ਲਿੱਲੀ ਆਸਟਰੇਲੀਆ ਡੇਅ ਐਵਾਰਡ 2016 : ਸ. ਗੁਰਜੀਤ ਸਿੰਘ ਬੈਂਸ ਅਤੇ ਦਵਿੰਦਰ ਕੌਰ ਬੈਂਸ ਨੇ ਪੰਜਾਬੀਆਂ ਦਾ ਵਧਾਇਆ ਮਾਣ

By January 27, 2016 0 Comments


ਨਿਊਜ਼ੀਲੈਂਡ ਵਸਦੇ ਪਰਿਵਾਰਕ ਮੈਂਬਰਾਂ ਵੱਲੋਂ ਵਧਾਈ
nz
ਆਕਲੈਂਡ-26 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਆਸਟਰੇਲੀਆ ਖਾਸ ਕਰ ਕੂਈਨਜ਼ਲੈਂਡ ਸੂਬੇ ਦੇ ਵਿਚ ਵਸਦੇ ਪੰਜਾਬੀਆਂ ਦਾ ਮਾਣ ਉਦੋਂ ਹੋਰ ਉਚਾ ਹੋ ਗਿਆ ਜਦੋਂ 26 ਜਨਵਰੀ ਵਾਲੇ ਦਿਨ ਹੀ ਇਥੇ ਦਾ ਸਾਲਾਨਾ ਵਕਾਰੀ ਐਵਾਰਡ ‘ਲਿੱਲੀ ਆਸਟਰੇਲੀਆ ਡੇਅ ਐਵਾਰਡ-2016’ ਸ. ਗੁਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਦਵਿੰਦਰ ਕੌਰ ਬੈਂਸ ਹੋਰਾਂ ਨੂੰ ਇਹ ਐਵਾਰਡ ਭੇਟ ਕੀਤਾ ਗਿਆ। ਆਸਟਰੇਲੀਆ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਹਲਕਾ ਲਿੱਲੀ ਦੇ ਫੈਡਰਲ ਮੈਂਬਰ ਮਾਣਯੋਗ ਸ੍ਰੀ ਵੇਅਨ ਸਵਾਨ ਅਤੇ ‘ਦਾ ਪ੍ਰਿੰਸ ਚਾਰਲਸ ਹਸਪਤਾਲ ਫਾਊਂਡੇਸ਼ ਦੇ ਸੀ.ਈ.ਓ ਸ੍ਰੀ ਮਾਈਕਲ ਹੋਮਬੀ ਨੇ ਇਹ ਵਕਾਰੀ ਐਵਾਰਡ ਅੱਜ ਇਕ ਵਿਸ਼ੇਸ਼ ਸਮਾਗਮ ਦੇ ਵਿਚ ਦਿੱਤਾ। ਸ. ਬੈਂਸ ਅਤੇ ਉਨ੍ਹਾਂ ਦੀ ਪਤਨੀ 2011 ਤੋਂ ਬੈਨਿਯੋ ਖੇਤਰ ਦੇ ਬਾਸ਼ਿੰਦੇ ਹਨ ਅਤੇ ਬੈਨਿਯੋ ਡਿਸਟ੍ਰਿਕਟ ਕਮਿਊਨਿਟੀ ਗਰੁੱਪ ਦੇ ਮੁੱਢਲੇ ਮੈਂਬਰ ਹਨ। ਸ. ਗੁਰਜੀਤ ਸਿੰਘ ਬੈਂਸ ਹੋਰਾਂ ਭਾਰਤੀ ਕਮਿਊਨਿਟੀਆਂ ਦੇ ਤਿਉਹਾਰਾਂ ਨੂੰ ਸਥਾਨਕ ਅਤੇ ਕੌਮੀ ਪੱਧਰ ਉਤੇ ਮਾਨਤਾ ਦਿਵਾਉਣ ਦੇ ਵਿਚ ਆਪਣਾ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦਿਵਾਲੀ ਅਤੇ ਹਾਰਮੋਨੀ ਡੇਅ ਵਰਗੇ ਤਿਉਹਾਰਾਂ ਨੂੰ ਇਕ ਨਵੀਂ ਪਹਿਚਾਣ ਦਿੱਤੀ। ਇਸੀ ਤਰ੍ਹਾਂ ਦਵਿੰਦਰ ਕੌਰ ਬੈਂਸ ਹੋਰੀਂ ਵੀ ਕਮਿਊਨਿਟੀ ਦੇ ਵਿਚ ਸਰਗਰਮ ਸਮਾਜ ਸੇਵਕ ਦੇ ਤੌਰ ‘ਤੇ ਵਿਚਰੇ। ਉਨ੍ਹਾਂ ਇਲਾਕੇ ਭਰ ਦੇ ਵਿਚ ਭਾਰਤੀ ਸਭਿਆਚਾਰ ਨੂੰ ਰੂਪਮਾਨ ਕਰਦੇ ਬਹੁਤ ਸਾਰੇ ਸਮਾਗਮ ਉਲੀਕੇ ਜੋ ਕਿ ਖੇਤਰ ਭਰ ਦੇ ਵਿਚ ਇਕ ਸਲਾਨਾ ਤਿਉਹਾਰ ਬਣ ਗਏ। ਵਰਨਣਯੋਗ ਹੈ ਕਿ ਬੀਬੀ ਦਵਿੰਦਰ ਕੌਰ ਬੈਂਸ ਹੋਰਾਂ ਨੂੰ 2011 ਦੇ ਵਿਚ ‘ਪ੍ਰਾਈਡ ਆਫ ਆਸਟਰੇਲੀਆ’ ਰਾਜ ਪੱਧਰੀ ਐਵਾਰਡ ਵੀ ਮਿਲ ਚੁੱਕਾ ਹੈ। ਸ. ਗੁਰਜੀਤ ਸਿੰਘ ਬੈਂਸ ਹੋਰਾਂ ਦਾ ਜੱਦੀ ਪਿੰਡ ਕਿਸ਼ਨਪੁਰਾ ਜ਼ਿਲ੍ਹਾ ਰੋਪੜ ਹੈ ਅਤੇ ਉਹ 1992 ਤੋਂ ਆਸਟਰੇਲੀਆ ਵਿਖੇ ਰਹਿ ਰਹੇ ਹਨ।
ਨਿਊਜ਼ੀਲੈਂਡ ਅਤੇ ਅਮਰੀਕਾ ਤੋਂ ਵਧਾਈ: ਸ੍ਰੀਮਤੀ ਦਵਿੰਦਰ ਕੌਰ ਬੈਂਸ ਦੇ ਨਿਊਜ਼ੀਲੈਂਡ ਰਹਿੰਦੇ ਮਾਤਾ-ਪਿਤਾ ਸਤਿਕਾਰਯੋਗ ਸ. ਤੇਜਿੰਦਰ ਸਿੰਘ-ਸ੍ਰੀਮਤੀ ਅਮਰ ਕੌਰ ਤੇ ਸ. ਭਰਾ ਸ. ਖੜਗ ਸਿੰਘ ਇਸੀ ਤਰ੍ਹਾਂ ਅਮਰੀਕਾ ਤੋਂ ਸ. ਸੁਰਿੰਦਰ ਸਿੰਘ ਹੋਰਾਂ ਆਪਣੇ ਸਮੁੱਚੇ ਪਰਿਵਾਰ ਵੱਲੋਂ ਜਿੱਥੇ-ਜਿੱਥੇ ਸ. ਗੁਰਜੀਤ ਸਿੰਘ ਬੈਂਸ ਨੂੰ ਇਸ ਉਪਲਬਧੀ ਉਤੇ ਵਧਾਈ ਦਿੱਤੀ ਹੈ ਉਥੇ ਇਸ ਪਰਿਵਾਰ ਉਤੇ ਬਹੁਤ ਮਾਣ ਮਹਿਸੂਸ ਕੀਤਾ ਹੈ।