ਸਭਰਾਵਾਂ ਦੀ ਜੰਗ ਦਾ ਜਰਨੈਲ – ਸਰਦਾਰ ਸ਼ਾਮ ਸਿੰਘ ਅਟਾਰੀ

By February 11, 2016 0 Comments


sham singh atatriਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ। ਤਰਾਸਦੀ ਇਹ ਰਹੀ ਕਿ ਉਨ੍ਹਾਂ ਦੀ ਮਹਾਰਾਣੀ ਜਿੰਦ ਕੌਰ ਅਤੇ ਸਭ ਤੋਂ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰੰਘ ਦਾ ਜੀਵਨ ਬੇਹੱਦ ਮੁਸੀਬਤਾਂ ਅਤੇ ਚੁਣੌਤੀਆਂ ਭਰਿਆ ਰਿਹਾ। ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਣੀ ਜਿੰਦਾਂ ਨਾਲ ਵਿਆਹ 1835 ਵਿੱਚ ਹੋਇਅਾ। ਮਹਾਰਾਣੀ ਜਿੰਦਾਂ ਨੂੰ ਬਾਅਦ ਵਿੱਚ ਮਹਾਰਾਣੀ ਜਿੰਦ ਕੌਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ। 6 ਸਤੰਬਰ, 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਦਲੀਪ ਸਿੰਘ ਦਾ ਜਨਮ ਹੋਇਆ।
1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਨਿੱਜੀ ਮਨੋਰਥਵਾਦੀਆਂ ਨੇ ਰਾਜ ਹਥਿਆਉਣ ਲਈ ਚਾਰ ਸਾਲਾਂ ਦੇ ਅੰਦਰ ਖ਼ਾਲਸਾ ਰਾਜ ਦੇ ਤਿੰਨ ਉੱਤਰਾਧਿਕਾਰੀਆਂ ਨੂੰ ਕਤਲ ਕਰ ਦਿੱਤਾ ਅਤੇ 10 ਸਾਲ ਦੇ ਅੰਦਰ ਗ਼ੱਦਾਰ ਅਤੇ ਖ਼ੁਦਗਰਜ਼ ਦਰਬਾਰੀਆਂ ਤੇ ਸਿੱਖ ਫ਼ੌਜ ਵਿਚਲੇ ਕੁਝ ਕੁ ਮੂੰਹ-ਜ਼ੋਰ ਹਿੱਸਿਆਂ ਨੇ ਪੰਜਾਹ ਸਾਲ ਦੇ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਦੀ ਮੌਤ ਪਿੱਛੋਂ ਮਹਾਰਾਜਾ ਦਲੀਪ ਸਿੰਘ, ਜੋ ਕਿ ਉਦੋਂ ਪੰਜ ਸਾਲ ਦੇ ਸਨ, ਦੀ ਸਿੱਖ ਰਾਜ ਦੇ ਵਾਰਸ ਵਜੋਂ 16 ਸਤੰਬਰ 1843 ਨੂੰ ਤਾਜਪੋਸ਼ੀ ਹੋਈ। ਮਹਾਰਾਣੀ ਜਿੰਦਾਂ ਨੂੰ ਉਨ੍ਹਾਂ ਦਾ ਸਰਪ੍ਰਸਤ ਥਾਪ ਦਿੱਤਾ ਗਿਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਡੋਗਰਿਆਂ ਦਾ ਅਹਿਮ ਰੋਲ ਤੇ ਪ੍ਰਭਾਵ ਰਿਹਾ। ਮਗਰੋਂ ਸਿੱਖ ਰਾਜ ਨੂੰ ਹਥਿਆਉਣ ਲਈ ਡੋਗਰਿਆਂ ਨੇ ਫਿਰੰਗੀਆਂ ਨਾਲ ਮਿਲ ਕੇ ਕੋਝੀਆਂ ਚਾਲਾਂ ਤਹਿਤ ਸਿੱਖ ਰਾਜ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਸਿੱਖ ਰਾਜ ਢਹਿੰਦੀ ਕਲਾ ਵੱਲ ਜਾਣ ਲੱਗਾ। ਡੋਗਰਿਆਂ ਦੀਆਂ ਸਾਜ਼ਿਸ਼ਾਂ ਸਦਕਾ ਸਿੱਖ ਫ਼ੌਜਾਂ ਮੁੱਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਹਾਰ ਚੁੱਕੀਆਂ ਸਨ। ਭਾਵੇਂ ਆਪਣਿਆਂ ਦੇ ਧੋਖੇ ਕਰਕੇ ਸਿੱਖ ਰਾਜ ਦੀ ਜਿੱਤ ਦਾ ਕੋਈ ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਫਿਰ ਵੀ ਖ਼ਾਲਸਾ ਫ਼ੌਜ ਆਪਣੀ ਆਨ-ਸ਼ਾਨ ਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਸਤੇ ਤਿਆਰ ਬਰ ਤਿਆਰ ਸੀ। ਅਖ਼ੀਰ ਸਿਰ ਧੜ ਦੀ ਬਾਜ਼ੀ ਜਿੱਤਣ ਲਈ ਸਭਰਾਵਾਂ ਦੇ ਮੈਦਾਨ ਵਿੱਚ ਜੂਝਣ ਲਈ ਦੋਵੇਂ ਫ਼ੌਜਾਂ ਇੱਕ ਦੂਜੀ ਦੇ ਸਾਹਮਣੇ ਆ ਖਲੋਤੀਆਂ। ਭਾਵੇਂ ਖ਼ਾਲਸਾ ਫ਼ੌਜ ਨੇ ਦਿਲ ਨਹੀਂ ਸੀ ਛੱਡਿਆ ਪਰ ਪਹਿਲੀਆਂ ਹਾਰਾਂ ਨੇ ਫ਼ੌਜਾਂ ਦਾ ਲੱਕ ਜ਼ਰੂਰ ਤੋੜ ਦਿੱਤਾ ਸੀ।
ਇਸ ਸੰਕਟ ਨਾਲ ਨਿਪਟਣ ਲਈ ਆਪਣੀ ਪੇਸ਼ ਨਾ ਜਾਂਦੀ ਵੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਹ ਹੀ ਸਿੱਖ ਰਾਜ ਨੂੰ ਇਸ ਮੁਸ਼ਕਿਲ ਦੀ ਘੜੀ ਸਮੇਂ ਸੰਕਟ ਵਿੱਚੋਂ ਬਾਹਰ ਕੱਢ ਸਕਦੇ ਹਨ। ਚਿੱਠੀ ਪੜ੍ਹ ਕੇੇ ਸ਼ਾਮ ਸਿੰਘ ਅਟਾਰੀ ਵਾਲੇ ਨੇ ਕਿਰਪਾਨ ਧੂਹ ਲਈ ਤੇ ਪਰਿਵਾਰ ਨੂੰ ਫ਼ਤਹਿ ਬੁਲਾ ਕੇ ਸਭਰਾਵਾਂ ਦੇ ਨਜ਼ਦੀਕ ਮੈਦਾਨ-ਏ-ਜੰਗ ਵਿੱਚ ਪਹੁੰਚ ਗਏ।
10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸਰਦਾਰ ਸ਼ਾਮ ਸਿੰਘ ਨੇ ਖ਼ਾਲਸਾ ਫ਼ੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਅਾਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਸਭਰਾਉਂ (ਜ਼ਿਲ੍ਹਾ ਫ਼ਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨ-ਏ-ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫ਼ੌਜਾਂ ਦਰਮਿਆਨ ਆਰ ਤੇ ਪਾਰ ਦੀ ਜੰਗ ਸ਼ੁਰੂ ਹੋ ਗਈ। ਦੋਵੇਂ ਬਾਦਸ਼ਾਹੀ ਫ਼ੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਦੋਵਾਂ ਧਿਰਾਂ ਦਰਮਿਆਨ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰੱਖਦਿਆਂ ਇੱਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਡੋਗਰਿਆਂ ਤੇ ਫਿਰੰਗੀਆਂ ਦਰਮਿਆਨ ਪਹਿਲਾਂ ਤੋਂ ਹੋਏ ਗੁਪਤ ਸਮਝੌਤੇ ਤਹਿਤ ਖ਼ਾਲਸਾ ਫ਼ੌਜਾਂ ਲਈ ਬਾਰੂਦ ਦੀ ਸਪਲਾਈ ਬੰਦ ਕਰ ਦਿੱਤੀ ਗਈ। ਇਸੇ ਸਾਜ਼ਿਸ਼ ਤਹਿਤ ਡੋਗਰੇ ਜਰਨੈਲ ਮੈਦਾਨ-ਏ-ਜੰਗ ਵਿੱਚੋਂ ਆਪਣੀਆਂ ਫ਼ੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ ਸਤਲੁਜ ਦਰਿਆ ਉੱਪਰ ਬਣਿਆ ਬੇੜੀਆਂ ਦਾ ਪੁਲ ਵੀ ਤੋੜ ਗਏ, ਜਿਸ ਕਰਕੇ ਹਜ਼ਾਰਾਂ ਸਿੱਖ ਫ਼ੌਜੀ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ। ਸਿੱਖ ਫ਼ੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ ਲੜਦਿਆਂ ਉਸ ਨੂੰ ਗੋਲੀਆਂ ਦੇ ਸੱਤ ਜ਼ਖ਼ਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆਂ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫ਼ੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਦੀ ਅੰਤ ਹਾਰ ਹੋ ਗਈ। ਇਸ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ:
‘ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਤੇਗਾਂ ਮਾਰੀਆਂ ਨੇ…
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’
ਉਧਰ, ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲੇ ਦੀ ਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿੱਚ 12 ਫਰਵਰੀ, 1846 ਨੂੰ ਪਤਨੀ ਦੀ ਚਿਖਾ ਦੇ ਨੇੜੇ ਹੀ ਕਰ ਦਿੱਤਾ ਗਿਆ। ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਯਾਦ ਵਿੱਚ ਹਰ ਸਾਲ 10 ਫਰਵਰੀ ਨੂੰ ਸਮਾਗਮ ਕਰਵਾਇਆ ਜਾਂਦਾ ਹੈ।
ਅੰਗਰੇਜ ਸਿੰਘ ਹੁੰਦਲ
ਸੰਪਰਕ: 9876785672




Tags: ,
Posted in: ਸਾਹਿਤ