ਅਵਾਰਾ ਗੳੂਆਂ ਦਾ ਮੁੱਦਾ: ਦੁਕਾਨਦਾਰ ਤੇ ਕਿਸਾਨ ਭਿੜੇ

By February 12, 2016 0 Comments


farmerਬਰਨਾਲਾ, 12 ਫਰਵਰੀ – ਸ਼ਹਿਰ ’ਚ ਉਸ ਸਮੇਂ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਆਲੇ ਦੁਆਲੇ ਪਿੰਡਾਂ ਦੇ ਕੁਝ ਕਿਸਾਨਾਂ ਨੇ ਰੋਜ਼ਾਨਾ ਹੁੰਦੇ ਫਸਲੀ ਉਜਾੜੇ ਨੂੰ ਰੋਕਣ ਲਈ ਅਤੇ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਹੋਣ ਕਾਰਨ ਬੇਸਹਾਰਾ ਗਊਆਂ ਨੂੰ ਇਕੱਠਾ ਕਰਕੇ ਸ਼ਹਿਰ ਦੇ ਮੁੱਖ ਸਦਰ ਬਾਜ਼ਾਰ ਵਿੱਚ ਛੱਡ ਦਿੱਤਾ, ਜਿਸ ਕਾਰਨ ਬਾਜ਼ਾਰ ਵਿੱਚੋਂ ਲੰਘ ਰਹੇ ਰਾਹਗੀਰਾਂ ਨੂੰ ਆਪਣੀ ਜਾਨ ਬਚਾਉਣ ਲਈ ਦੁਕਾਨਾਂ ’ਚ ਸ਼ਰਨ ਲੈਣੀ ਪੲੀ। ਦੁਕਾਨਦਾਰਾਂ ਅਤੇ ਗਊ ਰੱਖਿਆ ਦਲ ਦੇ ਆਗੂਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਦੋਵੇਂ ਹੀ ਧਿਰਾਂ ਗੁੱਥਮ ਗੁੱਥੀ ਹੋ ਗਈਆਂ ਅਤੇ ਆਪਸ ’ਚ ਕੁੱਟਮਾਰ ਸ਼ੁਰੂ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਪਲਵਿੰਦਰ ਸਿੰਘ ਚੀਮਾ ਅਤੇ ਥਾਣਾ ਸਿਟੀ ਦੇ ਇੰਚਾਰਜ ਨਵਦੀਪ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ਕੀਤਾ। ਇਕ ਸਰਪੰਚ ਸਮੇਤ ਤਿੰਨ ਵਿਅਕਤੀਆਂ ਨੂੰ ਪੁਲੀਸ ਥਾਣੇ ਲੈ ਗਈ। ਦੋਵਾਂ ਧਿਰਾਂ ਨੇ ਇਸ ਮੁੱਦੇ ’ਤੇ ਨਾਅਰੇਬਾਜ਼ੀ ਵੀ ਕੀਤੀ।
ਗਊ ਰੱਖਿਆ ਦਲ ਅਤੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਅਤੇ ਮੋਨੂੰ ਗੋਇਲ ਨੇ ਕਿਹਾ ਕਿ 15-20 ਵਿਅਕਤੀ ਲਗਭਗ 70 ਗਊਆਂ ਨੂੰ ਬਾਜ਼ਾਰ ’ਚੋਂ ਦੀ ਭਜਾ ਕੇ ਉਨ੍ਹਾਂ ਦੀ ਕਥਿਤ ਕੁੱਟਮਾਰ ਕਰ ਰਹੇ ਸਨ। ਪ੍ਰਸ਼ਾਸਨ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੋਈ ਠੋਸ ਕਦਮ ਉਠਾਉਣਾ ਚਾਹੀਦਾ ਹੈ। ਪਿੰਡ ਮਨਾਲ ’ਚ ਸਰਕਾਰੀ ਤੌਰ ’ਤੇ ਗਊਸ਼ਾਲਾ ਦੀ ਉਸਾਰੀ ਹੋ ਰਹੀ ਹੈ। ਜਨਵਰੀ ਦੇ ਮਹੀਨੇ ’ਚ ਉਸ ਨੇ ਚਾਲੂ ਹੋ ਜਾਣਾ ਸੀ ਪਰ ਪਤਾ ਨਹੀਂ ਕਿਉਂ ਗਊਸ਼ਾਲਾ ਨੂੰ ਚਾਲੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੁੰਦਾ ਰਹੇਗਾ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ।
ਦੂਜੇ ਪਾਸੇ ਥਾਣਾ ਸਿਟੀ ਅੱਗੇ ਕਿਸਾਨਾਂ ਨੇ ਵੀ ਰੋਸ ਮੁਜ਼ਾਹਰਾ ਕੀਤਾ। ਗੱਲਬਾਤ ਕਰਦਿਆਂ ਜਥੇਦਾਰ ਹਾਕਮ ਸਿੰਘ ਨੇ ਕਿਹਾ ਕਿ ਸੰਘੇੜਾ ਰੋਡ, ਠੀਕਰੀਵਾਲਾ ਰੋਡ ਅਤੇ ਨਾਈਵਾਲਾ ਰੋਡ ਦੇ ਕਿਸਾਨਾਂ ਨੇ ਮਿਲ ਕੇ ਇਨ੍ਹਾਂ ਗਊਆਂ ਨੂੰ ਕਿਤੇ ਦੂਰ ਛੱਡਣ ਦਾ ਫੈਸਲਾ ਕੀਤਾ ਸੀ, ਪਰ ਸ਼ਹਿਰ ਵਾਸੀਆਂ ਨੇ ਕਿਸਾਨਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਗਊਆਂ ਦੀ ਸੰਭਾਲ ਦਾ ਠੋਸ ਪ੍ਰਬੰਧ ਕਰੇ ਤਾਂ ਜੋ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ।
ਥਾਣਾ ਸਿਟੀ ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪਰਮਜੀਤ ਸਿੰਘ ਸਰਪੰਚ ਮਨੀਸ਼ਰ ਕੋਠੇ, ਸਾਧੂ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਰਨਾਲਾ, ਚਮਕੌਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਠੀਕਰੀਵਾਲ ਨੂੰ ਹਿਰਾਸਤ ’ਚ ਲੈ ਲਿਆ ਸੀ। ਇਸ ਮਗਰੋਂ ਦੋਵੇਂ ਧਿਰਾਂ ਦੀ ਗੱਲਬਾਤ ਕਰਵਾਈ। ਕਿਸਾਨਾਂ ਵੱਲੋਂ ਲਿਖਤੀ ਮੁਆਫੀ ਮੰਗਣ ’ਤੇ ਇਸ ਮਾਮਲੇ ਨੂੰ ਨਿਬੇਡ਼ ਦਿੱਤਾ ਗਿਆ।

Posted in: ਪੰਜਾਬ