ਸ੍ਰੀ ਅਕਾਲ ਤਖਤ ਤੋ ਬੁਲਾਵਾ ਆਵੇਗਾ ਤਾਂ ਨੰਗੇ ਪੈਰੀ ਪੁੱਜਾਗਾ, ਪਰ ਕੋਈ ਗਲਤੀ ਨਹੀ ਕੀਤੀ-ਲੰਗਾਹ

By February 12, 2016 0 Comments


Sucha-Singh-Langaਸਾਬਕਾ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇਂ ਮੈਂਬਰ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਕਰੀਬ 20 ਸਾਲਾ ਤੋ ਚੱਲੇ ਆ ਰਹੇ ਮੈਂਬਰ ਸ੍ਰ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਢਾਡੀ ਸਤਨਾਮ ਸਿੰਘ ਲਾਗੂ ਘੁੰਮਣ ਦੇ ਮਾਮਲੇ ਨੂੰ ਲੈ ਕੇ ਜੇਕਰ ਉਹਨਾਂ ਨੂੰ ਅਕਾਲ ਤਖਤ ਤੋ ਬੁਲਾਵਾ ਆਵੇਗਾ ਤਾਂ ਉਹ ਆਪਣਾ ਸਪੱਸ਼ਟੀਕਰਨ ਲਈ ਖਿੜੇ ਮੱਥੇ ਪ੍ਰਵਾਨ ਕਰਨਗੇ ਤੇ ਨੰਗੇ ਪੈਰੀ ਜਾਣਗੇ ਪਰ ਉਹਨਾਂ ਨੇ ਕੋਈ ਗਲਤੀ ਨਹੀ ਕੀਤੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੇ ਨਿਸ਼ਾਨ ਸਾਹਿਬ ਦੇ ਚੋਲੇ ਚੜਾਉਣ ਉਪਰੰਤ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਰਸਮੀ ਗੱਲਬਾਤ ਕਰਦਿਆ ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ ਸੁੱਚਾ ਸਿੰਘ ਲੰਗਾਹ ਨੇ ਸਪੱਸ਼ਟ ਕੀਤਾ ਕਿ ਉਹਨਾਂ ਨੇ ਕਿਸੇ ਵੀ ਕਿਸਮ ਦੀ ਬਦਤਮੀਜੀ ਢਾਡੀ ਸਤਨਾਮ ਸਿੰਘ ਨਾਲ ਨਹੀ ਕੀਤੀ ਤੇ ਅੱਜ ਵੀ ਉਹਨਾਂ ਦੇ ਢਾਡੀ ਨਾਲ ਸੁਖਾਵੇ ਸਬੰਧ ਹਨ। ਉਹਨਾਂ ਕਿਹਾ ਕਿ ਸਿਰਫ ਇੰਨਾ ਜਰੂਰ ਹੋਇਆ ਸੀ ਜਦੋ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵੱਲ ਜਾ ਰਹੇ ਸਨ ਤਾਂ ਉਹਨਾਂ ਨੇ ਢਾਡੀ ਨੂੰ ਇਤਿਹਾਸ ਦੇ ਨਾਲ ਨਾਲ ਕੁਝ ਹੋਰ ਵੀ ਜੋੜ ਦੱਸੇ ਜਾਣ ਦਾ ਵਿਰੋਧ ਕੀਤਾ ਸੀ ਕਿ ਇਤਿਹਾਸ ਨਾਲ ਕਿਸੇ ਵੀ ਹੋਰ ਸਾਖੀ ਨੂੰ ਰਲਗਡ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੇ ਢਾਡੀ ਕੋਲੋ ਮਾਈਕ ਬਿਲਕੁਲ ਨਹੀ ਖੋਹਿਆ ਸਗੋ ਮਾਈਕ ਤੇ ਗੱਲ ਕਰਨ ਦੀ ਜਦੋ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਤਾਂ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਤੇ ਉਹਨਾਂ ਨੂੰ ਦੋ ਮਿੰਟ ਲਈ ਮਾਈਕ ਲੈ ਕੇ ਦਿੱਤਾ ਸੀ ਤੇ ਉਹਨਾਂ ਨੇ ਸਿਰਫ ਢਾਡੀਆ ਨੂੰ ਇਹ ਹੀ ਸੁਝਾਅ ਦਿੱਤਾ ਸੀ ਕਿ ਇਤਿਹਾਸ ਨਾਲ ਕੁਝ ਹੋਰ ਨਾ ਜੋੜਿਆ ਜਾਵੇ ਇਸ ਨਾਲ ਸੰਗਤਾਂ ਵਿੱਚ ਦੁਬਿਧਾ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਸੰਸਥਾ ਦੇ ਟਰੱਸਟੀ ਹੋਣ ਦੇ ਨਾਤੇ ਉਹਨਾਂ ਨੂੰ ਸੁਝਾਅ ਦੇਣ ਦਾ ਪੂਰਾ ਅਧਿਕਾਰ ਹੈ। ਉਹਨਾਂ ਕਿਹਾ ਕਿ ਅਖਬਾਰਾਂ ਵਾਲਿਆ ਨੇ ਬਾਤ ਦਾ ਬਤੰਗੜ ਜਾਣ ਬੁੱਝ ਕੇ ਬਣਾਇਆ ਹੈ। ਉਹਨਾਂ ਕਿਹਾ ਕਿ ਢਾਡੀ ਵਾਰਾ ਗਾਉਣ ‘ਤੇ ਸ਼ਰੋਮਣੀ ਕਮੇਟੀ ਵੱਲੋ ਸਮਾਂ ਘਟਾਏ ਜਾਣ ਦੀ ਉਹਨਾਂ ਨੂੰ ਕੋਈ ਜਾਣਕਾਰੀ ਨਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠ ਕੇ ਵਾਰਾ ਸੁਣੀਆ ਹਨ ਤੇ ਉਹ ਢਾਡੀਆ ਕੋਲੋ ਵਾਰਾ ਸੁਨਣਾ ਪਸੰਦ ਕਰਦੇ ਹਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸ਼ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਭੌਰ ਤੇ ਅੰਤਰਿੰਗ ਕਮੇਟੀ ਦੇ ਮੈਬਰ ਕਰਨੈਲ ਸਿੰਘ ਪੰਜੋਲੀ ਹੀ ਮੰਗ ਕਰ ਰਹੇ ਹਨ ਕਿ ਲੰਗਾਹ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਤਾਂ ਉਹਨਾਂ ਕਿਹਾ ਕਿ ਉਹ ਸਾਡੇ ਕਦੇ ਵੀ ਹਮਦਰਦ ਨਹੀ ਰਹੇ ਸਗੋ ਉਹਨਾਂ ਨੇ ਅਕਾਲੀ ਦਲ ਵਿੱਚ ਰਹਿ ਕੇ ਵਿਰੋਧੀ ਸੁਰਾਂ ਅਲਾਪੀਆ ਹਨ। ਉਹਨਾਂ ਕਿਹਾ ਕਿ ਉਹ ਕਿਸੇ ਦਾ ਵੀ ਜਵਾਬ ਨਹੀ ਦਿੰਦੇ ਕਿਉਕਿ ਕੱਚੀਆ ਪਿੱਲੀਆ ਗੱਲਾਂ ਦਾ ਕੋਈ ਆਧਾਰ ਨਹੀ ਹੁੰਦਾ ਤੇ ਕੁਝ ਲੋਕ ਨਾ ਚਮਕਾਉਣ ਲਈ ਹੀ ਅਧਾਰਹੀਣ ਬਿਆਨ ਦਾਗ ਕੇ ਅਖਬਾਰਾਂ ਵਿੱਚ ਰਹਿੰਦੇ ਹਨ।

Posted in: ਪੰਜਾਬ