ਨੂੰ ਬੜੀ ਹੀ ਉਤਸੁਕਤਾ ਨਾਲ ਨਿਹਾਰ ਰਹੇ ਸਨ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਉਬ ਭਲਕੇ ਸਵੇਰੇ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇਗੀ।

Posted in: ਪੰਜਾਬ