ਚਮਕੌਰ ਦੀ ਗੜ੍ਹੀ ਦੇ ਸ਼ਹੀਦ ਭਾਈ ਸੰਗਤ ਸਿੰਘ ਜੀ

By January 26, 2016 0 Comments


bhai sangat singh ji
ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਕੁਝ ਸਮਾਂ ਅਾਨੰਦਪੁਰ ਸਾਹਿਬ ਵਿੱਚ ਠਹਿਰਨ ਤੋਂ ਬਾਅਦ ਅਤੇ ਗੁਰਗੱਦੀ ਮਿਲਣ ਪਿੱਛੋਂ 1665 ਦੇ ਅਖ਼ੀਰ ਵਿੱਚ ਤੀਜੀ ਧਰਮ ਪ੍ਰਚਾਰ ਯਾਤਰਾ ਲਈ ਦੇਸ਼ ਦੇ ਪੂਰਬੀ ਇਲਾਕਿਆਂ ਵੱਲ ਜਾਂਦੇ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਸਦਾ ਨੰਦ ਨੂੰ ਨਾਲ ਲੈ ਕੇ ਗਏ। ਇਹ ਜਥਾ ਸਿੱਖੀ ਦਾ ਪ੍ਰਚਾਰ ਕਰਦਾ ਹੋਇਆ ਕੈਥਲ, ਥਾਨੇਸਰ, ਮਾਣਕਪੁਰ, ਦਿੱਲੀ, ਮਥਰਾ, ਆਗਰਾ, ਇਟਾਵਾ, ਦਾਨਾਪੁਰ, ਫ਼ਤਿਹਪੁਰ, ਬਨਾਰਸ, ਸਸਰਾਮ ਅਤੇ ਗਯਾ ਤੋਂ ਬਾਅਦ 1666 ਵਿੱਚ ਮਾਰਚ ਦੇ ਪਹਿਲੇ ਹਫ਼ਤੇ ਪਟਨਾ ਸਾਹਿਬ ਆ ਪੁੱਜਾ। ਗੁਰੂ ਜੀ ਨੇ ਮਾਰਚ ਤੋਂ ਸਤੰਬਰ ਤਕ, ਗਰਮੀ ਤੇ ਵਰਖਾ ਦੇ ਦਿਨਾਂ ਵਿਚਲਾ ਸਮਾਂ ਪਟਨਾ ਸਾਹਿਬ ਵਿੱਚ ਹੀ ਗੁਜ਼ਾਰਿਆ। ਫਿਰ ਉਹ ਪਟਨਾ ਸਾਹਿਬ ਤੋਂ ਅੱਗੇ ਪੁੰਗੇਰ, ਭਾਗਲਪੁਰ, ਮਾਲਦਾ ਅਤੇ ਗੁਪਾਲ ਨਗਰ ਤੋਂ ਅਕਤੂਬਰ 1666 ਵਿੱਚ ਢਾਕਾ ਪੁੱਜੇ। ਗੁਰੂ ਜੀ ਅਜੇ ਢਾਕਾ ਪੁੱਜੇ ਹੀ ਸਨ ਕਿ ਉਨ੍ਹਾਂ ਨੂੰ ਭਾਈ ਮੇਹਰ ਚੰਦ ਅਤੇ ਭਾਈ ਕਲਿਆਣ ਚੰਦ ਹੱਥ ਭੇਜੀ ਖ਼ਬਰ ਮਿਲੀ ਕਿ ੳੁਨ੍ਹਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਹੈ। ਗੁਰੂ ਜੀ ਨੇ ਸਾਹਿਬਜ਼ਾਦੇ ਦਾ ਨਾਂ ਗੋਬਿੰਦ ਰਾਇ ਰੱਖਿਆ।
ਪਟਨਾ ਸਾਹਿਬ ਵਿੱਚ ਗੁਰੂ ਘਰ ਦੀ ਸੇਵਾ ਵਿੱਚ ਲੀਨ ਰਹਿੰਦੇ ਭਾਈ ਸਦਾ ਨੰਦ ਅਤੇ ਮਾਤਾ ਪ੍ਰੇਮੋ ਦੇ ਗ੍ਰਹਿ ਵਿਖੇ ਉਸ ਤੋਂ ਅਗਲੇ ਦਿਨ ਹੀ ਭਾਵ 23 ਦਸੰੰਬਰ 1666 ਨੂੰ ਬਾਲ ਸੰਗਤੇ ਉਰਫ਼ ਸੰੰਗਤ ਸਿੰਘ ਦਾ ਜਨਮ ਹੋਇਆ। ਸੰਗਤਾਂ ਨੇ ਗੁਰੂ ਜੀ ਅਤੇ ਭਾਈ ਸਦਾ ਨੰਦ ਨੂੰ ਵਧਾਈਆਂ ਦਿੱਤੀਆਂ ਅਤੇ ਖ਼ੁਸ਼ੀਆਂ ਮਨਾਈਆਂ। ਬਾਲ ਸੰਗਤਾ ਤੇ ਬਾਲ ਗੋਬਿੰਦ ਰਾਇ ਪਟਨਾ ਸਾਹਿਬ ਵਿੱਚ ਇਕੱਠੇ ਹੀ ਬਾਲ ਖੇਡਾਂ ਦੇ ਨਾਲ-ਨਾਲ ਜੰਗੀ ਖੇਡਾਂ ਖੇਡਦੇ ਅਤੇ ਵਿੱਦਿਆ ਪ੍ਰਾਪਤ ਕਰਦੇ ਰਹੇ। ਗੁਰੂ ਜੀ ਦੇ ਸਮਕਾਲੀ ਦਰਬਾਰੀ ‘ਕਵੀ ਕੰੰਕਣ’ ਜੀ ਇਨ੍ਹਾਂ ਤੱਥਾਂ ਦੀ ਗਵਾਹੀ ਭਰਦੇ ਹੋਏ ਲਿਖਦੇ ਹਨ:
ਸਵੈਯਾ
ਪਟਨੇ ਗੋਬਿੰਦ ਖੇਲ ਰਚਾਈ। ਸੰਗ ਲਿਓ ਸੰਗਤਾ ਜੈਤਹਿ ਕੋ ਭਾਈ।
ਊਚ ਨੀਚ ਕਾ ਭੇਦ ਨਾ ਜਾਨਾ।
ਗੁਰੂ ਨਾਨਕ ਸੰਗ ਜਿਉ ਮਰਦਾਨਾ।।212।।
(‘ਸੰਛੇਪ ਦਸ ਗੁਰ ਕਥਾ’, ਪੰਨਾ 51, ਰਚਨਾ ਕਾਲ-1711 ਈ)
ਗੁਰੂ ਜੀ ਆਪਣੀ ਯਾਤਰਾ ਖ਼ਤਮ ਕਰ ਕੇ 1670 ਵਿੱਚ ਅਾਨੰਦਪੁਰ ਸਾਹਿਬ ਵਿੱਚ ਪੁੱਜੇ ਪਰ ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਗੋਬਿੰਦ ਰਾਇ, ਮਾਮਾ ਕਿਰਪਾਲ ਚੰਦ, ਮਾਤਾ ਪ੍ਰੇਮੋ, ਬਾਲ ਜੈਤਾ ਅਤੇ ਬਾਲ ਸੰਗਤਾ ਪਟਨਾ ਸਾਹਿਬ ਵਿੱਚ ਹੀ ਸਨ। 1672 ਦੇ ਆਖ਼ਰੀ ਦਿਨਾਂ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦਾ ਬੁਲਾਵਾ ਆ ਗਿਆ ਤੇ ਸਾਰਾ ਪਰਿਵਾਰ ਪਟਨਾ ਸਾਹਿਬ ਤੋਂ ਦਾਨਾਪੁਰ, ਬਨਾਰਸ, ਲਖਨਊ, ਹਰਿਦੁਆਰ, ਲਖਨੌਰ, ਅੰਬਾਲਾ ਆਦਿ ਥਾਵਾਂ ਤੋਂ ਲੰਘਦਾ ਹੋਇਆ ਮਾਰਚ 1673 ਨੂੰ ਅਾਨੰਦਪੁਰ ਸਾਹਿਬ ਆ ਪੁੱਜਾ। ਉਸ ਸਮੇਂ ਉਨ੍ਹਾਂ ਦੇ ਸ਼ਰੀਕ ਅਤੇ ਹਕੂਮਤ ਦੋਵੇਂ ਹੀ ਵਿਰੋਧੀ ਸਨ। ਭਾਵੇਂ ਬਾਲ ਗੋਬਿੰਦ ਰਾਇ ਅਤੇ ਸਾਰੇ ਪਰਿਵਾਰ ਦੇ ਠਹਿਰਨ ਲਈ ਸ਼ਰਧਾਲੂਆਂ ਨੇ ਆਪਣੇ ਡੇਰਿਆਂ ਵਿੱਚ ਟਿਕਾਣੇ ਬਣਾਏ ਹੋਏ ਸਨ ਫਿਰ ਵੀ ਖ਼ਤਰਾ ਬਹੁਤ ਸੀ। ਇਸ ਲੰਮੇ ਪੈਂਡੇ ਤੋਂ ਸਾਹਿਬਜ਼ਾਦੇ ਨੂੰ ਸੁਰੱਖਿਅਤ ਲੰਘਾਉਣਾ ਮੁਸ਼ਕਿਲ ਕਾਰਜ ਸੀ। ਇਸ ਦੀ ਜ਼ਿੰਮੇਵਾਰੀ ਮਾਮਾ ਕਿਰਪਾਲ ਚੰਦ ਨਿਭਾ ਰਹੇ ਸਨ। ਅੌਖੇ ਪੈਂਡੇ ਦੇ ਹਾਲਾਤ ਨੂੰ ਬਿਆਨ ਕਰਦਿਆਂ ਵਿਦਵਾਨ ਹਿਸਟੋਰੀਅਨ ਹਰਨਾਮ ਦਾਸ ਸਹਿਰਾਈ ਲਿਖਦੇ ਹਨ:
‘ਸੰਗਤਾ, ਭਾਈ ਜੈਤੇ ਦਾ ਸਕਾ ਭਰਾ ਜਥੇ ਦੇ ਨਾਲ ਹੀ ਸੀ ਤੇ ਨਾਲ ਹੀ ਉਸ ਦੀ ਮਾਤਾ। ਸੰਗਤਾ ਸ਼ਕਲ ਸੂਰਤ, ਡੀਲ ਡੌਲ ਵਿੱਚ ਸਾਹਿਬਜ਼ਾਦੇ ਨਾਲ ਮਿਲਦਾ ਸੀ। ਹਾਣ-ਪ੍ਰਵਾਣ ਵੀ ਵੇਖਣ ਚਾਖਣ ਨੂੰ ਕੋਈ ਪਛਾਣ ਨਹੀਂ ਸੀ ਸਕਦਾ, ਪੁਸ਼ਾਕ ਵੀ ਸਾਹਿਬਜ਼ਾਦੇ ਵਰਗੀ ਹੀ ਸੀ। ਦੋਵਾਂ ਵਿੱਚ ਰੱਤੀ ਜਿੰਨਾ ਵੀ ਫ਼ਰਕ ਨਹੀਂ ਸੀ। ਭਾਵੇਂ ਰੱਥਾਂ ਵਿੱਚ ਮਾਤਾਵਾਂ ਬਿਰਾਜੀਆਂ ਹੋਈਆਂ ਸਨ। ਗੋਬਿੰਦ ਰਾਇ ਨੂੰ ਗੜਬੈਲ ਵਿੱਚ ਬਿਠਾ ਦਿੱਤਾ ਤੇ ਬਾਹਰ ਪਰਦੇ ਸੁੱਟ ਦਿੱਤੇ। ਸੰਗਤੇ ਨੂੰ ਸਾਹਿਬਜ਼ਾਦਾ ਆਖ ਕੇ ਸੰਗਤਾਂ ਨੂੰ ਦਰਸ਼ਨ ਕਰਵਾਏ, ਭੇਟਾ ਵੀ ਸੰਗਤੇ ਨੂੰ ਹੀ ਮਿਲੀਆਂ ਤੇ ਮੱਥੇ ਵੀ ਸੰਗਤ ਨੇ ਸੰਗਤੇ ਨੂੰ ਹੀ ਟੇਕੇ। ਉਮਰ ਵਿੱਚ ਸੰਗਤਾ ਸਾਹਿਬਜ਼ਾਦੇ ਤੋਂ ਇੱਕ ਦਿਨ ਛੋਟਾ ਸੀ। ਸਾਹਿਬਜ਼ਾਦੇ ਨੂੰ ਫੁੱਲਾਂ ਵਾਂਗੂ ਗੜਬੈਲ ਵਿੱਚ ਬਿਠਾਈ ਰੱਖਿਆ। ਇਹ ਕਾਢ ਮਾਮਾ ਕ੍ਰਿਪਾਲ ਚੰੰਦ ਦੀ ਸੀ। (ਸ਼ਹਾਦਤ,ਪੰਨਾ ਨੰ:486)
ਭਾਈ ਸੰਗਤ ਸਿੰਘ ਦੇ ਪਿਤਾ ਭਾਈ ਸਦਾ ਨੰਦ ਅਤੇ ਉਨ੍ਹਾਂ ਦੇ ਤਾਇਆ ਭਾਈ ਆਗਿਆ ਰਾਮ ਤੇ ਉਨ੍ਹਾਂ ਦਾ ਪਰਿਵਾਰ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਸਮੇਂ ਦਿੱਲੀ ਵਿੱਚ ਕੁਰਬਾਨ ਹੋ ਗਏ ਸਨ। ਉਨ੍ਹਾਂ ਦੀ ਮਾਤਾ ਪ੍ਰੇਮੋ ਤੇ ਦੋ ਛੋਟੇ ਭਤੀਜੇ ਭਾਈ ਗੁਲਜ਼ਾਰ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਸਰਸਾ ਨਦੀ ਦੀ ਜੰਗ ਵਿੱਚ 20 ਦਸੰਬਰ 1704 ਨੂੰ ਸ਼ਹੀਦ ਹੋ ਗਏ ਸਨ। ਉਨ੍ਹਾਂ ਦੇ ਦੋ ਵੱਡੇ ਭਤੀਜੇ ਭਾਈ ਸੁੱਖਾ ਸਿੰਘ ਅਤੇ ਭਾਈ ਸੇਵਾ ਸਿੰਘ, ਵੱਡਾ ਭਰਾ ਭਾਈ ਜੀਵਨ ਸਿੰਘ (ਭਾਈ ਜੈਤਾ) ਅਤੇ ਉਨ੍ਹਾਂ ਦੇ ਭਰਾ ਦੇ ਸਹੁਰਾ ਭਾਈ ਸੁਜਾਨ ਸਿੰਘ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦੀ ਪਾ ਗਏੇ। ਭਾਈ ਸੰੰਗਤ ਸਿੰਘ ਸਮੇਤ ਜਦੋਂ 40 ਸਿੰਘਾਂ ਵਿੱਚੋਂ 11 ਸਿੰਘ ਭਾਈ ਧਰਮ ਸਿੰਘ, ਦਇਆ ਸਿੰਘ, ਲੱਧਾ ਸਿੰਘ, ਦੇਵਾ ਸਿੰਘ, ਰਾਮ ਸਿੰਘ, ਸੰਤੋਖ ਸਿੰਘ, ਮਾਨ ਸਿੰਘ, ਕਾਠਾ ਸਿੰਘ, ਕੇਹਰ ਸਿੰਘ ਅਤੇ ਜੀਵਨ ਸਿੰਘ ਰਹਿ ਗਏ ਤਾਂ ਮੌਕੇ ’ਤੇ ਨਾਮਜ਼ਦ ਕੀਤੇ ਪੰਜ ਪਿਅਾਰਿਆਂ ਦੇ ਗੁਰਮਤੇ ਨੂੰ ਪ੍ਰਵਾਨਗੀ ਦਿੰਦਿਆਂ, ਗੁਰੂ ਜੀ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਗੜ੍ਹੀ ਨੂੰ ਛੱਡਣਾ ਪਿਆ। ਗੁਰੂ ਜੀ ਆਪ ਤਿੰਨ ਸਿੰਘਾਂ ਸਮੇਤ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨਗੀ ਦੇ ਗਏ। ਇਸੇ ਕਰਕੇ ਗੜ੍ਹੀ ਪਰਿਕਰਮਾ ਵਿੱਚ 40 ਸਿੰਘਾਂ ਵਿੱਚੋਂ ਵੱਡੇ ਸਾਹਿਬਜ਼ਾਦਿਆਂ ਦੀ ਇਤਿਹਾਸਕ ਯਾਦਗਾਰ ਦੇ ਨੇੜੇ ਭਾੲੀ ਸੰਗਤ ਸਿੰਘ ਦੇ ਦੇ ਭਰਾ ਸ਼ਹੀਦ ਭਾਈ ਜੀਵਨ ਸਿੰਘ ਦੀ ਇੱਕੋ-ਇੱਕ ਪ੍ਰਾਚੀਨ ਤੇ ਇਤਿਹਾਸਕ ਯਾਦਗਾਰ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ, ਜਿਸ ਦੇ ਵੇਰਵੇ ਪੁਰਾਤਨ ਇਤਿਹਾਸਕ ਗ੍ਰੰਥਾਂ ਵਿੱਚ ਮਿਲਦੇ ਹਨ, ਬਣੀ ਹੋਈ ਹੈ। ਭਾਈ ਸੰਗਤ ਸਿੰਘ ਵੀ ਇਸੇ ਆਖ਼ਰੀ ਜਥੇ ਵਿੱਚ 22-23 ਦਸੰਬਰ 1704 ਦੀ ਚਮਕੌਰ ਦੀ ਗੜ੍ਹੀ ਦੀ ਇਤਿਹਾਸਕ ਜੰਗ ਵਿੱਚ ਸ਼ਹੀਦ ਹੋ ਗਏ।
ਗੁਰਮੇਲ ਸਿੰਘ ਗਿੱਲ
. ਸੰਪਰਕ: 81465-64523
Tags: ,
Posted in: ਸਾਹਿਤ