ਚਿੱਤਰਕਾਰ ਸੋਭਾ ਸਿੰਘ ਦੇ ਨਜ਼ਰੀਏ ਤੋਂ ਗੁਰੂ ਗੋਬਿੰਦ ਸਿੰਘ

By January 26, 2016 0 Comments


guru gobind singh Jeeਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਰਬੰਸ ਦਾਨੀ, ਸੂਰਬੀਰ ਯੋਧਾ, ਸੰਤ ਅਤੇ ਸਿਪਾਹੀ ਸਨ ਜਿਨ੍ਹਾਂ ਅੱਗੇ ਆਮ ਲੋਕਾਈ ਦੇ ਸਿਰ ਆਪਣੇ ਆਪ ਸ਼ਰਧਾ ਨਾਲ ਝੁਕ ਜਾਂਦੇ ਹਨ। ਗੁਰੂ ਜੀ ਨੇ ਬਚਪਨ ਤੋਂ ਹੀ ਮੋਹ ਮਾਇਆ ਦੇ ਪਰਛਾਵਿਆਂ ਤੋਂ ਦੂਰ ਬੇਪ੍ਰਵਾਹ ਜੀਵਨ ਬਿਤਾਇਆ। ਪਟਨਾ ਵਿਖੇ ਇੱਕ ਦਿਨ ਖੇਡਦਿਆਂ ਆਪਣੇ ਹੱਥੋਂ ਸੋਨੇ ਦਾ ਇੱਕ ਕੜਾ ਲਾਹ ਗੰਗਾ ਵਿੱਚ ਸੁੱਟ ਆਏ। ਮਾਂ ਨੇ ਪੁੱਛਿਆ,‘ਬੇਟਾ ਕੜਾ ਕਿੱਥੇ ਸੁੱਟਿਆ ਈ?’ ਬਾਲ ਗੁਰੂ ਨੇ ਝੱਟ ਦੂਜੇ ਹੱਥ ਦਾ ਕੜਾ ਵੀ ਗੰਗਾ ਵਿੱਚ ਸੁੱਟਦਿਆਂ ਕਿਹਾ,‘ਉਥੇ ਮਾਂ।’ ਮਾਂ ਨੇ ਉਸੇ ਪਲ ਆਪਣੇ ਜਿਗਰ ਦੇ ਟੁਕੜੇ ਨੂੰ ਛਾਤੀ ਨਾਲ ਲਗਾ ਲਿਆ।
ਗੁਰੂ ਜੀ ਨੇ ਨੌਂ ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣ ਲਈ ਉਤਸ਼ਾਹਿਤ ਕੀਤਾ। ਕੁਰਬਾਨੀ ਦਾ ਪੁੰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ- ਦੋ ਚਮਕੌਰ ਦੀ ਲੜਾਈ ਵਿੱਚ ਅਤੇ ਦੋ ਸਰਹਿੰਦ ਦੀ ਦੀਵਾਰ ਵਿੱਚ ਚਿਣੇ ਜਾਣ ਸਦਕਾ ਛੋਟੀ ਜਿਹੀ ਉਮਰ ਵਿੱਚ ਹੱਸ ਹੱਸ ਕੇ ਸ਼ਹੀਦ ਹੋ ਗਏ। ਇਸ ਸੰਤ ਸਿਪਾਹੀ ਨੇ ਆਪਣਾ ਸਾਰਾ ਪਰਿਵਾਰ ਅਤੇ ਆਪਣਾ ਆਪ ਕੌਮ ਲਈ ਵਾਰ ਦਿੱਤਾ।
ਨੀਲੇ ਘੋੜੇ ਦੇ ਸ਼ਾਹ ਸਵਾਰ ਨੇ ਨਿਸ਼ਚੇ ਕਰ ਅਪਣੀ ਜੀਤ ਕਰੋਂ ਦੇ ਆਤਮ ਵਿਸ਼ਵਾਸ ਲਾਲ ਹੱਥ ਵਿੱਚ ਹੋਣੀ ਦੀਆਂ ਵਾਗਾਂ ਥੰਮੀਆਂ।
ਉਨ੍ਹਾਂ ਨੇ ਮੁਰਦਾ ਦਿਲਾਂ ਵਿੱਚ ਰੂਹ ਭਰੀ ਅਤੇ ਨਿਤਾਣਿਆਂ ਨੂੰ ਤਾਣ ਬਖ਼ਸ਼ਿਆ। ਹਾਕਮ ਜਮਾਤ ਵੱਲੋਂ ਹੋ ਰਹੇ ਜ਼ੁਲਮ ਨੂੰ ‘ਰੱਬ’ ਦੀ ਕਰਨੀ ਕਹਿ ਕੇ ਚੁੱਪ ਰਹਿਣ ਵਾਲੇ ਹੱਥਾਂ ਵਿੱਚ ਤਲਵਾਰ ਲੈ ਕੇ ਖੜ੍ਹੇ ਕੀਤੇ। ਚਿੜੀਆਂ ਨੂੰ ਬਾਜ਼ਾਂ ਨਾਲ ਲੜਾਇਆ। ਆਪ ਜੀ ਦਾ ਇੱਕ-ਇੱਕ ਖ਼ਾਲਸਾ ਸਵਾ ਲੱਖ ਨਾਲ ਜੂਝਿਆ। ਇਹ ਮਰਦ ਅਗੰਮੜਾ, ਵਰਿਆਮ ਅਕੇਲਾ, ਇਨਕਲਾਬੀ ਯੋਧਾ ‘ਸ਼ੁਭ ਕਰਮਨ ਤੇ ਕਬਹੂ ਨ ਟਰੋਂ’ ਦਾ ਉਪਦੇਸ਼ ਵੀ ਦਿੰਦਾ ਸੀ।
ਗੁਰੂ ਜੀ ਨੇ ਇੱਕ ਹੱਥ ਵਿੱਚ ਕਲਮ ਵੀ ਫੜੀ, ਯੁੱਧ ਦੇ ਮੈਦਾਨ ਵਿੱਚ ਕਵਿਤਾ ਰਚੀ, ਪੁਰਾਣੇ ਵੇਦ ਗ੍ਰੰਥਾਂ ਦਾ ਅਧਿਐਨ ਕੀਤਾ ਤੇ ਕਰਵਾਇਆ, ਸਮਾਜਿਕ ਢਾਂਚੇ ਦੀਆਂ ਨਵੀਆਂ ਹੱਦਾਂ ਉਲੀਕੀਆਂ ਅਤੇ ਫਿਰ ਉਹੀ ਹੱਥ ਭਗੌਤੀ ਨੂੰ ਸਾਂਭਦੇ। ਆਪ ਜੀ ਨੇ ਕਿਹਾ ਕਿ ਜਦੋਂ ਇਨਸਾਫ਼ ਲੈਣ ਲਈ ਅਮਨ ਤੇ ਸ਼ਾਂਤੀ ਦੇ ਸਾਰੇ ਢੰਗ ਬੇਅਸਰ ਹੋ ਜਾਣ, ਫਿਰ ਤਲਵਾਰ ਉਠਾਉਣਾ ਜਾਇਜ਼ ਹੈ। ਆਪ ਜੀ ਨੇ ਲਿਖਿਆ:
ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ।।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।।
ਖ਼ਾਲਸਾ ਪੰਥ ਦੀ ਸਿਰਜਣਾ ਕਰਨ ਵਾਲੇ ਇਸ ਮਹਾਨ ਗੁਰੂ ਨੇ ਖ਼ੁਦ ਆਪਣੇ ਹੱਥੀਂ ਸਾਜੇ ਪੰਜ ਪਿਆਰਿਆਂ ਅੱਗੇ ਹੱਥ ਜੋੜ ਕੇ ਅਰਜ਼ੋਈ ਕੀਤੀ ਸੀ ਕਿ ਮੈਂ ਵੀ ਤੁਹਾਡੇ ਹੱਥੋਂ ਅੰਮ੍ਰਿਤ ਛਕਣਾ ਹੈ। ਮੈਨੂੰ ਵੀ ਆਪਣੇ ਖ਼ਾਲਸਾ ਪੰਥ ’ਚ ਰਲਾ ਲਵੋ।
‘ਯਾਰੜੇ ਦਾ ਸੱਥਰ’ ਕਹਿਣ ਵਾਲੇ ਇਸ ਮਹਾਨ ਸੰਤ ਸਿਪਾਹੀ ਨੂੰ, ਇਸ ਪਰਮ ਮਨੁੱਖ ਨੂੰ, ਇਨਕਲਾਬੀ ਯੋਧੇ ਨੂੰ ਸਮਝਣਾ ਹੀ ਅੌਖਾ ਹੈ। ਇਸ ਲਈ ਸੀਸ ਤਲੀ ’ਤੇ ਧਰ ਕੇ ਆਉਣਾ ਪੈਂਦਾ ਹੈ। ਉਸ ਨੂੰ ਕੈਨਵਸ ’ਤੇ ਰੰਗਾਂ ਅਤੇ ਬੁਰਸ਼ ਨਾਲ ਰੂਪਮਾਨ ਕਰਨਾ ਕਿੰਨਾ ਅੌਖਾ ਹੈ। ਅਨੇਕਾਂ ਹੀ ਚਿੱਤਰਕਾਰਾਂ ਨੇ ਇਸ ਸੰਤ ਸਿਪਾਹੀ ਨੂੰ ਸਮਝਣ ਲਈ ਆਪਣੀ ਤਪੱਸਿਆ ਅਨੁਸਾਰ ਯਤਨ ਕੀਤਾ ਹੈ ਪਰ ਸੰਤ ਸਿਪਾਹੀ ਦੀ ਮਹਾਨ ਸਖ਼ਸ਼ੀਅਤ ਨੂੰ ਸੋਭਾ ਸਿੰਘ ਅਜਿਹਾ ਸੰਤ ਕਲਾਕਾਰ ਹੀ ਉਭਾਰ ਸਕਿਆ ਹੈ।
ਚਿੱਤਰਕਾਰ ਸੋਭਾ ਸਿੰਘ ਦਾ ਇਹ ਸੰਤ ਸਿਪਾਹੀ ਕਿਤੇ ਉਂਗਲ ਖੜ੍ਹੀ ਕਰਕੇ ਇੱਕ ਹੋਰ ਸੀਸ ਦੀ ਮੰਗ ਕਰਦਾ ਹੈ, ਕਦੀ ਇਹ ‘ਸ਼ੁਭ ਕਰਮਨ’ ਲਈ ਵਰ ਮੰਗਦਾ ਹੈ, ਕਦੀ ਹੱਥ ਵਿੱਚ ‘ਕਲਮ’ ਲੈ ਕੇ ਜ਼ਫਰਨਾਮਾ ਲਿਖਦਾ ਹੈ। ਸੋਭਾ ਸਿੰਘ ਕਿਹਾ ਕਰਦੇ ਸਨ,‘ਮੈਨੂੰ ਜਾਪਦਾ ਹੈ ਕਿ ਗੁਰੂ ਸਾਹਿਬ ਇੱਕ ਉਂਗਲ ਖੜ੍ਹੀ ਕਰਕੇ ਅੱਜ ਵੀ ਇੱਕ ਸੀਸ ਦੀ ਮੰਗ ਕਰ ਰਹੇ ਹਨ।’
ਚਿੱਤਰਕਾਰ ਸੋਭਾ ਸਿੰਘ ਦੁਆਰਾ ਸਿਰਜੇ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ’ਚ ਜਿੱਥੇ ਇੱਕ ਰੂਹਾਨੀ ਨੂਰ ਟਪਕਦਾ ਹੈ, ਉਥੇ ਬੀਰ ਰਸ ਵੀ ਰੱਜ ਕੇ ਝਲਕਦਾ ਹੈ। ਉਨ੍ਹਾਂ ਦੀ ਸ਼ਖ਼ਸੀਅਤ ਵਿੱਚੋਂ ਸੂਰਬੀਰਤਾ, ਨਿਰਭੈਤਾ ਅਤੇ ਨਿਰਵੈਰਤਾ ਦਾ ਪ੍ਰਕਾਸ ਸਾਫ਼ ਦਿਖਾਈ ਦਿੰਦਾ ਹੈ।
ਹਰਬੀਰ ਸਿੰਘ ਭੰਵਰ
ਸੰਪਰਕ: 0161-2461194
Tags:
Posted in: ਸਾਹਿਤ