ਸਾਡਾ ਰਾਸ਼ਟਰਪਤੀ ਗੁਰੂ ਗੋਬਿੰਦ ਸਿੰਘ ਹੈ-ਮਾਨ

By February 12, 2016 0 Comments


ਕਿਹਾ ਖ਼ਾਲਿਸਤਾਨ ਰਾਜ ਹੋਂਦ ਵਿਚ ਆਉਣ ’ਤੇ ਪਹਿਲੇ ਦਿਨ ਹੀ ਗੈਰ-ਜਿੰਮੀਦਾਰਾਂ ਨੂੰ ਬਰਾਬਰਤਾ ਦੇ ਆਧਾਰ ‘ਤੇ ਜ਼ਮੀਨਾਂ ਅਲਾਟ ਕੀਤੀਆਂ ਜਾਣਗੀਆਂ : ਮਾਨ
ਅਕਾਲੀ ਦਲ(ਅ) ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਮਨਾਏ ਜਨਮ ਦਿਹਾੜੇ ਦੇ ਸਮਾਗਮ ‘ਚ ਹਜ਼ਾਰਾਂ ਦੀ ਇਕੱਤਰਤਾ ਹੋਈ
maan
ਅਰੁਣ ਆਹੂਜਾ
ਫਤਹਿਗੜ੍ਹ ਸਾਹਿਬ, 12 ਫਰਵਰੀ- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸਾਹਮਣੇ ਲਗਾਏ ਪੰਡਾਲ ਵਿਚ ਮਨਾਏ 69ਵੇਂ ਜਨਮ ਦਿਹਾੜੇ ਦੇ ਸਮਾਗਮ ‘ਚ ਹਜ਼ਾਰਾਂ ਦੀ ਗਿਣਤੀ ਵਿਚ ਵੱਖ-ਵੱਖ ਪੰਥਕ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਿਤ ਹੁੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਜਿੱਥੇ ਸੰਤ ਭਿੰਡਰਾਂਵਾਲਿਆਂ ਦੀ ਸ਼ਖ਼ਸੀਅਤ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੱਤੀ, ਉੱਥੇ ਉਨ੍ਹਾਂ ਵੱਲੋਂ ਕੌਮ ਲਈ ਮਿਥੀ ਮੰਜ਼ਿਲ ਤੇ ਨਿਸ਼ਾਨੇ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਦ੍ਰਿੜ੍ਹਤਾ ਤੇ ਸੰਜੀਦਗੀ ਨਾਲ ਇੱਕ ਤਾਕਤ ਹੋ ਕੇ ਪ੍ਰਾਪਤ ਕਰਨ ਦਾ ਤਹੱਈਆ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਸਟੇਟ ਜਮਹੂਰੀਅਤ ਅਤੇ ਅਮਨਮਈ ਕਦਰਾਂ-ਕੀਮਤਾਂ ਉੱਤੇ ਆਧਾਰਿਤ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਸਿੱਖ ਵਸੋ ਵਾਲੇ ਇਲਾਕੇ ਵਿਚ ਜਲਦੀ ਹੀ ਕਾਇਮ ਹੋਵੇਗਾ। ਇਸ ਸਟੇਟ ਵਿਚ ਸਭ ਕੌਮਾਂ ਨੂੰ ਸੰਪੂਰਨ ਤੌਰ ਤੇ ਆਪੋ-ਆਪਣੇ ਧਰਮ ਵਿਚ ਕਾਇਮ ਰਹਿੰਦੇ ਹੋਏ ਜਿੱਥੇ ਆਜ਼ਾਦੀ ਨਾਲ ਵਿਚਰਨ ਦੀ ਪੂਰੀ ਖੁੱਲ੍ਹ ਹੋਵੇਗੀ, ਉੱਥੇ ਸਭਨਾਂ ਲਈ ਵਿੱਦਿਆ ਅਤੇ ਸਿਹਤ ਸਹੂਲਤਾਂ ਦਾ ਮੁਫ਼ਤ ਪ੍ਰਬੰਧ ਹੋਵੇਗਾ ਅਤੇ ਜੋ ਗੈਰ-ਜਿੰਮੀਦਾਰ ਖ਼ਾਲਿਸਤਾਨ ਸਟੇਟ ਦੇ ਨਿਵਾਸੀ ਹੋਣਗੇ, ਉਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੀ ਸਿੱਖ ਸਟੇਟ ਦੀ ਤਰ੍ਹਾਂ ਖ਼ਾਲਿਸਤਾਨ ਸਟੇਟ ਕਾਇਮ ਹੋਣ ਦੇ ਪਹਿਲੇ ਦਿਨ ਹੀ ਜ਼ਮੀਨਾਂ ਦੀ ਵੰਡ ਕਰਕੇ ਦੂਸਰਿਆਂ ਦੇ ਬਰਾਬਰ ਮਾਲਕ ਬਣਾਇਆ ਜਾਵੇਗਾ। ਸ. ਮਾਨ ਨੇ ਸਿੱਖ ਕੌਮ ਨੂੰ ਪੰਥ ਵਿਰੋਧੀ ਸਾਜ਼ਿਸ਼ਾਂ ਅਤੇ ਹਿੰਦੂਤਵ ਤਾਕਤਾਂ ਦੇ ਹੱਥ-ਠੋਕੇ ਬਣੇ ਅਖੌਤੀ ਸਿੱਖਾਂ ਤੋ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਅੱਜ ਦੇ ਇਕੱਠ ਵਿਚ ਸਰਬਸੰਮਤੀ ਨਾਲ 8 ਮਤੇ ਪਾਸ ਕੀਤੇ ਗਏ। ਸਟੇਜ ਉੱਤੇ ਇਹ ਮਤੇ ਪੰਥਕ ਸੇਵਾ ਲਹਿਰ(ਦਾਦੂਵਾਲ) ਦੇ ਕਾਰਜਕਾਰੀ ਪ੍ਰਧਾਨ ਜਥੇ. ਪ੍ਰਦੀਪ ਸਿੰਧ ਚਾਂਦਪੁਰਾ ਨੇ ਪੜ੍ਹਿਆ, ਜਿਨ੍ਹਾਂ ਵਿਚ ਪਹਿਲੇ ਮਤੇ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਨ੍ਹਾਂ ਲੋਕਾਂ ਅਤੇ ਤਾਕਤਾਂ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਜੋ ਗੁਰਸਿੱਖ ਦੀਆਂ ਨਿੱਤਨੇਮ ਦੀਆਂ ਪੰਜ ਬਾਣੀਆਂ, ਦਸਮ ਗ੍ਰੰਥ ਅਤੇ ਅਰਦਾਸ ਸੰਬੰਧੀ ਭੁਲੇਖੇ ਖੜੇ ਕਰਕੇ ਸਿੱਖ ਕੌਮ ਨੂੰ ਦੁਫਾੜ ਕਰਨਾ ਚਾਹੁੰਦੇ ਹਨ, ਦੂਸਰੇ ਮਤੇ ਵਿਚ ‘‘ਇਨ ਗ਼ਰੀਬ ਸਿੱਖਨ ਕੋ ਦੇਊ ਪਾਤਸ਼ਾਹੀੂ ਉੱਤੇ ਆਧਾਰਿਤ ਸਮੁੱਚੇ ਧਰਮਾਂ, ਕੌਮਾਂ ਅਤੇ ਵਰਗਾਂ ਦੀ ਬਰਾਬਰੀ ਤੇ ਇਨਸਾਫ਼ ਵਾਲਾ ਰਾਜ ਪ੍ਰਬੰਧ ਦੇਣ ਲਈ ਖ਼ਾਲਿਸਤਾਨ ਸਟੇਟ ਕਾਇਮ ਕਰਨ, ਤੀਸਰੇ ਮਤੇ ਵਿਚ ਸਮੁੱਚੀਆਂ ਪੰਥਕ ਪਾਰਟੀਆਂ ਅਤੇ ਹਮਖ਼ਿਆਲ ਜਮਾਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਇਕੱਤਰ ਕਰਕੇ ਵਿੱਢੇ ਆਜ਼ਾਦੀ ਦੇ ਸੰਘਰਸ਼ ਦੀ ਪ੍ਰਾਪਤੀ, ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਵੱਸਣ ਸਿੰਘ ਜ਼ਫਰਵਾਲ, ਸਤਨਾਮ ਸਿੰਘ ਮਨਾਵਾਂ ਅਤੇ ਸ. ਸੂਰਤ ਸਿੰਘ ਖ਼ਾਲਸਾ ਦੀ ਜ਼ਿੰਦਗੀ ਨੂੰ ਬਚਾਉਣ ਹਿਤ ਸਮੁੱਚੇ ਸਿੰਘਾਂ ਦੀ ਰਿਹਾਈ ਦੀ ਮੰਗ, ਕਿਸਾਨਾਂ ਤੇ ਗ਼ਰੀਬਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣ ਹਿਤ ਪੰਥਕ ਸਰਕਾਰ ਬਣਨ ‘ਤੇ ਇਹਨਾਂ ਵਰਗਾਂ ਦੇ ਸਭ ਕਰਜ਼ੇ ਮੁਆਫ਼ ਕਰਨ ਅਤੇ ਕਿਸਾਨਾਂ ਦੀ ਪੈਦਾਵਾਰ ਲਈ ਬੀਜਾਂ, ਦਵਾਈਆਂ, ਖਾਦਾਂ ਵਿਚ ਹੋਣ ਵਾਲੀ ਮਿਲਾਵਟ ਨੂੰ ਸਖ਼ਤੀ ਨਾਲ ਰੋਕਣ ਅਤੇ ਉਨ੍ਹਾਂ ਨੂੰ ਮਾਲੀ ਤੌਰ ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਨਸ਼ੀਲੀਆਂ ਵਸਤਾਂ ਦੀ ਹਰ ਪੱਧਰ ਤੇ ਰੋਕਥਾਮ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਂਵਾਂ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਹਿਤ 27 ਫਰਵਰੀ 2016 ਨੂੰ ਬਰਗਾੜੀ ਤੋ ਲੈ ਕੇ ਫ਼ਰੀਦਕੋਟ ਤੱਕ ‘‘ਮਨੁੱਖੀ ਚੈਨੂ ਬਣਾਉਣ ਦੇ ਉਲੀਕੇ ਗਏ ਪ੍ਰੋਗਰਾਮ ਵਿਚ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਬੇਨਤੀ, ਪੁਰਤਗਾਲ ਹਕੂਮਤ ਨੂੰ ਭਾਈ ਪਰਮਜੀਤ ਸਿੰਘ ਪੰਮਾ ਨੂੰ ਕਿਸੇ ਵੀ ਹਾਲਤ ਵਿਚ ਭਾਰਤ ਦੇ ਹਵਾਲੇ ਨਾ ਕਰਨ ਅਤੇ ਉਸ ਨੂੰ ਵਾਪਸ ਬਰਤਾਨੀਆ ਭੇਜਣ ਦੀ ਬੇਨਤੀ ਅਤੇ ਅਖੀਰਲੇ ਅੱਠਵੇਂ ਮਤੇ ਵਿਚ ਜਿਨ੍ਹਾਂ ਐਨ.ਆਰ.ਆਈਜ਼ ਦੀਆਂ ਜ਼ਮੀਨਾਂ-ਜ਼ਾਇਦਾਦਾਂ ਉੱਤੇ ਪੰਜਾਬ ਸਰਕਾਰ ਨੇ ਕਥਿਤ ਮਿਲੀਭੁਗਤ ਕਰਕੇ ਕਥਿਤ ਰੂਪ ਵਿਚ ਜਬਰੀ ਕਬਜ਼ੇ ਕੀਤੇ ਹਨ, ਉਨ੍ਹਾਂ ਦੀਆਂ ਜਾਇਦਾਦਾਂ ਨੂੰ 2017 ਵਿਚ ਬਣਨ ਵਾਲੀ ਪੰਥਕ ਸਰਕਾਰ ਵੱਲੋਂ ਵਾਪਸ ਦੇਣ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਸੰਬੰਧੀ ਮਤੇ ਪਾਸ ਕੀਤੇ ਗਏ। ਸ. ਮਾਨ ਨੇ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਵੱਲੋਂ ਲਿਖੀ ਕਿਤਾਬ ਜਿਸ ਵਿਚ ਉਨ੍ਹਾਂ ਸ਼੍ਰੀ ਦਰਬਾਰ ਸਾਹਿਬ ‘ਤ ਹੋਏ ਹਮਲੇ ਨੂੰ ਸਹੀ ਦੱਸਿਆ ਸੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਰਾਸ਼ਟਰਪਤੀ ਗੁਰੂ ਗੋਬਿੰਦ ਸਿੰਘ ਹੈ ਨਾ ਕਿ ਕੋਈ ਹੋਰ।
ਸ਼ਹੀਦਾਂ ਅਤੇ ਜ਼ਖਮੀ ਪ੍ਰਦਰਸ਼ਨਕਾਰੀਆਂ ਦਾ ਹੋਇਆ ਸਨਮਾਨ-ਇਸ ਮੌਕੇ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਾਂ ਅਤੇ ਹੋਰ ਵੀ ਜ਼ਖਮੀ ਹੋਏ ਅੱਧੀ ਦਰਜਨ ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਸ. ਮਾਨ ਅਤੇ ਸਰਬੱਤ ਖ਼ਾਲਸਾ ਕਮੇਟੀ ਵੱਲੋਂ 1-1 ਲੱਖ ਅਤੇ 50-50 ਹਜ਼ਾਰ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਟਰੈਫ਼ਿਕ ਜਾਮ ਹਟਾਉਣ ਵਿਚ ਸਫਲ ਰਹੀ ਜ਼ਿਲ੍ਹਾ ਟ੍ਰੈਫਿਕ ਪੁਲਿਸ- ਇਹ ਸਮਾਗਮ ਦੁਪਹਿਰ ਕਰੀਬ 1 ਵਜੇ ਸ਼ੁਰੂ ਹੋਇਆ ਅਤੇ ਉਦੋਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਅਕਾਲੀ ਦਲ(ਅ) ਦੇ ਆਏ ਪਾਰਟੀ ਵਰਕਰਾਂ ਦੇ ਜਥਿਆਂ ਦਾ ਪੰਡਾਲ ‘ਚ ਸ਼ਾਮਲ ਹੋਣਾ ਸ਼ੁਰੂ ਹੋਇਆ ਉਸੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਸੜਕਾਂ ‘ਤੇ ਸੈਂਕੜਾ ਦੀ ਗਿਣਤੀ ਵਿਚ ਪਹੁੰਚੇ ਬੱਸਾਂ, ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਕਾਰਨ ਟ੍ਰੈਫਿਕ ਜਾਮ ਲੱਗਣਾ ਸ਼ੁਰੂ ਹੋ ਗਿਆ। ਇਹ ਜਾਮ ਕਈ ਘੰਟੇ ਲੱਗਾ ਰਹਿਣਾ ਸੀ ਜੇਕਰ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਕਰਨੈਲ ਸਿੰਘ ਆਪਣੀ ਟੀਮ ਨੂੰ ਲੈ ਕੇ ਮੌਕੇ ‘ਤੇ ਨਾ ਪਹੁੰਚਦੇ। ਸ. ਕਰਨੈਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਬਾਖ਼ੂਬੀ ਇਸ ਜਾਮ ਹਟਾਇਆ, ਜਿਸ ਕਾਰਨ ਸੈਂਕੜਾ ਵਾਹਨ ਚਾਲਕਾਂ ਦਾ ਸਮਾਂ ਬੱਚ ਗਿਆ।
ਸੂਬੇ ਭਰ ਤੋਂ ਆਏ ਸਮਰਥਕਾਂ ਨੇ ਮਾਨ ਨਾਲ ਕਰਵਾਈ ਸੈਲਫ਼ੀ- ਅੱਜ ਇਸ ਸਮਾਗਮ ਵਿਚ ਸੂਬੇ ਭਰ ਤੋਂ ਆਏ ਅਕਾਲੀ ਦਲ(ਅ) ਦੇ ਵਰਕਰਾਂ ਅਤੇ ਪਾਰਟੀ ਸਮਰਥਕਾਂ ਨੇ ਸਟੇਜ ‘ਤੇ ਬਿਰਾਜਮਾਨ ਹੋਏ ਸ. ਮਾਨ ਦੇ ਸਨਮੁੱਖ ਹੁੰਦੇ ਹੋਏ ਉਨ੍ਹਾਂ ਨਾਲ ਸੈਲਫੀ ਵੀ ਲਈ ਇਨ੍ਹਾਂ ਵਿਚ ਬੱਚਿਆ, ਬਜ਼ੁਰਗ, ਨੌਜਵਾਨ ਅਤੇ ਔਰਤਾਂ ਵੀ ਸ਼ਾਮਲ ਸਨ।
ਸਮਾਗਮ ਦੇ ਆਖੀਰ ਵਿਚ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।