ਜ਼ੀਰਕਪੁਰ ਵਿੱਚ ‘ਚਿੱਟੇ’ ਦੇ ਸ਼ਿਕਾਰ ਨਸ਼ੇੜੀਆਂ ਦੀ ਭਾਲ ’ਚ ਜੁਟੀ ਪੁਲੀਸ

By February 12, 2016 0 Comments


policeਜ਼ੀਰਕਪੁਰ, (12 ਫਰਵਰੀ,ਹਰਜੀਤ ਸਿੰਘ):ਡੇਰਾਬਸੀ ਪੁਲੀਸ ਵੱਲੋਂ ਲੰਘੇ ਦਿਨੀਂ ਜ਼ੀਰਕਪੁਰ ਵਿੱਚ ‘ਚਿੱਟਾ’ ਨਸ਼ਾ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਜ਼ੀਰਕਪੁਰ ਵਿੱਚ 22 ਦੇ ਕਰੀਬ ਨਸ਼ੇੜੀ ਹਨ ਜਿਨ੍ਹਾਂ ਵਿੱਚੋਂ ਪੁਲੀਸ ਹੁਣ ਤੱਕ 14 ਨੂੰ ਕਾਬੂ ਕਰ ਚੁੱਕੀ ਹੈ ਜਦਕਿ 8 ਨਸ਼ੇੜੀ ਹਾਲੇ ਵੀ ਖੁੱਲ੍ਹੇ ਘੁੰਮ ਰਹੇ ਹਨ। ਇਨ੍ਹਾਂ ਦੀ ਭਾਲ ਵਿੱਚ ਪੁਲੀਸ ਰੋਜ਼ਾਨਾ ਛਾਪੇਮਾਰੀ ਕਰ ਰਹੀ ਹੈ। ‘ਚਿੱਟੇ’ ਨਸ਼ੇ ਦੀ ਦਲਦਲ ਵਿੱਚ ਧਸਣ ਵਾਲਿਆਂ ਵਿੱਚ ਕੁੜੀਆਂ ਵੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਡੇਰਾਬਸੀ ਪੁਲੀਸ ਵੱਲੋਂ ਹੁਣ ਤੱਕ 14 ਨਸ਼ੇੜੀ ਕਾਬੂ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 2 ਨੂੰ ਨਸ਼ਾ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਜਾ ਚੁੱਕਿਆ ਹੈ ਜਦਕਿ ਬਾਕੀ 12 ਨੂੰ ਵੱਖ ਵੱਖ ਨਸ਼ਾ ਛੁਡਾੳੂ ਕੇਂਦਰਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਫ਼ਰਾਰ ਨਸ਼ੇੜੀਆਂ ਨੂੰ ਸੁਧਾਰਨ ਲਈ ਪੁਲੀਸ ਉਨ੍ਹਾਂ ਨੂੰ ਨਸ਼ਾ ਛੁਡਾੳੂ ਕੇਂਦਰਾਂ ਵਿੱਚ ਭਰਤੀ ਕਰਵਾਉਣਾ ਚਾਹੁੰਦੀ ਹੈ, ਪਰ ਉਹ ਅਜੇ ਤਕ ਪੁਲੀਸ ਦੇ ਹੱਥੇ ਨਹੀਂ ਚੜ੍ਹੇ।
ਜਾਣਕਾਰੀ ਮੁਤਾਬਕ ਪੁਲੀਸ ਨੂੰ ਹੁਣ ਤੱਕ ਜ਼ੀਰਕਪੁਰ ਵਿੱਚ ‘ਚਿੱਟਾ’ ਸਪਲਾਈ ਕਰਨ ਵਾਲੇ ਸਿਰਫ਼ ਇਕ ਗਰੋਹ ਬਾਰੇ ਹੀ ਪਤਾ ਲੱਗਾ ਹੈ। ਇਸੇ ਗਰੋਹ ਤੋਂ ਉਸ ਨੂੰ 22 ਨਸ਼ੇੜੀਆਂ ਬਾਰੇ ਸੂਹ ਲੱਗੀ ਹੈ। ਉਧਰ ਸੂਤਰਾਂ ਅਨੁਸਾਰ ਖੇਤਰ ਵਿੱਚ ਹੋਰ ਵੀ ਕਈ ਅਜਿਹੇ ਗਰੋਹ ਸਰਗਰਮ ਹਨ, ਜੋ ਨੌਜਵਾਨਾਂ ਨੂੰ ਨਸ਼ੇ ਦਾ ਆਦੀ ਬਣਾ ਕੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕਰ ਰਹੇ ਹਨ।
ਥਾਣਾ ਮੁਖੀ ਡੇਰਾਬਸੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜ਼ੀਰਕਪੁਰ ਵਿੱਚ ‘ਚਿੱਟਾ’ ਨਸ਼ਾ ਸਪਲਾਈ ਕਰਨ ਵਾਲਾ ਗਰੋਹ ਸਰਗਰਮ ਹੈ। ਡੀਐਸਪੀ ਡੇਰਾਬਸੀ ਅਰਸ਼ਦੀਪ ਸਿੰਘ ਦੀ ਅਗਵਾਈ ਵਿੱਚ ਮਾਮਲੇ ਦੀ ਕੀਤੀ ਪੜਤਾਲ ਮਗਰੋਂ ਹਰਿਆਣਾ ਤੋਂ ਨਸ਼ਾ ਲਿਆ ਕੇ ਜ਼ੀਰਕਪੁਰ ਖੇਤਰ ਵਿੱਚ ਸਪਲਾਈ ਕਰਨ ਵਾਲੇ ਸਥਾਨਕ ਦੋ ਨੌਜਵਾਨ ਪਿੰਡ ਭਾਂਖਰਪੁਰ ਤੋਂ ਗ੍ਰਿਫ਼ਤਾਰ ਕੀਤੇ ਗੲੇ ਸਨ। ਦੋਵਾਂ ਤੋਂ ਕੀਤੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਹ ਜ਼ੀਰਕਪੁਰ ਵਿੱਚ 20 ਦੇ ਕਰੀਬ ਲੋਕਾਂ ਨੂੰ ਨਸ਼ਾ ਸਪਲਾਈ ਕਰਦੇ ਹਨ। ਨਸ਼ੇੜੀਆਂ ਵਿੱਚ ਇਕ ਲੜਕੀ, ਤਿੰਨ ਵਿਦਿਆਰਥੀ, ਤਿੰਨ ਵਿਆਹੇ ਹੋਏ ਨੌਜਵਾਨ ਤੇ ਕੁਝ ਦੁਕਾਨਦਾਰ ਸ਼ਾਮਲ ਹਨ। ਨਸ਼ੇੜੀਆਂ ਦੀ ਸੂਚੀ ਵਿੱਚ ਵੱਡੀ ਗਿਣਤੀ ਪ੍ਰਾਪਰਟੀ ਡੀਲਰਾਂ ਦੀ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ

ਜ਼ਿਆਦਾਤਰ ਨਸ਼ੇੜੀਆਂ ਦੇ ਘਰਾਂ ਵਿੱਚ ਉਨ੍ਹਾਂ ਦੇ ਨਸ਼ਾ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਫ਼ਰਾਰ ਨਸ਼ੇੜੀਆਂ ਦੇ ਪਰਿਵਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਬੰਧਤ ਵਿਅਕਤੀਆਂ ਨੂੰ ਛੇਤੀ ਨਸ਼ਾ ਛੁਡਾੳੂ ਕੇਂਦਰਾਂ ਵਿੱਚ ਭਰਤੀ ਕਰਵਾ ਕੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਉਂਜ ਪੁਲੀਸ ਨੇ ਦਾਅਵਾ ਕੀਤਾ ਹੈ ਕਿ ‘ਚਿੱਟਾ’ ਨਸ਼ਾ ਹਰਿਆਣਾ ਦੇ ਪਿੰਜੌਰ ਅਤੇ ਸ਼ਾਹਬਾਦ ਤੋਂ ਲਿਆ ਕੇ ਇਥੇ ਸਪਲਾਈ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਨਸ਼ਾ ਸਪਲਾਈ ਕਰਨ ਵਾਲੀ ਇਕ ਚੇਨ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ ਤੇ ਜ਼ੀਰਕਪੁਰ ਵਿੱਚ ਹੋਰ ਨਸ਼ੇ ਸਪਲਾਈ ਕਰਨ ਵਾਲੇ ਗਰੋਹਾਂ ਦੀ ਭਾਲ ਸਰਗਰਮੀ ਨਾਲ ਕੀਤੀ ਜਾ ਰਹੀ ਹੈ।
ਪਟਿਆਲਾ ਪੁਲੀਸ ਵੱਲੋਂ ਲੱਖਾਂ ਰੁਪਏ ਦੇ ਨਸ਼ੇ ਨਸ਼ਟ
ਡੇਰਾਬਸੀ (ਨਿੱਜੀ ਪੱਤਰ ਪ੍ਰੇਰਕ): ਪਟਿਆਲਾ ਪੁਲੀਸ ਨੇ ਅਦਾਲਤੀ ਹੁਕਮਾਂ ’ਤੇ ਲੱਖਾਂ ਰੁਪਏ ਦੇ ਨਸ਼ੇ ਅੱਜ ਡੇਰਾਬਸੀ ਦੀ ਇਕ ਉਦਯੋਗਿਕ ਇਕਾਈ ਦੀ ਭੱਠੀ ਵਿੱਚ ਨਸ਼ਟ ਕਰ ਦਿੱਤੇ। ਇਨ੍ਹਾਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪੰਜ ਥਾਣਿਆਂ ਤੋਂ ਲਿਆਂਦੀ ਗਈ ਲੱਖਾਂ ਰੁਪਏ ਕੀਮਤ ਦੀ ਕਰੀਬ 37 ਕੁਇੱਟਲ ਭੁੱਕੀ ਸਮੇਤ ਹੋਰ ਨਸ਼ੇ ਸ਼ਾਮਲ ਸੀ। ਇਹ ਸਾਰੀ ਕਾਰਵਾਈ ਐਸਐਸਪੀ ਪਟਿਆਲਾ ਗੁਰਮੀਤ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਪਟਿਆਲਾ ਪੁਲੀਸ ਦੇ ਐਸਪੀ (ਇਨਵੈਸਟੀਗੇਸ਼ਨ) ਪਰਮਜੀਤ ਸਿੰਘ ਗਰਾਇਆ ਦੀ ਅਗਵਾਈ ਵਿੱਚ ਆਈ ਟੀਮ ਨੇ ਨੇਪਰੇ ਚਾੜ੍ਹੀ। ਇਸ ਸਾਰੀ ਪ੍ਰਕਿਰਿਆ ਦੀ ਬਕਾਇਦਾ ਵੀਡੀਓਗ੍ਰਾਫ਼ੀ ਵੀ ਕੀਤੀ ਗਈ।

Posted in: ਪੰਜਾਬ