ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਦੋ ਢਾਡੀ ਨੂੰ ਹੋਣਾ ਪਿਆ ਲੰਗਾਹ ਦੇ ਗੁੱਸੇ ਦਾ ਸ਼ਿਕਾਰ

By February 8, 2016 0 Comments


Sucha-Singh-Langa
ਅੰਮ੍ਰਿਤਸਰ 8 ਫਰਵਰੀ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਸਾਹਿਬ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਤੇ ਸਿੱਖ ਸੂਰਬੀਰਾਂ ਦੀਆ ਵਾਰਾ ਗਾ ਕੇ ਸੰਗਤਾਂ ਨੂੰ ਇਤਿਹਾਸ ਤੋ ਜਾਣੂ ਕਰਵਾਉਣ ਵਾਲੇ ਇੱਕ ਢਾਡੀ ਨੂੰ ਉਸ ਵੇਲੇ ਸਾਬਕਾ ਮੰਤਰੀ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਕਾਲੀ ਦਲ ਦੇ ਧੱਕੜ ਆਗੂ ਸ੍ਰ ਸੁੱਚਾ ਸਿੰਘ ਲੰਗਾਹ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਜਦੋ ਉਸ ਵੱਲੋ ਪੁਰਾਣੇ ਤੇ ਅੱਜ ਦੇ ਅਕਾਲੀ ਲੀਡਰਾਂ ਦੀ ਤੁਲਨਾ ਕਰਦਿਆ ਕਿਹਾ ਕਿ ਪੁਰਾਣੇ ਲੀਡਰਾਂ ਦੇ ਮੁਕਾਬਲੇ ਅੱਜ ਦੇ ਲੀਡਰ ਸੁਆਰਥੀ ਤੇ ਨਿੱਜ ਪ੍ਰਸਤ ਬਣ ਗਏ ਜੋ ਪੰਥ ਲਈ ਘਾਟੇਵੰਦਾ ਸੌਦਾ ਹੈ।
ਹਰ ਰੋਜ਼ ਦੀ ਤਰ•ਾ ਢਾਡੀ ਸਤਨਾਮ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੱਗੀ ਸਟੇਜ ਤੋ ਬੋਲ ਰਿਹਾ ਸੀ ਤਾਂ ਉਸ ਵੇਲੇ ਸ੍ਰ ਸੁੱਚਾ ਸਿੰਘ ਲੰਗਾਹ ਆਪਣੇ ਸਾਥੀਆ ਨਾਲ ਮੱਥਾ ਟੇਕਣ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਹੋਏ ਸਨ। ਸ੍ਰ ਲੰਗਾਹ ਨੂੰ ਸਤਨਾਮ ਸਿੰਘ ਢਾਡੀ ਲਾਲੂ ਘੁੰਮਣ ਵੱਲੋ ਪੁਰਾਣੇ ਤੇ ਅੱਜ ਦੇ ਲੀਡਰਾਂ ਦੀ ਕੀਤੀ ਤੁਲਨਾ ਚੰਗੀ ਨਾ ਲੱਗੀ ਤਾਂ ਲੰਗਾਹ ਨੇ ਸ਼ਾਹੀ ਫੁਰਮਾਨ ਜਾਰੀ ਕਰਕੇ ਆਪਣੇ ਨਾਲ ਆਏ ਲੱਠਮਾਰਾਂ ਰਾਹੀ ਢਾਡੀ ਨੂੰ ਬੋਲਣ ਤੋ ਰੋਕ ਦਿੱਤਾ। ਗੁੱਸੇ ਨਾਲ ਪੀਲੇ ਹੋਏ ਲੰਗਾਹ ਨੇ ਖੁਦ ਮਾਈਕ ਫੜ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਜਿਹੇ ਢਾਡੀਆ ਨੂੰ ਬੋਲਣ ਦਾ ਮੌਕਾ ਨਹੀ ਦਿੱਤਾ ਜਾਣਾ ਚਾਹੀਦਾ ਜਿਹੜੇ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਸੁਣਾਉਣ ਦੀ ਬਜਾਏ ਸੰਗਤਾਂ ਨੂੰ ਅਕਾਲੀ ਸਰਕਾਰ ਦੇ ਖਿਲਾਫ ਭੜਕਾ ਰਹੇ ਹਨ ਜਦ ਕਿ ਢਾਡੀ ਸਤਨਾਮ ਸਿੰਘ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਪੁਰਾਣੇ ਪੰਥਕ ਲੀਡਰ ਕੌਮ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੰਦੇ ਸਨ ਪਰ ਅੱਜ ਦੇ ਲੀਡਰ ਆਪਣੇ ਸਵਾਰਥ ਲਈ ਕੌਮ ਨੂੰ ਨਿਛਾਵਰ ਕਰ ਦਿੰਦੇ ਹਨ ਜੋ ਕਿ ਸਮੇਂ ਦੀ ਹਕੂਮਤ ਤੇ ਪੂਰੀ ਤਰ•ਾ ਸਹੀ ਢੁੱਕਦਾ ਹੈ। ਢਾਡੀ ਨੇ ਕਿਸੇ ਵੀ ਲੀਡਰ ਦਾ ਨਾਮ ਭਾਂਵੇ ਨਹੀ ਲਿਆ ਪਰ ਸੁੱਚਾ ਸਿੰਘ ਲੰਗਾਹ ਆਪੇ ਤੋ ਬਾਹਰ ਹੋ ਗਏ ਜਿਹਨਾਂ ਨੂੰ ਸ਼ਾਤ ਕਰਨ ਲਈ ਤੁਰੰਤ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਬਘੇਲ ਸਿੰਘ ਤੇ ਮੀਤ ਮੈਨੇਜਰ ਲਖਬੀਰ ਸਿੰਘ ਡੋਗਰ ਮੌਕੇ ਤੇ ਪੁੱਜੇ ਤੇ ਉਹਨਾਂ ਨੇ ਬੜੀ ਮੁਸ਼ਕਲ ਨਾਲ ਲੰਗਾਹ ਸਾਹਿਬ ਦਾ ਗੁੱਸਾ ਇਹ ਕਹਿ ਕੇ ਸ਼ਾਤ ਕੀਤਾ ਕਿ ਅੱਗੇ ਤੋ ਢਾਡੀਆ ਨੂੰ ਵਿਸ਼ੇਸ਼ ਹਦਾਇਤ ਕਰ ਦਿੱਤੀ ਜਾਵੇਗੀ ਕਿ ਅਜਿਹੀਆ ਗੱਲਾਂ ਨਾ ਕੀਤੀਆ ਜਾਣ। ਮਾਨਯੋਗ ਲੰਗਾਹ ਨੇ ਸ੍ਰੀ ਦਰਬਾਰ ਸਾਹਿਬ ਪਰਕਰਮਾ ਵਿੱਚ ਹੀ ਉਹਨਾਂ ਅਧਿਕਾਰੀਆ ਨੂੰ ਵੀ ਜ਼ਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਤੇ ਸਰਕਾਰ ਦੀ ਉਸਤਿਤ ਕਰਦਿਆ ਕਿਹਾ ਕਿ ਬਾਦਲ ਸਰਕਾਰ ਵਰਗਾ ਰਾਜ ਕੋਈ ਵੀ ਸਰਕਾਰ ਨਹੀ ਦੇ ਸਕਦੀ। ਢਾਡੀ ਸਤਨਾਮ ਸਿੰਘ ਲਾਲੂ ਘੁਮਣ ਨਾਲ ਭਵਿੱਖ ਵਿੱਚ ਸਰਕਾਰੀ ਜਾਂ ਫਿਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕਿਹੜਾ ਸਲੂਕ ਕਰੇਗੀ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ ਪਰ ਜੋ ਦੁਰਦਸ਼ਾ ਉਸ ਗੁਰੂ ਦੇ ਵਜ਼ੀਰ ਦੀ ਲੰਗਾਹ ਸਾਹਿਬ ਵੱਲੋ ਕੀਤੀ ਗਈ ਉਹ ਸ਼ਾਇਦ ਉਸ ਨੂੰ ਸਾਰੀ ਉਮਰ ਯਾਦ ਜਰੂਰ ਰਹੇਗੀ।