ਨਿਹਚਾ ਦੀ ਤਾਕਤ’ ‘ਤੇ ਗੱਲ ਕਰਦਿਆਂ ਓਬਾਮਾ ਨੇ ਸਿੱਖਾਂ ਦੀ ਕੀਤੀ ਪ੍ਰਸੰਸਾ

By February 5, 2016 0 Comments


obamaਵਾਸ਼ਿੰਗਟਨ, 5 ਫਰਵਰੀ (ਏਜੰਸੀ) – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਸ਼ਰਧਾ ਦੀ ਤਾਕਤ ‘ਤੇ ਗੱਲ ਕਰਦਿਆਂ ਸਿੱਖਾਂ ਸਮੇਤ ਸਾਰੇ ਧਾਰਮਿਕ ਸਮੂਹਾਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਸਿੱਖਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਕਾਰਜਾਂ ਦਾ ਆਪਣੇ ਸੰਬੋਧਨ ‘ਚ ਹਵਾਲਾ ਦਿੱਤਾ ਤੇ ਪ੍ਰਸੰਸਾ ਕੀਤੀ। ਓਬਾਮਾ ਨੇ ਸਾਲਾਨਾ ਹੋਣ ਵਾਲੇ ਨੈਸ਼ਨਲ ਪਰੇਅਰ ਬਰੈਕਫਾਸਟ ਸਮਾਗਮ ‘ਚ ਸਭ ਧਰਮਾਂ ਦੇ ਪਹੁੰਚੇ ਧਾਰਮਿਕ ਆਗੂਆਂ ਨੂੰ ਸੰਬੋਧਨ ਕੀਤਾ।

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਮੰਨਿਆ ਹੈ ਕਿ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਸਬੰਧੀ ਗਲਤਫਹਿਮੀ ਕਾਰਨ ਉਨ੍ਹਾਂ ਨੂੰ ਗੁੱਸੇ ਅਤੇ ਨਫਰਤ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਲੋਕ ਉਨ੍ਹਾਂ ਨੂੰ ਮੁਸਲਮਾਨ ਸਮਝ ਕੇ ਹਮਲੇ ਕਰਦੇ ਹਨ | ਬਾਲਟੀਮੋਰੇ ਮੈਰੀਲੈਂਡ ਵਿਖੇ ਇੱਕ ਮਸਜਿਦ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਘੱਟ ਗਿਣਤੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਮੁਸਲਮਾਨਾਂ ਖਿਲਾਫ ਕੀਤੀ ਗਈ ਹੇਠਲੇ ਪੱਧਰ ਦੀ ਬਿਆਨਬਾਜ਼ੀ ਨਾਬਖਸ਼ਣਯੋਗ ਹੈ | ਉਨ੍ਹਾਂ ਕਿਹਾ ਕਿ 9/11, ਪੈਰਿਸ ਅਤੇ ਸਾਨ ਬਰਨਾਡੀਨੋ ਅੱਤਵਾਦੀ ਹਮਲਿਆਂ ਤੋਂ ਬਾਅਦ ਮੁਸਲਮਾਨਾਂ ਖਿਲਾਫ ਨਸਲੀ ਹਮਲੇ ਹੋਣ ਲੱਗੇ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਬੁਰਕਾ ਪਾ ਜਾਂਦੀਆਂ ਔਰਤਾਂ ਅਤੇ ਦਾੜ੍ਹੀ ਵਾਲੇ ਲੋਕਾਂ ‘ਤੇ ਹਮਲੇ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਕਸਰ ਗਲਤਫਹਿਮੀ ਨਾਲ ਲੋਕ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ ਨਫਰਤ ਅਤੇ ਹਿੰਸਾ ਦਾ ਸ਼ਿਕਾਰ ਬਣਾਉਂਦੇ ਹਨ | ਉਨ੍ਹਾਂ ਹਾਲ ਹੀ ਵਿਚ ਕੈਲੇਫੋਰਨੀਆ ਅਤੇ ਫਰੇਸਨੋ ਵਿਚ ਸਿੱਖਾਂ ‘ਤੇ ਹੋਏ ਨਸਲੀ ਹਮਲਿਆਂ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ | ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਦੀ ਜੀਅ ਤੋੜ ਕੋਸ਼ਿਸ਼ ਕਰ ਰਹੇ ਡੋਨਾਲਡ ਟਰੰਪ ‘ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਰਾਸ਼ਟਰਪਤੀ ਅਹੁਦੇ ਲਈ ਚੋਣ ਪ੍ਰਚਾਰ ਦੌਰਾਨ ਮੁਸਲਮਾਨਾਂ ਖਿਲਾਫ ਨਫਰਤ ਭਰੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਲਈ ਸਾਡੇ ਦੇਸ਼ ਵਿਚ ਕੋਈ ਥਾਂ ਨਹੀਂ |