ਸ਼੍ਰੋਮਣੀ ਕਮੇਟੀ ਦੀਆ ਜਨਰਲ ਚੋਣਾਂ ਸਮੇਂ ਸਿਰ ਹੋਣ ਦੇ ਕੋਈ ਆਸਾਰ ਨਹੀ- ਸੁਖਬੀਰ ਬਾਦਲ

By February 11, 2016 0 Comments


8
ਅੰਮ੍ਰਿਤਸਰ 11 ਫਰਵਰੀ (ਜਸਬੀਰ ਸਿੰਘ ਪੱਟੀ) ਸ੍ਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਸਮੇਂ ਸਿਰ ਕਰਵਾਏ ਜਾਣ ਦੀ ਗੱਲ ਕਰਦਿਆ ਕਿਹਾ ਕਿ ਇਹਨਾਂ ਚੋਣਾਂ ਵਿੱਚ ਕੇਵਲ ਸਿੱਖਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਇਸ ਸਬੰਧੀ ਉਹ ਕੇਂਦਰ ਕੋਲੋ ਮੰਗ ਕਰਦੇ ਹਨ ਕਿ ਮਾਰਚ ਵਿੱਚ ਲੋਕ ਸਭਾ ਦੇ ਹੋਣ ਵਾਲੇ ਇਜਲਾਸ ਵਿੱਚ 1925 ਦੇ ਗੁਰੂਦੁਆਰਾ ਐਕਟ ਵਿੱਚ ਤਰਮੀਮ ਕੀਤੀ ਜਾਵੇ।
ਆਪਣੀ ਧਰਮ ਪਤਨੀ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖਸ਼ ਸਿੰਘ ਦੇ ਗੁਰੂਦੁਆਰੇ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਅਤੇ ਇੱਕ ਹੋਰ ਅਖੰਡ ਪਾਠ ਰੱਖਵਾਉਣ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਹਿਜਧਾਰੀ ਮੁੱਦੇ ਨੂੰ ਲੈ ਕੇ ਕੇਸ ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਚੋਣਾਂ ਸਮੇਂ ਸਿਰ ਹੋਣ ਦੇ ਕੋਈ ਆਸਾਰ ਨਹੀ ਹਨ ਪਰ ਉਹਨਾਂ ਨੇ ਕੇਂਦਰ ਸਰਕਾਰ ਨੂੰ ਇੱਕ ਮਤਾ ਭੇਜਿਆ ਹੈ ਕਿ 1925 ਦੇ ਗੁਰੂਦੁਆਰਾ ਐਕਟ ਵਿੱਚ ਤਰਮੀਮ ਕਰਕੇ ਸਹਿਜਧਾਰੀਆ ਨੂੰ ਵੋਟ ਦੇ ਦਿੱਤੇ ਅਧਿਕਾਰ ਦੀ ਮੱਦ ਵਿੱਚੋ ਕੱਢੀ ਜਾਵੇ। ਉਹਨਾਂ ਕਿਹਾ ਕਿ ਮਾਰਚ ਮਹੀਨੇ ਵਿੱਚ ਹੋਣ ਵਾਲੇ ਬੱਜਟ ਅਜਲਾਸ ਵਿੱਚ ਤਰਮੀਮ ਕੀਤੀ ਜਾਵੇ ਤਾਂ ਕਿ ਸਮੇਂ ਸਿਰ ਚੋਣਾਂ ਹੋ ਸਕਣ।
ਖਡੂਰ ਸਾਹਿਬ ਚੋਣ ਬਾਰੇ ਉਹਨਾਂ ਕਿਹਾ ਕਿ ਉਥੇ ਮੁਕਾਬਲਾ ਕੋਈ ਨਹੀ ਕਿਉਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਭਗੌੜੀਆ ਹੋ ਚੁੱਕੀਆ ਹਨ ਅਤੇ ਇਹਨਾਂ ਦੋਹਾਂ ਪਾਰਟੀਆ ਦਾ ਜਨਤਾ ਵਿੱਚ ਕੋਈ ਅਧਾਰ ਨਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਮਜਲੂਮਾਂ ਦੀ ਕਾਤਲ ਤੇ ਆਮ ਆਦਮੀ ਪਾਰਟੀ ਸਿਰਫ ਪਾਣੀ ਦਾ ਬੁੱਲਬਲਾ ਹੈ।ਆਮ ਆਦਮੀ ਪਾਰਟੀ ਵੱਲੋ ਪਰਿਵਾਰ ਜੋੜੋ ਮੁਹਿੰਮ ਨੂੰ ਸਿਰਫ ਸਟੰਟ ਦੱਸਦਿਆ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਨੱਚਣ ਕੁੱਦਣ ਵਾਲੇ ਜਿਹੜੇ ਲੋਕ ਸ਼ਾਮਲ ਹੋ ਰਹੇ ਹਨ ਉਹ ਮਨੋਰੰਜਨ ਤਾਂ ਕਰ ਸਕਦੇ ਹਨ ਪਰ ਸਿਆਸਤ ਨਹੀ । ਉਹਨਾਂ ਕਿਹਾ ਕਿ ਆਮ ਆਮਦੀ ਪਾਰਟੀ ਨੇ ਪਟਿਆਲਾ ਦੀ ਜ਼ਿਮਨੀ ਚੋਣ ਲੜ ਕੇ ਵੇਖ ਲਈ ਹੈ ਜਿਥੇ ਇਸ ਦੇ ਉਮੀਦਵਾਰ ਦੀ ਜ਼ਮਾਨਤ ਜਬਤ ਹੋ ਗਈ ਸੀ ਤੇ ਇਹ ਹਾਲ ਵਿਧਾਨ ਸਭਾ ਚੋਣਾਂ ਵਿੱਚ ਹੋਵੇਗਾ। ਮਿਸ਼ਨ 2017 ਬਾਰੇ ਉਹਨਾਂ ਕਿਹਾ ਕਿ 2017 ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਬਜ਼ੁਰਗਾਂ ਨੂੰ ਆਰਾਮ ਕਰਨ ਦੀ ਸਲਾਹ ਦੇ ਕੇ ਵੱਡੀ ਗਿਣਤੀ ਵਿੱਚ ਨਵੇਂ ਚਿਹਰੇ ਤੇ ਨੌਜਵਾਨ ਮੈਦਾਨ ਵਿੱਚ ਉਤਾਰੇ ਜਾਣਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆ ਦੀ ਪੇਟੈਂਟ ਪਾਰਟੀ ਹੈ ਤੇ ਲੋਕ ਅੱਜ ਵੀ ਇਸ ਨਾਲ ਵੱਡੀ ਗਿਣਤੀ ਵਿੱਚ ਜੁੜੇ ਹੋਏ ਹਨ।
ਕੈਪਟਨ ਅਮਰਿੰਦਰ ਸਿੰਘ ਵੱਲੋ ਪਿੰਡ ਪਿੰਡ ਮੁਹਿੰਮ ਸ਼ੁਰੂ ਕਰਨ ‘ਤੇ ਵਿਅੰਗ ਕੱਸਦਿਆ ਉਹਨਾਂ ਕਿਹਾ ਕਿ ਕੈਪਟਨ ਦੀ ਇਸ ਮੁਹਿੰਮ ਦਾ ਉਹ ਸਵਾਗਤ ਕਰਦੇ ਹਨ ਕਿਉਕਿ ਪੰਜਾਬ ਦੇ 13000 ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਆਪਣੀ ਸ਼ਕਲ ਤਾਂ ਵਿਖਾ ਦੇਵੇ। ਉਹਨਾਂ ਕਿਹਾ ਕਿ ਉਹ ਕੈਪਟਨ ਨੂੰ ਸਲਾਹ ਦਿੰਦੇ ਹਨ ਕਿ ਉਹ ਸਵੇਰੇ ਪੰਜ ਵਜੇ ਉੱਠ ਕੇ ਪਹਿਲਾਂ ਸੰਗਤ ਦਰਸ਼ਨ ਕਰੇ ਤੇ ਫਿਰ ਕਿਸੇ ਹੋਰ ਕੰਮ ਵੱਲ ਧਿਆਨ ਦੇਵੇ। ਉਹਨਾਂ ਕਿਹਾ ਕਿ ਕੈਪਟਨ ਵਰਗਾ ਬੰਦਾ ਜੇਕਰ ਚਾਰ ਹਜ਼ਾਰ ਪਿੰਡਾਂ ਵਿੱਚ ਹੀ ਜਾ ਆਵੇ ਤਾਂ ਉਸ ਲਈ ਬਹਾਦਰੀ ਵਾਲਾ ਕਾਰਜ ਹੋਵੇਗਾ।
ਅਕਾਲੀ ਭਾਜਪਾ ਗਠਜੋੜ ਬਾਰੇ ਉਹਨਾਂ ਕਿਹਾ ਕਿ 2017 ਦੀਆ ਚੋਣਾਂ ਦੋਵੇ ਪਾਰਟੀ ਰਲ ਕੇ ਲੜਣਗੀਆ ਤੇ ਪਹਿਲਾਂ ਦੀ ਤਰ•ਾ ਭਾਰਤੀ ਜਨਤਾ ਪਾਰਟੀ 23 ਸੀਟਾਂ ‘ਤੇ ਹੀ ਚੋਣ ਲੜੇਗੀ। ਉਹਨਾਂ ਕਿਹਾ ਕਿ ਇਹ ਅੰਤਿਮ ਫੈਸਲਾ ਹੈ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਜਦੋ ਉਹਨਾਂ ਦਾ ਧਿਆਨ ਕੁਝ ਲੀਡਰਾਂ ਵੱਲੋ ਇਸ ਐਲਾਨ ਨੂੰ ਗਲਤ ਦੱਸਣ ਬਾਰੇ ਪੁੱਛਿਆ ਤਾਂ ਉਹਨਾਂ ਕੋਈ ਵੀ ਟਿੱਪਣੀ ਕਰਨ ਤੋ ਇਨਕਾਰ ਕਰ ਦਿੱਤਾ। ਡਾਂ ਨਵਜੋਤ ਕੌਰ ਸਿੱਧੂ ਵੱਲੋ ਅਕਾਲੀ ਦਲ ਦੀ ਕਾਰਜਗੁਜਾਰੀ ਨੂੰ ਪਾਣੀ ਪਾਣੀ ਪੀ ਕੇ ਕੋਸਣ ਬਾਰੇ ਕੋਈ ਵੀ ਟਿੱਪਣੀ ਕਰਨ ਤੋ ਇਨਕਾਰ ਕਰਦਿਆ ਉਹਨਾਂ ਕਿਹਾ ਕਿ ਇਹ ਡਾਂ ਸਿੱਧੂ ਦੇ ਆਪਣੇ ਵਿਚਾਰ ਹਨ। ਸੂਬੇ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਰੁਜਗਾਰ ਦਿੱਤੇ ਜਾਣ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਅਗਲੇ ਸੱਤ ਅੱਠ ਮਹੀਨਿਆ ਵਿੱਚ ਇਹ ਭਰਤੀ ਕਰ ਲਈ ਜਾਵੇਗੀ ਅਤੇ ਪਟਵਾਰੀਆ ਦੀ ਭਰਤੀ ਦੀ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। ਪੰਜਾਬ ਵਿੱਚ ਵਿਕਾਸ਼ ਦੀ ਧੀਮੀ ਗਤੀ ਬਾਰੇ ਉਹਨਾਂ ਕਿਹਾ ਕਿ ਕਈ ਪ੍ਰਕਾਰ ਦੀਆ ਪ੍ਰਕਿਰਿਆਵਾ ਪੂਰੀਆ ਕਰਨ ਪੈਦੀਆ ਅਤੇ ਚਾਲੀ ਸਾਲਾ ਦਾ ਰੁੱਕਿਆ ਵਿਕਾਸ ਚਾਰ ਸਾਲਾ ਵਿੱਚ ਪੂਰਾ ਕਰਨ ਲਈ ਸਮਾਂ ਤਾਂ ਲੱਗਦਾ ਹੀ ਹੈ ਵੈਸੇ ਸਤੰਬਰ ਅਕਤੂਬਰ ਤੱਕ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਪਛਾਣ ਹੀ ਵੱਖਰੀ ਹੋਵੇਗੀ। ਇਸ ਸਮੇਂ ਉਹਨਾਂ ਦੇ ਨਾਲ ਪੁਲੀਸ ਕਮਿਸ਼ਨਰ ਸ੍ਰ ਜਤਿੰਦਰ ਸਿੰਘ ਔਲਖ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੋ ਇਲਾਵਾ ਹੋਰ ਵੀ ਕਈ ਲੀਡਰ ਨਾਲ ਸਨ।