ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ

By January 26, 2016 0 Comments


Guru Gobind Singh Jii
ਸਰਬੰਸਦਾਨੀ ਗੁਰੂੁ ਗੋਬਿੰਦ ਸਿੰਘ ਭਗਤੀ-ਸ਼ਕਤੀ, ਰਾਜ-ਯੋਗ, ਦੀਨ-ਦੁਨੀ ਅਤੇ ਮੀਰੀ ਪੀਰੀ ਦਾ ਸੁਮੇਲ ਹਨ। ਪਾਤਸ਼ਾਹ ਦਾ ਜੋ ਚਿੱਤਰ ਹਰ ਸਿੱਖ ਸ਼ਰਧਾਲੂ ਦੇ ਹਿਰਦੇ ਵਿੱਚ ਉਕਰਿਆ ਹੋਇਆ ਹੈ ਉਹ ਬੜਾ ਤੇਜੱਸਵੀ, ਓਜ਼ ਭਰਪੂਰ ਤੇ ਜ਼ੁਮਲਾ ਫੈਜ਼ੇ (ਰੱਬੀ ਨੂਰ) ਹੈ। ਉਹ ਨੀਲੇ ਘੋੜੇ ਦੇ ਸ਼ਾਹ ਅਸਵਾਰ, ਚਿੱਟੇ ਬਾਜ਼ ਵਾਲੇ, ਕਲਗੀਆਂ ਵਾਲੇ ਭਾਵ ਸੂਰਮਾ ਸਰੂਪ ਹਨ। ਭਾਈ ਗੁਰਦਾਸ (ਦੂਜਾ) ਸਿੰਘ ਉਨ੍ਹਾਂ ਦੀ ਇਸ ਅਜ਼ੀਮ ਸ਼ਖ਼ਸੀਅਤ ਦਾ ਵਰਨਣ,‘ਵਹਿ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ’ ਅਤੇ ਭਾਈ ਨੰਦ ਲਾਲ ਜੀ ‘ਬਾਦਸ਼ਾਹ ਦਰਵੇਸ਼, ਸ਼ਾਹੇ ਸ਼ਹਿਨਸ਼ਾਹ’ ਕਰਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਨਿਰਭਉ ਗ਼ਰੀਬ ਨਿਵਾਜ਼ ਯੋਧੇ ਹਨ ਜੋ ਗਿਆਨ ਦੀ ਖੜਗ ਨਾਲ ਕਮਜ਼ੋਰੀ ਤੇ ਕਾਇਰਤਾ ਨੂੰ ਸਮਾਜ ਵਿੱਚੋਂ ਕੱਟਣ ਦਾ ਮਾਰਗ ਦਸਦੇ ਹਨ। ਜੇ ਗੁਰੂ ਨਾਨਕ ਦੇਵ ਜੀ ਜੋਤਿ ਰੂਪ ਹਰਿ ਆਪਿ ਹਨ ਤੇ ਆਪਣੇ ਆਪ ਨੂੰ ਉਸ ਦਾ ਮੁੱਲ ਖ਼ਰੀਦੀ ਲਾਲਾ ਗੋਲਾ (ਗ਼ੁਲਾਮ), ਉਸ ਦਾ ਢਾਡੀ ਤੇ ਦੀਵਾਨਗੀ ਦੀ ਹੱਦ ਨੂੰ ਪਹੁੰਚਿਆ ਆਸ਼ਕ ਦੱਸ, ਧਰਤ ਲੋਕਾਈ ਨੂੰ ਸੋਧਣ ਦੇ ਰੱਬੀ ਹੁਕਮ ਦਾ ਕਾਰਜ ਆਰੰਭ ਕਰਦੇ ਹਨ ਤਾਂ ਗੁਰੂ ਨਾਨਕ ਦੀ ਦਸਵੀਂ ਜੋਤ ਦਸਮੇਸ਼ ਪਾਤਸ਼ਾਹ ‘ਭਗਵੰਤ ਰੂਪ’ ਹਨ ਜੋ ਪਰਮੇਸ਼ਰ ਵਿੱਚ ਲਿਵਲੀਨਤਾ ਅਤੇ ਅਭੇਦਤਾ ਦੀ ਬਖਸ਼ਿਸ਼ ਪ੍ਰਾਪਤ ਕਰ ਉਸ ਦੇ ਹੁਕਮ ਅਨੁਸਾਰ ‘ਪੰਥ ਪ੍ਰਚੁਰ’ ‘ਧਰਮ ਚਲਾਵਣ’ ‘ਦੁਸਟ ਸੰਘਾਰਨ’ ਦੀ ਪੂਰਤੀ ਲਈ ਸੰਸਾਰ ਵਿੱਚ ਪਠਾਏ ਗਏ।
ਧਰਮ ਤੇ ਵੈਰਾਗ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਅਤੇ ਮਾਤਾ ਗੁਜਰੀ ਜੀ ਦੀ ਕੁੱਖੋਂ ਜਿਸ ਵਕਤ ਦਸਮ ਪਿਤਾ ਦਾ ਸੰਸਾਰ ਆਗਮਨ ਹੋਇਆ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਸਮੇਂ ਦੇ ਹਾਕਮਾਂ ਦੇ ਡਰ ਭੈਅ ਕਾਰਨ ਬਲਹੀਨ ਤੇ ਕਾਇਰ ਹੋ ਚੁੱਕੇ ਲੋਕਾਂ ਨੂੰ ਇੱਕ ਨਿਰਭਉ ਦੇ ਲੜ ਲਾਵਣ ਅਤੇ ਭੈਅ ਰਹਿਤ ਹੋਣ ਦਾ ਉਪਦੇਸ਼ ਦੇਣ ਹਿੱਤ ਢਾਕਾ, ਕਲਕੱਤਾ, ਗੁਹਾਟੀ ਅਤੇ ਦੇਸ਼ ਦੇ ਪੂਰਬ ਦੀ ਆਖ਼ਰੀ ਹੱਦ ਤਕ ਦੇ ਪ੍ਰਚਾਰ ਦੌਰੇ ’ਤੇ ਸਨ। ਪਟਨਾ ਸਾਹਿਬ ਵਿਖੇ ਬਾਲ ਗੋਬਿੰਦ ਛੋਟੇ ਛੋਟੇ ਬੱਚਿਆਂ ਵਿੱਚੋਂ ਡਰ ਕੱਢਣ ਅਤੇ ਸੂਰਬੀਰਤਾ ਭਰਨ ਲਈ ਨਕਲੀ ਸ਼ਸਤਰਾਂ ਤੇ ਗੁਲੇਲਾਂ ਆਦਿ ਨਾਲ ਲੈਸ ਹੋ ਯੁੱਧ ਕਰਨ ਦਾ ਅਭਿਆਸ ਕਰਾਉਂਦੇ, ਨਵਾਬ ਦੀ ਆਉਂਦੀ ਜਾਂਦੀ ਸਵਾਰੀ ਨੂੰ ਅਦਾਬ ਕਰਨ ਦੀ ਬਜਾਏ ਦੰਦੀਆਂ ਚਿੜਾਉਂਦੇ। ਮਾਮਾ ਕ੍ਰਿਪਾਲ ਜੀ ਨੇ ਬਾਲ ਗੋਬਿੰਦ ਰਾਏ ਦੀਆਂ ਇਨ੍ਹਾਂ ਖ਼ਤਰਨਾਕ ਖੇਡਾਂ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਪੱਤਰ ਲਿਖ ਭੇਜਿਆ ਜਿਸ ਦੇ ਜਵਾਬ ਵਿੱਚ ਗੁਰੂ ਜੀ ਨੇ ਲਿਖਿਆ,‘ਜੋ ਗੋਬਿੰਦ ਕੀਆ ਭਲਾ ਕੀਆ ਅਬਲ ਤੋ ਸਰਕਾਰੀ ਅਹਿਲਕਾਰ ਕੋ ਸਲਾਮ ਨਹੀ ਕਹਿਣਾ ਅਗਰ ਆ ਹੀ ਬੈਠੇ ਤੋ ਮੰਜੇ ਕੀ ਪੁਆਂਦੀ ਦੇਣੀ ਸਿਰਹਾਂਦੀ ਨਹੀ ਦੇਣੀ।’
ਗੁਰੂ ਪਾਤਸ਼ਾਹ ਦੇ ਸ਼ਸਤਰਾਂ ਦੇ ਜੌਹਰ ਬਾਰੇ ਤਾਂ ਦੁਨੀਆਾਂ ਜਾਣਦੀ ਹੈ ਪਰ ਉਹ ਕਲਮ ਦੇ ਵੀ ਅਜ਼ੀਮ ਧਨੀ ਹਨ ਕਿ ਉਨ੍ਹਾਂ ਦੀ ਬਾਣੀ ਵਿੱਚ ਕਵਿਤਾ ਦੀ ਹਰ ਵੰਨਗੀ ਮਿਲਦੀ ਹੈ। ਕਲਮ ਦੀ ਕਰਾਮਾਤ ਉਸ ਜ਼ਫ਼ਰਨਾਮੇ ਵਿੱਚ ਹੈ ਜੋ ਉਨ੍ਹਾਂ ਬੇਸਰੋ ਸਮਾਨਗੀ ਦੀ ਹਾਲਤ ਵਿੱਚ ਦੀਨਾ ਕਾਂਗੜ ਬੈਠ ਜ਼ਾਲਿਮ ਅੌਰੰਗਜ਼ੇਬ ਬਾਦਸ਼ਾਹ ਨੂੰ ਲਿਖ ਭੇਜਿਆ। ਦੁਨੀਆਵੀ ਜੰਗਾਂ ਤੇ ਯੁੱਧ ਜ਼ਰ, ਜ਼ੋਰੂ ਅਤੇ ਜ਼ਮੀਨ ਭਾਵ ਧਨ, ਜਾਇਦਾਦ, ਇਸਤਰੀ ਅਤੇ ਧਰਤੀ ਤੇ ਰਾਜ ਕਾਇਮ ਕਰਨ ਲਈ ਤੇ ਕਬਜ਼ਾ ਕਰਨ ਕਰਕੇ ਹੀ ਹੋਈਆਂ ਹਨ ਪਰ ਮਰਦ ਅਗੰਮੜੇ ਨੇ 14 ਜੰਗਾਂ ਲੜੀਆਂ, ਕਿਸੇ ’ਤੇ ਹਮਲਾ ਨਹੀਂ ਕੀਤਾ ਬਲਕਿ ਆਪਣੇ ’ਤੇ ਹੋਣ ਵਾਲੇ ਹਰ ਹਮਲੇ ਦੇ ਮੁਕਾਬਲੇ ਲਈ ਯੁੱਧ ਕੀਤਾ ਅਤੇ ਇਹ ਜੰਗਾਂ ਲੜਨ ਉਪਰੰਤ ਕਿਸੇ ਦੀ ਇੱਕ ਇੰਚ ਭਰ ਜ਼ਮੀਨ ’ਤੇ ਕਬਜ਼ਾ ਕਰ ਦੁਨਿਆਵੀ ਬਾਦਸ਼ਾਹਤ ਕਾਇਮ ਨਹੀਂ ਕੀਤੀ।
ਕੁੱਲ ਆਲਮ ਵਿੱਚ ਅਜਿਹਾ ਕੋਈ ਪੀਰ, ਪੈਗੰਬਰ, ਅੌਲੀਆ, ਸੰਤ ਜਾਂ ਭਗਤ ਨਹੀਂ ਹੋਇਆ ਜਿਸਨੇ ਅਕਾਲ ਪੁਰਖ ਵਾਹਿਗੁਰੂ ਦੇ ਆਦੇਸ਼ ਨੂੰ ਨਿਭਾਉਣ ਵਿੱਚ ਸਰਬੰਸ ਵਾਰ ਦਿੱਤਾ। ਆਪਣੀ ਜੀਵਨ ਹਯਾਤੀ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਤੋਂ ਹਜੂਰ ਸਾਹਿਬ ਤਕ ਦਾ ਬਿਖਮ ਮਾਰਗ ਤੈਅ ਕੀਤਾ। ਉਪਰੰਤ ਜੀਵਨ ਦੇ ਸਿਖ਼ਰ ਵਿੱਚ ਸਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਆਪਣੀ ਜੋਤ ਗੁਰੂ ਸ਼ਬਦ ਵਿੱਚ ਰੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਅਤੇ ਉਸ ਦੀ ਹਾਜ਼ਰ ਹਜੂਰੀ ਵਿੱਚ ਗੁਰੂ ਪੰਥ ਨੂੰ ਬਖਸ਼ ਦਿੱਤੀ।
ਅੱਜ ਦੇ ਬਿਖਮ ਸਮੇਂ ਅਸੀਂ ਦਸਮੇਸ਼ ਦੇ ਪੁੱਤਰ ਕਹਾਉਣ ਵਾਲੇ ਸਿੱਖ, ਦੁਨਿਆਵੀ ਪਦਾਰਥਾਂ ਦੇ ਰੰਗ ਵਿੱਚ ਰੰਗੇ ਨਿਜਪ੍ਰਸਤ ਤੇ ਪਰਿਵਾਰ ਪ੍ਰਸਤ ਹੋ ਕੇ ਗੁਰੂ ਦੀ ਸਿੱਖੀ ਨੂੰ ਵਿਸਾਰ ਰਹੇ ਹਾਂ। ਗੁਰੂ ਦੀ ਨਿਸ਼ਾਨੀ ਕੇਸਾਂ ਤੋਂ ਕਿਨਾਰਾ ਕਰ ਰਹੇ ਹਾਂ। ਗੁਰੂਆਂ ਦੀ ਧਰਤੀ ’ਤੇ ਹੀ ਗੁਰੂ ਨੂੰ ਪਿੱਠ ਦੇ ਰਹੇ ਹਾਂ। ਸਿੱਖ ਸੰਸਥਾਵਾਂ ਨੂੰ ਇਸ ਪਾਸੇ ਵਿਸ਼ੇਸ਼ ਉਪਰਾਲੇ ਕਰਨ ਲਈ ਬੇਨਤੀ ਹੈ।
ਮਨਜੀਤ ਸਿੰਘ ਕਲਕੱਤਾ
ਸੰਪਰਕ: 98140-50679
Tags:
Posted in: ਸਾਹਿਤ